ਭੜਕਾਊ ਹੁੰਦੇ ਜਾ ਰਹੇ ਹਨ ਕੁਝ ਭੋਜਪੁਰੀ ਗਾਣੇ

Sunday, Dec 08, 2024 - 01:56 PM (IST)

ਦੇਸੀ ਸੰਸਕ੍ਰਿਤੀ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਕਈ ਭੋਜਪੁਰੀ ਗਾਣਿਆਂ ਦਾ ਰੁਝਾਨ ਅੱਜ-ਕੱਲ੍ਹ ਕਈ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕੁਝ ਸਮਾਂ ਪਹਿਲਾਂ ਪਾਪੂਲਰ ਹੋਏ ‘ਆਗ ਲਾਗ ਜਾਤਾ...’ ਅਸ਼ਲੀਲਤਾ ਨਾਲ ਭਰਪੂਰ ਇਕ ਭੋਜਪੁਰੀ ਗਾਣੇ ਦੇ ਬੋਲ, ਜਿਸ ਦੇ ਅੱਗੋਂ ਦੇ ਸ਼ਬਦ ਵੀ ਮਰਿਆਦਾ ਭਰਪੂਰ ਨਹੀਂ ਹਨ ਅਤੇ ਅਸੀਂ ਲਿਖ ਵੀ ਨਹੀਂ ਸਕਾਂਗੇ, ਨੇ ਕਾਮੁਕ ਲੋਕਾਂ ਦੇ ਦਿਲ ਦਿਮਾਗ ਨੂੰ ਬੇਕਾਬੂ ਕੀਤਾ ਹੋਇਆ ਸੀ। ਇਕ ਲੰਬੇ ਸਮੇਂ ਤੋਂ ਭੋਜਪੁਰੀ ’ਚ ਅਜਿਹੇ ਹੀ ਕਈ ਕਾਮਵਾਸਨਾ ਨਾਲ ਭਿੱਜੇ ਹੋਏ ਗਾਣੇ ਰਿਲੀਜ਼ ਹੋ ਰਹੇ ਹਨ। ਜਨਤਕ ਸਟੇਜਾਂ ਤੋਂ ਇਨ੍ਹਾਂ ਦਾ ਗਲਤ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਸ ’ਤੇ ਅਸ਼ਲੀਲ ਡਾਂਸ ਹੋ ਰਹੇ ਹਨ।

ਕਿਉਂ ਸੋਸ਼ਲ ਮੀਡੀਆ ਦੀ ਖਿੱਚ ਅਤੇ ਮਿਲੀਅਨਜ਼ ਵਿਊਜ਼ ਹਾਸਲ ਕਰਨ ਲਈ ਇਨ੍ਹਾਂ ਗਾਣਿਆਂ ਨਾਲ ਜੁੜੇ ਹੋਏ ਕਲਾਕਾਰ ਮਰਿਆਦਾ ਦੀਆਂ ਸਭ ਹੱਦਾਂ ਨੂੰ ਪਾਰ ਕਰ ਰਹੇ ਹਨ। ਕਈ ਭੋਜਪੁਰੀ ਗਾਣਿਆਂ ਦੇ ਸੰਦਰਭ ’ਚ ਹੁਣ ਤੱਕ ਚੋਲੀ, ਲਹਿੰਗਾ, ਚੁੰਮਾ-ਚਾਟੀ ਆਦਿ ਨੂੰ ਲੈ ਕੇ ਡਬਲ ਮੀਨਿੰਗ ਵਾਲੇ ਗਾਣੇ ਸੁਣਦੇ ਆ ਰਹੇ ਸੀ ਪਰ ਹੁਣ ਖੇਡ ਖੁੱਲ੍ਹੇ ਹਿਸਾਬ ਦੀ ਹੋ ਗਈ ਹੈ। ਅਜਿਹਾ ਕਿਉਂ ਹੋ ਗਿਆ ਹੈ?

ਭੋਜਪੁਰੀ ਗਾਣਿਆਂ ’ਚ ਅਸ਼ਲੀਲਤਾ ਨੂੰ ਪ੍ਰਦਰਸ਼ਿਤ ਕਰਨ ਦੇ ਕਈ ਕਾਰਨ ਹਨ। ਲੋਕ ਫੁਹਰਤਾ ਅਤੇ ਅਸ਼ਲੀਲਤਾ ਨੂੰ ਵੇਖਣਾ ਪਸੰਦ ਕਰਦੇ ਹਨ, ਇਸ ਲਈ ਭੋਜਪੁਰੀ ਗਾਣਿਆਂ ’ਚ ਦੋ ਅਰਥੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗਾਣੇ ਵਾਇਰਲ ਹੋਣ ਦੇ ਨਾਲ ਹੀ ਗਾਣਿਆਂ ਦੇ ਸਟਾਰਜ਼ ਨੂੰ ਵਧੇਰੇ ਕੰਮ ਮਿਲਦਾ ਹੈ। ਅਸ਼ਲੀਲ ਗਾਣੇ ਜਲਦੀ ਹੀ ਵਾਇਰਲ ਹੋ ਜਾਂਦੇ ਹਨ। ਰਹੀ ਗੱਲ ਭਾਸ਼ਾ ਦੀ ਤਾਂ ਸਮੁੱਚੀ ਦੁਨੀਆ ’ਚ 25 ਕਰੋੜ ਤੋਂ ਵੱਧ ਲੋਕ ਭੋਜਪੁਰੀ ਬੋਲੀ ਬੋਲਦੇ ਹਨ।

ਭੋਜਪੁਰੀ ਭਾਸ਼ਾ ਦੀ ਜੋ ਮਿਠਾਸ ਹੈ, ਉਹ ਕੋਇਲ ਦੀ ਬੋਲੀ ਤੋਂ ਘੱਟ ਨਹੀਂ ਹੈ ਪਰ ਅਸ਼ਲੀਲ ਡਬਲ ਮੀਨਿੰਗ ਵਾਲੇ ਗਾਣਿਆਂ ਨੇ ਭੋਜਪੁਰੀ ਭਾਸ਼ਾ ਨੂੰ ਕਟਹਿਰੇ ’ਚ ਖੜ੍ਹਾ ਕਰਨ ਦੀ ਹਾਲਤ ’ਚ ਲਿਆ ਦਿੱਤਾ ਹੈ। ਇਸ ਮਾਮਲੇ ’ਚ ਕੁਝ ਵਿਚਾਰਵਾਨ ਲੋਕਾਂ ਦੀ ਰਾਇ ਹੈ ਕਿ ਫਿਲਮ ਅਤੇ ਸੰਗੀਤ ਅਜਿਹੇ ਮਾਧਿਅਮ ਹਨ ਜਿਨ੍ਹਾਂ ਨਾਲ ਲੋਕ ਆਸਾਨੀ ਨਾਲ ਜੁੜ ਜਾਂਦੇ ਹਨ। ਮਨੋਰੰਜਨ ਦੇ ਇਹ ਮੁੱਖ ਸਾਧਨ ਹਨ ਅਤੇ ਅੱਜ ਦੇ ਸਮੇਂ ’ਚ ਇਹ ਹਰ ਹੱਥ ’ਚ ਉਪਲੱਬਧ ਹਨ। ਮੋਬਾਈਲ ਫੋਨ ਦੀ ਕ੍ਰਾਂਤੀ ਨੇ ਇਸ ਨੂੰ ਸਰਗਰਮ ਕਰ ਦਿੱਤਾ ਹੈ। ਜਿੱਥੋਂ ਤੱਕ ਸ਼ੀਲ ਅਤੇ ਅਸ਼ਲੀਲਤਾ ਦੀ ਗੱਲ ਹੈ ਤਾਂ ਕਿਸੇ ਵੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਇਹ ਖੁਦ ’ਤੇ ਨਿਰਭਰ ਕਰਦਾ ਹੈ ਕਿ ਕਿਸ ਪਾਸੇ ਤੋਂ ਤੁਸੀਂ ਵਧੇਰੇ ਜਾਣੂ ਹੋ। ਅੱਜ ਦੁਨੀਆ ’ਚ ਹਰ ਭਾਸ਼ਾ ’ਚ ਸਿਨੇਮਾ ਅਤੇ ਸੰਗੀਤ ਹੈ। ਇਸ ’ਚ ਵੀ ਸ਼ੀਲ ਅਤੇ ਅਸ਼ਲੀਲ ਬਰਾਬਰ ਮਾਤਰਾ ’ਚ ਹਨ।

ਅਤੇ ਫਿਰ ਆਪਣੇ ਦੇਸ਼ ’ਚ ਵੀ ਕਲਾਤਮਕ, ਸ਼ਾਸਤਰੀ ਸੰਗੀਤ, ਰਾਗ ਲੈਅ, ਪਰਿਵਾਰਕ ਪਿਛੋਕੜ ਦੇ ਕਥਾਨਕ ਦੇ ਸਿਨੇਮਾ ਅਤੇ ਸੰਗੀਤ ਨੂੰ ਚਾਹੁਣ ਵਾਲੇ ਬਹੁਤ ਹਨ। ਉਥੇ ਨਾਲ ਹੀ ਇਕ ਬਹੁਤ ਵੱਡਾ ਵਰਗ ਸਿਰਫ ਵਾਸਨਾ ਅਤੇ ਸਰੀਰਕ ਖੂਬਸੂਰਤੀ, ਕੰਨ ਪਾੜੂ ਗੀਤਾਂ ਨਾਲ ਭਰੇ ਸਿਨੇਮਾ ਅਤੇ ਸੰਗੀਤ ਹੀ ਦੇਖਣਾ ਚਾਹੁੰਦਾ ਹੈ। ਉਨ੍ਹਾਂ ਲਈ ਚੰਗੇ ਸਿਨੇਮਾ ਸੰਗੀਤ ਦੇ ਬਰਾਬਰ ਅਸ਼ਲੀਲ ਸੰਗੀਤ ਦਾ ਇਕ ਹੋਰ ਬਹੁਤ ਵੱਡਾ ਉਦਯੋਗ ਖੜ੍ਹਾ ਹੈ।

ਹੁਣ ਗੱਲ ਕਰਦੇ ਹਾਂ ਭੋਜਪੁਰੀ ਭਾਸ਼ਾ ਦੀ, ਭੋਜਪੁਰੀ ਲੋਕ ਸੰਗੀਤ ਦੇ ਮਾਮਲੇ ’ਚ ਬਹੁਤ ਅਮੀਰ ਹੈ। ਜਨਮ ਤੋਂ ਲੈ ਕੇ ਮੌਤ ਤੱਕ ਦੇ ਹਰ ਸੰਸਕਾਰ ’ਚ ਇਸ ਦਾ ਸੰਗੀਤ ਸ਼ਾਮਲ ਹੁੰਦਾ ਹੈ। ਜਨਮ ਦੇ ਸਮੇਂ ਸੋਹਰ ਨਾਲ ਅਤੇ ਮੌਤ ਦੇ ਸਮੇਂ ਨੂੰ ਨਿਰਗੁਣ ਸੰਗੀਤ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਭੋਜਪੁਰੀ ਸਮਾਜ ਦੇਵੀ-ਦੇਵਤਿਆਂ ਨਾਲ ਵੀ ਆਤਮਿਕ ਸੰਬੰਧ ਬਣਾਉਂਦੇ ਹੋਏ ਗੀਤਾਂ ਦੀ ਰਚਨਾ ਕਰਦਾ ਹੈ। ਇਸ ਤੋਂ ਇਲਾਵਾ ਸਮਾਜਿਕ ਮਾੜੀਆਂ ਰਵਾਇਤਾਂ ਜਿਵੇਂ ਕਿ ਸਤੀ ਪ੍ਰਥਾ, ਬੇਮੇਲ ਵਿਆਹ, ਪਰਿਵਾਰਕ ਕਲੇਸ਼ ’ਤੇ ਵੀ ਗੀਤ ਲਿਖੇ ਗਏ।

ਮਜ਼ਦੂਰਾਂ ਦੇ ਕਿਰਤੀ ਗੀਤ, ਖੇਤ ਮਜ਼ਦੂਰਾਂ ਦੇ ਹਲ ਗੀਤ, ਅਨਾਜ ਨੂੰ ਪਿੱਸਣ ਦੇ ਸਮੇਂ ਜੰਤਸਾਰ ਗੀਤ ਅਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਗੀਤਾਂ ਨੂੰ ਇਸੇ ਭੋਜਪੁਰੀ ’ਚ ਸ਼ਾਮਲ ਕੀਤਾ ਗਿਆ ਹੈ। ਅਜਿਹੇ ਗੀਤਾਂ ਨੂੰ ਵੱਕਾਰੀ ਲੋਕ ਕਲਾਕਾਰਾਂ ਨੇ ਗਾਇਆ ਹੈ ਪਰ ਦੁਨੀਆ ਭੋਜਪੁਰੀ ਨੂੰ ਸਿਰਫ ਅਸ਼ਲੀਲ ਗੀਤਾਂ ਦਾ ਆਧਾਰ ਮੰਨਦੀ ਹੈ। ਇਹ ਵੀ ਗਲਤ ਨਹੀਂ ਕਿਉਂਕਿ ਦੁਨੀਆ ਦੇ ਸਾਹਮਣੇ ਜੋ ਕੁਝ ਆਵੇਗਾ, ਉਸ ਨੂੰ ਉਹ ਉਸੇ ਤਰ੍ਹਾਂ ਹੀ ਸਮਝੇਗੀ।

ਪਰ ਕੁਝ ਲੋਕ ਪੈਸਿਆਂ ਪਿੱਛੇ ਆਪਣੀ ਸੱਭਿਅਤਾ ਦਾ ਗਲਾ ਘੁੱਟ ਰਹੇ ਹਨ। ਹੁਣ ਸੋਸ਼ਲ ਮੀਡੀਆ ’ਤੇ ਖੁੱਲ੍ਹੀਆਂ ਸਟੇਜਾਂ ਹਨ ਜਿੱਥੇ ਕਿਸੇ ਵੀ ਤਰ੍ਹਾਂ ਦੇ ਮਾੜੇ ਗੀਤ-ਸੰਗੀਤ ਨੂੰ ਦੋ-ਅਰਥੀ ਸ਼ਬਦਾਂ ’ਚ ਪਿਰੋ ਕੇ ਅਸ਼ਲੀਲ ਨ੍ਰਿਤ ਦਾ ਤੜਕਾ ਲਾ ਕੇ ਪਰੋਸਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ’ਚ ਇਸ ਨੇ ਭੋਜਪੁਰੀ ਦੇ ਸ਼ੀਲ ਰੂਪ ਦਾ ਜਬਰ-ਜ਼ਨਾਹ ਕਰ ਕੇ ਅਸ਼ਲੀਲਤਾ ਦਾ ਮੈਡਲ ਪਹਿਨਾ ਦਿੱਤਾ।

ਕੀ ਭੋਜਪੁਰੀ ਸੰਗੀਤ ਅਜਿਹੇ ਹੀ ਗਾਣਿਆਂ ਦੇ ਦਮ ’ਤੇ ਬਾਲੀਵੁੱਡ ਅਤੇ ਦੱਖਣ ਦੀ ਇੰਡਸਟਰੀ ਨਾਲ ਟੱਕਰ ਲਵੇਗਾ? ਕਿਉਂ ਭੋਜਪੁਰੀ ਗਾਇਕ ਅਸ਼ਲੀਲਤਾ ਦੀਆਂ ਹੱਦਾਂ ਨੂੰ ਪਾਰ ਕਰ ਰਹੇ ਹਨ, ਜਿਸ ਨੂੰ ਪਰਿਵਾਰ ਨਾਲ ਵੇਖ ਅਤੇ ਸੁਣ ਵੀ ਨਹੀਂ ਸਕਦੇ ਕਿਉਂਕਿ ਕੁਝ ਅਸ਼ਲੀਲ ਭੋਜਪੁਰੀ ਗਾਣੇ ਤਾਂ ਕਾਮ ਭੜਕਾਊ ਦਵਾਈ ਵਿਆਗਰਾ ਤੋਂ ਵੀ ਵੱਧ ਅਸਰਦਾਰ ਹੁੰਦੇ ਜਾ ਰਹੇ ਹਨ। ਇਨ੍ਹਾਂ ਗਾਣਿਆਂ ਦੀ ਵਧ ਰਹੀ ਮਾਰਕੀਟ ਮੰਗ ਕਾਰਨ ਇਨ੍ਹਾਂ ਦੇ ਪ੍ਰਸਾਰ ਨੂੰ ਰੋਕਣਾ ਕੀ ਸਾਡੇ ਵੱਸ ’ਚ ਹੈ?

–ਡਾ. ਵਰਿੰਦਰ ਭਾਟੀਆ


Tanu

Content Editor

Related News