ਪੁੱਡੂਚੇਰੀ ’ਚ ਭਾਈ-ਭਾਈ ਪਾਰਟੀ

02/24/2021 4:03:39 AM

ਡਾ. ਵੇਦਪ੍ਰਤਾਪ ਵੈਦਿਕ 

ਪੁੱਡੂਚੇਰੀ ’ਚ ਨਾਰਾਇਣ ਸਾਮੀ ਸਰਕਾਰ ਨੇ ਤਾਂ ਡਿੱਗਣਾ ਹੀ ਸੀ। ਇਸ ਲਈ ਉਹ ਡਿੱਗ ਗਈ ਪਰ ਕਿਰਨ ਬੇਦੀ ਨੂੰ ਉਪ ਰਾਜਪਾਲ ਦੇ ਅਹੁਦੇ ਤੋਂ ਅਚਾਨਕ ਹਟਾ ਦੇਣਾ ਸਭ ਨੂੰ ਹੈਰਾਨ ਕਰ ਗਿਆ। ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਸੀ। ਉਨ੍ਹਾਂ ਕੋਈ ਕਾਨੂੰਨ ਨਹੀਂ ਤੋੜਿਆ ਸੀ। ਉਨ੍ਹਾਂ ਕਿਸੇ ਕੇਂਦਰੀ ਹੁਕਮ ਦੀ ਉਲੰਘਣਾ ਨਹੀਂ ਕੀਤੀ ਸੀ। ਫਿਰ ਵੀ ਉਨ੍ਹਾਂ ਨੂੰ ਜਿਸ ਤਰ੍ਹਾਂ ਹਟਾਇਆ ਗਿਆ, ਉਸ ਦੇ ਪਿੱਛੇ ਇੰਝ ਲੱਗਦਾ ਹੈ ਕਿ ਭਾਜਪਾ ਦੀ ਲੰਬੀ ਸਿਆਸਤ ਹੈ। ਨਾਰਾਇਨ ਸਾਮੀ ਅਤੇ ਕਿਰਨ ਬੇਦੀ ਪਹਿਲੇ ਦਿਨ ਤੋਂ ਹੀ ਮੁਕਾਬਲੇ ਦੇ ਅੰਦਾਜ਼ ’ਚ ਰਹੇ ਹਨ। ਅਜਿਹਾ ਕਦੇ ਲੱਗਾ ਹੀ ਨਹੀਂ ਕਿ ਦੋਹਾਂ ’ਚੋਂ ਇਕ ਉਪ ਰਾਜਪਾਲ ਹੈ ਅਤੇ ਦੂਜਾ ਮੁੱਖ ਮੰਤਰੀ ਹੈ। ਹਰ ਮੁੱਦੇ ’ਤੇ ਉਨ੍ਹਾਂ ਦਰਮਿਆਨ ਟਕਰਾਅ ਦੀਆਂ ਖਬਰਾਂ ਅਖਬਾਰਾਂ ’ਚ ਛਪਦੀਆਂ ਰਹਿੰਦੀਆਂ ਸਨ।

ਇੰਝ ਲੱਗਦਾ ਸੀ ਕਿ ਦੋਵੇਂ ਦੋ ਵਿਰੋਧੀ ਪਾਰਟੀਆਂ ਦੇ ਆਗੂ ਹਨ। ਇਸ ਦਾ ਸਿੱਟਾ ਇਹ ਹੋਇਆ ਕਿ ਨਾਰਾਇਨ ਸਾਮੀ ਨੂੰ ਪੁੱਡੂਚੇਰੀ ਦੇ ਲੋਕਾਂ ਦੀ ਹਮਦਰਦੀ ਹਾਸਲ ਹੁੰਦੀ ਗਈ। ਭਾਜਪਾ ਅਤੇ ਵਿਰੋਧੀਆਂ ਨੂੰ ਲੱਗਾ ਕਿ ਕੁਝ ਹਫਤੇ ਅੰਦਰ ਹੋਣ ਵਾਲੀਆਂ ਚੋਣਾਂ ਦੌਰਾਨ ਕਿਤੇ ਨਾਰਾਇਨ ਸਾਮੀ ਬਾਜ਼ੀ ਹੀ ਨਾ ਮਾਰ ਜਾਣ। ਇਸੇ ਲਈ ਕਿਰਨ ਬੇਦੀ ਨੂੰ ਅਚਾਨਕ ਹੀ ਹਟਾ ਦਿੱਤਾ ਗਿਆ।

ਦੂਜੇ ਪਾਸੇ ਕਾਂਗਰਸ ’ਚ ਵੀ ਅੰਦਰੂਨੀ ਬਗਾਵਤ ਚੱਲ ਰਹੀ ਸੀ। 2016 ’ਚ ਨਾਰਾਇਨ ਸਾਮੀ ਨੂੰ ਕਾਂਗਰਸ ਨੇ ਅਚਾਨਕ ਪੁੱਡੂਚੇਰੀ ਦਾ ਮੁੱਖ ਮੰਤਰੀ ਬਣਾ ਦਿੱਤਾ। ਕਾਂਗਰਸ ਦੇ ਦਿੱਲੀ ਦਰਬਾਰ ’ਚ ਨਾਰਾਇਨ ਸਾਮੀ ਦੀ ਪਕੜ ਕਾਫੀ ਮਜ਼ਬੂਤ ਸੀ। ਉਸ ਸਮੇਂ ਪੁੱਡੂਚੇਰੀ ਦੇ ਕਾਂਗਰਸ ਪ੍ਰਧਾਨ ਏ. ਨਮਾਸਿਵਾਯਮ ਸਨ। ਉਹ ਹੱਥ ਮਲਦੇ ਰਹਿ ਗਏ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਗਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ। ਕਾਂਗਰਸ ਦੇ ਕੁਝ ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ। ਨਾਰਾਇਨ ਸਾਮੀ ਸਰਕਾਰ ਘੱਟ ਗਿਣਤੀ ’ਚ ਆ ਗਈ। ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਚੋਣਾਂ ਤੋਂ 3 ਮਹੀਨੇ ਪਹਿਲਾਂ ਵਾਪਰੀ ਇਹ ਨੌਟੰਕੀ ਹੁਣ ਕੀ ਗੁਲ ਖਿਲਾਏਗੀ, ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਕਾਂਗਰਸ ਦੀ ਇਕ ਸਾਥੀ ਪਾਰਟੀ ਡੀ.ਐੱਮ.ਕੇ. ਦੇ ਵਿਧਾਇਕ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਕੱਲੀ ਕਾਂਗਰਸ ਦਾ ਮੁੜ ਤੋਂ ਸੱਤਾ ’ਚ ਵਾਪਸ ਆਉਣਾ ਔਖਾ ਹੀ ਲੱਗਦਾ ਹੈ। ਹੋ ਸਕਦਾ ਹੈ ਕਿ ਕਾਂਗਰਸ ਕਿਸੇ ਨਵੇਂ ਨੇਤਾ ਦੇ ਨਾਂ ਨੂੰ ਅੱਗੇ ਵਧਾ ਦੇਵੇ। ਇੰਝ ਵੀ ਸੰਭਵ ਹੈ ਕਿ ਪੁੱਡੂਚੇਰੀ ’ਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣ ਜਾਵੇ। ਇੰਝ ਪੁੱਡੂਚੇਰੀ ਵੀ ਕਰਨਾਟਕ ਦੇ ਪਾਏ ਹੋਏ ਪੂਰਨਿਆਂ ’ਤੇ ਤੁਰ ਪਈ।

ਜੋ ਵੀ ਹੋਵੇ, ਇਸ ਸਮੇਂ ਪੂਰੇ ਦੱਖਣੀ ਭਾਰਤ ’ਚੋਂ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ। ਦੱਖਣੀ ਭਾਰਤ ਦੇ ਸਭ ਸੂਬਿਆਂ ’ਚ ਪਹਿਲੀ ਵਾਰ ਗੈਰ-ਕਾਂਗਰਸੀ ਸਰਕਾਰਾਂ ਹਨ। ਕਾਂਗਰਸ ਦੀਆਂ ਆਪਣੀਆਂ ਸਰਕਾਰਾਂ ਸਿਰਫ 3 ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਰਹਿ ਗਈਆਂ ਹਨ। ਮਹਾਰਾਸ਼ਟਰ ਅਤੇ ਝਾੜਖੰਡ ’ਚ ਕਾਂਗਰਸ ਸਹਿਯੋਗੀ ਪਾਰਟੀਆਂ ਨਾਲ ਸਰਕਾਰ ਚਲਾ ਰਹੀ ਹੈ। ਕਾਂਗਰਸ ਦੀ ਲੀਡਰਸ਼ਿਪ ਵੀ ਇਹ ਮਾੜੀ ਹਾਲਤ ਭਾਰਤੀ ਲੋਕ ਰਾਜ ਲਈ ਚਿੰਤਾਜਨਕ ਹੈ। ਕਾਂਗਰਸ ਦੀ ਕਿਰਪਾ ਨਾਲ ਭਾਜਪਾ ਬਿਨਾਂ ਬ੍ਰੇਕ ਵਾਲੀ ਕਾਰ ਬਣਦੀ ਜਾ ਰਹੀ ਹੈ। ਭਾਈ-ਭਾਈ ਪਾਰਟੀ ਨੂੰ ਸਭ ਤੋਂ ਵੱਡਾ ਵਰਦਾਨ ਹੈ, ਮਾਂ-ਬੇਟਾ ਪਾਰਟੀ। ਜਦ ਤੱਕ ਕਾਂਗਰਸ ਮਾਂ-ਬੇਟਾ ਪਾਰਟੀ ਬਣੀ ਰਹੇਗੀ, ਭਾਈ-ਭਾਈ ਪਾਰਟੀ ਦਾ ਡੰਕਾ ਵੱਜਦਾ ਰਹੇਗਾ।


Bharat Thapa

Content Editor

Related News