ਕੈਲੰਡਰ ਦੇ ਨਾਲ ਜ਼ਿੰਦਗੀ ਵੀ ਬਦਲ ਜਾਵੇ ਤਾਂ ਬਿਹਤਰ

01/01/2021 3:27:51 AM

ਪ੍ਰੋ. ਸੰਜੇ ਦਿਵੇਦੀ

ਸਾਲ 2020 ਬੜੀਆਂ ਕੌੜੀਆਂ ਯਾਦਾਂ ਦੇ ਕੇ ਬੀਤ ਗਿਆ। ਕੋਰੋਨਾ ਅਤੇ ਉਸ ਤੋਂ ਪੈਦਾ ਹੋਏ ਸੰਕਟਾਂ ਨਾਲ ਬਣੇ ਬਿੰਬ ਅਤੇ ਪ੍ਰਤੀਬਿੰਬ ਅੱਜ ਵੀ ਅੱਖਾਂ ’ਚ ਤੈਰ ਰਹੇ ਹਨ ਅਤੇ ਡਰਾ ਰਹੇ ਹਨ। ਇਹ ਪਹਿਲਾ ਸਾਲ ਹੈ, ਜਿਸ ਨੇ ਪਤਾ ਨਹੀਂ ਕਿੰਨੇ ਜਾਣਨ ਵਾਲਿਆਂ ਦੀ ਮੌਤ ਦੀਆਂ ਸੂਚਨਾਵਾਂ ਦਿੱਤੀਆਂ ਹਨ। ਪਹਿਲਾਂ ਵੀ ਬੀਮਾਰੀਆਂ ਆਈਆਂ, ਆਫਤਾਂ ਆਈਆਂ ਪਰ ਉਨ੍ਹਾਂ ਦਾ ਇਕ ਚੱਕਰ ਹੈ, ਭੂਗੋਲ ਹੈ, ਉਨ੍ਹਾਂ ਨਾਲ ਪ੍ਰਭਾਵਿਤ ਕੁਝ ਖੇਤਰ ਰਹੇ ਹਨ। ਇਹ ਕੋਰੋਨਾ ਸੰਕਟ ਤਾਂ ਅਜੀਬ ਹੈ, ਜਿਥੇ ਕਦੇ ਵੀ ਅਤੇ ਕੋਈ ਵੀ ਮੌਤ ਦੀ ਤਰ੍ਹਾਂ ਦਰਜ ਹੋ ਰਿਹਾ ਹੈ। ਇਸ ਬੀਮਾਰੀ ਦੀ ਮਾਰ ਚਾਰੇ ਪਾਸੇ ਹੈ ਰੋਜ਼ੀ-ਰੋਟੀ ’ਤੇ, ਰੋਜ਼ਗਾਰ ’ਤੇ, ਤਨਖਾਹ ’ਤੇ, ਸਿੱਖਿਆ ’ਤੇ, ਸਮਾਜ ’ਤੇ ਅਤੇ ਹੋਰ ਕਿਥੇ ਨਹੀਂ। ਡਰੇ ਹੋਏ ਲੋਕ ਰੋਜ਼ਾਨਾ ਉਸ ਦੇ ਨਵੇਂ ਰੂਪਾਂ ਦੀਆਂ ਸੂਚਨਾਵਾਂ ਤੋਂ ਹੈਰਾਨ ਹਨ। ਬਚਿਅਾ-ਖੁਚਿਆ ਕੰਮ ਵ੍ਹਟਸਐਪ ਅਤੇ ਹੋਰ ਸਮਾਜਿਕ ਮਾਧਿਅਮਾਂ ’ਤੇ ਗਿਆਨ ਅਤੇ ਸੂਚਨਾਵਾਂ ਪਾਉਂਦੇ ਲੋਕ ਕਰ ਰਹੇ ਹਨ। ਇਹ ਕਿੰਨਾ ਖਤਰਨਾਕ ਹੈ ਕਿ ਅਸੀਂ ਚਾਹ ਕੇ ਵੀ ਕੁਝ ਕਰ ਨਹੀਂ ਪਾ ਰਹੇ, ਆਪਣੀ ਅਸਤ-ਵਿਅਸਤ ਹੁੰਦੀ ਜ਼ਿੰਦਗੀ ਅਤੇ ਉਸ ਨੂੰ ਤਿਲ-ਤਿਲ ਖਤਮ ਹੁੰਦਾ ਦੇਖਣ ਤੋਂ ਇਲਾਵਾ। ਅਜਿਹੇ ’ਚ ਨਵੇਂ ਸਾਲ ਦੀ ਉਡੀਕ ਵੀ ਹੈ ਅਤੇ ਭਰੋਸਾ ਵੀ ਹੈ ਕਿ ਸ਼ਾਇਦ ਚੀਜ਼ਾਂ ਬਦਲ ਜਾਣ। ਕੈਲੰਡਰ ਦਾ ਬਦਲਣਾ, ਜ਼ਿੰਦਗੀ ਦਾ ਬਦਲਣਾ ਹੋ ਜਾਵੇ। ਨਵਾਂ ਸਾਲ ਉਮੀਦਾਂ ਦਾ ਵੀ ਹੈ, ਸੁਪਨਿਅਾਂ ਦਾ ਵੀ ਹੈ, ਉਨ੍ਹਾਂ ਚੀਜ਼ਾਂ ਦਾ ਵੀ ਜੋ ਪਿਛਲੇ ਸਾਲ ਗੁਆਚ ਗਈਅਾਂ ਜਾਂ ਸਾਡੇ ਤੋਂ ਖੋਹ ਲਈਅਾਂ ਗਈਅਾਂ

ਮਨੁੱਖ ਦੀ ਜਿਗਿਆਸਾ ਹੀ ਉਸ ਦੀ ਸ਼ਕਤੀ ਹੈ, ਇਸ ਲਈ ਖਰਾਬ ਹਾਲਾਤ ਤੋਂ ਬਾਅਦ ਵੀ, ਟੁੱਟੇ ਮਨ ਤੋਂ ਬਾਅਦ ਵੀ ਲੱਗਦਾ ਹੈ ਕਿ ਸਭ ਕੁਝ ਠੀਕ ਹੋਵੇਗਾ ਅਤੇ ਇਕ ਸੁੰਦਰ ਦੁਨੀਆ ਬਣੇਗੀ। 2021 ਦਾ ਸਾਲ ਇਸ ਮਾਇਨੇ ’ਚ ਬਹੁਤ ਸਾਰੀਅਾਂ ਉਮੀਦਾਂ ਦਾ ਸਾਲ ਹੈ, ਟੁੱਟੇ ਸੁਪਨਿਅਾਂ ਨੂੰ ਪੂਰਾ ਕਰਨ ਦੇ ਲਈ ਫਿਰ ਤੋਂ ਜੁਟਣ ਦਾ ਸਾਲ ਹੈ। 2020 ਦੇ ਬਹੁਤ ਸਾਰੇ ਅਕਸ ਹਨ। ਕੋਰੋਨਾ ਨਾਲ ਟੁੱਟਦੇ ਲੋਕ ਹਨ, ਮਹਾਨਗਰਾਂ ਤੋਂ ਪਿੰਡਾਂ ਨੂੰ ਪਰਤਦੇ ਲੋਕ ਹਨ, ਬੀਮਾਰੀ ਤੋਂ ਮੌਤ ਵਲ ਵਧਦੇ ਲੋਕ ਹਨ, ਨੌਕਰੀਅਾਂ ਗੁਆਉਂਦੇ ਅਤੇ ਡੂੰਘੀ ਅਸੁਰੱਖਿਆ ’ਚ ਜਿਊਂਦੇ ਹੋਏ ਲੋਕ ਹਨ। ਮਨੁੱਖ ਇਨ੍ਹਾਂ ਆਫਤਾਂ ਨਾਲ ਜੂਝ ਕੇ ਅੱਗੇ ਵਧਦਾ ਹੈ ਅਤੇ ਪਾਉਂਦਾ ਹੈ ਪੂਰਾ ਆਕਾਸ਼। ਇਸੇ ਲਈ ਅਟਲ ਬਿਹਾਰੀ ਵਾਜਪਾਈ ਲਿਖ ਸਕੇ-

‘ਜੜਤਾ ਕਾ ਨਾਮ ਜੀਵਨ ਨਹੀਂ ਹੈ,

ਪਲਾਇਨ ਪੁਰੋਗਮਨ ਨਹੀਂ ਹੈ।

ਆਦਮੀ ਕੋ ਚਾਹੀਏ ਕਿ ਵਹ ਜੂਝੇ

ਪਰਿਸਥਿਤੀਓਂ ਸੇ ਲੜੇ,

ਇਕ ਸਵਪਨ ਟੂਟੇ ਤੋ ਦੂਸਰਾ ਗੜੇ।’

ਅਸੀਂ ਆਪਣੇ ਸੁਪਨਿਅਾਂ ਨੂੰ ਸੱਚ ਕਰਨਾ ਹੈ, ਹਰ ਹਾਲ ’ਚ। ਆਫਤ ਨੂੰ ਮੌਕੇ ’ਚ ਬਦਲਦੇ ਹੋਏ ਆਤਮਨਿਰਭਰਤਾ ਵੱਲ ਵਧਦੇ ਹੋਏ। ਇਸ ਜਾਂਦੇ ਹੋਏ ਸਾਲ ਨੇ ਸਾਨੂੰ ਦਰਦ ਦਿੱਤੇ ਹਨ, ਹੰਝੂ ਦਿੱਤੇ ਹਨ ਪਰ ਉਹ ਸਾਨੂੰ ਤੋੜ ਨਹੀਂ ਸਕਿਆ ਹੈ, ਨਾ ਸਾਡੀ ਜਿਗਿਆਸਾ ਨੂੰ, ਨਾ ਸਾਡੇ ਮਨ ਨੂੰ, ਨਾ ਜ਼ਿੰਦਗੀ ਦੀ ਰਫਤਾਰ ਨੂੰ, ਨਵੇਂ ਮੌਕਿਅਾਂ ਅਤੇ ਨਵੇਂ ਰਸਤਿਅਾਂ ਦੀ ਭਾਲ ’ਚ ਸਾਰਾ ਸਾਲ ਲੰਘਿਆ ਹੈ। ਸਾਡਾ ਸਮਾਂ, ਗੱਲਬਾਤ ਅਤੇ ਸਿੱਖਿਆ ਸਭ ਕੁਝ ਡਿਜੀਟਲ ਹੁੰਦੀ ਦਿਸੀ ਹੈ। ਹੁਣ ਕਲਾਸਾਂ ਦਾ ਡਿਜੀਟਲ ਹੋਣਾ ਵੀ ਇਕ ਸੱਚਾਈ ਹੈ। ਸੰਵਾਦ, ਗੱਲਬਾਤ, ਕਾਰਜਸ਼ਾਲਾਵਾਂ, ਗੋਸ਼ਟੀਅਾਂ ਨੂੰ ਡਿਜੀਟਲ ਮਾਧਿਅਮਾਂ ’ਤੇ ਕਰਨਾ ਸੰਭਵ ਹੋਇਆ ਹੈ। ਇਸ ਤੋਂ ਜ਼ਿਆਦਾ ਸਰੋਕਾਰੀ, ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੀਅਾਂ ਵਿਧੀਅਾਂ ਲਗਾਤਾਰ ਖੋਜੀਅਾਂ ਜਾ ਰਹੀਅਾਂ ਹਨ। ਇਸ ਦਿਸ਼ਾ ’ਚ ਸਫਲਤਾ ਵੀ ਮਿਲ ਰਹੀ ਹੈ। ਗੂਗਲ ਮੀਟ, ਜ਼ੂਮ, ਜੀਓ ਮੀਟ, ਸਕਾਈਪ ਵਰਗੇ ਮੰਚ ਅੱਜ ਦੀਅਾਂ ਡਿਜੀਟਲ ਬੈਠਕਾਂ ਦੇ ਸਭਾ ਹਾਲ ਹਨ ਜਿਥੇ ਲਗਾਤਾਰ ਸਭਾਵਾਂ ਹੋ ਰਹੀਅਾਂ ਹਨ, ਵਿਚਾਰ-ਵਟਾਂਦਰਾ ਲਗਾਤਾਰ ਹੈ ਅਤੇ ਸੰਵਾਦ 24×7 ਹੈ। ਕਹਿੰਦੇ ਹਨ ਡਿਜੀਟਲ ਮੀਡੀਆ ਦਾ ਸੂਰਜ ਕਦੇ ਨਹੀਂ ਡੁੱਬਦਾ। ਉਹ ਹਮੇਸ਼ਾ ਹੈ, ਸਰਗਰਮ ਹੈ ਅਤੇ ਚੇਤੰਨ ਹੈ। ਸਾਡੇ ਵਿਚਾਰ, ਵਿਹਾਰ ਅਤੇ ਆਦਤਾਂ ’ਚ ਵੀ ਬਦਲਾਅ ਸਾਫ ਦਿਸ ਰਿਹਾ ਹੈ।

ਅਸੀਂ ਬਦਲ ਰਹੇ ਹਾਂ, ਦੇਸ਼ ਬਦਲ ਰਿਹਾ ਹੈ। ਹੁਣ ਉਹ ਪੁਰਾਣੇ ਸਾਲ ਵਿਸਾਰ ਕੇ ਨਵੇਂ ਸਾਲ ’ਚ ਨਵੀਅਾਂ ਆਦਤਾਂ ਦੇ ਨਾਲ ਪ੍ਰਵੇਸ਼ ਕਰ ਰਿਹਾ ਹੈ। ਇਹ ਆਦਤਾਂ ਸਮਾਜਿਕ ਵਿਵਹਾਰ ਦੀਆਂ ਵੀ ਹਨ ਅਤੇ ਨਿੱਜੀ ਜੀਵਨ ਦੀਆਂ ਵੀ। ਇਹ ਵਿਵਹਾਰ ਅਤੇ ਆਦਤਾਂ ਨੂੰ ਵੀ ਬਦਲਣ ਵਾਲਾ ਸਾਲ ਹੈ। ਸਿਹਤ, ਸੁਰੱਖਿਆ ਅਤੇ ਡਿਜੀਟਲ ਦੁਨੀਆ ਦੀ ਤ੍ਰਿਆਯਾਮੀ ਲੜੀ ਨੇ ਇਸ ਜਾਂਦੇ ਹੋਏ ਸਾਲ ਨੂੰ ਖਾਸ ਬਣਾਇਆ ਹੈ।

2020 ਨੇ ਸਾਨੂੰ ਕੁਦਰਤ ਦੇ ਨਾਲ ਰਹਿਣਾ ਸਿਖਾਇਆ, ਵਾਤਾਵਰਣ ਪ੍ਰਤੀ ਪ੍ਰੇਰਿਤ ਕੀਤਾ ਤਾਂ ‘ਹੱਥ ਜੋੜ ਕੇ ਨਮਸਕਾਰ’ ਨੂੰ ਦੁਨੀਆ ’ਚ ਸਥਾਪਿਤ ਕਰ ਦਿੱਤਾ। ਸਾਫ-ਸਫਾਈ ਦੇ ਪ੍ਰਤੀ ਸਾਨੂੰ ਚੇਤੰਨ ਵੀ ਕੀਤਾ। ਇਸ ਦਾ ਅਸਰ ਵੀ ਦਿਸਿਆ। ਸਾਫ ਆਸਮਾਨ, ਸਾਫ ਨਦੀਅਾਂ, ਖਿੜਿਅਾ-ਖਿੜਿਆ ਜਿਹਾ ਪੂਰਾ ਵਾਤਾਵਰਣ, ਚਹਿਚਹਾਉਂਦੇ ਪੰਛੀ ਕੁਝ ਕਹਿ ਰਹੇ ਸਨ। ਦਰਦ ਦੇ ਕੇ ਵੀ ਇਸ ਨੇ ਬਹੁਤ ਕੁਝ ਸਿਖਾਇਆ, ਸਮਝਾਇਆ, ਸਾਨੂੰ ਕੀਮਤ ਸਮਝਾਈ ਹੈ ਆਪਣੀ ਜ਼ਮੀਨ ਦੀ, ਮਿੱਟੀ ਦੀ, ਪਿੰਡ ਦੀ ਅਤੇ ਰਿਸ਼ਤਿਅਾਂ ਦੀ। ਪਰਿਵਾਰ ਦੀ ਵਾਪਸੀ ਹੋਈ ਹੈ। ਜਿਸ ਨੂੰ ਸਾਡੇ ਵਿਦਵਾਨ ਬੁਲਾਰੇ ਸ਼੍ਰੀ ਮੁਕੁਲ ਕਾਨਿਟਕਰ ‘ਘਰਵਾਸ’ ਦਾ ਨਾਂ ਦੇ ਰਹੇ ਹਨ। ਲਾਕਡਾਊਨ ’ਚ ਜ਼ਿੰਦਗੀ ਦੇ ਨਵੇਂ ਤਜਰਬਿਅਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ। ਨਵੀਂ ਪਦਾਵਲੀ ਤੋਂ ਅਸੀਂ ਜਾਣੂ ਹੋਏ ਹਾਂ। ਇਕ ਨਵੀਂ ਜ਼ਿੰਦਗੀ ਨੇ ਸਾਡੀ ਜੀਵਨਸ਼ੈਲੀ ’ਚ ਪ੍ਰਵੇਸ਼ ਕੀਤਾ ਹੈ।

ਅਸੀਂ ਕੋਰੋਨਾ ਤੋਂ ਸਿੱਖ ਕੇ ਇਕ ਨਵੀਂ ਜ਼ਿੰਦਗੀ ਜੀਅ ਰਹੇ ਹਾਂ। ਬੀਤਿਆ ਹੋਇਆ ਸਮਾਂ ਸਾਨੂੰ ਕਈ ਤਰ੍ਹਾਂ ਨਾਲ ਯਾਦ ਆਉਂਦਾ ਹੈ। ਅਸੀਂ ਸਾਰੇ ਯਾਦਾਂ ਦੇ ਸੰਸਾਰ ’ਚ ਹੀ ਰਹਿੰਦੇ ਹਾਂ। ਬੀਤੇ ਸਾਲ ਦੀਅਾਂ ਇਹ ਯਾਦਾਂ ਸਾਨੂੰ ਦੱਸਣਗੀਅਾਂ ਕਿ ਅਸੀਂ ਕਿਸ ਤਰ੍ਹਾਂ ਇਸ ਸੰਕਟ ਨਾਲ ਜੂਝ ਕੇ ਇਸ ਤੋਂ ਰਾਹਤ ਪਾਈ ਸੀ। ਕਿਸ ਤਰ੍ਹਾਂ ਸਾਡੇ ਕੋਰੋਨਾ ਯੋਧਿਅਾਂ ਨੇ ਸਾਨੂੰ ਇਸ ਮਹਾਸੰਕਟ ਨਾਲ ਜੂਝਣਾ ਅਤੇ ਬਚਣਾ ਸਿਖਾਇਆ। ਆਪਣੀ ਜਾਨ ’ਤੇ ਖੇਡ ਕੇ ਸਾਨੂੰ ਜ਼ਿੰਦਗੀ ਦਿੱਤੀ। ਉਹ ਮੈਡੀਕਲ ਸੇਵਾਵਾਂ ਦੇ ਲੋਕ ਹੋਣ, ਪੁਲਸ ਮੁਲਾਜ਼ਮ ਹੋਣ, ਪੱਤਰਕਾਰ ਹੋਣ ਜਾਂ ਵੱਖ-ਵੱਖ ਸੇਵਾਵਾਂ ਨਾਲ ਜੁੜੇ ਲੋਕ, ਸਾਰੇ ਮੋਹਰਲੇ ਮੋਰਚਿਅਾਂ ’ਤੇ ਤਾਇਨਾਤ ਸਨ। ਬਹੁਤ ਸਾਰੇ ਸਮਾਜਿਕ ਸੰਗਠਨਾਂ ਅਤੇ ਨਿੱਜੀ ਤੌਰ ’ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਵੀ ਅਣਥੱਕ ਯਤਨ ਕੀਤੇ, ਇਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਕਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰਾਸ਼ਟਰ ਨਾਇਕ ਵਾਂਗ ਦੇਸ਼ ਨੂੰ ਜੋੜ ਕੇ ਇਸ ਸੰਕਟ ’ਚ ਇਕੱਠਿਅਾਂ ਰਹਿਣਾ ਅਤੇ ਸੰਕਟਾਂ ਨਾਲ ਜੂਝਣ ਦੀ ਸ਼ਕਤੀ ਦਿੱਤੀ। ਕਲਪਨਾ ਕਰੋ ਉਨ੍ਹਾਂ ਵਰਗਾ ਨਾਇਕ ਨਾ ਹੁੰਦਾ ਤਾਂ ਸਾਡਾ ਕੀ ਹੁੰਦਾ। ਉਨ੍ਹਾਂ ਦੇ ਪ੍ਰੇਰਿਤ ਕਰਨ ਵਾਲੇ ਬਿਆਨਾਂ ਨੇ, ਗੱਲਾਂ-ਬਾਤਾਂ ਨੇ ਸਾਨੂੰ ਸੰਭਲਣ ਦਿੱਤਾ, ਗੂੜ੍ਹੇ ਹਨੇਰੇ ਅਤੇ ਔਖੇ ਸਮੇਂ ’ਚ ਵੀ ਅਸੀਂ ਸੰਭਾਲ ਬਣਾ ਕੇ ਰੱਖ ਸਕੀਏ।

ਸੰਵਾਦ ਅਤੇ ਸੰਚਾਰ ਕਿਵੇਂ ਟੁੱਟੇ ਮਨਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਇਕ ਆਦਰਸ਼ ਸੰਚਾਰਕ ਇਸ ਸ਼ਕਤੀ ਦੀ ਕਿਵੇਂ ਵਰਤੋਂ ਕਰਦਾ ਹੈ, ਸਾਡੇ ਪ੍ਰਧਾਨ ਮੰਤਰੀ ਇਸ ਦੀ ਮਿਸਾਲ ਹਨ। ਇਸ ਸਾਲ ਨੇ ਸਾਨੂੰ ਮਨੁੱਖ ਬਣੇ ਰਹਿਣ ਦਾ ਸੰਦੇਸ਼ ਦਿੱਤਾ ਹੈ। ਹੰਕਾਰ ਅਤੇ ਆਕੜ ਨੂੰ ਛੱਡ ਕੇ ਵਿਨੀਤ ਬਣਨ ਦੀ ਸਿੱਖਿਆ ਸਾਨੂੰ ਮਿਲੀ ਹੈ ਕਿਉਂਕਿ ਕੁਦਰਤ ਦੀ ਮਾਰ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਅਤੇ ਵੱਡੇ-ਵੱਡੇ ਸਿੱਧੇ ਹੋ ਜਾਂਦੇ ਹਨ। ਕੁਦਰਤ ਨਾਲ ਸੰਵਾਦ ਅਤੇ ਪ੍ਰੇਮ ਦਾ ਰਿਸ਼ਤਾ ਸਾਨੂੰ ਬਣਾਉਣਾ ਪਵੇਗਾ, ਤਾਂ ਹੀ ਦੁਨੀਆ ਰਹਿਣ ਲਾਇਕ ਬਚੇਗੀ। ਮਹਾਤਮਾ ਗਾਂਧੀ ਨੇ ਕਿਹਾ ਸੀ, ‘‘ਧਰਤੀ ਹਰ ਮਨੁੱਖ ਦੀ ਲੋੜ ਨੂੰ ਪੂਰਾ ਕਰ ਸਕਦੀ ਹੈ ਪਰ ਧਰਤੀ ਮਨੁੱਖ ਦੇ ਲਾਲਚ ਨੂੰ ਪੂਰਾ ਨਹੀਂ ਕਰ ਸਕਦੀ।’’

ਨਵੇਂ ਸਾਲ-2021 ਦੀ ਪਹਿਲੀ ਸਵੇਰ ਦਾ ਸਵਾਗਤ ਕਰਦੇ ਹੋਏ ਅਸੀਂ ਇਕ ਵੱਖਰੇ ਭਾਵ ਨਾਲ ਭਰੇ ਹੋਏ ਹਾਂ। ਇਸ ਸਾਲ ਨੇ ਕਈ ਬੁਰੀਅਾਂ ਖਬਰਾਂ ਦਰਮਿਆਨ ਚਮਕ ਜਗਾਉਣ ਵਾਲੀਅਾਂ ਖਬਰਾਂ ਵੀ ਦਿੱਤੀਅਾਂ ਹਨ, ਅਯੁੱਧਿਆ ’ਚ ਰਾਮ ਮੰਦਿਰ ਦੀ ਨੀਂਹ ਦਾ ਰੱਖਿਆ ਜਾਣਾ, ਨਵੇਂ ਸੰਸਦ ਭਵਨ ਦਾ ਸ਼ਿਲਾਨਿਆਸ, ਨਵੀਂ ਰਾਸ਼ਟਰੀ ਸਿੱਖਿਆ ਦਾ ਆਉਣਾ, ਰਾਸ਼ਟਰੀ ਭਰਤੀ ਏਜੰਸੀ ਦੀ ਪਰਿਕਲਪਨਾ, ਫੌਜ ’ਚ ਔਰਤਾਂ ਨੂੰ ਸਥਾਈ ਕਮਿਸ਼ਨ ਦੇ ਨਾਲ ਬੋਡੋ ਗਰੁੱਪ ਅਤੇ ਸਰਕਾਰ ਦਰਮਿਆਨ ਸਮਝੌਤਾ ਸਾਧਾਰਨ ਖਬਰਾਂ ਨਹੀਂ ਹਨ। ਇਸ ਦੇ ਨਾਲ ਹੀ ਸਾਡੀ ਸਿਆਸਤ, ਸੱਭਿਅਤਾ ਅਤੇ ਸਾਹਿਤ ਦੀ ਦੁਨੀਆ ਦੇ ਕਈ ਨਾਇਕ ਸਾਨੂੰ ਇਸ ਸਾਲ ਛੱਡ ਕੇ ਚਲੇ ਗਏ, ਉਸ ਦਾ ਦੁੱਖ ਵੀ ਵਿਰਲ ਹੈ, ਜਿਨ੍ਹਾਂ ’ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਰਾਜਨੇਤਾ ਰਾਮਵਿਲਾਸ ਪਾਸਵਾਨ, ਜਸਵੰਤ ਸਿੰਘ, ਅਹਿਮਦ ਪਟੇਲ, ਅਜੀਤ ਜੋਗੀ, ਰਘੂਵੰਸ਼ ਪ੍ਰਸਾਦ ਸਿੰਘ, ਅਮਰ ਸਿੰਘ, ਲਾਲਜੀ ਟੰਡਨ, ਤਰੁਣ ਗੋਗੋਈ, ਸਾਬਕਾ ਕ੍ਰਿਕਟਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਚੇਤਨ ਚੌਹਾਨ, ਐੱਮ. ਡੀ. ਐੱਚ. ਮਸਾਲੇ ਦੇ ਮਹਾਸ਼ਯ ਧਰਮਪਾਲ ਗੁਲਾਟੀ, ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ, ਲਲਿਤ ਸੁਰਜਨ, ਰਾਜੀਵ ਕਟਾਰਾ, ਮੰਗਲੇਸ਼ ਡਬਰਾਲ, ਸੀਨੀਅਰ ਪੱਤਰਕਾਰ ਅਤੇ ਸਮਾਜ ਚਿੰਤਕ ਮਾ. ਗੋ. ਵੈਦ, ਰੰਗਕਰਮੀ ਊਸ਼ਾ ਗਾਂਗੁਲੀ, ਨਾਵਲਕਾਰ ਕ੍ਰਿਸ਼ਨ ਬਲਦੇਵ ਵੈਦ, ਗਿਰੀਰਾਜ ਕਿਸ਼ੋਰ, ਰਾਹੁਤ ਇੰਦੌਰੀ, ਵਿਸ਼ਣੂਚੰਦਰ ਸ਼ਰਮਾ, ਅਹਿਦ ਪ੍ਰਕਾਸ਼ ਵਰਗੇ ਕਈ ਨਾਂ ਹਨ, ਜਿਨ੍ਹਾਂ ਦੀ ਯਾਦ ਸਾਨੂੰ ਲੰਬੇ ਸਮੇਂ ਤਕ ਆਉਂਦੀ ਰਹੇਗੀ। ਇਨ੍ਹਾਂ ਸ਼ਖਸੀਅਤਾਂ ਦਾ ਨਾ ਹੋਣਾ ਇਕ ਅਜਿਹਾ ਘਾਟਾ ਪਿਆ ਹੈ ਜਿਸ ਨੂੰ ਪੂਰਾ ਕਰ ਸਕਣਾ ਬੜਾ ਔਖਾ ਹੈ।

ਬਾਵਜੂਦ ਇਸ ਦੇ ਆਸ ਹੈ ਕਿ ਨਵਾਂ ਸਾਲ ਸਾਰੇ ਸੰਕਟਾਂ ’ਚੋਂ ਕੱਢ ਕੇ ਨਵਾਂ ਉਜਾਲਾ ਸਾਡੀ ਜ਼ਿੰਦਗੀ ’ਚ ਲਿਆਵੇਗਾ। ਉਸ ਰੌਸ਼ਨੀ ਨਾਲ ਹਿੰਦੁਸਤਾਨ ਮੁੜ ਤੋਂ ਜਗਮਗਾ ਉੱਠੇਗਾ। ਇਕ ਨਵਾਂ ਭਾਰਤ ਬਣਨ ਵੱਲ ਹੈ, ਇਹ ਆਸਵੰਦ ਭਾਰਤ ਹੈ, ਉਤਸ਼ਾਹ ਨਾਲ ਭਰਿਆ, ਉਮੰਗਾਂ ਨਾਲ ਭਰਿਆ, ਨਵੇਂ ਸੁਪਨਿਅਾਂ ਨਾਲ ਉਤਸ਼ਾਹਿਤ ਅਤੇ ਨਵੀਂ ਚਾਲ ’ਚ ਢਲਣ ਲਈ ਤਿਆਰ। ਨਿਰਾਲਾ ਜੀ ਦੀਅਾਂ ਇਨ੍ਹਾਂ ਸਤਰਾਂ ਦੇ ਵਾਂਗ :

ਨਵ ਗਤੀ, ਨਵ ਲਯ, ਤਾਲ-ਛੰਦ ਨਵ

ਨਵਲ ਕੰਠ, ਨਵ ਜਲਦ-ਮੰਦਰ ਰਵ,

ਨਵ ਨਭ ਕੇ ਨਵ ਵਿਹਗ-ਵ੍ਰਿੰਦ ਕੋ

ਨਵ ਪਰ, ਨਵ ਸਵਰ ਦੇ!


Bharat Thapa

Content Editor

Related News