ਨਹੀਂ ਹੋਈ ਬੈਂਕ ਹੜਤਾਲ ...!
Wednesday, Sep 30, 2026 - 05:45 PM (IST)
ਜਦੋਂ ਮੈਂ ਸੁਣਿਆ ਕਿ ਬੈਂਕ ਹੜਤਾਲ ਰੱਦ ਕਰ ਦਿੱਤੀ ਗਈ ਹੈ, ਤਾਂ ਮੈਂ ਸੋਚਿਆ ਕਿ ਜੇ ਹੜਤਾਲ ਹੁੰਦੀ ਤਾਂ ਕੀ ਹੁੰਦਾ। ਮੈਂ ਮਹੀਨਿਆਂ ਤੋਂ ਬੈਂਕ ਨਹੀਂ ਗਿਆ ਹਾਂ ਪਰ, ਬੈਂਕ ਦਿਨ ’ਚ ਕਈ ਵਾਰ ਮੇਰੇ ਨਾਲ ਸੰਪਰਕ ਕਰਦਾ ਹੈ, ਆਮ ਤੌਰ ’ਤੇ ਇਹ ਦੱਸਣ ਲਈ ਕਿ ਮੈਂ ਪੈਸੇ ਖਰਚ ਕੀਤੇ ਹਨ। ਮੇਰੇ ਫੋਨ ਦੇ ਅੰਦਰ ਮੌਜੂਦ ਔਰਤ ਜਦੋਂ ਇਹ ਕਹਿੰਦੀ ਹੈ ਕਿ ‘ਤੁਹਾਡੀ ਪੰਜ ਸੌ ਰੁਪਏ ਦੀ ਪੇਮੈਂਟ ਸਫ਼ਲ ਹੋ ਗਈ ਹੈ,’ ਤਾਂ ਉਸ ਦੀ ਆਵਾਜ਼ ਇੰਨੀ ਸਕੂਨ ਦੇਣ ਵਾਲੀ ਹੁੰਦੀ ਹੈ ਕਿ ਮੈਂ ਕੁਝ ਪਲਾਂ ਲਈ ਭੁੱਲ ਜਾਂਦਾ ਹਾਂ ਕਿ ਉਹ ਪੰਜ ਸੌ ਰੁਪਏ ਮੇਰੇ ਸਨ।
ਕੀ ਉਹ ਵੀ ਹੜਤਾਲ ’ਤੇ ਚਲੀ ਜਾਂਦੀ?
ਮੈਂ ਕਲਪਨਾ ਕੀਤੀ ਕਿ ਉਹ ਆਪਣਾ ਮਾਈਕ੍ਰੋਫੋਨ ਹੇਠਾਂ ਰੱਖਦੀ ਅਤੇ ਬੈਂਕ ਦੇ ਬਾਹਰ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋ ਜਾਂਦੀ। ਉਸ ਦੀ ਤਖ਼ਤੀ ’ਤੇ ਲਿਖਿਆ ਹੁੰਦਾ, ‘‘ਗਾਹਕ ਆਪਣਾ ਬੈਲੇਂਸ ਖੁਦ ਦੇਖਣ।’’
ਇਹ ਬਹੁਤ ਮਾੜਾ ਹੁੰਦਾ। ਮੈਨੂੰ ਕਿਵੇਂ ਪਤਾ ਲੱਗਦਾ ਕਿ ਮੈਂ ਲੰਚ ਦੇ ਪੈਸੇ ਦਿੱਤੇ ਹਨ ਜਾਂ ਨਹੀਂ? ਮੇਰੇ ਨਾਲ ਖੜ੍ਹਾ ਵੇਟਰ, ਜੋ ਆਪਣੇ ਫੋਨ ਨੂੰ ਘੂਰ ਰਿਹਾ ਸੀ, ਸ਼ਾਇਦ ਕੋਈ ਸੰਕੇਤ ਦਿੰਦਾ ਪਰ ਕੀ ਮੈਂ ਅਜਿਹੇ ਆਦਮੀ ’ਤੇ ਭਰੋਸਾ ਕਰ ਸਕਦਾ ਸੀ ਜਿਸ ਨੇ ਹੁਣੇ-ਹੁਣੇ ਮੇਰੇ ਕੋਲੋਂ ਪਿਆਜ਼ ਲਈ ਜ਼ਿਆਦਾ ਪੈਸੇ ਲਏ ਸਨ?
ਸ਼ਾਇਦ ਬੈਂਕ ਦੇ ਮੈਸੇਜ ਪੂਰੀ ਤਰ੍ਹਾਂ ਬੰਦ ਹੋ ਜਾਂਦੇ। ਤਿੰਨ ਸ਼ਾਨਦਾਰ ਦਿਨਾਂ ਤੱਕ, ਮੈਨੂੰ ਇਹ ਦੱਸੇ ਬਿਨਾਂ ਗੁਜ਼ਾਰਾ ਕਰਨਾ ਪੈਂਦਾ ਕਿ ਮੇਰਾ ਬੈਲੇਂਸ ਕੱਲ ਦੀ ਤੁਲਨਾ ’ਚ ਘੱਟ ਹੈ। ਬੁੱਧਵਾਰ ਤੱਕ, ਸ਼ਾਇਦ ਮੈਂ ਇੰਨਾ ਅਮੀਰ ਮਹਿਸੂਸ ਕਰਦਾ ਕਿ ਡੈਜ਼ਰਟ (ਮਿੱਠਾ) ਆਰਡਰ ਕਰ ਪਾਉਂਦਾ।
ਫਿਰ ਮੈਨੂੰ ਯਾਦ ਆਇਆ ਕਿ ਬੈਂਕ ਉਸ ਤੋਂ ਕਿਤੇ ਜ਼ਿਆਦਾ ਚਲਾਕ ਹੁੰਦੇ ਹਨ। ਜਦੋਂ ਉਨ੍ਹਾਂ ਦੇ ਕਰਮਚਾਰੀ ਛੁੱਟੀ ’ਤੇ ਹੁੰਦੇ ਹਨ, ਉਦੋਂ ਵੀ ਉਨ੍ਹਾਂ ਦੇ ਕੰਪਿਊਟਰ ਕੰਮ ਕਰਦੇ ਰਹਿੰਦੇ ਹਨ। ਮੇਰੇ ਪੈਸੇ ਉਦੋਂ ਵੀ ਮੇਰੇ ਅਕਾਊਂਟ ’ਚੋਂ ਨਿਕਲ ਜਾਂਦੇ। ਉਹ ਸਕੂਨ ਦੇਣ ਵਾਲੀ ਆਵਾਜ਼ ਉਦੋਂ ਵੀ ਮੈਨੂੰ ਵਧਾਈ ਦਿੰਦੀ। ਬਸ, ਜਦੋਂ ਕੁਝ ਗੜਬੜ ਹੁੰਦੀ, ਤਾਂ ਜਿਸ ਵਿਅਕਤੀ ਦੀ ਮੈਨੂੰ ਲੋੜ ਹੁੰਦੀ, ਉਹ ਉਪਲਬਧ ਨਹੀਂ ਹੁੰਦਾ।
‘‘ਜੇ ਮੈਂ ਗਲਤ ਵਿਅਕਤੀ ਨੂੰ ਪੈਸੇ ਭੇਜ ਦਿਆਂ ਤਾਂ?’’ ਮੈਂ ਆਪਣੇ ਫੋਨ ਤੋਂ ਪੁੱਛਿਆ।
ਉਸ ਨੇ ਮੈਨੂੰ ਲੋਨ ਦਾ ਆਫ਼ਰ ਦਿੱਤਾ।
‘‘ਜੇ ਕੋਈ ਮੇਰੇ ਅਕਾਊਂਟ ’ਚੋਂ ਪੈਸੇ ਕੱਢ ਲਵੇ ਤਾਂ?’’
ਉਸ ਨੇ ਮੈਨੂੰ ਹੋਰ ਵੱਡਾ ਲੋਨ ਆਫ਼ਰ ਕੀਤਾ।
‘‘ਜੇ ਮੈਂ ਉਸ ਨੂੰ ਚੁਕਾ ਨਾ ਪਾਵਾਂ ਤਾਂ?’’
ਉਸ ਨੇ ਮੈਨੂੰ ਸਵਿਟਰਜ਼ਰਲੈਂਡ ’ਚ ਛੁੱਟੀ ਮਨਾਉਣ ਦਾ ਇਸ਼ਤਿਹਾਰ ਦਿਖਾਇਆ।
ਮੈਨੂੰ ਸਮਝ ਆਉਣ ਲੱਗਾ ਕਿ ਬੈਂਕ ਇਨਸਾਨਾਂ ਨੂੰ ਕਿਉਂ ਕੰਮ ’ਤੇ ਰੱਖਦੇ ਹਨ। ਕੰਪਿਊਟਰ ਕਦੇ ਤੁਹਾਡੀ ਤਰਫ਼ੋਂ ਘਬਰਾਉਂਦੇ ਨਹੀਂ ਹਨ।
ਮੈਂ ਹੜਤਾਲ ਦੌਰਾਨ ਆਪਣੀ ਬ੍ਰਾਂਚ ਜਾਣ ਦੀ ਕਲਪਨਾ ਕੀਤੀ। ਦਰਵਾਜ਼ੇ ਬੰਦ ਹੁੰਦੇ ਪਰ ਮੇਰਾ ਫੋਨ ਨਿੱਘ ਨਾਲ ਮੇਰਾ ਸਵਾਗਤ ਕਰਦਾ। ਉਹ ਕਹਿੰਦਾ, ‘‘ਤੁਹਾਡੇ ਬੈਂਕ ’ਚ ਤੁਹਾਡਾ ਸਵਾਗਤ ਹੈ।’’
‘‘ਮੈਂ ਇਸ ਦੇ ਬਾਹਰ ਖੜ੍ਹਾ ਹਾਂ।’’
‘‘ਸਾਨੂੰ ਤੁਹਾਡੀ ਸੇਵਾ ਕਰਕੇ ਖੁਸ਼ੀ ਹੋ ਰਹੀ ਹੈ।’’
‘‘ਦਰਵਾਜ਼ਾ ਬੰਦ ਹੈ।’’
‘‘ਕੀ ਤੁਸੀਂ ਆਪਣੇ ਤਜਰਬੇ ਨੂੰ ਰੇਟ ਕਰਨਾ ਚਾਹੋਗੇ?’’ ਮੈਂ ਇਸ ਨੂੰ ਇਕ ਸਟਾਰ ਦਿੰਦਾ। ਮੇਰਾ ਫੋਨ ਮੇਰੇ ਕੀਮਤੀ ਫੀਡਬੈਕ ਲਈ ਮੈਨੂੰ ਧੰਨਵਾਦ ਦਿੰਦਾ ਅਤੇ ਪੁੱਛਦਾ ਕਿ ਕੀ ਮੈਂ ਕਿਸੇ ਦੋਸਤ ਨੂੰ ਇਹ ਬੈਂਕ ਰਿਕਮੈਂਡ ਕਰਨਾ ਚਾਹੁੰਦਾ ਹਾਂ?
ਚੰਗੀ ਗੱਲ ਇਹ ਹੈ ਕਿ ਹੜਤਾਲ ਵਾਪਸ ਲੈ ਲਈ ਗਈ ਅਤੇ ਸ਼ਾਇਦ ਸਾਨੂੰ ਕਦੇ ਪਤਾ ਹੀ ਨਾ ਚੱਲੇ ਕਿ ਇਸ ਦਾ ਸਾਡੇ ’ਤੇ ਕੀ ਅਸਰ ਹੁੰਦਾ। ਹੋ ਸਕਦਾ ਹੈ ਕਿ ਬੈਂਕ ਕਰਮਚਾਰੀ ਨਹੀਂ ਚਾਹੁੰਦੇ ਸਨ ਕਿ ਸਾਨੂੰ ਪਤਾ ਚੱਲੇ ਕਿ ਉਹ ਹਮੇਸ਼ਾ ਲਈ ਹੜਤਾਲ ’ਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਘਾਟ ਕਿਸੇ ਨੂੰ ਮਹਿਸੂਸ ਨਹੀਂ ਹੋਵੇਗੀ।
ਉਂਝ ਵੀ, ਸ਼ਾਇਦ ਮੈਨੂੰ ਕੁਝ ਪਤਾ ਹੀ ਨਾ ਚੱਲਦਾ। ਮੇਰਾ ਫੋਨ ਉਦੋਂ ਵੀ ਦਿਖਾਉਂਦਾ ਕਿ ਮੇਰੇ ਪੈਸੇ ਘੱਟ ਹੋ ਰਹੇ ਹਨ ਅਤੇ ਉਹ ਖੁਸ਼ਮਿਜ਼ਾਜ ਔਰਤ ਉਦੋਂ ਵੀ ਮੈਨੂੰ ਦੱਸਦੀ ਕਿ ਮੈਂ ਕਿੰਨੀ ਚੰਗੀ ਤਰ੍ਹਾਂ ਨਾਲ ਪੈਸੇ ਖਰਚ ਕੀਤੇ ਹਨ।
ਸ਼ਾਇਦ ਅਗਲੀ ਵਾਰ ਬੈਂਕ ਸਟਾਫ਼ ਉਸ ਨੂੰ ਵੀ ਆਪਣੇ ਨਾਲ ਹੜਤਾਲ ’ਤੇ ਲੈ ਜਾ ਸਕਦਾ ਹੈ...!
—ਰਾਬਰਟ ਕਲੀਮੈਂਟਸ
