ਬਦਇੰਤਜ਼ਾਮੀ ਦਾ ਸ਼ਿਕਾਰ ਪੈਰਿਸ ਓਲੰਪਿਕਸ, ਨਾ ਤਸੱਲੀਬਖਸ਼ ਭੋਜਨ, ਨਾ ਆਵਾਜਾਈ ਵਿਵਸਥਾ, ਉਪਰੋਂ ਚੋਰੀਆਂ

Friday, Aug 02, 2024 - 03:25 AM (IST)

ਬਦਇੰਤਜ਼ਾਮੀ ਦਾ ਸ਼ਿਕਾਰ ਪੈਰਿਸ ਓਲੰਪਿਕਸ, ਨਾ ਤਸੱਲੀਬਖਸ਼ ਭੋਜਨ, ਨਾ ਆਵਾਜਾਈ ਵਿਵਸਥਾ, ਉਪਰੋਂ ਚੋਰੀਆਂ

26 ਜੁਲਾਈ ਤੋਂ ਸ਼ੁਰੂ ਹੋਈਆਂ ਪੈਰਿਸ ਓਲੰਪਿਕਸ ਖੇਡਾਂ ਜਿਉਂ-ਜਿਉਂ ਅੱਗੇ ਵਧ ਰਹੀਆਂ ਹਨ, ਇਨ੍ਹਾਂ ’ਚ ਹਿੱਸਾ ਲੈਣ ਆਏ 208 ਦੇਸ਼ਾਂ ਦੇ 10,000 ਤੋਂ ਵੱਧ ਐਥਲੀਟਾਂ ਅਤੇ ਉਨ੍ਹਾਂ ਨਾਲ ਆਏ ਸਟਾਫ ਲਈ ਸਹੂਲਤਾਂ ਦੀ ਕਮੀ ਨੂੰ ਲੈ ਕੇ ਨਾਰਾਜ਼ਗੀ ਵਧਦੀ ਜਾ ਰਹੀ ਹੈ।

ਭੋਜਨ ਦੀ ਕਮੀ ਦਾ ਕੁਝ ਦੇਸ਼ਾਂ ਦੇ ਐਥਲੀਟਾਂ ਨੇ ਇੰਨਾ ਬੁਰਾ ਮਨਾਇਆ ਹੈ ਕਿ ਉਹ ਖੇਡ ਪਿੰਡ ’ਚ ਬਣਾਏ ਜਾਣ ਵਾਲੇ ਭੋਜਨ ਦਾ ਬਾਈਕਾਟ ਤੱਕ ਕਰਨ ਦੀ ਸੋਚ ਰਹੇ ਹਨ। ਟੀਮ ਗ੍ਰੇਟ ਬ੍ਰਿਟੇਨ (ਜੀ. ਬੀ.) ਦੇ ਖਿਡਾਰੀਆਂ ਨੇ ਖੇਡ ਪਿੰਡ ’ਚ ਭੋਜਨ ਦੀ ਨਾਕਾਫੀ ਸਪਲਾਈ ਦੇ ਕਾਰਨ ਉੱਥੇ ਖਾਣਾ ਖਾਣ ਦੀ ਬਜਾਏ ਬਾਹਰੋਂ ਆਪਣੇ ਖਰਚੇ ’ਤੇ ਖਾਣਾ ਮੰਗਵਾਉਣ ਤੋਂ ਇਲਾਵਾ ਇੰਗਲੈਂਡ ਤੋਂ ਆਪਣਾ ਰਸੋਈਆ ਸੱਦ ਲਿਆ ਹੈ।

ਮੁਕਾਬਲੇਬਾਜ਼ਾਂ ਲਈ ਖੇਡ ਪਿੰਡ ਦੇ ਸਭ ਤੋਂ ਵੱਡੇ ਰੈਸਟੋਰੈਂਟ ’ਚ ਸਿਰਫ 3500 ਸੀਟਾਂ ਹੋਣ ਦੇ ਕਾਰਨ ਭੋਜਨ ਪਰੋਸਣ ’ਚ ਰੁਕਾਵਟ ਪੈ ਰਹੀ ਹੈ। ਜਾਂ ਤਾਂ ਭੋਜਨ ਮੁਹੱਈਆ ਨਹੀਂ ਹੈ ਅਤੇ ਜੇ ਮੁਹੱਈਆ ਹੈ ਤਾਂ ਉਸ ਨੂੰ ਲੈਣ ਵਾਲਿਆਂ ਦੀਆਂ ਕਤਾਰਾਂ ਬਹੁਤ ਲੰਬੀਆਂ ਹਨ।

ਸ਼ਾਕਾਹਾਰੀਆਂ ਨੂੰ ਹੀ ਨਹੀਂ ਸਗੋਂ ਮਾਸਾਹਾਰੀਆਂ ਨੂੰ ਵੀ ਭੋਜਨ ਦੀ ਸਮੱਸਿਆ ਹੈ ਅਤੇ ਆਂਡਿਆਂ ਤੇ ਗ੍ਰਿਲਡ ਮੀਟ ਦੀ ਸਪਲਾਈ ਮੰਗ ਦੇ ਅਨੁਸਾਰ ਨਾ ਹੋਣ ਦੇ ਕਾਰਨ ਇਨ੍ਹਾਂ ਦੀ ਰਾਸ਼ਨਿੰਗ ਕੀਤੀ ਜਾ ਰਹੀ ਹੈ।

ਜਿੱਥੋਂ ਤੱਕ ਇਨ੍ਹਾਂ ਖੇਡਾਂ ’ਚ ਸ਼ਾਮਲ 117 ਮੈਂਬਰੀ ਭਾਰਤੀ ਦਲ ਦਾ ਸਬੰਧ ਹੈ, ਮਹਿਲਾ ਡਬਲਜ਼ ਬੈਡਮਿੰਟਨ ਖਿਡਾਰੀ ਤਨਿਸ਼ਾ ਦੇ ਅਨੁਸਾਰ, ‘‘ਇਕ ਦਿਨ ਖਿਡਾਰੀਆਂ ਨੂੰ ਪਰੋਸੇ ਜਾਣ ਵਾਲੇ ਮੈਨਿਊ ’ਚ ਰਾਜਮਾਂਹ ਸ਼ਾਮਲ ਸਨ ਪਰ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਹ ਖਤਮ ਹੋ ਗਏ ਅਤੇ ਉਸ ਦੇ ਬਾਅਦ ਦੁਬਾਰਾ ਨਹੀਂ ਲਿਆਂਦੇ ਗਏ।’’

ਭਾਰਤੀ ਬਾਕਸਰ ‘ਅਮਿਤ ਪੰਗਾਲ’ ਨੂੰ ਵੀ ਮਨਪਸੰਦ ਭੋਜਨ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਾਫੀ ਸਮੇਂ ਤੋਂ ਦਾਲ-ਰੋਟੀ ਦੀ ਡਾਈਟ ਮੇਨਟੇਨ ਕਰ ਰਹੇ ਹਨ ਜੋ ਉਨ੍ਹਾਂ ਨੂੰ ਬਾਹਰੋਂ ਮੰਗਵਾਉਣੀ ਪੈ ਰਹੀ ਹੈ।

ਇਕ ਹੋਰ ਭਾਰਤੀ ਮੁਕਾਬਲੇਬਾਜ਼ ਅਨੁਸਾਰ, ‘‘ਖੇਡ ਪਿੰਡ ਤੋਂ ਟੇਬਲ ਟੈਨਿਸ ਟੂਰਨਾਮੈਂਟ ਦਾ ਆਯੋਜਨ ਸਥਾਨ 45 ਮਿੰਟ ਦੀ ਦੂਰੀ ’ਤੇ ਹੈ ਪਰ ਇਕ ਨਾਨ ਏਅਰ ਕੰਡੀਸ਼ਨਡ ਬੱਸ ’ਚ ਯਾਤਰਾ ਕਰਨਾ ਨਰਕ ਦੀ ਯਾਤਰਾ ਕਰਨ ਵਾਂਗ ਸੀ। ਖਿੜਕੀਆਂ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ। ਬਾਹਰੋਂ ਹਵਾ ਆਉਣ ਲਈ ਸਿਰਫ ਇਕ ਛੋਟਾ ਜਿਹਾ ਰੋਸ਼ਨਦਾਨ ਸੀ ਅਤੇ ਆਯੋਜਨ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੇਰਾ ਪਸੀਨਾ ਵਹਿਣ ਲੱਗਾ।’’

ਭਾਰਤ ਦੇ ਸਿੰਗਲ ਟੈਨਿਸ ਖਿਡਾਰੀ ‘ਸੁਮਿਤ ਨਾਗਲ’ ਅਨੁਸਾਰ, ‘‘ਖੇਡ ਪਿੰਡ ’ਚ ਰਹਿਣ, ਭੋਜਨ ਅਤੇ ਆਯੋਜਨ ਸਥਾਨ ਤੱਕ ਪਹੁੰਚਣ ਤੱਕ ਦੇ ਮਾਮਲੇ ’ਚ ਮੈਨੂੰ ਅਜਿਹਾ ਕੋਈ ਵੀ ਖਿਡਾਰੀ ਨਹੀਂ ਮਿਲਿਆ ਜੋ ਸੰਤੁਸ਼ਟ ਹੋਵੇ।’’

ਇਕ ਭਾਰਤੀ ਟੇਬਲ ਨੈਟਿਸ ਖਿਡਾਰੀ ਦੇ ਅਨੁਸਾਰ ਕਮਜ਼ੋਰ ਬੈੱਡ ਇੰਨੇ ਖਰਾਬ ਹਨ ਕਿ ਉਨ੍ਹਾਂ ’ਤੇ ਪਹਿਲੀਆਂ ਕਈ ਰਾਤਾਂ ਤਾਂ ਉਹ ਸੌਂ ਹੀ ਨਹੀਂ ਸਕੇ।

ਖੇਡ ਪਿੰਡ ਤੋਂ ਸਟੇਡੀਅਮ ਤੱਕ ਜਾਣ ਲਈ ਵੀ ਖਿਡਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਡੀਆਂ ਤੈਅ ਪ੍ਰੋਗਰਾਮ ਦੇ ਅਨੁਸਾਰ ਨਾ ਚੱਲਣ ਦੇ ਕਾਰਨ ਭਾਰਤੀ ਅਧਿਕਾਰੀਆਂ ਨੇ ਆਪਣੇ ਖਿਡਾਰੀਆਂ ਨੂੰ ਪੂਰੇ ਪੈਰਿਸ ’ਚ ਫੈਲੇ ਹੋਏ ਪ੍ਰਤੀਯੋਗਿਤਾ ਸਥਾਨਾਂ ਤੱਕ ਪਹੁੰਚਾਉਣ ਲਈ ਆਪਣੇ ਬਦਲਵੇਂ ਵਾਹਨਾਂ ਦੀ ਵਿਵਸਥਾ ਕੀਤੀ ਹੈ।

ਇਸ ਤਰ੍ਹਾਂ ਦੇ ਹਾਲਾਤ ਵਿਚਾਲੇ ਭਾਰਤ ਦੇ ‘ਸ਼ੈੱਫ ਡੀ ਮਿਸ਼ਨ’ (ਟੀਮ ਦੇ ਮੁੱਖ ਅਧਿਕਾਰੀ) ਗਗਨ ਨਾਰੰਗ ਨੇ ਇਸ ਮੁੱਦੇ ਨੂੰ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ ਵੀ ਸੀ।

ਲਗਭਗ 9 ਬਿਲੀਅਨ ਡਾਲਰ ਦੀ ਲਾਗਤ ਨਾਲ ਆਯੋਜਿਤ ਕੀਤੇ ਜਾਣ ਵਾਲੇ ਇਸ ਖੇਡ ਸਮਾਗਮ ’ਚ ਹਿੱਸਾ ਲੈਣ ਵਾਲੇ ਕਈ ਖਿਡਾਰੀਆਂ ਨੂੰ ਰਹਿਣ ਲਈ ਦਿੱਤੇ ਗਏ ਕਮਰਿਆਂ ’ਚ ਤਰੇੜਾਂ ਪਈਆਂ ਹੋਈਆਂ ਹਨ।

ਆਯੋਜਕਾਂ ਨੇ ਐਥਲੀਟਾਂ ਦੇ ਕਮਰਿਆਂ ’ਚ ਏਅਰ ਕੰਡੀਸ਼ਨਰ ਨਾ ਲਗਵਾਉਣ ਦਾ ਫੈਸਲਾ ਕੀਤਾ ਹੈ ਜੋ ਭਾਵੇਂ ਹੀ ਵਾਤਾਵਰਣ ਦੇ ਲਿਹਾਜ਼ ਨਾਲ ਸਹੀ ਕਦਮ ਹੋਵੇ ਪਰ ਉਨ੍ਹਾਂ ਦੇ ਇਸ ਫੈਸਲੇ ਨੇ ਇਨ੍ਹੀਂ ਦਿਨੀਂ ਫਰਾਂਸ ਦੀ ਗਰਮੀ ’ਚ ਛੋਟੇ-ਛੋਟੇ ਕਮਰਿਆਂ ’ਚ ਠਹਿਰਾਏ ਗਏ ਖਿਡਾਰੀਆਂ ਦਾ ਪਸੀਨਾ ਕਢਵਾ ਦਿੱਤਾ ਹੈ।

ਖੇਡ ਪਿੰਡ ’ਚ ਐਥਲੀਟਾਂ ਦੇ ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ‘ਜਾਪਾਨ ਟਾਈਮਜ਼’ ਅਨੁਸਾਰ ਉਸ ਦੇ ਇਕ ਰਗਬੀ ਖਿਡਾਰੀ ਨੇ ਖੇਡ ਪਿੰਡ ਦੇ ਅੰਦਰ ਆਪਣੇ ਕਮਰੇ ’ਚੋਂ ਆਪਣੇ ਵਿਆਹ ਦੀ ਅੰਗੂਠੀ, ਇਕ ਨੈਕਲੈੱਸ ਅਤੇ ਨਕਦ ਰਕਮ ਚੋਰੀ ਕੀਤੇ ਜਾਣ ਦੀ ਪੁਲਸ ’ਚ ਸ਼ਿਕਾਇਤ ਕੀਤੀ ਹੈ।

ਇਸੇ ਤਰ੍ਹਾਂ ਆਸਟ੍ਰੇਲੀਆਈ ਹਾਕੀ ਕੋਚ ਨੇ ਆਪਣੇ ਕ੍ਰੈਡਿਟ ਕਾਰਡ ਦੀ ਚੋਰੀ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਹੈ। ਇਸੇ ਕਾਰਨ ਭਾਰਤੀ ਖਿਡਾਰੀਆਂ ਨੂੰ ਆਪਣੀਆਂ ਕੀਮਤੀ ਚੀਜ਼ਾਂ ਤਿਜੌਰੀ ’ਚ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ।

ਵਿਸ਼ਵ ਦੀ ‘ਫੈਸ਼ਨ ਰਾਜਧਾਨੀ’ ਹੋਣ ਦੇ ਨਾਤੇ ਇਨ੍ਹਾਂ ਖੇਡਾਂ ਨੂੰ ਦੇਖਣ ਲਈ ਦੁਨੀਆ ਭਰ ਤੋਂ ਰਿਕਾਰਡ ਗਿਣਤੀ ’ਚ ਸੈਲਾਨੀਆਂ ਦੇ ਆਉਣ ਦੀ ਆਸ ਕੀਤੀ ਜਾ ਰਹੀ ਸੀ ਪਰ ਹੋਟਲਾਂ ਵੱਲੋਂ ਕੀਤੀ ਗਈ ਤਿਆਰੀ ਵੀ ਧਰੀ-ਧਰਾਈ ਰਹਿ ਗਈ ਅਤੇ ਸੈਲਾਨੀਆਂ ਦੇ ਉਮੀਦ ਅਨੁਸਾਰ ਗਿਣਤੀ ’ਚ ਨਾ ਆਉਣ ਦੇ ਕਾਰਨ ਉਨ੍ਹਾਂ ਦੇ ਕਮਰੇ ਖਾਲੀ ਪਏ ਹਨ।

ਅਜਿਹਾ ਲੱਗਦਾ ਹੈ ਕਿ ਪੈਰਿਸ ਓਲੰਪਿਕਸ ਉਸ ਤਰ੍ਹਾਂ ਖੇਡ ਪ੍ਰੇਮੀਆਂ ਦੇ ਆਕਰਸ਼ਣ ਦਾ ਕੇਂਦਰ ਨਹੀਂ ਬਣ ਪਾ ਰਿਹਾ ਜਿਸ ਤਰ੍ਹਾਂ ਜਾਪਾਨ ’ਚ 2021 ’ਚ ਆਯੋਜਿਤ ਪਿਛਲੀਆਂ ਓਲੰਪਿਕਸ ਖੇਡਾਂ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਸੀ।

- ਵਿਜੇ ਕੁਮਾਰ


author

Harpreet SIngh

Content Editor

Related News