ਇਕ ਪੌਰਾਣਿਕ ਫਿਲਮੀ ਕਥਾਕਾਰ ਬੀ. ਆਰ. ਚੋਪੜਾ

11/05/2019 1:49:39 AM

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ

ਫਿਲਮਾਂ ਵਿਚ ਸਮਾਜਿਕ ਚੇਤਨਾ ਦੇ ਪੈਰੋਕਾਰ, ਸੰਗੀਤ-ਗੀਤ ਨਾਲ ਜਾਦੂਈ ਪ੍ਰਭਾਵ ਸਿਨੇ ਦਰਸ਼ਕਾਂ ਦੇ ਮਨਾਂ ’ਤੇ ਛੱਡਣ ਵਾਲੇ, ਜਨਤਾ ਦੇ ਦਿਲ ਨੂੰ ਛੂਹਣ ਵਾਲੀਆਂ ਫਿਲਮਾਂ ਦੇ ਨਿਰਮਾਤਾ, ਪਰਦੇ ਦੇ ਮਹਾਮਾਨਵ ਬੀ. ਆਰ. ਚੋਪੜਾ ਨੂੰ ਸ਼ਰਧਾ ਦੇ ਫੁੱਲ। ਸਿਨੇ ਦਰਸ਼ਕ ਜਾਣਦੇ ਹੀ ਹੋਣਗੇ ਕਿ ਬੀ. ਆਰ. ਚੋਪੜਾ ਨੇ ਫਿਲਮਾਂ ਦੀ ਹਰੇਕ ਵਨਗੀ ’ਤੇ ਸਫਲਤਾਪੂਰਵਕ ਜਨਤਾ ਦਾ ਮਨੋਰੰਜਨ ਕੀਤਾ। ਕਾਮੇਡੀ ਦੀ ਗੱਲ ਕਰੀਏ ਤਾਂ 1978 ’ਚ ਆਈ ਉਨ੍ਹਾਂ ਦੀ ਫਿਲਮ ‘ਪਤੀ, ਪਤਨੀ ਔਰ ਵੋਹ’ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਲਿਆ। ਥ੍ਰਿਲ ’ਚ 1980 ਵਿਚ ਆਈ ‘ਦਿ ਬਰਨਿੰਗ ਟਰੇਨ’ ਨੂੰ ਸਿਨੇ ਪ੍ਰੇਮੀ ਧਿਆਨ ਵਿਚ ਲਿਆਉਣ। ਕੀ ਸਿਨੇ ਦਰਸ਼ਕ ਬੀ. ਆਰ. ਚੋਪੜਾ ਦੀਆਂ ਰਹੱਸਮਈ ਫਿਲਮਾਂ ‘ਇੱਤੇਫਾਕ’ ਅਤੇ ‘ਧੁੰਦ’ ਨੂੰ ਭੁਲਾ ਸਕਣਗੇ? 1969 ’ਚ ਰਾਜੇਸ਼ ਖੰਨਾ ਵਰਗੇ ਅਪ੍ਰਪੱਕ ਅਭਿਨੇਤਾ ਤੋਂ ਪ੍ਰਪੱਕ ਅਤੇ ਮਜ਼ਬੂਤ ਅਭਿਨੈ ਬੀ. ਆਰ. ਚੋਪੜਾ ਹੀ ਫਿਲਮ ‘ਇੱਤੇਫਾਕ’ ਵਿਚ ਕਰਵਾ ਸਕਦੇ ਸਨ। ਫਿਲਮ ‘ਧੁੰਦ’ ਵਿਚ ਡੈਨੀ ਵਰਗੇ ਅਭਿਨੇਤਾ ਤੋਂ ਕਦੇ ਭੁਲਾਇਆ ਨਾ ਜਾਣ ਵਾਲਾ ਅਭਿਨੈ ਕਰਵਾ ਲੈਣਾ ਬੀ. ਆਰ. ਚੋਪੜਾ ਵਰਗੇ ਨਿਰਦੇਸ਼ਕ ਦਾ ਹੀ ਕੰਮ ਸੀ। 1970 ਵਿਚ ਫਿਲਮ ‘ਆਦਮੀ ਔਰ ਇਨਸਾਨ’ ਵਿਚ ਫਿਰੋਜ਼ ਖਾਨ ਵਰਗੇ ਅੱਲ੍ਹੜ ਅਭਿਨੇਤਾ ਤੋਂ ਅਦਭੁੱਤ ਡਾਇਲਾਗ ਡਲਿਵਰੀ ਕਰਵਾਉਣਾ ਬੀ. ਆਰ. ਚੋਪੜਾ ਦੀ ਸ੍ਰੇਸ਼ਠਤਾ ਦਾ ਪ੍ਰਮਾਣ ਹੈ। ਉਨ੍ਹਾਂ ਦੀਆਂ ਫਿਲਮਾਂ 1951 ’ਚ ‘ਅਫਸਾਨਾ’, ‘ਧੂਲ ਕਾ ਫੂਲ’, 1959 ਅਤੇ 1960 ਵਿਚ ਆਈ ਫਿਲਮ ‘ਕਾਨੂੰਨ’ ਨੇ ਦਾਦਾਮੁਨੀ ਅਸ਼ੋਕ ਕੁਮਾਰ ਨੂੰ ਅਭਿਨੈ ਦੇ ਖੇਤਰ ਵਿਚ ਅਮਰ ਕਰ ਦਿੱਤਾ। ਉਂਝ ਤਾਂ ਸਦਾਬਹਾਰ ਅਭਿਨੇਤਾ ਅਸ਼ੋਕ ਕੁਮਾਰ ਫਿਲਮ ‘ਮਹਿਲ’ ਤੋਂ ਹੀ ਅਮਰਤਵ ਹਾਸਿਲ ਕਰ ਚੁੱਕੇ ਸਨ। ਸਵ. ਬੀ. ਆਰ. ਚੋਪੜਾ ਨੇ ਫਿਲਮਾਂ ਵਿਚ ਹਰ ਰੰਗ ਦੀਆਂ ਫਿਲਮਾਂ ਬਣਾ ਕੇ ਫਿਲਮੀ ਦੁਨੀਆ ਵਿਚ ਆਪਣੇ ਆਪ ਨੂੰ ਪੁਰਾਣ-ਪੁਰਸ਼ ਸਿੱਧ ਕਰ ਦਿੱਤਾ। ਉਨ੍ਹਾਂ ਦੀਆਂ ਫਿਲਮਾਂ ਵਿਚ ਡਰਾਮਾ ਵੀ, ਮਨੋਰੰਜਨ ਵੀ, ਸੰਗੀਤ ਦੀ ਮਿਠਾਸ ਵੀ ਅਤੇ ਇਨ੍ਹਾਂ ਸਭ ਤੋਂ ਉਪਰ ਆਪਣੀ ਸਮਾਜਿਕ ਉਦਾਰ ਜ਼ਿੰਮੇਵਾਰੀ ਦੀ ਭੂੂਮਿਕਾ ਤੋਂ ਉਨ੍ਹਾਂ ਨੇ ਕਦੇ ਮੂੰਹ ਨਹੀਂ ਮੋੜਿਆ। ਅੰਗਰੇਜ਼ੀ ਵਿਚ ਕਹਾਂ ਤਾਂ ‘ਹੀ ਵਾਜ਼ ਦਿ ਮਾਸਟਰ ਆਫ ਆਰਟ’। ਆਪਣੀ ਹਰ ਫਿਲਮ ਵਿਚ ਉਨ੍ਹਾਂ ਨੇ ਸਮਾਜਿਕ ਮੁੱਦਿਆਂ ਨੂੰ ਉਠਾਇਆ, ਉਨ੍ਹਾਂ ਦਾ ਹੱਲ ਵੀ ਸਮਾਜ ਸਾਹਮਣੇ ਰੱਖਿਆ।

ਉਨ੍ਹਾਂ ਦੀਆਂ ਫਿਲਮਾਂ ਦਾ ਤਾਣਾ-ਬਾਣਾ

ਜ਼ਰਾ ਉਨ੍ਹਾਂ ਦੀਆਂ ਫਿਲਮਾਂ ਦਾ ਸਮਾਜਿਕ ਤਾਣਾ-ਬਾਣਾ ਸਿਨੇ ਪ੍ਰੇਮੀ ਧਿਆਨ ਵਿਚ ਲਿਆਉਣ। 1955 ਵਿਚ ਫਿਲਮ ‘ਏਕ ਹੀ ਰਾਸਤਾ’ ਵਿਚ ਉਨ੍ਹਾਂ ਨੇ ਇਕ ਵਿਧਵਾ ਦੇ ਮੁੜ ਵਿਆਹ ਦਾ ਮੁੱਦਾ ਉਠਾਇਆ। 1955 ਵਿਚ ਅਜਿਹੇ ਮੁੱਦੇ ਉਠਾਉਣਾ ਖਤਰੇ ਤੋਂ ਖਾਲੀ ਨਹੀਂ ਸੀ ਪਰ ਚੋਪੜਾ ਜੀ ਨੇ ਫਿਲਮੀ ਮਾਧਿਅਮ ਨਾਲ ਇਕ ਭਖਦੀ ਸਮੱਸਿਆ ਨੂੰ ਸਮਾਜ ਸਾਹਮਣੇ ਰੱਖਿਆ। 1947 ਤੋਂ ਪਹਿਲਾਂ ਵਿਧਵਾ ਦੇ ਮੁੜ ਵਿਆਹ ਨੂੰ ਪਾਪ ਸਮਝਿਆ ਜਾਂਦਾ ਸੀ। ਫਿਲਮ ‘ਏਕ ਹੀ ਰਾਸਤਾ’ ਨਾਲ ਬੀ. ਆਰ. ਚੋਪੜਾ ਨੇ ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੀ ਆਤਮਾ ਨੂੰ ਜ਼ਿੰਦਾ ਕਰ ਕੇ ਦਿਖਾਇਆ। 1957 ਵਿਚ ਬੀ. ਆਰ. ਚੋਪੜਾ ਨੇ ਆਪਣੀ ਫਿਲਮ ‘ਨਯਾ ਦੌਰ’ ਰਾਹੀਂ ਇਕ ਗਰੀਬ ਟਾਂਗਾ ਚਲਾਉਣ ਵਾਲੇ ਅਤੇ ਬੱਸ ਆਪ੍ਰੇਟਰ ਵਿਚਾਲੇ ਦੌੜ ਨੂੰ ਉਜਾਗਰ ਕੀਤਾ, ਭਾਵ ਉਨ੍ਹਾਂ ਨੇ ਹੱਥੀਂ ਕੰਮ ਕਰਨ ਵਾਲੇ ਸ਼ਿਲਪਕਾਰ ਅਤੇ ਮਸ਼ੀਨੀ ਯੁੱਗ ਵਿਚ ਪਿਸ ਰਹੇ ਗਰੀਬ ਕਾਰੀਗਰ ਦੀ ਵਿਥਾ ਨੂੰ ਉਜਾਗਰ ਕੀਤਾ। ਇਹ ਫਿਲਮ ਸਿਨੇਮਾਘਰਾਂ ’ਚੋਂ ਉਤਰਦੀ ਹੀ ਨਹੀਂ ਸੀ। 1957 ਵਿਚ ਇਸ ਫਿਲਮ ਨੇ ਗੋਲਡਨ ਜੁਬਲੀ ਮਨਾਈ। ਦਿਲੀਪ ਕੁਮਾਰ, ਵੈਜੰਤੀ ਮਾਲਾ, ਅਜੀਤ ਅਤੇ ਜੀਵਨ ਦੇ ਅਭਿਨੈ ਨੇ ਸਿਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। 1959 ਵਿਚ ਬੀ. ਆਰ. ਚੋਪੜਾ ਨੇ ਇਕ ਹੋਰ ਬੇਜੋੜ ਫਿਲਮ ‘ਧੂਲ ਕਾ ਫੂਲ’ ਬਣਾਈ। ਮੁੱਦਾ ਅਣਵਿਆਹੀ ਮਾਂ ਦੀ ਸਮੱਸਿਆ ਦਾ। ਨੌਜਵਾਨ ਅਵਸਥਾ ’ਚ ਜਨੂੰਨੀ ਪਲਾਂ ਨੂੰ ਅਭਿਨੇਤਾ ਰਾਜਿੰਦਰ ਕੁਮਾਰ ਅਤੇ ਅਭਿਨੇਤਰੀ ਮਾਲਾ ਸਿਨ੍ਹਾ ਨੇ ਖੂਬ ਜੀਵੰਤ ਕੀਤਾ। ਅਭਿਨੇਤਾ ਮਨਮੋਹਨ ਕ੍ਰਿਸ਼ਣਾ ’ਤੇ ਫਿਲਮਾਏ ਗੀਤ ‘ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਨੇਗਾ’, ਅਮਰ ਹੋ ਗਿਆ। ਉਨ੍ਹਾਂ ਨੇ ਫਿਲਮ ‘ਸਾਧਨਾ’ ਵਿਚ ਵੇਸ਼ਵਾਵਾਂ ਦੀ ਸਮੱਸਿਆ ਨੂੰ ਉਜਾਗਰ ਕੀਤਾ। ਸਾਹਿਰ ਦਾ ਗੀਤ, ਜਿਸ ਨੂੰ ਨਾਇਕਾ ਵੈਜੰਤੀ ਮਾਲਾ ’ਤੇ ਫਿਲਮਾਇਆ ਗਿਆ, ਅੱਜ ਵੀ ਸਮਾਜ ਦੀ ਅੰਤਰ-ਆਤਮਾ ਨੂੰ ਝੰਜੋੜ ਰਿਹਾ ਹੈ। ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ’, ਅਜਿਹੇ ਗੀਤ ਸੁਣ ਕੇ ਕਿਹੜਾ ਮਰਦ ਔਰਤ ਪ੍ਰਤੀ ਨਤਮਸਤਕ ਨਹੀਂ ਹੋਵੇਗਾ? ਵੰਡ ਦੀ ਤ੍ਰਾਸਦੀ ’ਤੇ ਬੀ. ਆਰ. ਚੋਪੜਾ ਦੀ ਬਣਾਈ ਫਿਲਮ ‘ਧਰਮਪੁੱਤਰ’ ਹਿੰਦੂ-ਮੁਸਲਿਮ ਸਬੰਧਾਂ ਦੀ ਜਿਊਂਦੀ-ਜਾਗਦੀ ਤਸਵੀਰ ਹੈ। ਉਨ੍ਹਾਂ ਦੀ 1960 ਵਿਚ ਆਈ ਫਿਲਮ ‘ਕਾਨੂੰਨ’ ਨਿਆਂ ਦੇ ਖੋਖਲੇਪਣ ਅਤੇ ਗਵਾਹਾਂ ਦੇ ਝੂੂਠੇ ਤਾਣਿਆਂ-ਬਾਣਿਆਂ ਦੀ ਪੋਲ ਖੋਲ੍ਹਦੀ ਹੈ। ਭਲਾ 1963 ਵਿਚ ਆਈ ਚੋਪੜਾ ਸਾਹਿਬ ਦੀ ਫਿਲਮ ‘ਗੁੰਮਰਾਹ’ ਕੌਣ ਭੁੱਲ ਸਕੇਗਾ? ਇਸ ਫਿਲਮ ’ਚ ਵਿਆਹ ਤੋਂ ਬਾਹਰਲੇ ਸਬੰਧਾਂ ’ਤੇ ਟਿੱਪਣੀ ਕੀਤੀ ਗਈ ਹੈ। ਫਿਲਮ ਦਾ ਮੁੱਖ ਆਕਰਸ਼ਣ ਅਸ਼ੋਕ, ਸੁਨੀਲ ਦੱਤ, ਮਾਲਾ ਸਿਨ੍ਹਾ ਅਤੇ ਸ਼ਸ਼ੀਕਲਾ ਦਾ ਜੀਵੰਤ ਅਭਿਨੈ ਸੀ। ਉਨ੍ਹਾਂ ਦੀ ਹੀ ਫਿਲਮ ‘ਇਨਸਾਫ ਕਾ ਤਰਾਜ਼ੂ’ ਨਾਰੀ ਸ਼ੋਸ਼ਣ ਵੱਲ ਇਸ਼ਾਰਾ ਕਰਦੀ ਹੈ। ਸਿਨੇ ਉਦਯੋਗ ਦੀ ਗਲੈਮਰਸ ਹੀਰੋਇਨ ਜ਼ੀਨਤ ਅਮਾਨ ਰੇਪਿਸਟ ਰਾਜ ਬੱਬਰ ਦੀ ਹੱਤਿਆ ਕਰ ਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦੀ ਹੈੈ। ਅਗਲੀ ਖੇਡ ਅਦਾਲਤਾਂ ਵਿਚ ਖੇਡੀ ਜਾਂਦੀ ਹੈ ਪਰ ਰਾਜ ਬੱਬਰ ਅਤੇ ਜ਼ੀਨਤ ਅਮਾਨ ਦਾ ਅਭਿਨੈ ਦਰਸ਼ਕਾਂ ਨੂੰ ਮੋਹ ਲੈਂਦਾ ਹੈ। ਤਿੰਨ ਤਲਾਕ ਮੁਸਲਿਮ ਵਿਆਹ ਪ੍ਰਥਾ ’ਤੇ ਕਲੰਕ ਹੈ, ਜਿਸ ਨੂੰ ਨਰਿੰਦਰ ਮੋਦੀ ਨੇ ਅੱਜ ਖਤਮ ਕੀਤਾ ਹੈ। ਫਿਲਮ ‘ਹਮਰਾਜ਼’ ਵਿਚ ਇਕ ਨਵੀਂ ਅਭਿਨੇਤਰੀ ਵਿੰਮੀ ਨੂੰ ਖੂਬਸੂਰਤ ਗੁੱਡੀ ਬਣਾ ਕੇ ਪੇਸ਼ ਕੀਤਾ। ਸਿਨੇ ਦਰਸ਼ਕ ਬੀ. ਆਰ. ਚੋਪੜਾ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਮਲਟੀਸਟਾਰਰ ਫਿਲਮ ‘ਵਕਤ’ ਨਾਲ ਦੇਣਗੇ। ਇਸ ਨੂੰ ਅਤਿਕਥਨੀ ਨਾ ਸਮਝੋ ਕਿ ਸਿਨੇ ਉਦਯੋਗ ਦੀਆਂ ਫਿਲਮਾਂ ਹਮੇਸ਼ਾ, ਹਰ ਕਾਲ ਵਿਚ, ਹਰ ਹਾਲਾਤ ਵਿਚ ਸਿਨੇ ਦਰਸ਼ਕਾਂ ਨੂੰ ਗੁਦਗੁਦਾਉਂਦੀਆਂ ਰਹਿਣਗੀਆਂ। ‘ਮਦਰ ਇੰਡੀਆ’, ‘ਸ਼ੋਅਲੇ’, ‘ਗਾਈਡ’ ਅਤੇ ‘ਵਕਤ’ ਫਿਲਮ ਦੇ ਰਾਜਕੁਮਾਰ ਵਲੋਂ ਬੋਲੇ ਗਏ ਡਾਇਲਾਗ ‘ਚਿਨਾਏ ਸੇਠ, ਜਿਨ ਕੇ ਅਪਨੇ ਘਰ ਸ਼ੀਸ਼ੇ ਕੇ ਹੋਤੇ ਹੈਂ, ਵੋ ਦੂਸਰੋਂ ਪਰ ਪੱਥਰ ਨਹੀਂ ਫੈਂਕਾ ਕਰਤੇ।’ ‘ਚਿਨਾਏ ਸੇਠ ਯੇ ਬੱਚੋਂ ਕੇ ਖੇਲਨੇ ਕੀ ਚੀਜ਼ ਨਹੀਂ, ਹਾਥ ਪਰ ਲਗ ਜਾਏ ਤੋਂ ਉਂਗਲੀ ਕਟ ਜਾਤੀ ਹੈ, ਖੂਨ ਬਹਿਨੇ ਲਗਤਾ ਹੈ’, ਅੱਜ ਵੀ ਨੌਜਵਾਨ ਦਿਲਾਂ ਨੂੰ ਹਿਲਾ ਦਿੰਦੇ ਹਨ।

‘ਮਹਾਭਾਰਤ’ ਬਣਾ ਕੇ ਭਾਰਤੀ ਸੰਸਕ੍ਰਿਤੀ ’ਤੇ ਵੱਡਾ ਉਪਕਾਰ ਕੀਤਾ

ਫਿਲਮਾਂ ਦੀ ਕੀ ਕਹੀਏ, ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ’ਤੇ ‘ਮਹਾਭਾਰਤ’ ਬਣਾ ਕੇ ਵੱਡਾ ਉਪਕਾਰ ਕੀਤਾ ਹੈ। ‘ਰਾਮਾਇਣ’ ਭਾਰਤੀ ਸੰਸਕ੍ਰਿਤੀ ਦਾ ਬਹੁਤ ਸਧਿਆ ਹੋਇਆ ਮਹਾਕਾਵਿ ਹੈ। ਗਠੀ ਹੋਈ ਕਹਾਣੀ ਹੈ ਰਾਮਾਇਣ। ਫਿਲਮ ‘ਰਾਮ ਰਾਜਯ’, ਜਿਸ ਵਿਚ ਨੂਤਨ ਦੀ ਮਾਂ ਸ਼ੋਭਾ ਸਮਰੱਥ ਸੀਤਾ ਦੀ ਭੂਮਿਕਾ ਵਿਚ ਸੀ, ਤੋਂ ਲੈ ਕੇ ਫਿਲਮ ‘ਸੰਪੂਰਨ ਰਾਮਾਇਣ’, ਜਿਸ ਵਿਚ ਅਨੀਤਾ ਗੁਹਾ ਸੀਤਾ ਦੀ ਭੂਮਿਕਾ ਵਿਚ ਸੀ, ਰਾਮਾਇਣ ’ਤੇ ਬਹੁਤ ਫਿਲਮਾਂ ਬਣੀਆਂ ਪਰ ‘ਮਹਾਭਾਰਤ’ ਵਰਗੇ ਮਹਾਕਾਵਿ ’ਤੇ ਜੋ ਬਹੁਤ ਖਿੱਲਰਿਆ ਹੋਇਆ, ਅਨੰਤ ਘਟਨਾਵਾਂ ਨਾਲ ਭਰਿਆ ਹੋਇਆ ਅਤੇ ਅਣਗਿਣਤ ਪਾਤਰਾਂ ਦਾ ਜਿਸ ਵਿਚ ਸਮੂਹ ਹੋਵੇ, ਨੂੰ ਪਰਦੇ ’ਤੇ ਦਿਖਾਉਣਾ ਬੀ. ਆਰ. ਚੋਪੜਾ ਵਰਗੇ ਮਹਾਨ ਸਿਨੇ ਨਿਰਦੇਸ਼ਕ ਦੇ ਹੀ ਵੱਸ ਦੀ ਗੱਲ ਸੀ। ਮਹਾਕਾਵਿ ‘ਮਹਾਭਾਰਤ’ ਨੂੰ ਛੋਟੇ ਪਰਦੇ ’ਤੇ ਦੂਰਦਰਸ਼ਨ ਉੱਤੇ ਦਿਖਾਉਣਾ ਬੀ. ਆਰ. ਚੋਪੜਾ ਦੀ ਮਹਾਨ ਉਪਲੱਬਧੀ ਹੈ। ਮੈਨੂੰ ਯਾਦ ਹੈ ਜਦੋਂ ਸਵੇਰੇ ‘ਮਹਾਭਾਰਤ’ ਨੂੰ ਦੂਰਦਰਸ਼ਨ ’ਤੇ ਦਿਖਾਇਆ ਜਾਂਦਾ ਤਾਂ ਗਲੀਆਂ, ਬਾਜ਼ਾਰ ਸੁੰਨੇ ਹੋ ਜਾਂਦੇ, ਟਰੱਕਾਂ ਦੇ ਡਰਾਈਵਰ ਢਾਬਿਆਂ ’ਤੇ ਖੜ੍ਹੇ ਹੋ ਕੇ ‘ਮਹਾਭਾਰਤ’ ਨੂੰ ਦੂਰਦਰਸ਼ਨ ’ਤੇ ਦੇਖਦੇ। ਇਕ ਸਾਧਾਰਨ ਜਿਹੇ ਕਲਾਕਾਰ ਨਿਤੀਸ਼ ਭਾਰਦਵਾਜ ਨੂੰ ਕ੍ਰਿਸ਼ਨ ਭਗਵਾਨ ਦੀ ਭੂਮਿਕਾ ਵਿਚ ਦੇਖ ਕੇ ਅਜਿਹਾ ਲੱਗਦਾ, ਜਿਵੇਂ ਸਾਖਸ਼ਾਤ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਉਪਦੇਸ਼ ਦੇ ਰਹੇ ਹਨ। ਗੀਤਾ ਦਾ ਸ਼ੁੱਧ ਸੰਸਕ੍ਰਿਤ ਵਿਚ ਉਚਾਰਣ ਖੁਸ਼ ਕਰ ਦਿੰਦਾ ਹੈ। ‘ਮਹਾਭਾਰਤ’ ਦਾ ਹਰ ਪਾਤਰ ਸਜੀਵ ਬਣਾ ਦਿੱਤਾ। ਬੀ. ਆਰ. ਚੋਪੜਾ ਨੇ ਮਹਾਭਾਰਤ ਵਿਚ ਅਰਜੁਨ ਜਾਂ ਕ੍ਰਿਸ਼ਨ ਨੂੰ ਹੀਰੋ ਨਹੀਂ ਬਣਾਇਆ, ਸਗੋਂ ਇਸ ਵਿਚ ਸਮਾਂ ਹੀ ਨਾਇਕ ਹੈ। ਜਿੱਥੇ ਵੀ ‘ਮਹਾਭਾਰਤ’ ਦੀ ਕਥਾ ਵਿਚ ਥੋੜ੍ਹਾ ਠਹਿਰਾਅ ਆਉਂਦਾ, ਉਸੇ ਸਮੇਂ ਸਾਹਮਣੇ ਆ ਕੇ ਕਥਾ ਨੂੰ ਗਤੀ ਦੇ ਦਿੱਤੀ ਜਾਂਦੀ। ਸੱਚਮੁਚ ਬੀ. ਆਰ. ਚੋਪੜਾ ‘ਮਹਾਭਾਰਤ’ ਦੇ ਕਥਾਨਕ ਨੂੂੰ ਪਰਦੇ ’ਤੇ ਉਤਾਰ ਕੇ ਅਮਰ ਹੋ ਗਏ।

ਸਿਨੇ ਉਦਯੋਗ ਨੂੰ ਅਜਿਹੀਆਂ ਹਸਤੀਆਂ ਨੇ ਸੰਵਾਰਿਆ

ਸਿਨੇ ਉਦਯੋਗ ਨੂੰ ਕੁਝ ਅਜਿਹੀਆਂ ਹਸਤੀਆਂ ਨੇ ਸੰਵਾਰਿਆ ਹੈ, ਜਿਨ੍ਹਾਂ ਨੂੰ ਸਿਨੇ ਦਰਸ਼ਕ ਆਸਾਨੀ ਨਾਲ ਭੁਲਾ ਨਹੀਂ ਸਕਣਗੇ। ਮਹਿਬੂਬ ਖਾਨ, ਵੀ. ਸ਼ਾਂਤਾਰਾਮ, ਬਿਮਲ ਰਾਏ, ਕੇ. ਆਸਿਫ, ਗੁਰੂਦੱਤ, ਰਿਸ਼ੀਕੇਸ਼ ਮੁਖਰਜੀ, ਚੇਤਨਾਨੰਦ, ਰਾਜਕਪੂਰ ਵਰਗੇ ਨਿਰਮਾਤਾ-ਨਿਰਦੇਸ਼ਕਾਂ ਦੀ ਇਕ ਲੰਮੀ ਕੜੀ ਮੇਰੇ ਸਾਹਮਣੇ ਹੈ ਪਰ ਅੱਜ ਮੇਰਾ ਧਿਆਨ ਸਿਰਫ ਬੀ. ਆਰ. ਚੋਪੜਾ ’ਤੇ ਹੈ। ਉਹ ਇਕ ਖੁਸ਼ਹਾਲ ਪਰਿਵਾਰ ਦੇ ਸਾਹਿਤਕ ਵਿਅਕਤੀ ਸਨ। ਉਨ੍ਹਾਂ ਨੇ 1944 ਵਿਚ ਲਾਹੌਰ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿਚ ਐੱਮ. ਏ. ਕੀਤੀ। ਫਿਲਮੀ ‘ਹੇਰਾਲਡ’ ਪੱਤ੍ਰਿਕਾ ਚਲਾਈ। ਭਾਰਤ ਵੰਡ ਦੀ ਤ੍ਰਾਸਦੀ ਨੂੰ ਝੱਲਿਆ। ਆਈ. ਸੀ. ਐੱਸ. ਦੀ ਪ੍ਰੀਖਿਆ ਲਈ ਵੰਡ ਤੋਂ ਪਹਿਲਾਂ ਤਿਆਰੀ ਕੀਤੀ, ਅਸਫਲ ਰਹੇ ਪਰ ਹਿੰਮਤ ਨਹੀਂ ਛੱਡੀ। ਫਿਲਮੀ ਉਦਯੋਗ ਦਾ ਸਰਵਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਐਵਾਰਡ ਮਿਲਿਆ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਅਨੋਖੇ ਸਹਿਯੋਗ ਲਈ ਪਦਮ ਵਿਭੂਸ਼ਣ ਮਿਲਿਆ। ਕਈ ਫਿਲਮਾਂ ਲਈ ਉਨ੍ਹਾਂ ਨੂੰ ਬੈਸਟ ਨਿਰਮਾਤਾ-ਨਿਰਦੇਸ਼ਕ ਹੋਣ ਦਾ ਬੈਸਟ ਫਿਲਮ ਫੇਅਰ ਐਵਾਰਡ ਮਿਲਿਆ। ਉਹ ਭਾਰਤ ਵਿਚ ਹਿੰਦੂ-ਮੁਸਲਿਮ ਏਕਤਾ ਦੇ ਮਸੀਹਾ ਸਨ। ਤੁਸੀਂ ਹੈਰਾਨ ਹੋਵੋਗੇ ਕਿ ਮਹਾਕਾਵਿ ‘ਮਹਾਭਾਰਤ’ ਨੂੰ ਪਰਦੇ ’ਤੇ ਉਤਾਰਨ ਲਈ ਉਨ੍ਹਾਂ ਨੇ ਇਕ ਮੁਸਲਿਮ ਲੇਖਕ ਰਾਹੀ ਮਾਸੂਮ ਰਜ਼ਾ ਤੋਂ ਇਕ ‘ਸਕ੍ਰਿਪਟ ਰਾਈਟਰ’ ਵਰਗਾ ਮਹਾਨ ਕੰਮ ਲਿਆ। ਆਪਣੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਿਨੇ ਜਗਤ ਦੀ ਮੌਜੂਦਾ ਪੀੜ੍ਹੀ ਬੀ. ਆਰ. ਚੋਪੜਾ ਨੂੰ ‘ਰਿਮਾਰਕੇਬਲ ਸੋਰਸ ਆਫ ਇੰਸਪੀਰੇਸ਼ਨ’ ਦੇ ਰੂਪ ਵਿਚ ਯਾਦ ਰੱਖੇਗੀ। ਇਕ ਲੇਖਕ, ਨਿਰਮਾਤਾ, ਨਿਰਦੇਸ਼ਕ ਅਤੇ ਇਕ ਸਾਹਿਤਕਾਰ ਦੇ ਰੂਪ ’ਚ ਸਿਨੇ ਪ੍ਰੇਮੀ ਬੀ. ਆਰ. ਚੋਪੜਾ ਪ੍ਰਤੀ ਹਮੇਸ਼ਾ ਨਤਮਸਤਕ ਰਹਿਣਗੇ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਫਿਲਮੀ ਦੁਨੀਆ ਸਾਰਥਕ ਫਿਲਮਾਂ ਬਣਾਏ।


Bharat Thapa

Content Editor

Related News