ਕੋਵਿਡ ਦੇ ਬਾਅਦ ਪ੍ਰੇਸ਼ਾਨ ਵਿਦਿਆਰਥੀ : ਕਿਵੇਂ ਹੋਵੇਗਾ ਹੱਲ?

03/12/2021 4:21:59 AM

ਡਾ. ਮਨੋਹਰ ਲਾਲ ਸ਼ਰਮਾ
ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਹਰੇਕ ਵਿਅਕਤੀ ਤਣਾਅਗ੍ਰਸਤ ਹੈ। ਖੁਸ਼ੀਆਂ ਅਤੇ ਅਪਣਾਪਨ ਲੋਕਾਂ ਦੀ ਜ਼ਿੰਦਗੀ ’ਚੋਂ ਖੰਭ ਲਾ ਕੇ ਕਿਤੇ ਉੱਡ ਗਿਆ ਹੈ। ਅੱਜਕਲ ਦੇ ਲੋਕਾਂ ਦਾ ਖਾਣ-ਪੀਣ ਵੀ ਸਮੇਂ ਦੇ ਅਨੁਸਾਰ ਨਹੀਂ ਰਿਹਾ, ਕਿਸੇ ਦਾ ਸੁੱਖ-ਦੁੱਖ ਵੰਡਣ ਦੀ ਗੱਲ ਤਾਂ ਦੂਰ ਹੈ। ਇਹ ਸਮੱਸਿਆ ਸਿਰਫ ਵੱਡਿਆਂ ਦੀ ਹੀ ਨਹੀਂ ਹੈ ਸਗੋਂ ਅੱਜ ਦਾ ਬਚਪਨ ਵੀ ਤਣਾਅ ਨਾਲ ਗ੍ਰਸਤ ਹੈ।

ਜਿਵੇਂ ਹੀ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਸਾਡੇ ਸਾਰਿਅਆਂ ਦੇ ਦਿਮਾਗ ’ਚ ਵੱਖ-ਵੱਖ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਪਤਾ ਨਹੀਂ ਪੇਪਰ ਕਿਵੇਂ ਆਉਣਗੇ, ਜੋ ਸਵਾਲ ਯਾਦ ਕੀਤੇ ਹਨ, ਉਹ ਆਉਣਗੇ ਜਾਂ ਨਹੀਂ, ਆਉਣ ਵਾਲੀ ਪ੍ਰੀਖਿਆ ’ਚ ਕਿੰਨੇ ਫੀਸਦੀ ਨੰਬਰ ਆਉਣਗੇ, ਮੈਂ ਕਿਤੇ ਇਕੱਲਾ ਹੀ ਫੇਲ ਨਾ ਹੋ ਜਾਵਾਂ ਆਦਿ ਕਈ ਖਿਆਲ ਸਾਨੂੰ ਡਰਾ ਕੇ ਮਨ ਨੂੰ ਝੰਜੋੜ ਦਿੰਦੇ ਹਨ। ਮਨ ’ਚ ਡਰ, ਪ੍ਰੇਸ਼ਾਨੀ, ਉਦਾਸੀ, ਚਿੜਚਿੜਾਪਨ ਅਤੇ ਪਤਾ ਨਹੀਂ ਹੋਰ ਕਈ ਖਿਆਲ ਘਰ ਬਣਾ ਕੇ ਬੈਠ ਜਾਂਦੇ ਹਨ। ਅੱਜਕਲ ਬੱਚਿਆਂ ਦੀ ਖੇਡ, ਖਾਣ-ਪੀਣ, ਸੰਸਕਾਰ ਸਭ ਕੁਝ ਬਦਲ ਗਏ ਹਨ। ਅੱਜ ਦੇ ਵਿਦਿਆਰਥੀ ਪ੍ਰੀਖਿਆ ਦੇ ਸਮੇਂ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਪ੍ਰੀਖਿਆਵਾਂ ਇਕ ਅਜਿਹਾ ਡਰ ਹੈ ਜੋ ਘਰ ਬਣਾ ਕੇ ਉਨ੍ਹਾਂ ਦੇ ਦਿਲਾਂ ’ਚ ਬੈਠ ਗਈਆਂ ਹਨ, ਜਿਸ ਡਰ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਸੀਂ ਆਪਣਾ ਬਚਪਨ ਹੱਥ ’ਚੋਂ ਕਦੋਂ ਗੁਆ ਬੈਠਾਂਗੇ, ਪਤਾ ਹੀ ਨਹੀਂ ਲੱਗੇਗਾ।

ਕੋਵਿਡ ਦੇ ਬਾਅਦ ਹਾਲਾਤ ਹੋਰ ਵੀ ਬਦਲ ਗਏ ਹਨ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਉਪਰੰਤ 1 ਫਰਵਰੀ ਨੂੰ ਸਾਰੇ ਬੱਚਿਆਂ ਲਈ ਸਕੂਲ ਖੋਲ੍ਹ ਦਿੱਤੇ ਗਏ ਪਰ ਆਨਲਾਈਨ ਪੜ੍ਹਾਈ ਉਪਰੰਤ ਬੱਚਿਆਂ ਲਈ ਜਮਾਤ ’ਚ ਅਧਿਆਪਕ ਦੇ ਸਾਹਮਣੇ ਬੈਠ ਕੇ ਪੜ੍ਹਨਾ ਹੁਣ ਓਨਾ ਸੌਖਾ ਨਹੀਂ ਲੱਗ ਰਿਹਾ ਜਿੰਨਾ 10 ਮਹੀਨੇ ਪਹਿਲਾਂ ਸੀ। ਬੱਚਿਆਂ ’ਚ ਅਧਿਆਪਕ ਨੂੰ ਸੁਣਨ ਦੀ ਸ਼ਕਤੀ ਖਤਮ ਹੋ ਗਈ ਹੈ। ਬੱਚੇ ਹੁਣ ਪ੍ਰੀਖਿਆ ਨੂੰ ਲੈ ਕੇ ਸੋਚੀਂ ਪਏ ਹਨ, ਉਹ ਕਾਫੀ ਪ੍ਰੇਸ਼ਾਨ ਵੀ ਹਨ।

ਪ੍ਰੀਖਿਆ ਦੇ ਦਿਨਾਂ ’ਚ ਵਿਦਿਆਰਥੀ ਦੇ ਮਨ ’ਚ ਪੈਦਾ ਹੋਣ ਵਾਲਾ ਡਰ ਅਤੇ ਤਣਾਅ ਉਸ ਨੂੰ ਮੁਸ਼ਕਲ ’ਚ ਜਾਣ ਲਈ ਮਜਬੂਰ ਕਰਦਾ ਹੈ। ਅੱਜ ਦੇ ਸਮੇਂ ਇਸ ਔਖੀ ਸਿੱਖਿਆ ਪ੍ਰਣਾਲੀ ਅਤੇ ਮੁਲਾਂਕਣ ਵਿਧੀ ਨੇ ਬੱਚਿਆਂ ਦੇ ਮਨ ’ਚ ਪ੍ਰੀਖਿਆ ਦਾ ਡਰ ਪੈਦਾ ਕਰ ਦਿੱਤਾ ਹੈ। ਬੱਚੇ ਪ੍ਰੀਖਿਆ ਦੇ ਦਿਨਾਂ ’ਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਗੰਭੀਰ ਵਿਸ਼ੇ ਪ੍ਰਤੀ ਅੱਜ ਬੜੀ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ।

ਇਸ ਦੌਰ ’ਚ ਆਪਣੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਮੁਕਤ ਕਰ ਕੇ ਸਹੀ ਰਸਤੇ ’ਤੇ ਲਿਆਉਣ ਲਈ ਸਹੀ ਉਪਦੇਸ਼ ਦੇਣ ਦੀ ਲੋੜ ਹੈ। ਬੱਚਿਆਂ ਦੇ ਮਨ ’ਚ ਆਪਣੇ ਵਿੱਦਿਅਕ ਸਾਲ ਦੀ ਮਿਹਨਤ ਦੇ ਫਲ ਨੂੰ ਲੈ ਕੇ ਅਜੀਬੋ-ਗਰੀਬ ਕਈ ਹਾਲਤਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ’ਚੋਂ ਉਸ ਨੂੰ ਨਿਸ਼ਚਿਤ ਹੀ ਲੰਘਣਾ ਪੈਂਦਾ ਹੈ। ਇਸ ਬਾਰੇ ਮਨੋਵਿਗਿਆਨੀ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹਨ ਅਤੇ ਇਸ ਤਣਾਅ ਨੂੰ ਘਟਾਉਣ ਲਈ ਹੱਲ ਵੀ ਦੱਸਦੇ ਹਨ।

ਅਸਲ ’ਚ ਗੱਲ ਇਹ ਹੈ ਕਿ ਇਹ ਤਣਾਅ ਪੈਦਾ ਕਿਉਂ ਹੁੰਦਾ ਹੈ? ਜੇਕਰ ਇਹ ਕਿਹਾ ਜਾਵੇ ਕਿ ਇਹ ਤਣਾਅ ਸਿਰਫ ਨਾ ਪੜ੍ਹਨ ਵਾਲਿਆਂ ਦੇ ਮਨ ’ਚ ਹੀ ਆਉਂਦਾ ਹੈ ਤਾਂ ਗਲਤ ਹੋਵੇਗਾ ਸਗੋਂ ਇਹ ਡਰ ਵੱਧ ਪੜ੍ਹਨ ਵਾਲੇ ਬੱਚਿਆਂ ਦੇ ਮਨ ’ਚ ਵੀ ਹੁੰਦਾ ਹੈ।

ਜ਼ਿਆਦਾ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਇਹ ਹਾਲ ਹੁੰਦਾ ਹੈ ਕਿ ਕਿਤੇ ਕੁਝ ਰਹਿ ਨਾ ਜਾਵੇ। ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਮਿਲੇ ਅਤੇ ਉਹ ਵੱਧ ਤੋਂ ਵੱਧ ਨੰਬਰ ਹਾਸਲ ਕਰ ਸਕਣ। ਮਾਤਾ-ਪਿਤਾ ਵਲੋਂ ਵੀ ਵਿਦਿਆਰਥੀਆਂ ’ਤੇ ਦਬਾਅ ਬਣਾਇਆ ਜਾਂਦਾ ਹੈ ਕਿ ਵੱਧ ਨੰਬਰ ਆਉਣੇ ਚਾਹੀਦੇ ਹਨ। ਕਈ ਵਾਰ ਸਾਡੇ ਮਾਤਾ-ਪਿਤਾ ਸਾਡੀ ਕਿਸੇ ਹੁਸ਼ਿਆਰ ਮਿੱਤਰ ਜਾਂ ਕਿਸੇ ਰਿਸ਼ਤੇਦਾਰ ਨਾਲ ਤੁਲਨਾ ਕਰਦੇ ਹੋਏ ਵੀ ਪੜ੍ਹਨ ਲਈ ਦਬਾਅ ਬਣਾਉਂਦੇ ਹਨ, ਜਿਸ ਕਾਰਨ ਵੀ ਵਿਦਿਆਰਥੀ ਇਸ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਸਾਨੂੰ ਤਾਂ ਇਹ ਲੱਗਣ ਲੱਗਾ ਹੈ ਕਿ

ਪਹਿਲੇ ਜ਼ਮਾਨੇ ’ਚ ਭਗਵਾਨ ਪ੍ਰੀਖਿਆ ਲੈਂਦੇ ਹੁੰਦੇ ਸਨ, ਇਸ ਜ਼ਮਾਨੇ ’ਚ ਲੋਕ ਪ੍ਰੀਖਿਆ ਲੈਂਦੇ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਤਣਾਅ ਨੂੰ ਘੱਟ ਕਿਵੇਂ ਕੀਤਾ ਜਾਵੇ ਜਾਂ ਇਸ ਤਣਾਅ ਤੋਂ ਕਿਵੇਂ ਬਚਿਆ ਜਾਵੇ? ਬਿਨਾਂ ਮਿਹਨਤ ਕੀਤੇ ਵਿਅਕਤੀ ਸਫਲ ਨਹੀਂ ਹੋ ਸਕਦਾ ਅਤੇ ਬਾਅਦ ’ਚ ਪਛਤਾ ਕੇ ਸਮੇਂ ਨੂੰ ਦੋਸ਼ ਦਿੰਦਾ ਹੈ। ਮਿਹਨਤ ਦੇ ਬਿਨਾਂ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਜੇਕਰ ਅਸੀਂ ਸਾਰਾ ਸਾਲ ਮਨ ਲਗਾ ਕੇ ਪੂਰੇ ਧਿਆਨ ਨਾਲ ਪੜ੍ਹਾਈ ਨਹੀਂ ਕਰਾਂਗੇ ਤਾਂ ਸਾਡੇ ਮਨ ’ਚ ਘੱਟ ਅੰਕ ਲੈਣ ਜਾਂ ਫੇਲ ਹੋਣ ਦਾ ਡਰ ਬਣਿਆ ਰਹੇਗਾ। ਇਥੇ ਮਾਰਗਦਰਸ਼ਕ, ਅਧਿਆਪਕ ਅਤੇ ਮਾਪਿਆਂ ਦਾ ਸੰਯੁਕਤ ਤੌਰ ’ਤੇ ਫਰਜ਼ ਬਣਦਾ ਹੈ ਕਿ ਬੱਚਿਆਂ ਲਈ ਇਕ ਚੰਗੇ ਆਦਰਸ਼ ਅਤੇ ਖੋਜਕਰਤਾ ਦੇ ਰੂਪ ’ਚ ਮਦਦਗਾਰ ਬਣਨ ਤਾਂ ਕਿ ਉਹ ਡਰ ਤੋਂ ਚਿੰਤਾ ਮੁਕਤ ਹੋ ਕੇ ਆਪਣੇ ਫਰਜ਼ ਦੀ ਪ੍ਰਾਪਤੀ ਕਰ ਸਕਣ।

ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਵੇ ਤਾਂ ਕਿ ਵਿਦਿਆਰਥੀ ਅਧਿਆਪਕ ਅਤੇ ਆਪ ਤੋਂ ਵੱਡਿਆਂ ਦਾ ਸਨਮਾਨ ਕਰਨਾ ਸਿੱਖਣ। ਮਾਪੇ ਵੱਧ ਤੋਂ ਵੱਧ ਸਮਾਂ ਬੱਚਿਆਂ ਦੇ ਨਾਲ ਬਿਤਾਉਣ ਅਤੇ ਉਨ੍ਹਾਂ ਦੇ ਨਾਲ ਦੋਸਤਾਂ ਵਾਲਾ ਸਲੂਕ ਕਰਨ।

ਮਾਪੇ ਬੱਚਿਆਂ ਦੇ ਸਾਹਮਣੇ 100 ਫੀਸਦੀ ਜਾਂ 99 ਫੀਸਦੀ ਵਾਲੀ ਸ਼ਰਤ ਨਾ ਰੱਖਣ। ਮਾਪੇ ਆਪਣੇ ਬੱਚਿਆਂ ਦੀ ਦੂਸਰੇ ਬੱਚਿਆਂ ਨਾਲ ਤੁਲਨਾ ਨਾ ਕਰਨ। ਅਧਿਆਪਕ ਅਤੇ ਮਾਪੇ ਵਿਦਿਆਰਥੀਆਂ ਨੂੰ ਸਮਝਾਉਣ ਕਿ ਸਾਰੇ ਬੱਚੇ ਅਲੱਗ ਹੁੰਦੇ ਹਨ ਅਤੇ ਸਾਰਿਆਂ ’ਚ ਆਪਣੇ-ਆਪਣੇ ਗੁਣ ਹੁੰਦੇ ਹਨ।

ਥੋੜ੍ਹਾ-ਥੋੜ੍ਹਾ ਪੜ੍ਹਨ ਦੀ ਆਦਤ ਪਾਈ ਜਾਵੇ। ਕੁਝ ਸਮੇਂ ਦੇ ਵਕਫੇ ਉਪਰੰਤ ਪੜ੍ਹੀਆਂ ਹੋਈਆਂ ਚੀਜ਼ਾਂ ਨੂੰ ਦੁਬਾਰਾ ਦੁਹਰਾਈ ਦੇ ਰੂਪ ’ਚ ਲਿਆ ਜਾਵੇ। ਦੁਹਰਾਈ ਕਰਨ ਉਪਰੰਤ ਦੁਬਾਰਾ ਫਿਰ ਦੁਹਰਾਈ ਦੀ ਪ੍ਰਕਿਰਿਆ ਕੀਤੀ ਜਾਵੇ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਯਕੀਨਨ ਹੀ ਬੱਚਿਆਂ ਦੇ ਮਨ ਤੋਂ ਪ੍ਰੀਖਿਆ ਦੇ ਡਰ ਨੂੰ ਘੱਟ ਕਰਨ ’ਚ ਮਦਦ ਕਰ ਸਕਦੇ ਹਾਂ। ਪ੍ਰੀਖਿਆ ਦੇ ਬੋਝ ਨੂੰ ਮਨ ’ਤੇ ਹਾਵੀ ਕਰ ਕੇ ਬੱਚੇ ਸਫਲਤਾ ਦੀ ਪੌੜੀ ਨਹੀਂ ਚੜ੍ਹ ਸਕਦੇ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਸਮੇਂ ਦੀ ਮਹੱਤਤਾ ਨੂੰ ਪਛਾਣ ਕੇ ਸਮਾਂ ਸਾਰਣੀ ਬਣਾ ਕੇ ਪ੍ਰੀਖਿਆ ਦੀ ਤਿਆਰੀ ਲਈ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਚੰਗੇ ਨਤੀਜੇ ਸਾਹਮਣੇ ਆ ਸਕਣ ਅਤੇ ਸਾਡੀ ਪ੍ਰੀਖਿਆ ਦੀ ਤਿਆਰੀ ਸਿਰਫ ਖਾਨਾਪੂਰਤੀ ਬਣ ਕੇ ਨਾ ਰਹਿ ਜਾਵੇ।

ਅਕਸਰ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਵਿਦਿਆਰਥੀਆਂ ਦੇ ਮਨ ਵਿਚ, ਜੋ ਪ੍ਰੀਖਿਆ ਦੇ ਦਿਨਾਂ ’ਚ ਮਿਹਨਤ ਨਹੀਂ ਕਰਦੇ, ਪ੍ਰੀਖਿਆ ਸਬੰਧੀ ਅਜੀਬ ਕਿਸਮ ਦੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਹਨ ਜੋ ਪ੍ਰੀਖਿਆ ਦਿੰਦੇ ਸਮੇਂ ਪਰਚੀਆਂ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ।

ਸਾਨੂੰ ਲੋੜ ਹੈ ਸਾਡੇ ਵਿਦਿਆਰਥੀਆਂ ’ਚ ਪੂਰਾ ਵਿਸ਼ਵਾਸ ਭਰਨ ਦੀ, ਉਨ੍ਹਾਂ ਨੂੰ ਸਹੀ ਢੰਗ ਨਾਲ ਪ੍ਰੀਖਿਆ ਲਈ ਤਿਆਰ ਹੋਣ ’ਚ ਮਦਦ ਕਰਨ ਦੀ, ਤਦ ਹੀ ਉਹ ਪ੍ਰੀਖਿਆ ਦੇ ਡਰ ਨੂੰ ਮਨ ਤੋਂ ਦੂਰ ਕਰ ਕੇ ਆਪਣੇ ਮਕਸਦ ਦੀ ਪੂਰਤੀ ਲਈ ਅੱਗੇ ਆ ਸਕਣਗੇ ਅਤੇ ਸਫਲਤਾ ਦੇ ਮੁਕਾਮ ਤਕ ਪਹੁੰਚ ਸਕਣਗੇ। ਆਓ ਰਲ ਕੇ ਕੋਸ਼ਿਸ਼ ਜਾਰੀ ਰੱਖੀਏ।

ਇਨ੍ਹਾਂ ਗੁਣਾਂ ਨੂੰ ਅਪਣਾ ਕੇ ਵਿਦਿਆਰਥੀ ਯਕੀਨਨ ਹੀ ਤਣਾਅਮੁਕਤ ਹੋ ਕੇ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਸਕਦਾ ਹੈ ਅਤੇ ਆਪਣੇ ਅਧਿਆਪਕ ਅਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਉਠਾ ਸਕਦਾ ਹੈ।

drmlsharma5@gmail.com


Bharat Thapa

Content Editor

Related News