ਪੰਜਾਬ ਦੀ ਬਾਸਮਤੀ ਦੀ ਖੁਸ਼ਬੂ ਦੁਨੀਆ ਭਰ ’ਚ ਮਹਿਕਾਉਣ ਦਾ ਮੌਕਾ
Wednesday, Jul 24, 2024 - 05:19 PM (IST)
ਵਿਸ਼ਵ ਪੱਧਰ ’ਤੇ ਬਾਸਮਤੀ ਚਾਵਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਕੋਲ ਇਕ ਵੱਡਾ ਮੌਕਾ ਹੈ। ਦਿ ਡਿਪਾਰਟਮੈਂਟ ਆਫ ਕਾਮਰਸ ਐਂਡ ਦਿ ਐਗਰੀਕਲਚਰ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ) ਬਾਸਮਤੀ ਚਾਵਲ ਅਤੇ ਸ਼ਹਿਦ ਸਮੇਤ 20 ਖੇਤੀ ਉਤਪਾਦਾਂ ਦੇ ਐਕਸਪੋਰਟ ਨੂੰ ਉਤਸ਼ਾਹਿਤ ਕਰਨ ਲਈ ਇਕ ਕਾਰਜ ਯੋਜਨਾ ਤਿਆਰ ਕਰ ਰਹੀ ਹੈ।
ਅਗਸਤ ਤੱਕ ਲਾਗੂ ਹੋਣ ਵਾਲੀ ਇਹ ਯੋਜਨਾ ਪੰਜਾਬ ਦੇ ਬਾਸਮਤੀ ਚਾਵਲ ਉਤਪਾਦਕ ਕਿਸਾਨਾਂ ਲਈ ਲਾਭਕਾਰੀ ਸਾਬਿਤ ਹੋ ਸਕਦੀ ਹੈ। ਪਿਛਲੇ ਸਾਲ ਰਿਕਾਰਡ 5.96 ਲੱਖ ਹੈਕਟੇਅਰ ’ਚ ਬਾਸਮਤੀ ਦੀ ਖੇਤੀ ਕਰਨ ਵਾਲੇ ਪੰਜਾਬ ਦਾ ਇਸ ਸਾਲ 40 ਫੀਸਦੀ ਵਾਧੇ ਦੇ ਨਾਲ 10 ਲੱਖ ਹੈਕਟੇਅਰ ’ਚ ਬਾਸਮਤੀ ਦੀ ਖੇਤੀ ਦਾ ਟੀਚਾ ਹੈ।
ਕਿਉਂਕਿ ਆਮ ਝੋਨੇ ਦੀ ਖੇਤੀ ਨਾ ਸਿਰਫ ਕਿਸਾਨਾਂ ਲਈ ਘਾਟੇ ਦਾ ਸੌਦਾ ਹੈ ਸਗੋਂ ਇਸ ’ਚ ਪਾਣੀ ਦੀ ਜ਼ਿਆਦਾ ਖਪਤ ਜਲਵਾਯੂ ਲਈ ਵੀ ਖਤਰਾ ਹੈ। ਇਸ ਲਈ ਧਿਆਨ ਬਾਸਮਤੀ ਵੱਲ ਜਾ ਰਿਹਾ ਹੈ, ਜੋ ਵੱਧ ਰੇਟ ਅਤੇ ਘੱਟ ਪਾਣੀ ਦੀ ਖਪਤ ਦੇ ਕਾਰਨ ਚੌਗਿਰਦੇ ਦੇ ਵੀ ਅਨੁਕੂਲ ਹੈ।
ਪੰਜਾਬ ’ਚ 1 ਕਿਲੋਗ੍ਰਾਮ ਆਮ ਚਾਵਲ ਪਾਉਣ ਲਈ ਲਗਭਗ 4118 ਲੀਟਰ ਪਾਣੀ ਦੀ ਖਪਤ ਹੁੰਦੀ ਹੈ, ਓਧਰ ਪੱਛਮੀ ਬੰਗਾਲ ’ਚ ਲਗਭਗ 2169 ਲੀਟਰ ਪਾਣੀ ਲੱਗਦਾ ਹੈ ਕਿਉਂਕਿ ਉੱਥੋਂ ਦੀ ਮਿੱਟੀ ਤੇ ਜਲਵਾਯੂ ਝੋਨੇ ਦੀ ਖੇਤੀ ਦੇ ਅਨੁਕੂਲ ਹੈ। ਪੰਜਾਬ ’ਚ ਟਿਕਾਊ ਜਲ ਪ੍ਰਬੰਧਨ, ਖੇਤੀ ਉਤਪਾਦਕਤਾ ਅਤੇ ਐਕਸਪੋਰਟ ’ਚ ਹਿੱਸੇਦਾਰੀ ਵਧਾਉਣ ਲਈ ਬਾਸਮਤੀ ਅਤੇ ਆਮ ਝੋਨੇ ਦੀ ਖੇਤੀ ’ਚ ਸੰਤੁਲਨ ਬਰਕਰਾਰ ਰੱਖਣਾ ਜ਼ਰੂਰੀ ਹੈ।
ਸਬਜ਼ੀਆਂ ਤੇ ਫਲਾਂ ’ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੋਣ ਦੇ ਬਾਵਜੂਦ ਵਿਸ਼ਵ ਪੱਧਰੀ ਐਗਰੀਕਲਚਰ ਐਕਸਪੋਰਟ ਬਾਜ਼ਾਰ ’ਚ ਭਾਰਤ ਦੀ ਹਿੱਸੇਦਾਰੀ ਸਿਰਫ 2.5 ਫੀਸਦੀ ਹੈ, ਜਿਸ ਨੂੰ ਅਗਲੇ 3 ਸਾਲਾਂ ’ਚ 4 ਤੋਂ 5 ਫੀਸਦੀ ਕਰਨਾ ਕੇਂਦਰ ਸਰਕਾਰ ਦਾ ਟੀਚਾ ਹੈ। ਇਸ ਲਈ ਇਕ ਮਜ਼ਬੂਤ ਐਗਰੀਕਲਚਰ ਐਕਸਪੋਰਟ ਪਲਾਨ ਤਿਆਰ ਕਰਨਾ ਜ਼ਰੂਰੀ ਹੈ ਕਿਉਂਕਿ ਖੇਤੀ ਉਤਪਾਦਾਂ ਦੇ ਐਕਸਪੋਰਟ ’ਚ ਲਗਾਤਾਰ ਗਿਰਾਵਟ ਜਾਰੀ ਹੈ।
ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) ’ਚ ਵੀ ਖੇਤੀ ਉਤਪਾਦਾਂ ਦੇ ਐਕਸਪੋਰਟ ’ਚ 3.24 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਮਾਲੀ ਸਾਲ 2023-24 ’ਚ 48.82 ਬਿਲੀਅਨ ਅਮਰੀਕੀ ਡਾਲਰ ਦਾ ਐਗਰੀਕਲਚਰ ਐਕਸਪੋਰਟ 2022-23 ਦੇ 53.15 ਬਿਲੀਅਨ ਡਾਲਰ ਦੇ ਮੁਕਾਬਲੇ ’ਚ 8.2 ਫੀਸਦੀ ਘਟਣ ਦੇ ਪਿੱਛੇ ਇਕ ਵੱਡਾ ਕਾਰਨ ਕਈ ਖੇਤੀ ਉਤਪਾਦਾਂ ਦੇ ਐਕਸਪੋਰਟ ’ਤੇ ਪਾਬੰਦੀ ਸੀ।
ਇਸ ਦੇ ਬਾਵਜੂਦ ਭਾਰਤ ਤੋਂ ਬਾਸਮਤੀ ਚਾਵਲ ਦਾ ਐਕਸਪੋਰਟ ਵਧਿਆ ਹੈ। 2023-24 ’ਚ 5.2 ਬਿਲੀਅਨ ਅਮਰੀਕੀ ਡਾਲਰ ਦਾ ਬਾਸਮਤੀ ਐਕਸਪੋਰਟ ਕਾਰੋਬਾਰ ਸਾਲ 2022-23 ’ਚ 4.2 ਬਿਲੀਅਨ ਡਾਲਰ ਸੀ। ਇਸ ’ਚ 40 ਫੀਸਦੀ ਹਿੱਸਾ ਪਾਉਣ ਵਾਲੇ ਪੰਜਾਬ ਲਈ ਬਾਸਮਤੀ ਐਕਸਪੋਰਟ ’ਚ ਹਿੱਸੇਦਾਰੀ ਵਧਾਉਣਾ ਹੋਰ ਵੀ ਮਹੱਤਵਪੂਰਨ ਹੈ।
ਉੱਚੀਆਂ ਉਮੀਦਾਂ : ਪੰਜਾਬ ’ਚ ਤੇਜ਼ੀ ਨਾਲ ਡਿੱਗਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਸੈਂਟ੍ਰਲ ਗ੍ਰਾਊਂਡ ਵਾਟਰ ਬੋਰਡ ਨੇ ਆਮ ਝੋਨੇ ਦਾ ਰਕਬਾ 25 ਲੱਖ ਹੈਕਟੇਅਰ ਤੋਂ ਘਟਾ ਕੇ 18 ਤੋਂ 20 ਲੱਖ ਹੈਕਟੇਅਰ ਤੱਕ ਸੀਮਤ ਰੱਖਣ ਤੇ ਬਾਸਮਤੀ ਦਾ ਰਕਬਾ 8 ਤੋਂ 10 ਲੱਖ ਹੈਕਟੇਅਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਚਾਲੂ ਬਿਜਾਈ ਸੀਜ਼ਨ ’ਚ ਬਾਸਮਤੀ ਦੇ 10 ਲੱਖ ਹੈਕਟੇਅਰ ਰਕਬੇ ਦਾ ਟੀਚਾ ਹਾਸਲ ਹੋਣ ਨਾਲ ਜਿੱਥੇ ‘ਕ੍ਰਾਪ ਡਾਇਵਰਸੀਫਿਕੇਸ਼ਨ’ ਨੂੰ ਉਤਸ਼ਾਹ ਮਿਲੇਗਾ, ਉੱਥੇ ਬਾਸਮਤੀ ਦੀ ਵਧਦੀ ਪੈਦਾਵਾਰ ਪੰਜਾਬ ਲਈ ਦੁਨੀਆ ਦੇ ਨਵੇਂ ਬਾਜ਼ਾਰ ਖੋਲ੍ਹੇਗੀ।
16 ਜੁਲਾਈ ਤੱਕ 5.16 ਲੱਖ ਹੈਕਟੇਅਰ ਰਕਬੇ ’ਚ ਬਾਸਮਤੀ ਦੀ ਖੇਤੀ ਹੋ ਚੁੱਕੀ ਹੈ। ਅਗਸਤ ਦੇ ਪਹਿਲੇ ਹਫਤੇ ਤੱਕ ਬਿਜਾਈ ਜਾਰੀ ਰਹਿਣ ਨਾਲ 10 ਲੱਖ ਹੈਕਟੇਅਰ ’ਚ ਬਾਸਮਤੀ ਦੀ ਬਿਜਾਈ ਦਾ ਟੀਚਾ ਪੂਰਾ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਪੈਦਾਵਾਰ ਦੀ ਗੁਣਵੱਤਾ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਦੇ ਬਰਾਬਰ ਬਣਾਈ ਰੱਖਣਾ ਵੀ ਜ਼ਰੂਰੀ ਹੈ। ਬਾਸਮਤੀ ਦੀ ਬਿਹਤਰ ਕੁਆਲਿਟੀ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਇਨਸੈਂਟਿਵ ਦੇਣ ਦੇ ਨਾਲ ਟ੍ਰੇਨਿੰਗ ਦੀ ਵੀ ਲੋੜ ਹੈ।
ਕੇਂਦਰ ਸਰਕਾਰ ਨੇ ਹਾਲ ਹੀ ’ਚ ਆਮ ਝੋਨੇ ਦਾ ਐੱਮ. ਐੱਸ. ਪੀ. 117 ਰੁਪਏ ਕੁਇੰਟਲ ਵਧਾ ਕੇ 2300 ਰੁਪਏ ਕੀਤਾ ਪਰ ਇਸ ਭਾਅ ’ਤੇ ਕਿਸਾਨ ਨੂੰ ਆਮ ਝੋਨੇ ਦੀ ਬਿਜਾਈ ਤੋਂ 62,000 ਰੁਪਏ ਤੋਂ ਲੈ ਕੇ 70,000 ਰੁਪਏ ਪ੍ਰਤੀ ਏਕੜ ਮਿਲ ਸਕਣਗੇ ਜਦਕਿ ਬਾਸਮਤੀ ਤੋਂ ਪ੍ਰਤੀ ਏਕੜ 65,000 ਤੋਂ 1 ਲੱਖ ਰੁਪਏ ਮਿਲ ਸਕਦੇ ਹਨ, ਭਾਵੇਂ ਹੀ ਆਮ ਝੋਨੇ ਦੇ ਮੁਕਾਬਲੇ ਬਾਸਮਤੀ ਦੀ ਪੈਦਾਵਾਰ ਪ੍ਰਤੀ ਏਕੜ 8 ਤੋਂ 10 ਕੁਇੰਟਲ ਘੱਟ ਹੁੰਦੀ ਹੈ।
ਐਕਸਪੋਰਟ ਆਧਾਰਿਤ ਬਾਸਮਤੀ ਜ਼ੋਨ : ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਮੁਕਤਸਰ, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ ਅਤੇ ਜਲੰਧਰ ਸਮੇਤ ਪੰਜਾਬ ਦੇ ਇਕ ਦਰਜਨ ਜ਼ਿਲਿਆਂ ਨੂੰ ਕੇਂਦਰ ਸਰਕਾਰ ਦੀ ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ ਸਕੀਮ’ ਦੇ ਤਹਿਤ ਬਾਸਮਤੀ ਐਕਸਪੋਰਟ ਜ਼ੋਨ ਦੇ ਰੂਪ ’ਚ ਵਿਕਸਿਤ ਕਰਨ ਦੀ ਸਮਰੱਥਾ ਹੈ।
ਇਨ੍ਹਾਂ ਬਾਸਮਤੀ ਉਤਪਾਦਕ ਜ਼ਿਲਿਆਂ ’ਚ ਕਿਸਾਨਾਂ ਨੂੰ ਬਰਾਮਦ ਮੁਖੀ ਬਾਸਮਤੀ ਦੀ ਵੈਰਾਇਟੀ ਦੀ ਬਿਜਾਈ ਲਈ ਸਹੀ ਮਿੱਟੀ, ਸਹੀ ਸਿੰਚਾਈ ਅਤੇ ਪੈਦਾਵਾਰ ਦੀ ਕੁਆਲਿਟੀ ’ਤੇ ਕੰਟ੍ਰੋਲ ਅਤੇ ਲਾਗਤ ਘਟਾਉਣ ਦੇ ਚੌਗਿਰਦੇ ਦੇ ਅਨੁਕੂਲ ਤਰੀਕਿਆਂ ਨੂੰ ਅਪਣਾਉਣਾ ਪਵੇਗਾ।
ਵਿਸ਼ਵ ਪੱਧਰ ਦੀ ਗੁਣਵੱਤਾ ਬਣਾਈ ਰੱਖਣ ਲਈ ਖੁਸ਼ਬੂਦਾਰ ਬਾਸਮਤੀ ਦੀਆਂ ਉੱਨਤ ਕਿਸਮਾਂ, ਜਿਵੇਂ ਬਾਸਮਤੀ-370, 385 ਦੀ ਖੇਤੀ ਨਾਲ ਪਾਣੀ ਦੀ ਖਪਤ ਅਤੇ ਵੱਧ ਪੈਦਾਵਾਰ ਦਾ ਫਾਇਦਾ ਉਦੋਂ ਮਿਲੇਗਾ ਜਦ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ।
ਬਾਸਮਤੀ ਨੂੰ ਹੋਰ ਜ਼ਿਆਦਾ ਲਾਭਦਾਇਕ ਬਣਾਈ ਰੱਖਣ ਲਈ ਬਿਜਾਈ ਤੋਂ ਲੈ ਕੇ ਕਟਾਈ ਅਤੇ ਫਸਲ ਦੀ ਸੰਭਾਲ ਤੇ ਮਾਰਕੀਟਿੰਗ ਤੱਕ ਕੁਆਲਿਟੀ ਸਟੈਂਡਰਡ ਬਰਕਰਾਰ ਰੱਖਣਾ ਪਵੇਗਾ। ਕੁਆਲਿਟੀ ਪ੍ਰਤੀ ਜਾਗਰੂਕ ਬ੍ਰਿਟੇਨ ਵਰਗੇ ਦੇਸ਼ ਬਾਸਮਤੀ ’ਚ ਹੋਰ ਕਿਸਮਾਂ ਦੇ ਚਾਵਲਾਂ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਡੀ. ਐੱਨ. ਏ. ਫਿੰਗਰ ਪ੍ਰਿੰਟਿੰਗ ਨਾਲ ਜਾਂਚ ਕਰਦੇ ਹਨ।
ਵਿਸ਼ਵ ਪੱਧਰੀ ਬਾਜ਼ਾਰ : ਉੱਚ ਗੁਣਵੱਤਾ ਵਾਲੇ ਖੁਸ਼ਬੂਦਾਰ ਬਾਸਮਤੀ ਚਾਵਲ ਅਮਰੀਕਾ, ਯੂਰਪ, ਸਾਊਦੀ ਅਰਬ, ਈਰਾਨ, ਇਰਾਕ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਨੂੰ ਐਕਸਪੋਰਟ ਹੁੰਦੇ ਹਨ ਜਦਕਿ ਮਲੇਸ਼ੀਆ, ਕੈਨੇਡਾ, ਜਰਮਨੀ, ਫਰਾਂਸ, ਦੱਖਣੀ ਕੋਰੀਆ, ਚੀਨ, ਇੰਡੋਨੇਸ਼ੀਆ, ਜਾਪਾਨ, ਇਟਲੀ, ਬੈਲਜੀਅਮ ਅਤੇ ਬ੍ਰਿਟੇਨ ’ਚ ਵੀ ਬਾਸਮਤੀ ਐਕਸਪੋਰਟ ਵਧਾਈ ਜਾ ਸਕਦੀ ਹੈ।
ਪੰਜਾਬ ਨੂੰ ਬਾਸਮਤੀ ਚਾਵਲ ਐਕਸਪੋਰਟ ’ਚ ਮੋਹਰੀ ਬਣਨ ਲਈ ਅਮਰੀਕਾ, ਯੂਰਪੀ ਦੇਸ਼ਾਂ ਅਤੇ ਜਾਪਾਨ ਲਈ ਉੱਥੇ ਪਸੰਦ ਕੀਤੇ ਜਾਣ ਵਾਲੇ ਖਾਸ ਚਾਵਲ, ਜਿਵੇਂ ਅਮਰੀਕਾ ਲਈ ਲਾਲ ਚਾਵਲ ਵਰਗੀਆਂ ਕਿਸਮਾਂ ਤਿਆਰ ਕਰਨ ਦੀ ਲੋੜ ਹੈ।
ਅੱਗੇ ਦੀ ਰਾਹ : ਬਾਸਮਤੀ ਐਕਸਪੋਰਟ ਜ਼ੋਨ ’ਚ ਕਿਸਾਨਾਂ ਨੂੰ ਉਹ ਸਾਰੇ ਜ਼ਰੂਰੀ ਮੁੱਢਲੇ ਢਾਂਚੇ ਮੁਹੱਈਆ ਕਰਾਏ ਜਾਣ, ਜਿਸ ਨਾਲ ਉਹ ਹਾਈ ਕੁਆਲਿਟੀ ਬਾਸਮਤੀ ਦੀ ਖੇਤੀ ਕਰਨ ’ਚ ਸਮਰੱਥ ਹੋ ਸਕਣ। ਵਿਸ਼ਵ ਪੱਧਰੀ ਬਾਜ਼ਾਰਾਂ ’ਚ ਪੰਜਾਬ ਦੀ ਬਾਸਮਤੀ ਦੀ ਧਾਕ ਜਮਾਉਣ ਲਈ ਪੰਜਾਬ ਸਰਕਾਰ ਐਕਸਪੋਰਟ ’ਤੇ ਮੰਡੀ ਫੀਸ ਅਤੇ ਰੂਰਲ ਡਿਵੈਲਪਮੈਂਟ ਫੀਸ (ਆਰ. ਡੀ. ਐੱਫ.) ਮੁਆਫ ਕਰੇ। ‘ਕ੍ਰਾਪ ਡਾਇਵਰਸੀਫਿਕੇਸ਼ਨ’ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਆਮ ਝੋਨੇ ਦੀ ਤੁਲਨਾ ’ਚ ਬਾਸਮਤੀ ਦੀ ਖੇਤੀ ਪੰਜਾਬ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।
(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ) ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)