ਅਮਰੀਕਾ ਫਸਟ ਜਾਂ ਟਰੰਪ ਫਸਟ?
Monday, May 19, 2025 - 07:12 AM (IST)

‘ਸਭ ਕੁਝ ਆਪਣੇ ਲਈ, ਦੂਜਿਆਂ ਲਈ ਕੁਝ ਨਹੀਂ’, ਐਡਮ ਸਮਿਥ ਨਾਂ ਦੇ ਅਰਥਸ਼ਾਸਤਰੀ ਨੇ 1776 ’ਚ ਯੂਰਪ ਦੇ ਸ਼ਾਸਕ ਵਰਗ ਦੀ ਨਿੰਦਾ ਕਰਦੇ ਹੋਏ ਇਹ ਲਿਖਿਆ ਸੀ। ਦੂਜੇ ਪਾਸੇ ਜਦੋਂ ਸੰਯੁਕਤ ਰਾਜ ਅਮਰੀਕਾ ਨੂੰ 1776 ’ਚ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਤਾਂ ਉਸ ਨੇ ਦਾਅਵਾ ਕੀਤਾ ਕਿ ਜਿੱਥੇ ਹੋਰ ਲੋਕ ਆਪਣੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਂਦੇ ਹਨ, ਅਮਰੀਕਾ ਯੂਨੀਵਰਸਲ ਸਿਧਾਂਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ।
ਪਰ ਜਿਉਂ-ਜਿਉਂ ਸਮਾਂ ਬਦਲਿਆ ਅਮਰੀਕੀ ਨੀਤੀ ’ਚ ਭਾਰੀ ਬਦਲਾਅ ਆਇਆ। ਪ੍ਰਸਿੱਧ ਪ੍ਰੋਫੈਸਰ ਲੇਖਕ ਨਾਓਮ ਚੋਮਸਕੀ ਆਪਣੀ 100ਵੀਂ ਪੁਸਤਕ ਜੋ ਉਨ੍ਹਾਂ ਨੇ ਨਾਥਨ ਜੇ ਰਾਬਿਨਸ ਦੇ ਨਾਲ ਮਿਲ ਕੇ ਲਿਖੀ ਹੈ, ’ਚ ਲਿਖਿਆ ਹੈ, ‘‘ਅਮਰੀਕਾ ਕਿਸੇ ਵੀ ਸ਼ਕਤੀਸ਼ਾਲੀ ਦੇਸ਼ ਵਾਂਗ ਹੀ ਹੈ। ਇਹ ਆਪਣੀ ਆਬਾਦੀ ਦੇ ਪ੍ਰਮੁੱਖ ਖੇਤਰਾਂ ਦੇ ਯੁੱਧਨੀਤਿਕ ਅਤੇ ਆਰਥਿਕ ਹਿੱਤਾਂ ਦਾ ਪਿੱਛਾ ਕਰਦਾ ਹੈ।’’
ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਿਕਵੇਂ 1958 ’ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਯੋਜਨਾ ਬੋਰਡ ਨੇ ਇਕ ਪੇਪਰ ਤਿਆਰ ਕੀਤਾ ਸੀ, ਜਿਸ ’ਚ ਕਿਹਾ ਿਗਆ ਸੀ ਕਿ ਬ੍ਰਿਟੇਨ ਕੁਵੈਤ ਅਤੇ ਫਾਰਸ ਦੀ ਖਾੜੀ ’ਤੇ ਆਪਣਾ ਕੰਟਰੋਲ ਬਣਾਈ ਰੱਖਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਤੇਲ ਦੀ ਲੋੜ ਸੀ। ਇਸ ’ਚ ਆਮ ਕੁਵੈਤੀ ਲੋਕਾਂ ਦੇ ਕਲਿਆਣ ਬਾਰੇ ਨਹੀਂ ਸੋਚਿਆ ਿਗਆ। ਜਦੋਂ ਤੋਂ ਟਰੰਪ ‘ਅਮਰੀਕਾ ਫਸਟ’ ਦਾ ਨਾਅਰਾ ਲੈ ਕੇ ਆਏ ਹਨ, ਸਭ ਨਿਯਮ ਬਦਲ ਗਏ ਹਨ।
ਵਿਦੇਸ਼ੀ ਉਦਾਰਤਾ ਪ੍ਰਤੀ ਖੁੱਲ੍ਹਾਪਨ ਇਸ ਹਫਤੇ ਪੂਰੀ ਤਰ੍ਹਾਂ ਨਾਲ ਪ੍ਰਦਰਸ਼ਿਤ ਹੋਇਆ, ਜਦੋਂ ਅਮਰੀਕੀ ਰਾਸ਼ਟਰਪਤੀ ਨੂੰ ਇਸ ਕਾਰਜਕਾਲ ’ਚ ਵਿਦੇਸ਼ ’ਚ ਆਪਣੀ ਪਹਿਲੀ ਪ੍ਰਮੁੱਖ ਡਿਪਲੋਮੈਟਿਕ ਯਾਤਰਾ ਦੌਰਾਨ ਖਾੜੀ ਦੇਸ਼ਾਂ ’ਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਖਰਬਾਂ ਡਾਲਰ ਦੇ ਸੌਦੇ ਕੀਤੇ ਅਤੇ ਸਥਾਨਕ ਨੇਤਾਵਾਂ ਨੂੰ ਨਿਵੇਸ਼ ਲਈ ਪ੍ਰੇਰਿਤ ਕੀਤਾ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਮਰੀਕੀ ਵਿਦੇਸ਼ ਨੀਤੀ ਨੂੰ ‘ਅਮਰੀਕਾ ਫਸਟ’ ਨੂੰ ਪਹਿਲ ਦੇਣ ਲਈ ਫਿਰ ਤੋਂ ਬਣਾ ਰਹੇ ਹਨ। ਮਨੁੱਖੀ ਅਧਿਕਾਰਾਂ ਜਾਂ ਕੌਮਾਂਤਰੀ ਕਾਨੂੰਨਾਂ ਦੀਆਂ ਚਿੰਤਾਵਾਂ ਨੂੰ ਇਕ ਪਾਸੇ ਰੱਖ ਰਹੇ ਹਨ।
ਪਰ ਇਸ ਯਾਤਰਾ ਅਤੇ ਨੀਤੀਆਂ ਦਾ ਲਾਭ ਤਾਂ ਟਰੰਪ ਨੂੰ ਵੀ ਮਿਲਿਆ ਹੈ। ਪ੍ਰੈੱਸ ਅਨੁਮਾਨਾਂ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੀ ਸੰਪਤੀ ’ਚ 3 ਬਿਲੀਅਨ ਡਾਲਰ ਤੋਂ ਵੱਧ ਵਾਧਾ ਹੋਇਆ ਹੈ ਅਤੇ ਕ੍ਰਿਪਟੋਕਰੰਸੀ ਅਤੇ ਹੋਰ ਨਿਵੇਸ਼ ਸੌਦਿਆਂ ਜਿਵੇਂ ਕਿ ਟਰੰਪ-ਬ੍ਰਾਂਡਿਡ ਪਰਿਵਾਰਕ ਸੰਪਤੀਆਂ ਦੀਆਂ ਯੋਜਨਾਵਾਂ ਤੋਂ ਹੋਣ ਵਾਲੇ ਲਾਭ ਕਿਤੇ ਜ਼ਿਆਦਾ ਹੋ ਸਕਦੇ ਹਨ।
ਟਰੰਪ ਦੇ ਕਰੀਬੀ ਵਪਾਰਕ ਸਹਿਯੋਗੀਆਂ ਵਲੋਂ ਅਰਬਾਂ ਡਾਲਰ ਦੇ ਸੌਦੇ ਕੀਤੇ ਗਏ ਹਨ, ਜਿਸ ਦਾ ਅਰਥ ਹੈ ਕਿ ਵ੍ਹਾਈਟ ਹਾਊਸ ਲਈ ਉਨ੍ਹਾਂ ਦਾ ਸਿਆਸੀ ਸਮਰਥਨ ਵਿਦੇਸ਼ਾਂ ’ਚ ਆਕਰਸ਼ਕ ਸਮਝੌਤਿਆਂ ’ਚ ਤਬਦੀਲ ਹੋ ਸਕਦਾ ਹੈ।
ਇਸ ਹਫਤੇ ਮੱਧ ਪੂਰਬ ਦੇ ਆਪਣੇ ਦੌਰੇ ’ਤੇ ਡੋਨਾਲਡ ਟਰੰਪ ਨੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਦੇ ਨੇਤਾਵਾਂ ਨਾਲ ਕਈ ਅਰਬ ਡਾਲਰ ਦੇ ਸੌਦਿਆਂ ਦਾ ਐਲਾਨ ਕੀਤਾ। ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਬੂਧਾਬੀ ਨੂੰ ਅਮਰੀਕਾ ਦੇ ਬਾਹਰ ਸਭ ਤੋਂ ਵੱਡੇ ਮਸਨੂਈ ਬੁੱਧੀਮਤਾ (ਏ. ਆਈ.) ਕੰਪਲੈਕਸ ਦੇ ਸਥਾਨ ਦੇ ਰੂਪ ’ਚ ਚੁਣਿਆ।
ਸਾਊਦੀ ਅਰਬ ਨੇ ਸੈਮੀਕੰਡਕਟ ਲਈ ਇਕ ਬਰਾਬਰ ਸੌਦਾ ਕੀਤਾ, ਜਿਸ ’ਚ ਉਸ ਦੇ ਸਾਵਰੇਨ ਵੈਲਥ ਫੰਡ ਦੀ ਮਾਲਕੀ ਵਾਲੇ ਏ. ਆਈ. ਸਟਾਰਟਅਪ ਿਹਊਮੈਨ ਨੂੰ ਸੈਂਕੜੇ ਹਜ਼ਾਰਾਂ ‘ਐਨਵੀਡੀਆ ਬਲੈਕਵੈਲ ਚਿਪਸ’ ਦੀ ਵਿਕਰੀ ਦਾ ਵਾਅਦਾ ਕੀਤਾ ਿਗਆ।
ਇਹ ਸਮਝੌਤੇ ਕਈ ਕਾਰਨਾਂ ਕਰ ਕੇ ਵਰਣਨਯੋਗ ਹਨ। ਖੁਦ ਨੂੰ ਬ੍ਰੋਕਰ-ਇਨ-ਚੀਫ ਦੱਸਦੇ ਹੋਏ, ਟਰੰਪ ਦਰਜਨਾਂ ਸੀ. ਈ. ਓ. ਦੇ ਇਕ ਦਲ ਨੂੰ ਮੱਧ ਪੂਰਬ ’ਚ ਲਿਆਏ, ਜਿਸ ’ਚ ‘ਐਨਵੀਡੀਆ’ ਦੇ ਜੇਨਸੇਨ ਹੁਆਂਗ, ਓਪਨ ਏ. ਆਈ. ਦੇ ਸੈਮ ਆਲਟਮੈਨ, ਐਲਨ ਮਸਕ, ਐਮਾਜ਼ੋਨ ਦੇ ਐਂਡੀ ਜੇਸੀ, ਪੈਲੰਟਿਰ ਦੇ ਅਲੈਕਸ ਕਾਰਪ ਅਤੇ ਦੋ ਦਰਜਨ ਹੋਰ ਸ਼ਾਮਲ ਸਨ।
ਇਸ ਹਫਤੇ ਇਕ ਵਿਸ਼ੇਸ਼ ਤੌਰ ’ਤੇ ਧਿਆਨ ਆਕਰਸ਼ਿਤ ਕਰਨ ਵਾਲੀ ਘਟਨਾ ’ਚ ਕਤਰ ਨੇ ਅਮਰੀਕੀ ਰੱਖਿਆ ਵਿਭਾਗ ਨੂੰ 400 ਮਿਲੀਅਮ ਡਾਲਰ ਦਾ ਬੋਇੰਗ 747-8 ਦੇਣ ਦੀ ਪੇਸ਼ਕਸ਼ ਕੀਤੀ, ਜਿਸ ਦੇ ਬਾਰੇ ’ਚ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਇਸ ਦੀ ਵਰਤੋਂ ਏਅਰ ਫੋਰਸ ਵਨ ਦੇ ਰੂਪ ’ਚ ਕੀਤੀ ਜਾ ਸਕਦੀ ਹੈ ਅਤੇ ਫਿਰ ਉਨ੍ਹਾਂ ਦੇ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਦੀ ਰਾਸ਼ਟਰਪਤੀ ਲਾਇਬ੍ਰੇਰੀ ਨੂੰ ਸੌਂਪ ਦਿੱਤਾ ਜਾ ਸਕਦਾ ਹੈ।
ਆਲੋਚਕਾਂ ਨੇ ਤਰਕ ਦਿੱਤਾ ਹੈ ਕਿ ਇਹ ਸੰਵਿਧਾਨ ਦੇ ਉਜਰਤ ਸੈਕਸ਼ਨ ਦੀ ਉਲੰਘਣਾ ਕਰਦਾ ਹੈ ਜੋ ਰਾਸ਼ਟਰਪਤੀ ਨੂੰ ਵਿਦੇਸ਼ੀ ਸੰਸਥਾਵਾਂ ਤੋਂ ਤੋਹਫੇ ਹਾਸਲ ਕਰਨ ਤੋਂ ਰੋਕਦਾ ਹੈ। ਪਰ ਖਾੜੀ ਦੇਸ਼ਾਂ ਨੇ ਹੋਰ ਪ੍ਰੋਤਸਾਹਨਾਂ ਦੀ ਪੇਸ਼ਕਸ਼ ਕੀਤੀ ਹੈ, ਜਿਸ ’ਚ ਯੂ. ਏ. ਈ.-ਕੰਟਰੋਲਡ ਫੰਡ ਤੋਂ ਟਰੰਪ ਨਾਲ ਜੁੜੀ ਸਥਿਰ ਮੁਦਰਾ ’ਚ 2 ਬਿਲੀਅਨ ਦਾ ਨਿਵੇਸ਼ ਸ਼ਾਮਲ ਹੈ, ਜੋ ਰਾਸ਼ਟਰਪਤੀ ਨੂੰ ਆਬੂਧਾਬੀ ਦੇ ਪੱਖ ’ਚ ਵਿਦੇਸ਼ ਨੀਤੀ ਨੂੰ ਆਕਾਰ ਦੇਣ ਲਈ ਪ੍ਰੋਤਸਾਹਿਤ ਕਰਦਾ ਹੈ।
ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਟਰੰਪ ਜੋ ਚਿਪਸ, ਏ. ਆਈ. ਬਣਾਉਣ ’ਚ ਨਵੀਨਤਮ ਤਕਨੀਕ ਨੂੰ ਖਾੜੀ ਦੇਸ਼ਾਂ ਤੱਕ ਪਹੁੰਚਾਉਣ ਲਈ ਸੌਦੇ ਕਰ ਰਹੇ ਹਨ, ਉੱਥੋਂ ਇਹ ਆਸਾਨੀ ਨਾਲ ਚੀਨ ਜਾ ਸਕਦੀ ਹੈ, ਜੋ ਸਾਊਦੀ, ਕਤਰ ਅਤੇ ਯੂ. ਏ. ਈ. ਦੇ ਕਾਫੀ ਕਰੀਬ ਹੈ।
ਟਰੰਪ ਨੇ ਪਾਕਿਸਤਾਨ ਦੇ ਨਾਲ ਵੀ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਵਰਲਡ ਲਿਬਰਟੀ ਫਾਈਨਾਂਸ਼ੀਅਲ (WLF) ਦੇ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨ, ਜੋ ਇਕ ਕ੍ਰਿਪਟੋਕਰੰਸੀ ਕੰਪਨੀ ਹੈ ਜਿਸ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਦੀ ਕਥਿਤ ਤੌਰ ’ਤੇ 60 ਫੀਸਦੀ ਹਿੱਸੇਦਾਰੀ ਹੈ।
ਇਹ ਸੌਦਾ ਨਵਗਠਿਤ ਪਾਕਿਸਤਾਨ ਕ੍ਰਿਪਟੋ ਕਾਊਂਸਲ (ਪੀ. ਸੀ. ਸੀ.) ਦੇ ਨਾਲ ਕੀਤਾ ਗਿਆ ਸੀ, ਜਿਸ ਨੇ ਇਕ ਮਹੀਨਾਂ ਪਹਿਲਾਂ ਹੀ ਬਿਨੈਂਸ ਦੇ ਸੰਸਥਾਪਕ ਚਾਂਗਪੇਂਗ ਝਾਓ (ਸੀ. ਜ਼ੈੱਡ.) ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ, ਜੋ ਦੱਖਣੀ ਏਸ਼ੀਆਂ ਦਾ ਕ੍ਰਿਪਟੋ ਹੱਬ ਬਣਨ ਦੀ ਇਸਲਾਮਾਬਾਦ ਦੀ ਵੱਡੀ ਖਾਹਿਸ਼ ਨੂੰ ਦਰਸਾਉਂਦਾ ਹੈ ਅਤੇ ਸਾਊਥ ਏਸ਼ੀਆ ’ਚ ਜਿਸ ਨਾਲ ਦੱਖਣੀ ਏਸ਼ੀਆ ਨਾ ਸਿਰਫ ਅਸਥਿਰ ਹੋ ਸਕਦਾ ਹੈ, ਸਗੋਂ ਡਰੱਗ ਡੀਲਰਾਂ ਦਾ ਇਕ ਵੱਡਾ ਕੇਂਦਰ ਵੀ ਬਣ ਸਕਦਾ ਹੈ। ਤਾਂ ਕੀ ਹੁਣ ਅਮਰੀਕਾ ਦੀ ਪਾਲਿਸੀ ਟਰੰਪ ਫਸਟ ਹੈ ਜਾਂ ਅਮਰੀਕਾ ਫਸਟ ਹੈ?