ਅਮਰੀਕਾ-ਚੀਨ ਟ੍ਰੇਡ ਵਾਰ ਆਖਿਰ ਕਦੋਂ ਤੱਕ
Sunday, Apr 20, 2025 - 04:04 PM (IST)

ਆਪਣੇ ਵਪਾਰਕ ਹਮਲੇ ’ਚ ਇਕ ਵੱਡੀ ਤੇਜ਼ੀ ਲਿਆਉਂਦੇ ਹੋਏ ਸੰਯੁਕਤ ਰਾਜ ਅਮਰੀਕਾ ਨੇ ਚੀਨੀ ਦਰਾਮਦਾਂ ਦੀ ਇਕ ਵਿਸ਼ਾਲ ਸ਼੍ਰੇਣੀ ’ਤੇ ਭਾਰੀ ਟੈਰਿਫ ਲਾ ਦਿੱਤਾ ਹੈ, ਜਿਸ ਨਾਲ ਦਰਾਮਦ ਡਿਊਟੀ 245 ਫੀਸਦੀ ਤੱਕ ਪਹੁੰਚ ਗਈ ਹੈ, ਜਿਸ ਨਾਲ ਚੱਲ ਰਹੇ ਅਮਰੀਕਾ-ਚੀਨ ਵਪਾਰ ਯੁੱਧ ਵਿਚ ਤਣਾਅ ਹੋਰ ਵਧ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਇਸ ਕਦਮ ਨੂੰ ‘ਜ਼ਰੂਰੀ ਪੁਨਰ-ਨਿਰਧਾਰਨ’ ਦੱਸਿਆ ਜਿਸ ਦਾ ਉਦੇਸ਼ ਲੰਬੇ ਸਮੇਂ ਦੇ ਵਪਾਰ ਅਸੰਤੁਲਨ ਨੂੰ ਠੀਕ ਕਰਨਾ ਅਤੇ ਵਾਸ਼ਿੰਗਟਨ ਵਲੋਂ ਗੈਰ-ਵਾਜਿਬ ਚੀਨੀ ਆਰਥਿਕ ਰਵਾਇਤਾਂ ’ਤੇ ਰੋਕ ਲਾਉਣੀ ਹੈ। ਇਸ ਦੇ ਉਲਟ ਅਮਰੀਕਾ ਨੇ ਇਕੋ ਸਮੇਂ ਕਈ ਹੋਰ ਦੇਸ਼ਾਂ ਨਾਲ ਪਰਸਪਰ ਟੈਰਿਫ ’ਤੇ 90 ਦਿਨਾਂ ਦੀ ਰੋਕ ਦਾ ਐਲਾਨ ਕੀਤਾ ਹੈ, ਜਿਸ ਵਿਚ ਚੀਨ ਹੀ ਇਕ ਅਪਵਾਦ ਹੈ।
ਇਹ ਦੋਹਰੀ ਰਣਨੀਤੀ ਬੀਜਿੰਗ ਨੂੰ ਆਰਥਿਕ ਤੌਰ ’ਤੇ ਅਲੱਗ-ਥਲੱਗ ਕਰਨ ਲਈ ਤਿਆਰ ਕੀਤੀ ਗਈ ਹੈ ਜਦੋਂ ਕਿ ਸਹਿਯੋਗੀਆਂ ਅਤੇ ਰਣਨੀਤਿਕ ਭਾਈਵਾਲਾਂ ਨੂੰ ਦਿਲਾਸਾ ਪ੍ਰਦਾਨ ਕਰਦੀ ਹੈ, ਉਨ੍ਹਾਂ ਨੂੰ ਅਮਰੀਕਾ ਦੇ ਵਿਆਪਕ ਭੂ-ਆਰਥਿਕ ਉਦੇਸ਼ਾਂ ਨਾਲ ਇਕਸਾਰ ਹੋਣ ਲਈ ਉਤਸ਼ਾਹਿਤ ਕਰਦੀ ਹੈ। ਫਿਰ ਵੀ ਇਸ ਦਾ ਪ੍ਰਭਾਵ ਵਾਸ਼ਿੰਗਟਨ ਅਤੇ ਬੀਜਿੰਗ ਤੋਂ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ। ਗਲੋਬਲ ਬਾਜ਼ਾਰ ਉਥਲ-ਪੁਥਲ ਵਿਚ ਹਨ, ਸਪਲਾਈ ਚੇਨਾਂ ਨਵੇਂ ਦਬਾਅ ਹੇਠ ਹਨ ਅਤੇ ਵਪਾਰ ਪ੍ਰਵਾਹ ’ਚ ਵਿਘਨ ਪੈ ਰਿਹਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕਿ ਮਹਾਮਾਰੀ ਦੇ ਲੰਬੇ ਪਰਛਾਵੇਂ ਤੋਂ ਬਾਅਦ ਵਿਸ਼ਵ ਅਰਥਵਿਵਸਥਾ ਮੁੜ ਸੰਤੁਲਨ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ।
ਵਪਾਰ ਸ਼ਤਰੰਜ ਦੀ ਬਿਸਾਤ ਪੜ੍ਹਨੀ : ਨਵੀਨਤਮ ਟੈਰਿਫ ਵਾਧੇ ਦੀਆਂ ਜੜ੍ਹਾਂ ਢਾਂਚਾਗਤ ਤਣਾਅ ਵਿਚ ਹਨ ਜੋ ਲੰਬੇ ਸਮੇਂ ਤੋਂ ਅਮਰੀਕਾ-ਚੀਨ ਵਪਾਰਕ ਸਬੰਧਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। 2018 ਵਿਚ, ਚੀਨ ਨਾਲ ਅਮਰੀਕਾ ਦਾ ਵਪਾਰ ਘਾਟਾ ਵਧ ਕੇ 418 ਬਿਲੀਅਨ ਅਮਰੀਕੀ ਡਾਲਰ ਹੋ ਗਿਆ, ਜੋ ਕਿ ਬੀਜਿੰਗ ਦੇ ਬਰਾਮਦ-ਅਗਵਾਈ ਵਾਲੇ ਵਿਕਾਸ ਮਾਡਲ, ਸਬਸਿਡੀਆਂ, ਰਾਜ-ਸਮਰਥਿਤ ਕਰਜ਼ੇ ਅਤੇ ਉਦਯੋਗਿਕ ਓਵਰ-ਕਪੈਸਿਟੀ (ਅਤੀ-ਸਮਰੱਥਾ) ਦੇ ਕਾਰਨ ਹੋਇਆ, ਜੋ ਕਿ ਅਮਰੀਕਾ ਦੀ ਲਗਾਤਾਰ ਘੱਟ ਘਰੇਲੂ ਬੱਚਤ ਦਰ ਨਾਲ ਹੋਰ ਵੀ ਵਧਿਆ। ਇੱਥੋਂ ਤੱਕ ਕਿ 2020 ਦੇ ਪਹਿਲੇ ਪੜਾਅ ਦੇ ਸੌਦੇ ਵਰਗੇ ਇਤਿਹਾਸਕ ਯਤਨ ਵੀ ਇਕ ਸਥਾਈ ਹੱਲ ਪ੍ਰਦਾਨ ਕਰਨ ਵਿਚ ਅਸਫਲ ਰਹੇ।
ਬੀਜਿੰਗ ਨੇ ਅਮਰੀਕਾ ਦੇ ਮੁੱਖ ਬਰਾਮਦ ’ਤੇ 125 ਫੀਸਦੀ ਤੱਕ ਦੀਆਂ ਡਿਊਟੀਆਂ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ, ਜੋ ਕਿ ਵਾਸ਼ਿੰਗਟਨ ਦੇ ਟੈਰਿਫਾਂ ਦੇ ਬਰਾਬਰ ਹੀ ਹਨ, ਜੋ ਕਿ ਖੇਤੀਬਾੜੀ, ਊਰਜਾ ਅਤੇ ਉੱਚ-ਪੱਧਰੀ ਨਿਰਮਾਣ ਵਰਗੇ ਮੁੱਖ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦੌਰਾਨ, ਅਮਰੀਕਾ ਵੀਅਤਨਾਮ ਅਤੇ ਕੰਬੋਡੀਆ ਵਰਗੇ ਤੀਜੇ ਦੇਸ਼ਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ, ਉਸ ਨੂੰ ਸ਼ੱਕ ਹੈ ਕਿ ਉਹ ਚੀਨੀ ਸਮਾਨ ਲਈ ਰੂਟਿੰਗ ਹੱਬ ਵਜੋਂ ਕੰਮ ਕਰ ਰਹੇ ਹਨ।
ਵਿਕਾਸ ਦੇ ਜੋਖਮ, ਕੀਮਤਾਂ ਵਿਚ ਵਾਧਾ ਅਤੇ ਬਾਜ਼ਾਰ ਦੀ ਘਬਰਾਹਟ : ਆਰਥਿਕ ਝਟਕੇ ਪਹਿਲਾਂ ਹੀ ਦਿਖਾਈ ਦੇ ਰਹੇ ਹਨ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਚਿਤਾਵਨੀ ਦਿੱਤੀ ਹੈ ਕਿ ਹੋਰ ਵਾਧੇ ਨਾਲ 2025 ਵਿਚ ਵਿਸ਼ਵਵਿਆਪੀ ਜੀ. ਡੀ. ਪੀ. ਵਿਚ 0.5 ਫੀਸਦੀ ਦੀ ਕਮੀ ਆ ਸਕਦੀ ਹੈ, ਜੋ ਕਿ ਸੈਂਕੜੇ ਅਰਬ ਡਾਲਰ ਦੇ ਨੁਕਸਾਨ ਦੇ ਬਰਾਬਰ ਹੈ। ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਵਿਸ਼ਵਵਿਆਪੀ ਵਿਕਾਸ ਕਮਜ਼ੋਰ ਬਣਿਆ ਹੋਇਆ ਹੈ, ਨਿਵੇਸ਼ ਸੁਸਤ ਹੈ ਅਤੇ ਮੁਦਰਾਸਫੀਤੀ ਦਾ ਦਬਾਅ ਲਗਾਤਾਰ ਬਣਿਆ ਹੋਇਆ ਹੈ।
ਇਸ ਦਾ ਇਕ ਤੁਰੰਤ ਨਤੀਜਾ ਮੁਦਰਾਸਫੀਤੀ ਦੀ ਗਤੀਸ਼ੀਲਤਾ ਵਿਚ ਤਬਦੀਲੀ ਹੈ। ਜਿਵੇਂ ਕਿ ਅਮਰੀਕੀ ਕੰਪਨੀਆਂ ਚੀਨੀ ਸਪਲਾਇਰਾਂ ਤੋਂ ਮੂੰਹ ਮੋੜਦੀਆਂ ਹਨ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿਚ ਬਦਲਾਂ ਵੱਲ ਵਧ ਰਹੀਆਂ ਹਨ, ਇਨ੍ਹਾਂ ਖੇਤਰਾਂ ਵਿਚ ਵਧਦੀ ਮੰਗ ਕੀਮਤਾਂ ਵਿਚ ਵਾਧਾ ਕਰ ਸਕਦੀ ਹੈ। ਮੁਦਰਾ ਦੇ ਉਤਰਾਅ-ਚੜ੍ਹਾਅ ਅੱਗ ’ਚ ਘਿਓ ਪਾਉਣ ਦਾ ਕੰਮ ਕਰਦੇ ਹਨ, ਖਾਸ ਕਰ ਕੇ ਚੀਨੀ ਯੁਆਨ ਦੇ ਕਮਜ਼ੋਰ ਹੋਣ ਦੀ ਉਮੀਦ ਹੈ, ਜਿਸ ਨਾਲ ਵਿਸ਼ਵ ਪੱਧਰ ’ਤੇ ਡਾਲਰ ਨਾਲ ਜੁੜੀ ਦਰਾਮਦ ਦੀ ਲਾਗਤ ਵਧ ਸਕਦੀ ਹੈ।
ਵਿੱਤੀ ਬਾਜ਼ਾਰ ਵੀ ਮੁਸ਼ਕਲ ਵਿਚ ਹਨ। ਵਪਾਰ ਨੀਤੀ ਅਨਿਸ਼ਚਿਤਤਾ ਸੂਚਕਾਂਕ ਵਿਚ ਵਾਧਾ ਹੋਇਆ ਹੈ, ਜੋ ਨਿਵੇਸ਼ਕਾਂ ਵਿਚ ਵਧ ਰਹੀ ਬੇਚੈਨੀ ਨੂੰ ਦਰਸਾਉਂਦਾ ਹੈ। ਪਿਛਲੇ ਐਪੀਸੋਡ ਇਕ ਚਿਤਾਵਨੀ ਭਰੀ ਕਹਾਣੀ ਪੇਸ਼ ਕਰਦੇ ਹਨ; ਪਿਛਲੇ ਵਪਾਰ ਯੁੱਧ ਚੱਕਰ ਨੇ ਸੈਮੀਕੰਡਕਟਰ, ਆਟੋਮੋਬਾਈਲ ਅਤੇ ਇਲੈਕਟ੍ਰਾਨਿਕਸ ਵਰਗੇ ਪੂੰਜੀ-ਸੰਵੇਦਨਸ਼ੀਲ ਖੇਤਰਾਂ ਵਿਚ ਨਿਵੇਸ਼ ਘਟਾ ਦਿੱਤਾ ਸੀ। ਹੁਣ ਵੀ ਇਸੇ ਤਰ੍ਹਾਂ ਦੇ ਠੰਢੇ ਪ੍ਰਭਾਵ ਦਾ ਖ਼ਤਰਾ ਹੈ, ਬਿਲਕੁਲ ਅਜਿਹੇ ਸਮੇਂ ਜਦੋਂ ਵਿਸ਼ਵ ਅਰਥਵਿਵਸਥਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਟੈਰਿਫਾਂ ਅਤੇ ਜਵਾਬੀ ਉਪਾਵਾਂ ਤੋਂ ਪਰ੍ਹੇ, ਸ਼ਾਇਦ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਵਿਸ਼ਵ ਵਪਾਰ ਸ਼ਾਸਨ ਦਾ ਖੋਰਾ ਹੈ। ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.), ਜੋ ਕਦੇ ਬਹੁਪੱਖੀ ਵਪਾਰ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਸੀ, ਤੇਜ਼ੀ ਨਾਲ ਹਾਸ਼ੀਏ ’ਤੇ ਜਾ ਰਿਹਾ ਹੈ।
ਨਿਯੁਕਤੀਆਂ ਦੇ ਅਮਰੀਕੀ ਵਿਰੋਧ ਕਾਰਨ, ਇਸ ਦੀ ਅਪੀਲੀ ਸੰਸਥਾ ਅਪਾਹਜ ਹੋ ਗਈ ਹੈ, ਡਬਲਿਊ. ਟੀ. ਓ. ਦਾ ਵਿਵਾਦ-ਨਿਪਟਾਰਾ ਕਾਰਜ ਉਸ ਸਮੇਂ ਲਗਭਗ ਗੈਰ-ਕਾਰਜਸ਼ੀਲ ਹੋ ਗਿਆ ਹੈ ਜਦੋਂ ਇਸ ਦੀ ਸਭ ਤੋਂ ਵੱਧ ਲੋੜ ਹੈ। ਸਖ਼ਤ ਬਿਆਨਬਾਜ਼ੀ ਅਤੇ ਦੰਡਕਾਰੀ ਟੈਰਿਫਾਂ ਦੇ ਬਾਵਜੂਦ, ਅਮਰੀਕਾ ਅਤੇ ਚੀਨ ਵਿਚਕਾਰ ਇਕ ਪੂਰੇ ਪੈਮਾਨੇ ’ਤੇ ਆਰਥਿਕ ਵਖਰੇਵਾਂ ਅਸੰਭਵ ਬਣਿਆ ਹੋਇਆ ਹੈ। ਉਨ੍ਹਾਂ ਦੀ ਵਪਾਰ ਦੀ ਮਾਤਰਾ, ਨਿਵੇਸ਼ ਨਿਰਭਰਤਾਵਾਂ ਅਤੇ ਤਕਨੀਕੀ ਸਬੰਧਾਂ ਦਾ ਵਿਸ਼ਾਲ ਪੈਮਾਨਾ ਇਕ ਹੋਰ ਯਥਾਰਥਵਾਦੀ ਪਰਛਾਵੇਂ ਵੱਲ ਇਸ਼ਾਰਾ ਕਰਦਾ ਹੈ, ਜਿਸ ਨੂੰ ਮਾਹਿਰ ‘ਪ੍ਰਬੰਧਿਤ ਨਿਰਭਰਤਾ’ ਕਹਿੰਦੇ ਹਨ।
ਇਹ ਉੱਭਰ ਰਿਹਾ ਢਾਂਚਾ ਸੈਮੀਕੰਡਕਟਰ, ਬਾਇਓਟੈਕਨਾਲੋਜੀ ਅਤੇ ਟੈਲੀਕਾਮ ਵਰਗੇ ਰਣਨੀਤਿਕ ਖੇਤਰਾਂ ਵਿਚ ਨਿਸ਼ਾਨਾਬੱਧ ਵਖਰੇਵੇਂ ਦੀ ਕਲਪਨਾ ਕਰਦਾ ਹੈ, ਜਦੋਂ ਕਿ ਘੱਟ ਸੰਵੇਦਨਸ਼ੀਲ ਖੇਤਰਾਂ ਵਿਚ ਸਹਿਯੋਗ ਬਣਾਈ ਰੱਖਦਾ ਹੈ। ਬਾਕੀ ਦੁਨੀਆ ਲਈ ਖਾਸ ਕਰ ਕੇ ਉੱਭਰ ਰਹੀਆਂ ਅਰਥਵਿਵਸਥਾਵਾਂ ਲਈ, ਇਹ ਵੰਡਿਆ ਹੋਇਆ ਸਿਸਟਮ ਜੋਖਮ ਅਤੇ ਮੌਕੇ ਦੋਵੇਂ ਪੇਸ਼ ਕਰਦਾ ਹੈ; ਰਣਨੀਤਿਕ ਅਨੁਕੂਲਤਾ, ਸਪਲਾਈ ਚੇਨ ਰੀਪੁਜ਼ੀਸ਼ਨਿੰਗ (ਪੁਨਰ ਸਥਿਤੀ) ਅਤੇ ਵਪਾਰਕ ਗੱਲਬਾਤ ਵਿਚ ਵਧੇਰੇ ਲਾਭ ਦੀ ਗੁੰਜਾਇਸ਼।
–ਮਨੀਸ਼ ਤਿਵਾੜੀ