ਵਾਹਨਾਂ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ ਸਿਰਫ ਟ੍ਰੈਫਿਕ ਚਲਾਨਾਂ ਨਾਲ ਨਹੀਂ ਰੁਕੇਗਾ

Friday, Nov 27, 2026 - 05:00 PM (IST)

ਵਾਹਨਾਂ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ ਸਿਰਫ ਟ੍ਰੈਫਿਕ ਚਲਾਨਾਂ ਨਾਲ ਨਹੀਂ ਰੁਕੇਗਾ

ਮੋਟਰ ਵਾਹਨਾਂ ਤੋਂ ਹੋਣ ਵਾਲਾ ਹਵਾ ਪ੍ਰਦੂਸ਼ਣ ਅਜੋਕੇ ਸਮੇਂ ਦੀ ਇਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਪੈਟਰੋਲ ਅਤੇ ਡੀਜ਼ਲ ਦੇ ਬਲਣ ਨਾਲ ਨਿਕਲਣ ਵਾਲਾ ਧੂੰਆਂ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਬੇਕਾਬੂ ਉਦਯੋਗੀਕਰਨ ਕਾਰਨ ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਮਨੁੱਖੀ ਜੀਵਨ ਅਤੇ ਜੀਵ-ਜੰਤੂਆਂ ’ਤੇ ਪੈਂਦਾ ਹੈ।

ਹਵਾ ਪ੍ਰਦੂਸ਼ਣ ’ਚ ਕਾਰਬਨ ਮੋਨੋਆਕਸਾਈਡ ਹੁੰਦੀ ਹੈ, ਜੋ ਸਰੀਰ ’ਚ ਖ਼ੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਨੂੰ ਘਟਾ ਦਿੰਦੀ ਹੈ। ਇਸੇ ਤਰ੍ਹਾਂ ਕਾਰਬਨ ਡਾਈਆਕਸਾਈਡ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਨੂੰ ਹੱਲਾਸ਼ੇਰੀ ਦਿੰਦੀ ਹੈ, ਜੋ ਅੰਤ ’ਚ ਮਨੁੱਖੀ ਜਾਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

ਧੂੰਏਂ ਅਤੇ ਕਾਲਖ਼ ਦੇ ਬਰੀਕ ਕਣ ਸਾਹ ਰਾਹੀਂ ਸਿੱਧੇ ਫੇਫੜਿਆਂ ’ਚ ਪਹੁੰਚ ਕੇ ਗੰਭੀਰ ਬੀਮਾਰੀਆਂ ਪੈਦਾ ਕਰਦੇ ਹਨ। ਪ੍ਰਦੂਸ਼ਿਤ ਹਵਾ ਦਿਲ ਦੇ ਰੋਗ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦੀ ਹੈ। ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਇੰਜਣ ’ਚ ਜਦੋਂ ਈਂਧਨ ਪੂਰੀ ਤਰ੍ਹਾਂ ਨਹੀਂ ਬਲਦਾ ਤਾਂ ਉਨ੍ਹਾਂ ਦੇ ਸਾਈਲੈਂਸਰ ’ਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਅਤੇ ਸੂਖਮ ਕਣ ਵਾਤਾਵਰਣ ’ਚ ਘੁਲ ਕੇ ਹਵਾ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦੇ ਹਨ।

ਸਰਕਾਰ ਨੇ ਇਸ ਪ੍ਰਦੂਸ਼ਣ ਨੂੰ ਕਾਬੂ ’ਚ ਰੱਖਣ ਲਈ ਕਈ ਤਰ੍ਹਾਂ ਦੇ ਨਿਯਮ ਅਤੇ ਕਾਇਦੇ ਬਣਾ ਰੱਖੇ ਹਨ। ਕੇਂਦਰੀ ਮੋਟਰ ਵਾਹਨ ਨਿਯਮ, 1989 ਅਧੀਨ ਵਾਹਨਾਂ ਤੋਂ ਹੋਣ ਵਾਲੇ ਹਵਾ ਅਤੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

1. ਸਾਰੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਯਾਦ ਰਹੇ ਕਿ ਨਵਾਂ ਵਾਹਨ ਖ਼ਰੀਦਣ ’ਤੇ ਇਕ ਸਾਲ ਤੱਕ ਪ੍ਰਦੂਸ਼ਣ ਜਾਂਚ ਤੋਂ ਛੋਟ ਮਿਲਦੀ ਹੈ ਅਤੇ ਉਸ ਤੋਂ ਬਾਅਦ ਹਰ ਸਾਲ ਵਾਹਨ ਦਾ ਸਰਟੀਫਿਕੇਟ ਬਣਵਾਉਣਾ ਜ਼ਰੂਰੀ ਹੈ। ਹਾਲ ਹੀ ’ਚ ਭਾਰਤ ਸਰਕਾਰ ਨੇ ਨਿਯਮਾਂ ’ਚ ਕੁਝ ਤਬਦੀਲੀ ਲਿਆਉਣ ਦਾ ਮਤਾ ਪਾਸ ਕੀਤਾ ਹੈ, ਜਿਸ ਅਧੀਨ 10 ਸਾਲ ਤੱਕ ਦੀ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਨੂੰ ਪ੍ਰਦੂਸ਼ਣ ਸਰਟੀਫਿਕੇਟ ਲਈ ਹਰ 3 ਸਾਲ ਬਾਅਦ ਹੀ ਇਸ ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ।

2. ਪੁਰਾਣੇ ਵਾਹਨਾਂ ਲਈ ਇਹ ਸਰਟੀਫਿਕੇਟ ਛੇ ਮਹੀਨੇ ਤੱਕ ਹੀ ਜਾਇਜ਼ ਰਹੇਗਾ।

3. ਇਸ ਸਰਟੀਫਿਕੇਟ ਦੀ ਜਾਣਕਾਰੀ ਵਾਹਨ ਦੇ ਡਾਟਾਬੇਸ ਨਾਲ ਜੋੜ ਦਿੱਤੀ ਗਈ ਹੈ ਅਤੇ ਸਰਟੀਫਿਕੇਟ ਦੀ ਮਿਆਦ ਖ਼ਤਮ ਹੋ ਜਾਣ ਤੋਂ ਬਾਅਦ ਗੱਡੀ ਦਾ ਚਲਾਨ ਸਿੱਧਾ ਗੱਡੀ ਦੇ ਮਾਲਕ ਦੇ ਮੋਬਾਈਲ ’ਤੇ ਹੀ ਭੇਜ ਦਿੱਤਾ ਜਾਂਦਾ ਹੈ।

4. ਪਹਿਲੀ ਵਾਰ ਉਲੰਘਣਾ ਕਰਨ ’ਤੇ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਤਿੰਨ ਮਹੀਨੇ ਦੀ ਜੇਲ ਜਾਂ ਦੋਵੇਂ ਵੀ ਹੋ ਸਕਦੇ ਹਨ।

5. ਦੋਸ਼ੀ ਚਾਲਕ ਦਾ ਡਰਾਈਵਿੰਗ ਲਾਇਸੈਂਸ ਤਿੰਨ ਮਹੀਨੇ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।

6. ਮੁੜ ਉਲੰਘਣਾ ਕਰਨ ’ਤੇ 6 ਮਹੀਨੇ ਤੱਕ ਦੀ ਜੇਲ ਜਾਂ 10,000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

7. ਯਾਦ ਰਹੇ ਕਿ ਗੱਡੀਆਂ ’ਚ ਬਹੁਤ ਜ਼ਿਆਦਾ ਆਵਾਜ਼ ਕਰਨ ਵਾਲੇ ਬਦਲੇ ਹੋਏ ਸਾਈਲੈਂਸਰ ਅਤੇ ਪ੍ਰੈਸ਼ਰ ਹਾਰਨ ਲਗਾਉਣਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ ਅਤੇ ਇਸ ਅਪਰਾਧ ਲਈ ਭਾਰੀ ਜੁਰਮਾਨਾ ਰੱਖਿਆ ਗਿਆ ਹੈ।

8. ਮੋਡੀਫਾਈਡ ਯੰਤਰ ਵੇਚਣ ਵਾਲੇ ਸੰਚਾਲਕਾਂ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਉੱਪਰ ਦੱਸੇ ਸਰਟੀਫਿਕੇਟ ਦਾ ਹੋਣਾ ਸਿਰਫ਼ ਇਕ ਖ਼ਾਨਾਪੂਰਤੀ ਹੀ ਲੱਗਦਾ ਹੈ, ਕਿਉਂਕਿ ਲੱਗਭਗ ਹਰ ਪੈਟਰੋਲ ਪੰਪ ਦੇ ਬਾਹਰ ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹੇ ਗਏ ਹਨ, ਜੋ 100 ਰੁਪਏ ਲੈ ਕੇ ਗੱਡੀ ਨੂੰ ਚੈੱਕ ਕੀਤੇ ਬਿਨਾਂ ਹੀ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ। ਅਜਿਹੇ ਸਰਟੀਫਿਕੇਟਾਂ ਨਾਲ ਪ੍ਰਦੂਸ਼ਣ ਕਦੇ ਵੀ ਖ਼ਤਮ ਨਹੀਂ ਹੋਵੇਗਾ। ਸਰਟੀਫਿਕੇਟ ਦੀ ਜਾਇਜ਼ਤਾ ਇਕ ਸਾਲ ਤੱਕ ਦੀ ਹੁੰਦੀ ਹੈ ਅਤੇ ਇਸੇ ਦੌਰਾਨ ਜੇਕਰ ਗੱਡੀ ਜ਼ਿਆਦਾ ਧੂੰਆਂ ਛੱਡਣਾ ਸ਼ੁਰੂ ਕਰ ਦਿੰਦੀ ਹੈ, ਤਾਂ ਇਸ ਸਰਟੀਫਿਕੇਟ ਦੇ ਹੋਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ।

ਇਸੇ ਤਰ੍ਹਾਂ ਜ਼ਿਆਦਾ ਜੁਰਮਾਨਾ ਰੱਖਣ ਨਾਲ ਪੁਲਸ ਅਤੇ ਹੋਰ ਕੰਟਰੋਲ ਕਰਨ ਵਾਲੀਆਂ ਏਜੰਸੀਆਂ ਚਾਲਕਾਂ ਤੋਂ ਚਲਾਨ ਕਰਨ ਦੇ ਬਦਲੇ ਗ਼ੈਰ-ਕਾਨੂੰਨੀ ਢੰਗ ਨਾਲ ਰਿਸ਼ਵਤ ਲੈ ਸਕਦੀਆਂ ਹਨ ਅਤੇ ਅਜਿਹਾ ਕੁਝ ਹੋ ਵੀ ਰਿਹਾ ਹੈ।

ਇਸ ਸਬੰਧੀ ਹੇਠ ਲਿਖੇ ਸੁਝਾਅ ਦਿੱਤੇ ਜਾ ਰਹੇ ਹਨ :

1. ਪ੍ਰਦੂਸ਼ਣ ਕੰਟਰੋਲ ਕਰਨ ਵਾਲੀਆਂ ਏਜੰਸੀਆਂ ਨੂੰ ਪ੍ਰਦੂਸ਼ਣ ਜਾਂਚ ਕਰਨ ਵਾਲੇ ਯੰਤਰ ਲੋੜੀਂਦੀ ਮਾਤਰਾ ’ਚ ਮੁਹੱਈਆ ਕਰਵਾਉਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੀ ਵਰਤੋਂ ਨਾਲ ਅਸਲ ਪ੍ਰਦੂਸ਼ਣ ਨਿਕਾਸੀ ਦਾ ਪਤਾ ਲਗਾਇਆ ਜਾ ਸਕੇ।

2. ਇਨ੍ਹਾਂ ਯੰਤਰਾਂ ਦੀ ਵਰਤੋਂ ਕਿਸੇ ਸੀਨੀਅਰ ਅਧਿਕਾਰੀ ਦੀ ਦੇਖ-ਰੇਖ ਹੇਠ ਹੀ ਕਰਵਾਉਣੀ ਚਾਹੀਦੀ ਹੈ।

3. ਪ੍ਰਦੂਸ਼ਣ ਰੋਕਣ ਲਈ ਪੁਲਸ ਨੂੰ ਸਮੇਂ-ਸਮੇਂ ’ਤੇ ਚਿਤਾਵਨੀ ਮੁਹਿੰਮਾਂ ਵੀ ਚਲਾਉਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸਰਕਾਰ ਨੂੰ ਆਪਣੇ ਵੱਲੋਂ ਚੁੱਕੇ ਗਏ ਕਦਮਾਂ ਨੂੰ ਹੋਰ ਵੀ ਅਸਰਦਾਰ ਬਣਾਉਣ ਲਈ ਹੇਠ ਲਿਖੇ ਪਹਿਲੂਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।

-ਇਲੈਕਟ੍ਰਿਕ ਜਾਂ ਸੀ. ਐੱਨ. ਜੀ. ਦੀ ਵਰਤੋਂ ਵਧਾਉਣੀ ਚਾਹੀਦੀ ਹੈ। ਇਸ ਪਹਿਲੂ ਵੱਲ ਕੇਂਦਰ ਸਰਕਾਰ ਪਹਿਲ ਦੇ ਆਧਾਰ ’ਤੇ ਧਿਆਨ ਦੇ ਰਹੀ ਹੈ। ਹਿਮਾਚਲ ਸਰਕਾਰ ਨੇ ਹਾਲ ਹੀ ’ਚ ਇਲੈਕਟ੍ਰਿਕ ਬੱਸਾਂ ਦਾ ਪੂਰਾ ਬੇੜਾ ਪੁਲਸ ’ਚ ਸ਼ਾਮਲ ਕੀਤਾ ਹੈ। ਅਜਿਹੇ ਵਾਹਨਾਂ ਦੀ ਰਜਿਸਟ੍ਰੇਸ਼ਨ ਫ਼ੀਸ ਵੀ ਘੱਟ ਰੱਖੀ ਗਈ ਹੈ। ਇਹੀ ਕਾਰਨ ਹੈ ਕਿ ਹਿਮਾਚਲ ਪ੍ਰਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਅਤੇ ਪ੍ਰਦੂਸ਼ਣ ’ਤੇ ਕਾਬੂ ਪਾਇਆ ਜਾ ਰਿਹਾ ਹੈ। ਅਜਿਹੇ ਕਦਮ ਹੋਰਨਾਂ ਸੂਬਿਆਂ ਨੂੰ ਵੀ ਚੁੱਕਣੇ ਚਾਹੀਦੇ ਹਨ।

-ਸੂਰਜੀ ਊਰਜਾ, ਹਵਾ ਈਂਧਨ ਆਦਿ ਦੀ ਵਰਤੋਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ, ਜੋ ਇਕ ਚੰਗੀ ਪਹਿਲ ਹੈ।

-ਇਸੇ ਤਰ੍ਹਾਂ ਵਾਹਨਾਂ ਦੇ ਹਾਰਨ, ਵੱਡੇ ਲਾਊਡ ਸਪੀਕਰ ਅਤੇ ਉਸਾਰੀ ਕਾਰਜਾਂ ਦੇ ਸ਼ੋਰ ਨਾਲ ਤਣਾਅ ਅਤੇ ਸੁਣਨ ਦੀ ਸਮਰੱਥਾ ’ਚ ਕਮੀ ਆਉਂਦੀ ਹੈ। ਬੁਲੇਟ ਮੋਟਰਸਾਈਕਲ ਦੇ ਸਾਈਲੈਂਸਰਾਂ ਨੂੰ ਮੋਡੀਫਾਈਡ ਕਰ ਕੇ ਮਨਚਲੇ ਨੌਜਵਾਨ ਬੜੀ ਤਿੱਖੀ ਆਵਾਜ਼ ਵਾਲੇ ਹਾਰਨ ਵਜਾਉਂਦੇ ਹਨ। ਅਜਿਹੀ ਉਲੰਘਣਾ ਕਰਨ ਵਾਲੇ ਚਾਲਕਾਂ ’ਤੇ ਪੁਲਸ ਨੂੰ ਇਕ ਵਿਸ਼ੇਸ਼ ਮੁਹਿੰਮ ਤਹਿਤ ਸ਼ਿਕੰਜਾ ਕੱਸਣਾ ਚਾਹੀਦਾ ਹੈ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਦੀ ਇਸ ਗੰਭੀਰ ਅਤੇ ਅਹਿਮ ਸਮੱਸਿਆ ਨੂੰ ਸੁਲਝਾਉਣ ਲਈ ਜਿੱਥੇ ਇਕ ਪਾਸੇ ਸਰਕਾਰੀ ਤੰਤਰ ਨੂੰ ਸਰਗਰਮ ਹੋਣਾ ਪਵੇਗਾ, ਉੱਥੇ ਹੀ ਦੂਜੇ ਪਾਸੇ ਸਾਰੇ ਵਾਹਨ ਚਾਲਕਾਂ ਨੂੰ ਆਪਣੀ-ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਪ੍ਰਦੂਸ਼ਣ ’ਤੇ ਰੋਕ ਲਗਾਉਣ ਲਈ ਨਿੱਜੀ ਅਤੇ ਸਮੂਹਿਕ ਦੋਵਾਂ ਪੱਧਰਾਂ ’ਤੇ ਕਦਮ ਚੁੱਕਣ ਦੀ ਲੋੜ ਹੈ।

- ਰਾਜਿੰਦਰ ਮੋਹਨ ਸ਼ਰਮਾ


author

Anmol Tagra

Content Editor

Related News