ਦੂਸਰਿਆਂ ’ਚ ਕਮੀਆਂ ਕਿਉਂ ਕੱਢਦੇ ਰਹਿੰਦੇ ਨੇ ਕੁਝ ਲੋਕ?

Friday, Nov 27, 2026 - 04:32 PM (IST)

ਦੂਸਰਿਆਂ ’ਚ ਕਮੀਆਂ ਕਿਉਂ ਕੱਢਦੇ ਰਹਿੰਦੇ ਨੇ ਕੁਝ ਲੋਕ?

ਅੱਜਕੱਲ ਦੂਸਰਿਆਂ ’ਚ ਖੋਟ ਜਾਂ ਕਮੀਆਂ ਕੱਢਦੇ ਰਹਿਣਾ ਕੁਝ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਜਦੋਂ ਦੇਖੋ ਇਕ-ਦੂਜੇ ਦੀ ਚੁਗਲੀ-ਨਿੰਦਾ ਕਰਦੇ ਰਹਿਣਾ ਅਜਿਹੇ ਲੋਕਾਂ ਦੀ ਮਾਨਸਿਕ ਅਸੰਤੁਲਨ ਦੀ ਸਥਿਤੀ ਦਾ ਸੂਚਕ ਹੋ ਸਕਦਾ ਹੈ। ਆਖ਼ਿਰ ਲੋਕ ਅਜਿਹਾ ਕਿਉਂ ਕਰਦੇ ਹਨ?

ਦੂਸਰਿਆਂ ’ਚ ਹਮੇਸ਼ਾ ਕਮੀਆਂ ਜਾਂ ਖੋਟ ਕੱਢਣ ਦੀ ਆਦਤ ਨੂੰ ਮਨੋਵਿਗਿਆਨ ’ਚ ਅਕਸਰ ਕ੍ਰਿਟੀਕਲ ਨੇਚਰ ਜਾਂ ਪ੍ਰੋਜੈਕਟਿੰਗ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਕਈ ਡੂੰਘੇ ਮਾਨਸਿਕ ਅਤੇ ਭਾਵਨਾਤਮਕ ਕਾਰਨ ਹੁੰਦੇ ਹਨ। ਅਕਸਰ ਇਸ ਦਾ ਸਬੰਧ ਸਾਹਮਣੇ ਵਾਲੇ ਦੀ ਗ਼ਲਤੀ ਤੋਂ ਘੱਟ, ਸਗੋਂ ਕਮੀ ਕੱਢਣ ਵਾਲੇ ਵਿਅਕਤੀ ਦੇ ਆਪਣੇ ਅੰਦਰ ਚੱਲ ਰਹੀ ਉਥਲ-ਪੁਥਲ ਨਾਲ ਜ਼ਿਆਦਾ ਹੁੰਦਾ ਹੈ। ਇਸ ਦੇ ਅਨੇਕ ਕਾਰਨ ਹਨ। ਜਿਨ੍ਹਾਂ ਲੋਕਾਂ ’ਚ ਆਤਮਵਿਸ਼ਵਾਸ ਦੀ ਕਮੀ ਹੁੰਦੀ ਹੈ, ਉਹ ਅਕਸਰ ਦੂਸਰਿਆਂ ਨੂੰ ਨੀਵਾਂ ਦਿਖਾ ਕੇ ਖ਼ੁਦ ਨੂੰ ਬਿਹਤਰ ਜਾਂ ਸ੍ਰੇਸ਼ਠ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਸਰਿਆਂ ਦੀਆਂ ਕਮੀਆਂ ਗਿਣਾਉਣ ਨਾਲ ਉਨ੍ਹਾਂ ਨੂੰ ਕੁਝ ਪਲ ਲਈ ਆਪਣੀਆਂ ਕਮੀਆਂ ਤੋਂ ਧਿਆਨ ਹਟਾਉਣ ਦਾ ਮੌਕਾ ਮਿਲ ਜਾਂਦਾ ਹੈ। ਸ਼ਾਇਰ ਦੇ ਸ਼ਬਦਾਂ ’ਚ-‘ਸਾਡੀਆਂ ਕਮੀਆਂ ਕੱਢਣ ’ਚ ਲੱਗੇ ਹੋਏ ਹਨ ਉਹ, ਜਿਨ੍ਹਾਂ ਦੀਆਂ ਆਪਣੀਆਂ ਲੰਗੋਟੀਆਂ ਵੀ ਫਟੀਆਂ ਹੋਈਆਂ ਹਨ।’

ਮਨੋਵਿਗਿਆਨ ਮੁਤਾਬਕ, ਕਈ ਵਾਰ ਇਨਸਾਨ ਜਿਨ੍ਹਾਂ ਬੁਰਾਈਆਂ ਜਾਂ ਕਮਜ਼ੋਰੀਆਂ ਨੂੰ ਆਪਣੇ ਅੰਦਰ ਸਵੀਕਾਰ ਨਹੀਂ ਕਰ ਸਕਦਾ, ਉਨ੍ਹਾਂ ਨੂੰ ਉਹ ਦੂਸਰਿਆਂ ’ਚ ਦੇਖਣ ਲੱਗਦਾ ਹੈ ਅਤੇ ਉਨ੍ਹਾਂ ਦੀ ਆਲੋਚਨਾ ਕਰਦਾ ਹੈ। ਜੇਕਰ ਕਿਸੇ ਵਿਅਕਤੀ ਦਾ ਬਚਪਨ ਅਜਿਹੇ ਮਾਹੌਲ ’ਚ ਬੀਤਿਆ ਹੋਵੇ, ਜਿੱਥੇ ਹਰ ਛੋਟੀ ਗੱਲ ’ਤੇ ਟੋਕਾ-ਟਾਕੀ ਹੁੰਦੀ ਸੀ ਜਾਂ ਬਹੁਤ ਸਖ਼ਤ ਨਿਯਮ ਸਨ, ਤਾਂ ਵੱਡਾ ਹੋ ਕੇ ਉਹ ਅਣਜਾਣੇ ’ਚ ਹੀ ਦੂਸਰਿਆਂ ਨਾਲ ਅਜਿਹਾ ਹੀ ਵਿਵਹਾਰ ਕਰਨ ਲੱਗਦਾ ਹੈ। ਉਸ ਨੂੰ ਲੱਗਦਾ ਹੈ ਕਿ ਕਮੀਆਂ ਕੱਢਣਾ ਹੀ ਆਮ ਵਿਵਹਾਰ ਹੈ। ਜੋ ਵੀ ਇਨਸਾਨ ਆਪਣੇ ਸੰਪਰਕ ’ਚ ਆਉਣ ਵਾਲੇ ਦੂਸਰਿਆਂ ਲੋਕਾਂ ਦੀ ਜ਼ਰਾ-ਜ਼ਰਾ ਜਿਹੀ ਗ਼ਲਤੀ ਕੱਢਦੇ ਰਹਿੰਦੇ ਹਨ, ਉਹ ਸਹੀ ਅਰਥਾਂ ’ਚ ਉਸ ਦੇ ਹਿਤੈਸ਼ੀ ਨਹੀਂ ਹੁੰਦੇ, ਜਿਸ ਦੀ ਗ਼ਲਤੀ ਕੱਢ ਰਹੇ ਹਨ। ਉਹ ਲੋਕ ਮਾਨਸਿਕ ਤੌਰ ’ਤੇ ਬੀਮਾਰ ਹੁੰਦੇ ਹਨ।

ਅਜਿਹੇ ਹੀ ਕੁਝ ਲੋਕਾਂ ਨੂੰ ਹਰ ਚੀਜ਼ ਆਪਣੇ ਹਿਸਾਬ ਨਾਲ ਪਰਫੈਕਟ ਚਾਹੀਦੀ ਹੁੰਦੀ ਹੈ। ਜਦੋਂ ਕੋਈ ਕੰਮ ਉਨ੍ਹਾਂ ਦੇ ਤਰੀਕੇ ਨਾਲ ਨਹੀਂ ਹੁੰਦਾ, ਤਾਂ ਉਹ ਬੇਚੈਨ ਹੋ ਜਾਂਦੇ ਹਨ ਅਤੇ ਸਾਹਮਣੇ ਵਾਲੇ ’ਚ ਖੋਟ ਕੱਢ ਕੇ ਸਥਿਤੀ ’ਤੇ ਆਪਣਾ ਕੰਟਰੋਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਹਾਂਪੱਖੀ ਤਰੀਕੇ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚ ਸਕਦੇ, ਇਸ ਲਈ ਉਹ ਹਰ ਗੱਲ ’ਚ ਨੁਕਸ ਕੱਢ ਕੇ ਜਾਂ ਨਾਂਹ-ਪੱਖੀ ਟਿੱਪਣੀ ਕਰ ਕੇ ਚਰਚਾ ’ਚ ਬਣੇ ਰਹਿਣਾ ਚਾਹੁੰਦੇ ਹਨ।

ਜੋ ਲੋਕ ਆਪਣੀ ਖ਼ੁਦ ਦੀ ਜ਼ਿੰਦਗੀ, ਕਰੀਅਰ ਜਾਂ ਰਿਸ਼ਤਿਆਂ ਤੋਂ ਖ਼ੁਸ਼ ਨਹੀਂ ਹੁੰਦੇ, ਉਨ੍ਹਾਂ ਦੇ ਅੰਦਰ ਇਕ ਚਿੜਚਿੜਾਪਨ ਭਰ ਜਾਂਦਾ ਹੈ। ਦੂਸਰਿਆਂ ਦੀ ਸਫ਼ਲਤਾ ਜਾਂ ਖ਼ੁਸ਼ੀ ਦੇਖ ਕੇ ਉਨ੍ਹਾਂ ਨੂੰ ਜਲਣ ਹੁੰਦੀ ਹੈ, ਜੋ ਕਮੀਆਂ ਕੱਢਣ ਦੇ ਰੂਪ ’ਚ ਬਾਹਰ ਆਉਂਦੀ ਹੈ। ਮਨੋਵਿਗਿਆਨ ਕਹਿੰਦਾ ਹੈ ਕਿ ਅਜਿਹੇ ਲੋਕਾਂ ਦੀਆਂ ਗੱਲਾਂ ਨੂੰ ਦਿਲ ’ਤੇ ਲੈਣ ਦੀ ਬਜਾਏ ਇਹ ਸਮਝਣਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਨੁਕਸ ਕੱਢਣ ਦੀ ਆਦਤ ਉਨ੍ਹਾਂ ਦੀ ਆਪਣੀ ਅਸੰਤੁਲਿਤ ਮਾਨਸਿਕ ਸਥਿਤੀ ਦਾ ਆਇਨਾ ਹੈ, ਤੁਹਾਡੀ ਕਾਬਲੀਅਤ ਦਾ ਸਰਟੀਫਿਕੇਟ ਨਹੀਂ। ਸ਼ਾਂਤ ਰਹਿ ਕੇ ਉਨ੍ਹਾਂ ਦੀਆਂ ਗ਼ੈਰ-ਜ਼ਰੂਰੀ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਆਪਣੀਆਂ ਹੱਦਾਂ ਤੈਅ ਕਰਨਾ ਸਭ ਤੋਂ ਬਿਹਤਰ ਤਰੀਕਾ ਹੈ।

ਨਿਚੋੜ ਦੀ ਗੱਲ ਇਹ ਹੈ ਕਿ ਦੂਸਰੇ ਇਨਸਾਨਾਂ ’ਚ ਕਮੀਆਂ ਕੱਢਣਾ ਇਨਸਾਨ ਦੀ ਸਭ ਤੋਂ ਵੱਡੀ ਕਮੀ ਹੈ। ਜੇਕਰ ਕਿਸੇ ’ਚ ਕੁਝ ਲੱਭਣਾ ਹੈ ਤਾਂ ਸਿਰਫ਼ ਉਸ ਇਨਸਾਨ ’ਚ ਹਾਂਪੱਖੀਪਣ ਨੂੰ ਦੇਖੋ। ਜੇਕਰ ਅਸੀਂ ਕਿਸੇ ਵੀ ਵਿਅਕਤੀ ’ਚ ਨਾਂਹ-ਪੱਖੀਪਣ ਨੂੰ ਦੇਖਦੇ ਹਾਂ ਤਾਂ ਸਾਡੇ ਚਾਰੇ ਪਾਸੇ ਨਾਂਹ-ਪੱਖੀ ਤਾਕਤ ਹਾਵੀ ਹੋ ਜਾਂਦੀ ਹੈ, ਜੋ ਸਾਨੂੰ ਕਦੇ ਵੀ ਅੱਗੇ ਵਧਣ ਨਹੀਂ ਦਿੰਦੀ। ਸਾਨੂੰ ਸਾਥੀ ਇਨਸਾਨਾਂ ’ਚ ਕਮੀਆਂ ਨਹੀਂ, ਉਨ੍ਹਾਂ ਦੀ ਚੰਗਿਆਈ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਬਕੌਲ ਸ਼ਾਇਰ-‘ਉਮਰ ਹੁੰਦੀ ਜਾ ਰਹੀ ਲੋਕਾਂ ’ਚ ਨੁਕਸ ਕੱਢਦੇ-ਕੱਢਦੇ, ਇੰਨਾ ਖ਼ੁਦ ਨੂੰ ਸੁਧਾਰਿਆ ਹੁੰਦਾ, ਤਾਂ ਫ਼ਰਿਸ਼ਤੇ ਬਣ ਜਾਂਦੇ।’

- ਡਾ. ਵਰਿੰਦਰ ਭਾਟੀਆ


author

Anmol Tagra

Content Editor

Related News