ਸਾਡੇ ਬਚਪਨ ਦੇ ਸਮੇਂ ਦੀ ਖੇਤੀ-ਕਿਸਾਨੀ

Friday, Nov 08, 2024 - 02:36 PM (IST)

ਸਾਡੇ ਬਚਪਨ ਦੇ ਸਮੇਂ ਦੀ ਖੇਤੀ-ਕਿਸਾਨੀ

ਸੰਭਵ ਹੈ ਕਿ ਅੱਜ ਦੇ ਮਸ਼ੀਨੀ ਯੁੱਗ ਦੇ ਨੌਜਵਾਨ ਕਿਸਾਨ ਨੇ ਸਾਡੇ ਬਚਪਨ ਦੇ ਕਿਸਾਨ ਨੂੰ ਨਾ ਦੇਖਿਆ ਹੋਵੇਗਾ? ਅੱਜ ਦੇ ਨੌਜਵਾਨ ਕਿਸਾਨ ਨੂੰ ਸ਼ਾਇਦ ਉਸ ਸਮੇਂ ਦੇ ਖੇਤੀ ਸੰਦਾਂ ਬਾਰੇ ਵੀ ਪਤਾ ਨਾ ਹੋਵੇ। ਅੱਜ ਕਿਸਾਨ ਕੋਲ ਟਰੈਕਟਰ-ਟਰਾਲੀਆਂ, ਨਵੇਂ ਖੇਤੀ ਸੰਦ, ਆਧੁਨਿਕ ਤਕਨੀਕ, ਨਵੀਆਂ ਖਾਦਾਂ, ਨਵੇਂ ਬੀਜ ਹਨ ਅਤੇ ਖੇਤੀ ਦੇ ਨਵੇਂ-ਨਵੇਂ ਢੰਗ ਅੱਜ ਕਿਸਾਨ ਨੇ ਸਿੱਖ ਲਏ ਹਨ। ਅੱਜ ਦੇ ਕਿਸਾਨ ਦੇ ਹੱਥ ਇਕ ਨਵੀਂ ਕ੍ਰਾਂਤੀ ਆਈ ਹੈ। ਨਵੇਂ ਕਾਲਜ ਅਤੇ ਯੂਨੀਵਰਸਿਟੀਆਂ ਖੇਤੀ ਨਾਲ ਸਬੰਧਤ ਨਵੀਆਂ ਖੋਜਾਂ ਕਰ ਰਹੀਆਂ ਹਨ। ਸਾਡੇ ਸਮਿਆਂ ਵਿਚ ਕਿਸਾਨ ਦੇ ਸਾਹਮਣੇ ਹਨੇਰਾ ਹੀ ਹੁੰਦਾ ਸੀ। ਉਹ ਕਰਜ਼ਿਆਂ ਅਤੇ ਸ਼ਾਹੂਕਾਰਾਂ ਦੇ ਬਹੀ-ਖਾਤਿਆਂ ਤੋਂ ਡਰਿਆ ਹੋਇਆ ਸੀ।

ਜੇਕਰ ਤੁਸੀਂ ਮੇਰੇ ਸਮੇਂ ਦੇ ਕਿਸਾਨ ਦੀ ਹਾਲਤ ਦੇਖਣੀ ਹੋਵੇ ਤਾਂ ਅੱਜ ਦੇ ਕਿਸਾਨ ਨੂੰ ਮੁਨਸ਼ੀ ਪ੍ਰੇਮਚੰਦ ਦਾ ਨਾਵਲ ‘ਗੋਦਾਨ’ ਪੜ੍ਹਨਾ ਚਾਹੀਦਾ ਹੈ। ਜੇਕਰ ਤੁਸੀਂ ਕਿਸਾਨ ਦੀ ਗੰਭੀਰ ਹਾਲਤ ਨੂੰ ਹੋਰ ਗੰਭੀਰਤਾ ਨਾਲ ਜਾਣਨਾ ਚਾਹੁੰਦੇ ਹੋ ਤਾਂ ਬਾਲੀਵੁੱਡ ਦੇ ਮਹਾਨ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਮਰਹੂਮ ਮਹਿਬੂਬ ਖਾਨ ਦੀ ਕਲਾਸਿਕ ਫਿਲਮ ‘ਮਦਰ ਇੰਡੀਆ’ ਦਾ ਇਕ ਖੇਤੀ ਦ੍ਰਿਸ਼ ਦੇਖ ਕੇ 1940 ਤੋਂ 1955 ਤੱਕ ਕਿਸਾਨਾਂ ਦੀ ਹਾਲਤ ਜ਼ਰੂਰ ਦੇਖੋ।

ਉਸ ਸਮੇਂ ਕਿਸਾਨ ਕੋਲ ਦੋ ਬਲਦ, ਇਕ ਹਲ-ਪੰਜਾਲੀ ਅਤੇ ਦੋ ਅਰਲੀਆਂ ਹੀ ਉਸ ਦੀ ‘ਜੋਤ’ ਸਨ। ਸਾਰਾ ਕਿਸਾਨ ਪਰਿਵਾਰ ਦੋ ਘੁਮਾਂ ਦੀ ਖੇਤੀ ਵਿਚ ਲੱਗਾ ਰਹਿੰਦਾ। ਉਸ ਸਮੇਂ ਅਨਪੜ੍ਹ ਕਿਸਾਨ ਲਈ ਖੇਤੀ ਧੰਦਾ ਨਹੀਂ ਸਗੋਂ ਰੋਜ਼ੀ-ਰੋਟੀ ਦਾ ਸਾਧਨ ਸੀ। ਇਸ ਤੋਂ ਇਲਾਵਾ ਇਹ ਦੁੱਖ ਦੀ ਗੱਲ ਹੈ ਕਿ ਸੁਖੀਰਾਮ ਵਰਗੇ ਸ਼ਾਹੂਕਾਰ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਨੂੰ ਝੂਠੇ ਬਹੀ-ਖਾਤਿਆਂ ਨਾਲ ਲੁੱਟਦੇ ਸਨ। ਜੇਕਰ ਫ਼ਸਲ ਨਾਲ ਕਰਜ਼ਾ ਨਾ ਮੋੜ ਸਕਿਆ ਤਾਂ ਸੁਖੀਰਾਮ ਉਸ ਦਾ ਬਲਦ ਹਿਕ ਕੇ ਲੈ ਜਾਂਦਾ ਜਾਂ ਕਿਸਾਨ ਦੀ ਪਤਨੀ ਦਾ ‘ਮੰਗਲਸੂਤਰ’ ਵਾਪਸ ਨਾ ਕਰਦਾ। ਹੈ ਨਾ ਉਸ ਵੇਲੇ ਦੇ ਕਿਸਾਨ ਦੀ ਮਨੁੱਖੀ ਤ੍ਰਾਸਦੀ?

ਅੱਜ ਇਕ ਕਿਸਾਨ ਕਰਜ਼ੇ ਥੱਲੇ ਆ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ, ਜਦੋਂ ਕਿ ਉਸ ਸਮੇਂ ਪੰਡਿਤ ਲੋਕ ਉਸ ਨੂੰ ‘ਗੋਦਾਨ’ ਕੀਤੇ ਬਿਨਾਂ ਮਰਨ ਵੀ ਨਹੀਂ ਦਿੰਦੇ ਸਨ। ਅੱਜ-ਕੱਲ੍ਹ ਦਾ ਬੀ. ਏ. ਪਾਸ ਨੌਜਵਾਨ ਟਰੈਕਟਰ ਚਲਾਉਣ ’ਚ ਸ਼ਰਮ ਮਹਿਸੂਸ ਕਰਦਾ ਹੈ, ਉਸ ਵੇਲੇ ਨੌਜਵਾਨ ਕਿਸਾਨ ਮੀਂਹ ਲਈ 24 ਘੰਟੇ ਆਸਮਾਨ ਅਤੇ ਰੱਬ ਵੱਲ ਵੇਖਦਾ ਰਹਿੰਦਾ ਸੀ। ਪਿੰਡ ਥਰਿਆਲ (ਮਾਧੋਪੁਰ) ਵਿਚ ਜਿੱਥੇ ਮੇਰਾ ਚਾਚਾ ਛੋਟੀ-ਮੋਟੀ ਖੇਤੀ ਕਰਦਾ ਸੀ, ਉੱਥੇ 6 ‘ਬੰਡਰਾਂ’ ਦੇ ਲੋਕਾਂ ਲਈ ਸਿਰਫ਼ ਇਕ ਹੀ ਪੁਰਾਤਨ ਖੂਹ ਸੀ ਜਿਸ ’ਚ 37 ਹੱਥ ਲੱਜ ਪੈਂਦੀ ਸੀ। ਉਸ ਖੂਹ ਤੋਂ ਪੀਣ ਵਾਲਾ ਪਾਣੀ ਲੈਣ ਲਈ ਸਿਰਾਂ ’ਤੇ ਘੜੇ ਲੈ ਕੇ ਆਈਆਂ ਔਰਤਾਂ ਦਾ ਸਦਾ ਮੇਲਾ ਲੱਗਾ ਰਹਿੰਦਾ ਸੀ। ਘਰ ਦੀ ਇਕ ਔਰਤ ਤਾਂ ਸਿਰਫ਼ ਪਾਣੀ ਢੋਣ ਵਿਚ ਲੱਗੀ ਰਹਿੰਦੀ ਸੀ।

ਚਾਚੇ ਦੀ ਖੇਤੀ ਵਿਚ ਮਦਦ ਕਰਦੇ ਹੋਏ, ਲੋਕਾਂ ਦੇ ਪਸ਼ੂ ਵੀ ਚਾਰਨੇ ਪੈਂਦੇ ਸਨ ਕਿਉਂਕਿ ਚਾਚੇ ਦੀ ਖੇਤੀ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਔਖਾ ਸੀ। ਅਸੀਂ ਤਿੰਨ-ਚਾਰ ਮੁੰਡੇ ਪਿੰਡ ਦੇ ਪਸ਼ੂ ਚਾਰਦੇ ਸਾਂ ਤੇ ਵਾਰੀ-ਵਾਰੀ ‘ਮੋੜੀਆਂ’ ਵੀ ਕਰਦੇ ਸਾਂ।

1950 ਵਿਚ, 60 ਰੁਪਏ ਜੋੜ ਕੇ ਥਰਿਆਲ ਨੇੜੇ ਜੈਨੀ ਪਿੰਡ ਦੇ ਇਕ ਜੱਟ ਪਰਿਵਾਰ ਤੋਂ ਹਲ ਵਾਹੁਣ ਲਈ ਦੋ ਬਲਦ ਵੀ ਖਰੀਦ ਲਏ। ਉਸ ਸਮੇਂ ਸਿਹਤ ਸਹੂਲਤਾਂ ਬਾਰੇ ਕਿਸੇ ਨੂੰ ਗਿਆਨ ਵੀ ਨਹੀਂ ਸੀ। ਉਸ ਸਮੇਂ ਲੜਕੀਆਂ ਸਕੂਲਾਂ ਵਿਚ ਬਿਲਕੁਲ ਨਹੀਂ ਪੜ੍ਹਦੀਆਂ ਸਨ। ਉਸ ਸਮੇਂ ਪਿੰਡ ਦੇ 90 ਫੀਸਦੀ ਲੋਕ ਅਨਪੜ੍ਹ ਸਨ। ਉਸ ਪਿੰਡ ਵਿਚ ਸਾਰਾ ਸਾਲ ਸਿਰਫ਼ ਕਣਕ ਦੀ ਹੀ ਫਸਲ ਹੁੰਦੀ ਸੀ। ਕੁਝ ਅਮੀਰ ਕਿਸਾਨ ਚੌਲਾਂ ਦੀ ਖੇਤੀ ਲਈ ‘ਅਠਘੜ’ ਇਲਾਕੇ ਵਿਚ ਆਪਣੀਆਂ ਜੋਤਾਂ ਲੈ ਕੇ ਚਲੇ ਜਾਂਦੇ ਸਨ। ਅੱਜ ਤਾਂ ਉਸ ਪਿੰਡ ਵਿਚ ਸਿੰਚਾਈ ਦੇ ਸਾਧਨ ਉਪਲਬਧ ਹੋ ਗਏ ਹਨ।

ਜਦੋਂ ਅਸੀਂ ਖੇਤੀ ਕਰਦੇ ਸੀ ਤਾਂ ਇਕ ਵੱਡਾ ਛੱਪੜ ਅਤੇ ਤਿੰਨ ਛੋਟੇ-ਛੋਟੇ ਛੱਪੜ ਹੁੰਦੇ ਸਨ। ਅੱਜ ਦੇ ਕਿਸਾਨਾਂ ਨੇ ਖੂਹਾਂ ਨੂੰ ਬੇਕਾਰ ਕਰ ਦਿੱਤਾ ਹੈ, ਪਿੰਡਾਂ ਦੀਆਂ ਬਾੜੀਆਂ ਅਤੇ ਛੱਪੜਾਂ ’ਤੇ ਕਿਸਾਨਾਂ ਨੇ ਹੀ ਕਬਜ਼ੇ ਕਰ ਲਏ। ਜੋ ਛੱਪੜ ਸਨ ਉਨ੍ਹਾਂ ’ਚ ਪਿੰਡ ਦਾ ਗੰਦਾ ਪਾਣੀ ਭਰ ਦਿੱਤਾ। ਹੁਣ ਤਾਂ ਪਸ਼ੂ ਵੀ ਛੱਪੜ ਦਾ ਪਾਣੀ ਨਹੀਂ ਪੀਂਦੇ। ਇਸ ਸਮੇਂ ਦੇ ਬਦਲਾਅ ਨੂੰ ਸਮਝੋ, ਅੱਜ ਨਾ ਸਿਰਫ਼ ਪਿੰਡਾਂ ਦੀ ਜ਼ਮੀਨ ਦਾ ਸਰੂਪ ਬਦਲਿਆ ਹੈ, ਕਿਸਾਨਾਂ ਦਾ ਸੁਭਾਅ ਵੀ ਬਦਲ ਗਿਆ ਹੈ। ਕਿਸੇ ਵਿਚ ਹਮਦਰਦੀ, ਪਿਆਰ ਜਾਂ ਸਨੇਹ ਰਿਹਾ ਹੀ ਨਹੀਂ। ਮੇਰੇ ਕਿਸਾਨਾਂ ਕੋਲ ਪਿੰਡਾਂ ਵਿਚ ਸਿਰਫ ਝੌਂਪੜੀਆਂ ਹੀ ਹੁੰਦੀਆਂ ਸਨ। ਝੌਂਪੜੀਆਂ ਵਿਚ ਬਹੁਤ ਪਿਆਰ ਦੇਖਿਆ। ਫਿਰ ਖੇਤੀ ਖੇਤਰ ਵਿਚ ਅਸਮਾਨਤਾ ਦਾ ਦੌਰ ਸ਼ੁਰੂ ਹੋ ਗਿਆ।

ਪਿੰਡਾਂ ਦੇ ਵਿਆਹਾਂ ਵਿਚ ਔਰਤਾਂ ਲੜਕਿਆਂ ਵਾਲਿਆਂ ਨੂੰ ਸਿੱਠਣੀਆਂ ਦਿੰਦੀਆਂ, ਬਰਾਤੀਆਂ ਨੂੰ ਲੋਟ-ਪੋਟ ਕਰ ਦਿੰਦੀਆਂ। ਕਈ ਵਾਰ ਉਹ ਲੜਕੇ ਵਾਲਿਆਂ ਨੂੰ ਮਿੱਠੀਆਂ-ਮਿੱਠੀਆਂ ਗਾਲ੍ਹਾਂ ਵੀ ਕੱਢ ਦਿੰਦੀਆਂ। ਵਿਦਾਇਗੀ ਸਮੇਂ ਰੋਂਦੀ ਵਿਆਹੀ ਕੁੜੀ ਦੇ ਝੋਲੇ ਵਿਚ ਚੁਆਨੀ ਅਤੇ ਇਕ ਠੂਠੀ ਪਾ ਦਿੱਤੀ ਜਾਂਦੀ। ਸਾਰੇ ਪਿੰਡ ਦਾ ਮਾਹੌਲ ਉਦਾਸ ਹੋ ਜਾਂਦਾ। ਵਿਆਹ ਤੋਂ ਇਕ ਮਹੀਨਾ ਪਹਿਲਾਂ ‘ਸੁਹਾਗ’ ਗਾਏ ਜਾਂਦੇ। ਪਰਿਵਾਰ ਵਾਲੇ ‘ਗੁੜ ਦੀ ਰਿਓੜੀ', ‘ਪਤਾਸੇ’ ਜਾਂ ‘ਮੂੰਗਫਲੀ’ ਨਾਲ ਗਾਉਣ ਵਾਲਿਆਂ ਦੀਆਂ ਝੋਲੀਆਂ ਭਰ ਦਿੰਦੇ ਸਨ। ਹੁਣ ਉਹ ਵਿਆਹ ਕਿੱਥੇ ਹਨ? ਉਹ ਬਰਾਤ ਕਿੱਥੇ? ਮੁੰਡੇ ਨੂੰ ਵਿਆਹੁਣ ਲਈ ਪਿੰਡੋਂ ਬਰਾਤ ਜਾਂਦੀ ਹੁੰਦੀ ਤਾਂ ਬਰਾਤੀਆਂ ਦਾ ਰੋਹਬ ਹੀ ਵੱਖਰਾ ਹੁੰਦਾ। ਮੈਂ ਖੁਦ ਬਰਾਤ ਵਿਚ ਘੋੜਿਆਂ ਅਤੇ ਊਠਾਂ ਨੂੰ ਸਜਾ ਕੇ ਉਨ੍ਹਾਂ ’ਤੇ ਬਰਾਤੀ ਜਾਂਦੇ ਦੇਖੇ। ਵਿਆਹ ਸਮਾਗਮ ਵਿਚ ਸਾਰਾ ਪਿੰਡ ਸ਼ਾਮਲ ਹੁੰਦਾ। ਦਾਜ ਦੀ ਪ੍ਰਦਰਸ਼ਨੀ ਲਗਾਈ ਜਾਂਦੀ। ਗਾਵਾਂ-ਮੱਝਾਂ ਦਾਜ ਵਿਚ ਦਿੱਤੀਆਂ ਜਾਂਦੀਆਂ।

ਅੱਜ ਪਿੰਡਾਂ ਵਿਚ ਵੱਡੇ-ਵੱਡੇ ਰਿਜ਼ਾਰਟ ਬਣ ਚੁੱਕੇ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਮਿੰਟਾਂ ਵਿਚ ਹੀ ਪੂਰੀਆਂ ਹੋ ਜਾਂਦੀਆਂ ਹਨ। ਵਿਆਹ ਪੜ੍ਹਾਉਣ ਵਾਲਾ ਪੰਡਿਤ ਪੋਥੀ ਦੇਖਣ ਹੀ ਲੱਗਦਾ ਤਾਂ ਲਾੜਾ-ਲਾੜੀ ਆਪਣੇ ਹਨੀਮੂਨ ’ਤੇ ਚਲੇ ਜਾਂਦੇ। ਝੱਟ ਮੰਗਣੀ, ਪੱਟ ਵਿਆਹ। ਡੋਲੀ ’ਤੇ ਪੈਸੇ ਸੁੱਟਣੇ ਅਤੇ ਲਾੜੇ ਨੂੰ ਸ਼ਗਨ ਦੇਣਾ ਪਿੰਡ ਦੀ ਸ਼ਾਨ ਸੀ।

ਅਜੋਕੇ ਕਿਸਾਨ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਰਦੀਆਂ ਵਿਚ ਉਹ ਆਪਣੀਆਂ ਫ਼ਸਲਾਂ ਦੀ ਬਿਜਾਈ ਕਰਨ ਲਈ ਸਵੇਰੇ ‘ਕੁੱਕੜ ਦੀ ਬਾਂਗ’ ’ਤੇ ਉੱਠ ਪੈਂਦਾ। ਉਪਜ ਤਿਆਰ ਕਰਨ ਲਈ ਖੇਤ ਤਾਂ ਪਹਿਲਾਂ ਹੀ ਬਣ ਚੁੱਕਾ ਹੁੰਦਾ। ਅਸੀਂ ਪੰਜਾਲੀ ਦੇ ਦੋਵੇਂ ਰੱਸਿਆਂ ਨੂੰ ਠੀਕ ਕਰ ਕੇ ਬਲਦ ਹਿੱਕ ਦਿੰਦੇ। ਮੇਰੇ ਚਾਚਾ ਜੀ ਹੱਲ ਵਾਹੁਣ ਲੱਗਦੇ ਤੇ ਮੈਂ ਪਿੱਛੇ ‘ਕੇਰਾ’ ਪਾਉਂਦਾ ਚੱਲਦਾ, ਮੇਰੇ ਹੱਥ ਸੁੰਨ ਹੋ ਜਾਂਦੇ ਪਰ ਕਿਸਾਨ ਦਾ ਜਨੂੰਨ ਪੱਕਾ। ਕਈ ਵਾਰ ਦੂਜੇ ਕਿਸਾਨਾਂ ਦੇ ਖੇਤਾਂ ’ਚੋਂ ਹਦਵਾਣੇ ਚੋਰੀ ਕਰ ਲਿਆਉਂਦੇ। ਕਿੰਨੀ ਮਜ਼ੇਦਾਰ ਖੇਤੀ ਸੀ। ਉਸ ਸਮੇਂ ਖੇਤੀ ਕੋਈ ਧੰਦਾ ਨਹੀਂ ਸੀ ਸਗੋਂ ਪਰਿਵਾਰ ਪਾਲਣ ਦਾ ਤਰੀਕਾ ਸੀ। ਜਦੋਂ ਕਣਕ ਦੀ ਫ਼ਸਲ ਤਿਆਰ ਹੋ ਜਾਂਦੀ ਸੀ, ‘ਵਾਢੀਆਂ’ (ਕਟਾਈ) ਸ਼ੁਰੂ ਹੋ ਜਾਂਦੀ। ਕਣਕ ਦੀਆਂ ਭਰੀਆਂ ਦੇ ਅਖਾੜੇ ਬਣ ਜਾਂਦੇ।

ਸ਼ਾਹੂਕਾਰ ਕਰਜ਼ੇ ਵਿਚ ਡੁੱਬੇ ਕਿਸਾਨਾਂ ਕੋਲ ਬਹੀ ਲੈ ਕੇ ਜਾਂਦੇ। ਝੂਠੇ ਖਾਤਿਆਂ ਕਾਰਨ ਕਿਸਾਨਾਂ ਦੀ ਲੁੱਟ ਹੁੰਦੀ। ਕਿਸਾਨ ਦੀ ਉਪਜ ਦੇ ਤਿੰਨ ਹਿੱਸੇ ਤਾਂ ਸ਼ਾਹੂਕਾਰ ਲੈ ਜਾਂਦੇ। ਕਰਜ਼ਾ ਫਿਰ ਓਨਾ ਹੀ ਰਹਿੰਦਾ। ਕਿਸਾਨ ਦਾ ਸਾਰਾ ਪਰਿਵਾਰ ਖੇਤੀ ਵਿਚ ਸਾਰਾ ਸਾਲ ਪਸੀਨਾ ਵਹਾਉਂਦਾ ਰਹਿੰਦਾ।

ਅੱਜ ਦੇ ਮਸ਼ੀਨੀ ਯੁੱਗ ਵਿਚ ਆਧੁਨਿਕਤਾ ਦਾ ਪਹਿਰਾਵਾ ਪਹਿਨਣ ਵਾਲੇ ਕਿਸਾਨ ਨੂੰ 1955 ਤੋਂ ਪਹਿਲਾਂ ਦੀ ਕਿਸਾਨੀ ਦੀ ਆਰਥਿਕ ਹਾਲਤ ਦਾ ਅਨੁਭਵ ਨਹੀਂ ਹੈ। ਅੱਜ ਦਾ ਕਿਸਾਨ ਸਿਰਫ਼ ਪਰਾਲੀ ਵੇਚ ਕੇ ਹੀ ਆਪਣੇ ਖੇਤੀ ਖਰਚੇ ਪੂਰੇ ਕਰ ਸਕਦਾ ਹੈ। ਸਾਡੇ ਸਮਿਆਂ ਵਿਚ ਰੂੜੀ ਵੀ ਟੋਏ ਪੁੱਟ ਕੇ ਤਿਆਰ ਕੀਤੀ ਜਾਂਦੀ ਸੀ ਅਤੇ ਖੇਤਾਂ ਵਿਚ ਖਿਲਾਰ ਦਿੱਤੀ ਜਾਂਦੀ ਸੀ। ਅੱਜ ਨਵੀਆਂ ਖਾਦਾਂ, ਨਵੀਆਂ ਖੇਤੀ ਵਿਧੀਆਂ ਅਤੇ ਨਵੇਂ ਬੀਜ ਤਿਆਰ ਕੀਤੇ ਜਾ ਰਹੇ ਹਨ। ਅੱਜ ਖੇਤਾਂ ਦੀ ਮਿੱਟੀ ਰਸਾਇਣਕ ਖਾਦਾਂ ਕਾਰਨ ਕੌੜੀ ਅਤੇ ਸਖ਼ਤ ਹੋ ਗਈ ਹੈ। ਪੰਜਾਬ ਦੀ ਮਾਲਵਾ ਪੱਟੀ ਤਾਂ ਬੰਜਰ ਹੋ ਗਈ ਹੈ। ਉੱਥੋਂ ਦੀ ਧਰਤੀ ’ਚੋਂ ਸੇਮ ਤਾਂ ਜਾਂਦੀ ਹੀ ਨਹੀਂ।

ਵਧਦੀ ਆਬਾਦੀ ਅਤੇ ਘਟਦੀ ਜਾਂਦੀ ਜ਼ਮੀਨ ਸਮੱਸਿਆ ਬਣ ਗਈ ਹੈ। ਜੇਕਰ ਜੰਗਲਾਂ ਦੀ ਕਟਾਈ ਇਸੇ ਤਰ੍ਹਾਂ ਬੇਰੋਕ-ਟੋਕ ਜਾਰੀ ਰਹੀ ਤਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਪੰਜਾਬ ਦਾ ਮੌਸਮ ਪਹਿਲਾਂ ਹੀ ਬੇਰਹਿਮ ਹੈ। ਸਰਕਾਰਾਂ ਨੂੰ ਵਾਤਾਵਰਣ, ਜਲਵਾਯੂ ਦੀ ਕੋਈ ਸੁਧ ਹੀ ਨਹੀਂ। ਪੰਜਾਬ ਦਾ ਕਿਸਾਨ ਕੁਰਲਾਅ ਰਿਹਾ ਹੈ। ਦੁੱਧ, ਦਹੀਂ, ਪਨੀਰ, ਸਬਜ਼ੀਆਂ, ਮਠਿਆਈਆਂ, ਸਭ ਨਕਲੀ। ਮਨੁੱਖ ਮਰ ਰਿਹਾ ਹੈ। ਪ੍ਰੈੱਸ ਮੀਡੀਆ ਨੂੰ ਸਰਕਾਰ ਦੀ ਤਾਰੀਫ਼ ਕਰਨ ਤੋਂ ਸਿਵਾਏ ਕੁਝ ਆਉਂਦਾ ਹੀ ਨਹੀਂ।

-ਮਾਸਟਰ ਮੋਹਨ ਲਾਲ


author

Tanu

Content Editor

Related News