ਵਿਆਹ ਤੋਂ ਬਾਅਦ ਸੰਬੰਧਾਂ ਨਾਲ ਰਿਸ਼ਤਿਆਂ ’ਤੇ ਭਰੋਸਾ ਟੁੱਟ ਰਿਹਾ ਹੈ

07/01/2021 3:22:33 AM

ਸ਼ਮਾ ਸ਼ਰਮਾ 
ਹਾਲ ਹੀ ’ਚ ਦਿੱਲੀ ’ਚ ਇਕ ਔਰਤ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ। ਜਿਸ ਆਦਮੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਤਲ ਨੂੰ ਅੰਜਾਮ ਦਿੱਤਾ, ਉਹ ਔਰਤ ਦੇ ਘਰ ’ਚ ਕਿਰਾਏਦਾਰ ਸੀ। ਔਰਤ ਨਾਲ ਸੰਬੰਧ ਸਥਾਪਤ ਹੋ ਜਾਣ ਦੇ ਬਾਅਦ, ਪਤੀ ਨੂੰ ਰਸਤੇ ’ਚੋਂ ਹਟਾਉਣ ਦਾ ਸਭ ਤੋਂ ਚੰਗਾ ਤਰੀਕਾ ਕਤਲ ਲੱਗਾ।

ਕੁਝ ਸਾਲ ਪਹਿਲਾਂ ਗੁੜਗਾਓਂ ਤੋਂ ਵੀ ਇਕ ਖਬਰ ਆਈ ਸੀ। ਜਿਸ ’ਚ ਇਕੱਠਿਆਂ ਕੰਮ ਕਰਨ ਵਾਲੇ ਇਕ ਮਰਦ ਤੇ ਔਰਤ ’ਚ ਪਿਆਰ ਹੋ ਗਿਆ। ਉਹ ਦੋਵੇਂ ਵਿਆਹੇ ਹੋਏ ਸਨ। ਦੋਵਾਂ ਦੇ ਬੱਚੇ ਵੀ ਸਨ। ਪਰ ਦੋਵੇਂ ਇਕੱਠੇ ਰਹਿ ਸਕਣ ਅਤੇ ਨਵਾਂ ਪਰਿਵਾਰ ਵਸਾ ਸਕਣ, ਇਸ ਲਈ ਪੁਰਾਣੇ ਵਿਆਹ ਤੋਂ ਮੁਕਤ ਹੋਣਾ ਜ਼ਰੂਰੀ ਸੀ। ਔਰਤ ਨੇ ਆਪਣੇ ਪਤੀ ਨੂੰ ਦੱਸਿਆ। ਉਹ ਤਾਂ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਤਿਆਰ ਹੋ ਗਿਆ, ਪਰ ਯਾਰ ਦੀ ਪਤਨੀ ਇਸ ਗੱਲ ਦੇ ਲਈ ਕਿਸੇ ਵੀ ਤਰ੍ਹਾਂ ਤਿਆਰ ਨਾ ਹੋਈ।

ਤਦ ਮਾਸ਼ੂਕ ਨੇ ਆਸ਼ਕ ਨੂੰ ਕਿਹਾ ਕਿ ਜਦੋਂ ਤੱਕ ਉਹ ਆਪਣੀ ਪਤਨੀ ਤੋਂ ਮੁਕਤੀ ਨਹੀਂ ਪਾਉਂਦਾ, ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਹੈਰਾਨੀ ਇਹ ਵੀ ਸੀ ਕਿ ਇਕ ਔਰਤ ਹੀ ਦੂਜੀ ਔਰਤ ਦੇ ਕਤਲ ਲਈ ਮਰਦ ਨੂੰ ਉਕਸਾ ਰਹੀ ਸੀ। ਪਤਨੀ ਨੂੰ ਮਾਰਨ ਲਈ ਇਹ ਆਦਮੀ ਉਸ ਨੂੰ ਪਹਾੜਾਂ ’ਤੇ ਵੀ ਲੈ ਗਿਆ, ਪਰ ਪਤਨੀ ਨੂੰ ਪਹਾੜ ਤੋਂ ਧੱਕਾ ਦੇਣ ਦੀ ਹਿੰਮਤ ਨਾ ਹੋਈ। ਪਰ ਪਰਤ ਕੇ ਉਸ ਨੇ ਪਤਨੀ ਦੀ ਹੱਤਿਆ ਕਰ ਦਿੱਤੀ। ਅਜਿਹੇ ’ਚ ਜਿਵੇਂ ਹੋ ਸਕਦਾ ਹੈ, ਸਾਰੇ ਸਬੂਤਾਂ ਦੇ ਆਧਾਰ ’ਤੇ ਦੋਵਾਂ ਨੂੰ ਫੜ ਲਿਆ ਗਿਆ। ਸੋਚੋ ਕਿ ਨਾ ਸਿਰਫ ਦੋਵਾਂ ਦੇ ਪਰਿਵਾਰ ਤਬਾਹ ਹੋਏ, ਸਗੋਂ ਕਿੰਨੇ ਰਿਸ਼ਤੇਦਾਰ, ਨਾਤੇਦਾਰ, ਮਾਤਾ-ਪਿਤਾ, ਭਰਾ-ਭੈਣ ’ਤੇ ਕੀ ਬੀਤੀ ਹੋਵੇਗੀ।

ਅਜਿਹੇ ਮਾਮਲਿਆਂ ’ਚ ਕਤਲ ਦੇ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ। ਕਦੀ ਸ਼ਰਾਬ ਪਿਆ ਕੇ ਪੱਥਰ ਬੰਨ ਕੇ ਪਾਣੀ ’ਚ ਸੁੱਟ ਦਿੱਤਾ ਜਾਂਦਾ ਹੈ ਕਦੀ ਕਿਸੇ ਕੋਲਡ ਡਰਿੰਕ ’ਚ ਨਸ਼ੀਲਾ ਪਦਾਰਥ ਜਾਂ ਜ਼ਹਿਰ ਮਿਲਾ ਕੇ ਕੰਮ ਤਮਾਮ ਕਰ ਦਿੱਤਾ ਜਾਂਦਾ ਹੈ, ਤੇ ਕਦੀ ਸਿੱਧੇ ਗੋਲੀ ਹੀ ਮਾਰ ਦਿੱਤੀ ਜਾਂਦੀ ਹੈ। ਮਥੁਰਾ ਦੀ ਉਹ ਲੜਕੀ ਤਾਂ ਯਾਦ ਹੀ ਹੋਵੇਗੀ, ਜਿਸ ਨੇ ਆਪਣੇ ਆਸ਼ਕ ਦੇ ਕਾਰਨ ਆਪਣੇ ਮਾਤਾ-ਪਿਤਾ ਅਤੇ ਭਰਾ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ ।

ਬਹੁਤ ਸਾਲ ਪਹਿਲਾਂ ਇਕ ਔਰਤ ਨੇ ਤਾਂ ਆਪਣੇ ਬੱਚਿਆਂ ਨੂੰ ਹੀ ਸਾੜ ਕੇ ਮਾਰ ਦਿੱਤਾ ਸੀ। ਪਿਆਰ ਦੇ ਕੋਮਲ ਅਹਿਸਾਸ ਇੰਨੀ ਬੇਰਹਿਮੀ ਪੈਦਾ ਕਿਵੇਂ ਕਰਦੇ ਹਨ ਕਿ ਆਪਣੇ ਆਲੇ-ਦੁਆਲੇ ਮਿੱਤਰ, ਮਾਪਿਆਂ, ਇੱਥੋਂ ਤੱਕ ਕਿ ਬੱਚਿਆਂ ਤੱਕ ਦੇ ਕਤਲ ਕਰਨ ਤੋਂ ਪਰਹੇਜ਼ ਨਹੀਂ ਹੁੰਦਾ। ਇਹ ਸਮਝ ’ਚ ਨਹੀਂ ਆਉਂਦਾ ਨਾ ਕੋਈ ਦੱਸ ਸਕਦਾ ਹੈ ਕਿ ਪਿਆਰ ਅਤੇ ਕਤਲ ਦਾ ਇੰਨਾ ਨੇੜਲਾ ਸੰਬੰਧ ਕਿਉਂ ਬਣਨ ਲੱਗਾ ਹੈ।

ਪੁਰਾਣਾ ਜੋ ਉਹ ਵਾਕ ਬੋਲਿਆ ਜਾਂਦਾ ਸੀ ਕਿ ਪਿਆਰ ਅੰਨ੍ਹਾ ਹੁੰਦਾ ਹੈ, ਉਹ ਚੰਗਾ-ਬੁਰਾ ਕੁਝ ਨਹੀਂ ਸੋਚਦਾ, ਨਾ ਇਹ ਖਿਆਲ ਆਉਂਦਾ ਹੈ ਕਿ ਜੇਕਰ ਫੜੇ ਗਏ ਤਾਂ ਕੀ ਹੋਵੇਗਾ। ਜੇਲ ਜਾਵਾਂਗੇ, ਫਾਂਸੀ ਵੀ ਹੋ ਸਕਦੀ ਹੈ, ਸਮਾਜ ’ਚ ਬਦਨਾਮੀ ਹੋਵੇਗੀ, ਉਹ ਵੱਖਰੀ। ਸੋਚਦੇ ਤਾਂ ਜਾਣਦੇ ਹੀ ਕਿ ਹੱਤਿਆ ਵਰਗਾ ਅਪਰਾਧ ਕਰਾਂਗੇ, ਤਾਂ ਇਕ ਦਿਨ ਫੜੇ ਹੀ ਜਾਣਗੇ।

ਵਿਆਹ ਦੇ ਮੰਡਪ ਤੋਂ ਭੱਜਣਾ, ਜਾਂ ਜਿਹੜੀ ਬੱਸ ’ਚ ਦੁਲਹਨ ਜਾ ਰਹੀ ਹੈ, ਉਸ ਦੇ ਕਿਸੇ ਰੈੱਡ ਲਾਈਟ ’ਤੇ ਰੁਕਦੇ ਹੀ ਦੁਲਹਨ ਦਾ ਬੱਸ ’ਚੋਂ ਉਤਰ ਕੇ ਨਾਲ-ਨਾਲ ਚੱਲ ਰਹੇ ਮੋਟਰਸਾਇਕਲ ’ਤੇ ਚੜ੍ਹ ਕੇ ਚਲੇ ਜਾਣਾ ਜਾਂ ਪੁਰਾਣੇ ਆਸ਼ਕ ਦਾ ਸਹੁਰਿਆਂ ਦੇ ਘਰ ’ਚ ਭਰਾ ਬਣ ਕੇ ਰਹਿਣਾ ਅਤੇ ਮੌਕਾ ਮਿਲਦੇ ਹੀ ਲੜਕੀ ਨੂੰ ਲੈ ਕੇ ਉਡ ਜਾਣਾ ਅਤੇ ਰਸਤੇ ’ਚ ਕਾਰ ਰੋਕ ਕੇ ਦੁਲਹਨ ਨੂੰ ਅਗਵਾ ਆਦਿ ਪਤਾ ਨਹੀਂ ਕਿੰਨੀਆਂ ਘਟਨਾਵਾਂ ਹਨ ਜਿਨ੍ਹਾਂ ਦੀਆਂ ਖਬਰਾਂ ਇਨੀਂ ਦਿਨੀਂ ਰੋਜ਼ ਆਉਂਦੀ ਰਹਿੰਦੀਆਂ ਹਨ।

ਮਹੇਸ਼ ਭੱਟ ਦੀ ਫਿਲਮ, ‘ਦਿਲ ਹੈ ਕਿ ਮਾਨਤਾ ਨਹੀਂ’ ’ਚ ਅਨੁਪਮ ਖੇਰ ਆਪਣੀ ਹੀ ਧੀ ਨੂੰ ਮੰਡਪ ਤੋਂ ਭਜਾ ਦਿੰਦਾ ਹੈ। ਇਹ ਫਿਲਮ ਦਹਾਕੇ ਪਹਿਲਾਂ ਆਈ ਸੀ, ਪਰ ਜ਼ਿੰਦਗੀ ’ਚ ਇੰਨੀ ਦਿਨੀਂ ਅਜਿਹਾ ਬਹੁਤ ਕੁਝ ਦੇਖਣ ਲੱਗਾ ਹੈ।

2019 ’ਚ ਐੱਨ. ਸੀ. ਆਰ. ਬੀ. ਦੇ ਅੰਕੜਿਆਂ ਦੇ ਅਨੁਸਾਰ 2001 ਤੋਂ 2017 ਤੱਕ ਭਾਰਤ ’ਚ ਕਤਲਾਂ ਦਾ ਇਕ ਵੱਡਾ ਕਾਰਨ ਪਿਆਰ ਰਿਹਾ ਹੈ। ਆਂਧਰਾ ਪ੍ਰਦੇਸ਼, ਦਿੱਲੀ, ਕਰਨਾਟਕ, ਪੰਜਾਬ, ਗੁਜਰਾਤ, ਤਮਿਲਨਾਡੂ ’ਚ ਕਤਲ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਪ੍ਰੇਮ ਸੰਬੰਧ ਸਨ। ਇਸ ’ਚ ਵਿਆਹਿਆਂ ਦੇ ਸੰਬੰਧ ਅਤੇ ਪ੍ਰੇਮ ਤ੍ਰਿਕੋਣ ਜ਼ਿਆਦਾ ਸਨ।

ਇਸ ਤਰ੍ਹਾਂ ਦੇ ਕਤਲਾਂ ’ਚ ਹੋਰ ਕਾਰਨਾਂ ਕਾਰਨ ਕਤਲਾਂ ਦੇ ਮੁਕਾਬਲੇ, 28 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਤਰ੍ਹਾਂ ਕਤਲਾਂ ਦੇ ਵੱਡੇ ਕਾਰਨ ਸਮਾਜਿਕ ਅਤੇ ਸਿਆਸੀ ਹੁੰਦੇ ਹਨ। ਇਸ ’ਚ ਜਾਤੀ ਅਤੇ ਧਰਮ ਦਾ ਵੱਖ-ਵੱਖ ਹੋਣਾ ਵੀ ਸ਼ਾਮਲ ਹੈ।

ਪਿਛਲੇ ਦਿਨੀਂ ਅਯੁੱਧਿਆ ਦੇ ਮਸ਼ਹੂਰ ਜੋਤਿਸ਼ੀ ਸੁਸ਼ੀਲ ਕੁਮਾਰ ਸਿੰਘ ਨੇ ਵੀ ਲਗਭਗ ਐੱਨ.ਸੀ.ਆਰ.ਬੀ.ਦੇ ਅੰਕੜਿਆਂ ਦੀਆਂ ਗੱਲਾਂ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਨ੍ਹੀਂ ਦਿਨੀਂ ਉਸ ਦੇ ਕੋਲ ਕੁਲ ਮਾਮਲਿਆਂ ’ਚ ਵਿਆਹੇ ਹੋਏ ਸੰਬੰਧਾਂ ਦੀਆਂ ਸਮੱਸਿਆਵਾਂ ਦੇ ਮਾਮਲੇ 70 ਫੀਸਦੀ ਤੱਕ ਹੁੰਦੇ ਹਨ।

ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨੀ ਵਿਆਹੇ ਸਬੰਧਾਂ ਦਾ ਇਕ ਵੱਡਾ ਕਾਰਨ, ਲੜਕੀਆਂ, ਔਰਤਾਂ ਦੇ ਖੁਦ ਦੇ ਫੈਸਲੇ ਲੈਣ ਦੀ ਸਮਰੱਥਾ ਅਤੇ ਆਪਸ ’ਚ ਘੁਲਣ-ਮਿਲਣ ਦੇ ਵੱਧ ਮੌਕਿਆਂ ਨੂੰ ਦੱਸਦੇ ਹਨ। ਬਹੁਤ ਸਾਰੇ ਲੋਕ ਹਰ ਹੱਥ ’ਚ ਮੋਬਾਈਲ ਹੋਣ ਅਤੇ ਸੋਸ਼ਲ ਮੀਡੀਆ ਨੂੰ ਇਸ ਦੇ ਲਈ ਜ਼ਿੰਮੇਵਾਰ ਮੰਨਦੇ ਹਨ। ਕਾਰਨ ਜੋ ਵੀ ਹੋਵੇ, ਪਰ ਵਿਆਹ ਦੇ ਬਾਅਦ ਇਕ-ਦੂਜੇ ਦਾ ਜੋ ਭਰੋਸਾ ਹੁੰਦਾ ਹੈ, ਪ੍ਰੇਮ ਹੁੰਦਾ ਹੈ, ਉਹ ਟੁੱਟ ਰਿਹਾ ਹੈ। ਔਰਤ-ਮਰਦ, ਦੋਵੇਂ ਇਸ ਨੂੰ ਤੋੜ ਰਹੇ ਹਨ।


Bharat Thapa

Content Editor

Related News