‘ਆਪ’ ਦੀਆਂ ਤਾਜ਼ਾ ਅਸਫਲਤਾਵਾਂ ਅਤੇ ਦਿੱਲੀ ਚੋਣਾਂ
Friday, Dec 27, 2024 - 03:58 PM (IST)
ਲੀਡਰਸ਼ਿਪ ਸੰਕਟ ਦੌਰਾਨ ਪ੍ਰਾਸੰਗਿਕ ਬਣੇ ਰਹਿਣ ਲਈ ਸੰਘਰਸ਼ ਕਰ ਰਹੀ ‘ਆਪ’ ਨੂੰ ਸੰਸਦੀ ਦਫ਼ਤਰ ਸੌਂਪਿਆ ਗਿਆ ਹੈ ਪਰ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਇਕ ਮਹੱਤਵਪੂਰਨ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੱਤਾ ਵਿਰੋਧੀ ਚਿੰਤਾਵਾਂ, ਅਧੂਰੇ ਵਾਅਦਿਆਂ ਅਤੇ ਆਪਣੇ ਸ਼ਾਸਨ ਨੂੰ ਜਾਇਜ਼ ਠਹਿਰਾਉਣ ਦੀ ਲੋੜ ਦੇ ਨਾਲ, ‘ਆਪ’ ਦੀ ਭਵਿੱਖ ਦੀ ਸਥਿਰਤਾ ਅਤੇ ਸਿਆਸੀ ਪ੍ਰਾਸੰਗਿਕਤਾ ਦਾਅ ’ਤੇ ਹੈ।
ਸੰਵਿਧਾਨ ਸਦਨ ਦੀ ਤੀਜੀ ਮੰਜ਼ਿਲ ’ਤੇ ਕਮਰਾ ਨੰਬਰ 1188 ਇਕ ਛੋਟੀ ਜਿਹੀ ਜਿੱਤ ਦਾ ਪ੍ਰਤੀਕ ਹੈ। ਆਮ ਆਦਮੀ ਪਾਰਟੀ (ਆਪ) ਦੇ 2014 ਵਿਚ ਲੋਕ ਸਭਾ ਵਿਚ ਆਪਣੀ ਸ਼ੁਰੂਆਤ ਕਰਨ ਦੇ ਇਕ ਦਹਾਕੇ ਬਾਅਦ, ਇਸ ਨਵੀਂ ਪਾਰਟੀ ਨੂੰ ਹਾਲ ਹੀ ਵਿਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਪੁਰਾਣੇ ਸੰਸਦ ਭਵਨ ਵਿਚ ਇਕ ਕਮਰਾ ਅਲਾਟ ਕੀਤਾ ਗਿਆ ਸੀ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਖ਼ੁਸ਼ੀ ਨਾਲ ਕਿਹਾ, ‘‘ਆਖ਼ਰਕਾਰ, ਪਾਰਟੀ ਨੇ ਦਫ਼ਤਰ ਅਲਾਟ ਕਰਨ ਲਈ 8 ਸੰਸਦ ਮੈਂਬਰਾਂ ਦੇ ਮਾਪਦੰਡ ਪੂਰੇ ਕਰ ਲਏ ਹਨ।’’
13 ਸੰਸਦ ਮੈਂਬਰਾਂ (3 ਲੋਕ ਸਭਾ ਅਤੇ 10 ਰਾਜ ਸਭਾ) ਦੇ ਨਾਲ, ‘ਆਪ’ ਦੀ ਸੰਸਦ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸ ਨਾਲ ਪਾਰਟੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹਾਲਾਂਕਿ, 2025 ਦੀ ਸ਼ੁਰੂਆਤ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਰੋ ਜਾਂ ਮਰੋ ਦੀ ਲੜਾਈ ਦਾ ਸਾਹਮਣਾ ਕਰਨਾ ਪਵੇਗਾ। ‘ਆਪ’ ਦਿੱਲੀ ਦੇ ਗੜ੍ਹ ਨੂੰ ਬਰਕਰਾਰ ਰੱਖਣ, ਆਪਣੇ ਮੁਫਤ ਦੀ ਰਾਜਨੀਤੀ ਦੇ ਬ੍ਰਾਂਡ ਨੂੰ ਜਾਇਜ਼ ਠਹਿਰਾਉਣ ਅਤੇ 2029 ਦੀਆਂ ਲੋਕ ਸਭਾ ਚੋਣਾਂ ਤੱਕ ਸਿਆਸੀ ਤੌਰ ’ਤੇ ਪ੍ਰਾਸੰਗਿਕ ਬਣੇ ਰਹਿਣ ਲਈ ਸੰਘਰਸ਼ ਕਰ ਰਹੀ ਹੈ।
ਉਹ ਸਾਲ ਜੋ ਸੀ
ਸਾਲ 2024 ‘ਆਪ’ ਲਈ ਉਥਲ-ਪੁਥਲ ਭਰਿਆ ਰਿਹਾ ਹੈ। ਪਿਛਲੇ 2 ਸਾਲਾਂ ਵਿਚ, ਪਾਰਟੀ ਨੇ ਆਪਣੇ ਚੋਟੀ ਦੇ ਨੇਤਾਵਾਂ-ਸਤੇਂਦਰ ਜੈਨ (ਸਾਬਕਾ ਸਿਹਤ ਮੰਤਰੀ ਜਿਨ੍ਹਾਂ ਨੂੰ ਮਈ 2022 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਾਲ ਅਕਤੂਬਰ ਤੱਕ ਜੇਲ੍ਹ ਵਿਚ ਰਹੇ) ਅਤੇ ਮਨੀਸ਼ ਸਿਸੋਦੀਆ (ਸਾਬਕਾ ਉਪ ਮੁੱਖ ਮੰਤਰੀ, ਜਿਨ੍ਹਾਂ ਨੂੰ ਫਰਵਰੀ 2023 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਾਲ ਅਗਸਤ ਵਿਚ ਰਿਹਾਅ ਕੀਤਾ ਗਿਆ ਸੀ) ਨੂੰ ਜੇਲ੍ਹ ਵਿਚ ਦੇਖਿਆ ਹੈ।
ਪਰ ਆਖ਼ਰੀ ਇਮਤਿਹਾਨ ਉਦੋਂ ਆਇਆ ਜਦੋਂ ‘ਆਪ’ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਸਿਰਫ਼ ਪੰਜ ਦਿਨ ਬਾਅਦ 21 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਵਿਚ ਸਿਰਫ਼ 2 ਮਹੀਨਿਆਂ ਬਾਅਦ ਵੋਟਾਂ ਪੈਣੀਆਂ ਸਨ, ਪਰ ਇਸ ਦੀ ਸਿਖਰਲੀ ਲੀਡਰਸ਼ਿਪ ਸਲਾਖਾਂ ਪਿੱਛੇ ਹੋਣ ਕਾਰਨ ‘ਆਪ’ ਨੂੰ ਬੇਮਿਸਾਲ ਸੰਕਟ ਦਾ ਸਾਹਮਣਾ ਕਰਨਾ ਪਿਆ।
ਕੇਜਰੀਵਾਲ ਨੂੰ ਮੁੱਖ ਮੰਤਰੀ ਰਹਿਣਾ ਚਾਹੀਦਾ ਹੈ ਜਾਂ ਨਹੀਂ, ਇਸ ਸਵਾਲ ਤੋਂ ਇਲਾਵਾ, ਮੁਕਾਬਲਤਨ ਤਜਰਬਾਹੀਣ ਮੰਤਰੀਆਂ ਦੀ ਟੀਮ ਦੇ ਹੱਥਾਂ ’ਚ ਸ਼ਾਸਨ ਦਾ ਵੱਡਾ ਸਵਾਲ ਸੀ। ਇਹ ਉਹ ਸਮਾਂ ਸੀ ਜਦੋਂ ‘ਆਪ’ ਆਪਣੀ ‘ਇੰਡੀਆ’ ਬਲਾਕ ਸਹਿਯੋਗੀ ਕਾਂਗਰਸ ਨਾਲ ਦਿੱਲੀ, ਪੰਜਾਬ, ਹਰਿਆਣਾ, ਗੋਆ ਅਤੇ ਗੁਜਰਾਤ ਲਈ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।
ਚੋਣ ਬਾਰੀਕੀਆਂ
ਕੁੱਲ ਮਿਲਾ ਕੇ ਸੰਸਦ ਵਿਚ ‘ਆਪ’ ਦੀ ਤਾਕਤ ਉਤਸ਼ਾਹਜਨਕ ਜਾਪਦੀ ਹੈ ਪਰ 2024 ਦੇ ਚੋਣ ਨਤੀਜੇ ਇਸ ਤੋਂ ਕੋਹਾਂ ਦੂਰ ਹਨ। ‘ਆਪ’ ਦਾ ਹਾਲੀਆ ਚੋਣ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਲੋਕ ਸਭਾ ਚੋਣਾਂ ’ਚ ‘ਆਪ’ (ਕਾਂਗਰਸ ਨਾਲ ਗੱਠਜੋੜ ਕਰ ਕੇ) ਦਿੱਲੀ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ।
ਪਾਰਟੀ ਨੇ 2015 ਤੋਂ ਲੈ ਕੇ ਹੁਣ ਤੱਕ ਇਕ ਰਾਜ ਸੰਭਾਲਿਆ ਹੈ। ਪੰਜਾਬ ਪਾਰਲੀਮਾਨੀ ਚੋਣਾਂ ਵਿਚ ਵੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਨਿਰਣਾਇਕ ਜਿੱਤ ਦਾ ਲਾਹਾ ਨਹੀਂ ਲੈ ਸਕੀ। ਇਸ ਨੇ ਪੰਜਾਬ ਵਿਚ 17ਵੀਂ ਲੋਕ ਸਭਾ ਵਿਚ ਇਸ ਸਾਲ ਆਪਣੀਆਂ ਸੀਟਾਂ ਦੀ ਗਿਣਤੀ 2 ਤੋਂ ਵਧਾ ਕੇ ਸਿਰਫ਼ 3 ਕਰ ਲਈ ਹੈ।
ਈ. ਟੀ. ਨੂੰ ਦਿੱਤੀ ਪਹਿਲੀ ਇੰਟਰਵਿਊ ਵਿਚ ‘ਆਪ’ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਕਿਹਾ ਸੀ ਕਿ ਪੰਜਾਬ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਸੂਬੇ ’ਚ ਕਾਂਗਰਸ ਨੂੰ 26.3 ਫੀਸਦੀ ਵੋਟਾਂ ਮਿਲੀਆਂ ਪਰ 7 ਸੀਟਾਂ ਮਿਲੀਆਂ, ਜਦ ਕਿ ‘ਆਪ’ ਨੂੰ 26.02 ਫੀਸਦੀ ਵੋਟਾਂ ਮਿਲੀਆਂ ਤੇ ਸਿਰਫ 3 ਸੀਟਾਂ ਹੀ ਮਿਲੀਆਂ। ਕੁੱਲ ਮਿਲਾ ਕੇ, ‘ਆਪ’ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ 1.11 ਫੀਸਦੀ ਵੋਟਾਂ ਮਿਲੀਆਂ, ਜੋ ਕਿ 2019 ਦੀਆਂ ਸੰਸਦੀ ਚੋਣਾਂ ਵਿਚ 0.3 ਫੀਸਦੀ ਸੀ।
‘ਆਪ’ ਨੇ ਓਡਿਸ਼ਾ ’ਚ ਵੀ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੰਸਦੀ ਚੋਣਾਂ ਦੇ ਨਾਲ-ਨਾਲ 147 ਵਿਧਾਨ ਸਭਾ ਹਲਕਿਆਂ ’ਚੋਂ 106 ’ਤੇ ਚੋਣ ਲੜੀ। 58 ਉਮੀਦਵਾਰਾਂ ਨੂੰ 1000 ਵੋਟਾਂ ਵੀ ਨਾ ਮਿਲਣ ਕਾਰਨ ਨਤੀਜੇ ਨਿਰਾਸ਼ਾਜਨਕ ਰਹੇ ਪਰ ਪਾਰਟੀ ਨੂੰ ਇਸ ਗੱਲ ਤੋਂ ਰਾਹਤ ਮਿਲੀ ਕਿ ਉਸ ਨੇ ਇੱਥੇ ਆਪਣੀ ਉੱਚ ਲੀਡਰਸ਼ਿਪ ਦੀ ਨਿਯੁਕਤੀ ਨਹੀਂ ਕੀਤੀ।
2025 : ਮਹੱਤਵਪੂਰਨ ਸਾਲ
ਸਾਲ ਦੀ ਸ਼ੁਰੂਆਤ ‘ਆਪ’ ਲਈ ਸਭ ਤੋਂ ਵੱਡੇ ਸਿਆਸੀ ਇਮਤਿਹਾਨ ਨਾਲ ਹੋਵੇਗੀ ਜੋ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਨ। ਪਾਰਟੀ ਨੇ ਰਾਜਧਾਨੀ ’ਤੇ 10 ਸਾਲ ਰਾਜ ਕੀਤਾ ਹੈ ਅਤੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਆਪ’ ਨੂੰ ਇਸ ਨੁਕਸਾਨ ਦਾ ਅਹਿਸਾਸ ਹੈ ਕਿਉਂਕਿ ਇਸ ਨੇ ਆਪਣੇ ਲਗਭਗ ਇਕ ਤਿਹਾਈ ਵਿਧਾਇਕ ਗੁਆ ਦਿੱਤੇ ਹਨ। ਪਰ ਜਦੋਂ ਕਾਰਗੁਜ਼ਾਰੀ ਦੀ ਗੱਲ ਆਉਂਦੀ ਹੈ, ਤਾਂ ਇਸਦੇ ਪ੍ਰਬੰਧਕੀ ਰਿਪੋਰਟ ਕਾਰਡ ’ਤੇ ਕਾਫ਼ੀ ਲਾਲ ਨਿਸ਼ਾਨ ਹਨ।
ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਜਾਣੇ-ਪਛਾਣੇ ਟਰੰਪ ਕਾਰਡ ਕੱਢ ਲਏ ਹਨ। ਔਰਤਾਂ ਲਈ ਪੈਨਸ਼ਨ ਸਕੀਮ ਅਤੇ ਆਟੋ ਚਾਲਕਾਂ ਤੱਕ ਪਹੁੰਚ। ਇਹ ਦੋਵੇਂ ਵੋਟਰ ਹਲਕੇ ਹਰ ਚੋਣ ਵਿਚ ਕੇਜਰੀਵਾਲ ਨੂੰ ਅੱਗੇ ਕਰਦੇ ਰਹੇ ਹਨ ਪਰ ਕੇਜਰੀਵਾਲ ਦੇ ਸ਼ਾਸਨ ਵਿਰੁੱਧ ਅਸੰਤੁਸ਼ਟੀ ਵਧ ਰਹੀ ਹੈ, ਖਾਸ ਕਰਕੇ ਸ਼ਹਿਰ ਵਿਚ ਨੀਤੀਗਤ ਅਧਰੰਗ ਕਾਰਨ।