ਰੇਲ ਸੁਰੱਖਿਆ ਨਾਲ ਜੁੜੀਆਂ 1.5 ਲੱਖ ਅਸਾਮੀਆਂ ਖਾਲੀ ਤਾਂ ਕਿਉਂ ਨਾ ਹੋਣਗੇ ਹਾਦਸੇ
Sunday, Aug 11, 2024 - 02:06 AM (IST)
ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ 9 ਅਗਸਤ ਨੂੰ 24,657 ਕਰੋੜ ਰੁਪਏ ਦੀ ਲਾਗਤ ਵਾਲੇ 8 ਨਵੇਂ ਰੇਲ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਯਾਤਰਾ ਆਸਾਨ ਹੋ ਜਾਵੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦੇ ਅਨੁਸਾਰ ਪ੍ਰਸਤਾਵਿਤ ਪ੍ਰਾਜੈਕਟ ਸੰਪਰਕ ਤੋਂ ਵਾਂਝੇ ਖੇਤਰਾਂ ਨੂੰ ਜੋੜ ਕੇ ਲੌਜਿਸਟਿਕ ਕੁਸ਼ਲਤਾ ਵਿਚ ਸੁਧਾਰ ਕਰਨਗੇ ਅਤੇ ਆਵਾਜਾਈ ਨੈੱਟਵਰਕ ਨੂੰ ਬਿਹਤਰ ਬਣਾਉਣਗੇ।
ਹਾਲਾਂਕਿ ਰੇਲਵੇ ਮੰਤਰਾਲਾ ਉਪਰੋਕਤ ਪ੍ਰਾਜੈਕਟਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਕਈ ਨਵੀਆਂ ਹਾਈ ਸਪੀਡ ਰੇਲਗੱਡੀਆਂ ਸ਼ੁਰੂ ਕਰ ਚੁੱਕਾ ਹੈ ਅਤੇ ਹੋਰ ਨਵੀਆਂ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ, ਪਰ ਨਾਲ ਹੀ ਰੋਜ਼-ਰੋਜ਼ ਹੋ ਰਹੇ ਰੇਲ ਹਾਦਸਿਆਂ ਨੂੰ ਰੋਕਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ, ਜਿਸ ਦੀਆਂ ਇਸੇ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 4 ਅਗਸਤ ਨੂੰ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ’ਤੇ ਕੋਰਬਾ-ਵਿਸ਼ਾਖਾਪਟਨਮ ਐਕਸਪ੍ਰੈੱਸ ਟਰੇਨ ’ਚ ਅੱਗ ਲੱਗ ਜਾਣ ਕਾਰਨ 4 ਖਾਲੀ ਡੱਬੇ ਸੜ ਗਏ।
* 4 ਅਗਸਤ ਨੂੰ ਹੀ ਸਹਾਰਨਪੁਰ ਰੇਲਵੇ ਸਟੇਸ਼ਨ ਨੇੜੇ ਦਿੱਲੀ-ਸਹਾਰਨਪੁਰ ਐਕਸਪ੍ਰੈੱਸ ਦੇ 3 ਡੱਬੇ ਪੱਟੜੀ ਤੋਂ ਉਤਰ ਕੇ ਦੂਜੀ ਪੱਟੜੀ ’ਤੇ ਚਲੇ ਗਏ।
* 5 ਅਗਸਤ ਨੂੰ ਰਾਜਸਥਾਨ ਦੇ ਬਿਆਵਰ ਜ਼ਿਲੇ ’ਚ ਮੀਂਹ ਕਾਰਨ ਰੇਲਵੇ ਪੱਟੜੀ ’ਤੇ ਡਿੱਗੇ ਪੱਥਰਾਂ ਕਾਰਨ ਪਾਲਨਪੁਰ ਤੋਂ ਅਜਮੇਰ ਜਾ ਰਹੀ ਮਾਲਗੱਡੀ ਦਾ ਇੰਜਣ ਅਤੇ ਵੈਗਨ ਪੱਟੜੀ ਤੋਂ ਉਤਰ ਗਏ।
* 8 ਅਗਸਤ ਨੂੰ ਜੰਮੂ-ਤਵੀ ਤੋਂ ਚੱਲ ਕੇ ਪੁਣੇ ਜਾਣ ਵਾਲੀ ਜਿਹਲਮ ਐਕਸਪ੍ਰੈੱਸ ਦੇ ਇੰਜਣ ਦੇ ਪਹੀਏ ਜਾਮ ਹੋ ਜਾਣ ਕਾਰਨ ਗੱਡੀ 2 ਘੰਟੇ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਰੁਕੀ ਰਹੀ। ਡਰਾਈਵਰ ਨੇ ਕਈ ਵਾਰ ਇੰਜਣ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੇ ਨਹੀਂ ਵਧਿਆ। ਆਖ਼ਰਕਾਰ ਟਰੇਨ ਨੂੰ ਦੂਜਾ ਇੰਜਣ ਲਗਾ ਕੇ ਅੱਗੇ ਵਧਾਇਆ ਗਿਆ।
* 9 ਅਗਸਤ ਨੂੰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਦੇ ਕੁਮੁਦਪੁਰ ਰੇਲਵੇ ਸਟੇਸ਼ਨ ਨੇੜੇ ਪੈਟਰੋਲ ਦੇ ਟੈਂਕਰ ਲੈ ਕੇ ਜਾ ਰਹੀ ਮਾਲਗੱਡੀ ਦੇ 5 ਡੱਬੇ ਪੱਟੜੀ ਤੋਂ ਉਤਰ ਗਏ।
* 9 ਅਗਸਤ ਨੂੰ ਹੀ ਦੱਖਣੀ ਗੋਆ ਦੇ ਪਹਾੜੀ ਖੇਤਰ ’ਚ ‘ਸੋਨਾਲਿਅਮ’ ਅਤੇ ‘ਦੂਧਸਾਗਰ’ ਵਿਚਕਾਰ ਮਾਲਗੱਡੀ ਦੇ 17 ਡੱਬੇ ਪੱਟੜੀ ਤੋਂ ਉਤਰ ਗਏ।
* 9 ਅਗਸਤ ਨੂੰ ਹੀ ਮੁਰਾਦਾਬਾਦ ਤੋਂ ਅਨਾਜ ਲੈ ਕੇ ਲਖਨਊ ਜਾ ਰਹੀ ਇਕ ਮਾਲਗੱਡੀ ‘ਰੋਜਾ’ ਜੰਕਸ਼ਨ ਨੇੜੇ ਪੱਟੜੀ ਤੋਂ ਉਤਰ ਗਈ।
* 9 ਅਗਸਤ ਨੂੰ ਹੀ ਅਲੀਗੜ੍ਹ ਨੇੜੇ ਇਕ ਮਾਲਗੱਡੀ ਦੇ 2 ਡੱਬੇ ਪੱਟੜੀ ਤੋਂ ਉਤਰ ਗਏ।
ਉਪਰ ਦੱਸੇ ਗਏ ਰੇਲ ਹਾਦਸਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਹਾਦਸੇ ਇਕ ਚਿਤਾਵਨੀ ਹਨ ਕਿ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਵਰਨਣਯੋਗ ਹੈ ਕਿ ਹਵਾਈ ਸਫ਼ਰ ਮਹਿੰਗਾ ਹੋਣ ਕਾਰਨ ਲੋਕ ਰੇਲਗੱਡੀਆਂ ਰਾਹੀਂ ਸਫ਼ਰ ਕਰਦੇ ਹਨ, ਪਰ ਲਗਾਤਾਰ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ।
ਇਸ ਸਾਲ ਰੇਲਵੇ ਬਜਟ ’ਚ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ ਪਰ ਅਲਾਟ ਕੀਤੀ ਗਈ ਰਾਸ਼ੀ ਕਾਫੀ ਨਹੀਂ ਹੈ। 2015 ਤੋਂ 2022 ਦਰਮਿਆਨ ਰੇਲ ਹਾਦਸਿਆਂ ਵਿਚ ਹਰ ਸਾਲ ਔਸਤਨ 56 ਯਾਤਰੀਆਂ ਦੀ ਮੌਤ ਹੋਈ ਸੀ ਪਰ 2023 ਵਿਚ ਮੌਤਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਅਤੇ 2 ਜੂਨ, 2023 ਨੂੰ ਬਾਲਾਸੋਰ ’ਚ ਤਿੰਨ ਰੇਲਗੱਡੀਆਂ ਦੀ ਟੱਕਰ ’ਚ 293 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 1200 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਇਕ ਸੁਤੰਤਰ ਜਾਂਚ ਸਮੂਹ ‘ਓਪਨ ਸੋਰਸ ਇੰਟੈਲੀਜੈਂਸ’ ਵੱਲੋਂ ਕਰਵਾਏ ਗਏ ਇਕ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ 53 ਫੀਸਦੀ ਰੇਲ ਹਾਦਸੇ ਕਰਮਚਾਰੀਆਂ ਦੀ ਗਲਤੀ ਕਾਰਨ ਅਤੇ 4 ਫੀਸਦੀ ਰੇਲ ਹਾਦਸੇ ਟੱਕਰਾਂ ਕਾਰਨ ਹੁੰਦੇ ਹਨ। ਟਰੈਕ ਵਿਚ ਨੁਕਸ ਅਤੇ ਨਾਕਾਫ਼ੀ ਰੱਖ-ਰਖਾਅ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ।
ਇਸੇ ਸਾਲ ਦੇ ਸ਼ੁਰੂ ਵਿਚ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਸਰਕਾਰ ਨੇ ਦੱਸਿਆ ਸੀ ਕਿ ਰੇਲਵੇ ਵਿਚ ਸੁਰੱਖਿਆ ਸ਼੍ਰੇਣੀ ਦੇ ਤਹਿਤ 10 ਲੱਖ ਮਨਜ਼ੂਰ ਅਸਾਮੀਆਂ ਵਿਚੋਂ ਲਗਭਗ 1.5 ਲੱਖ ਅਸਾਮੀਆਂ ਖਾਲੀ ਹਨ। ਇਨ੍ਹਾਂ ਵਿਚ ਇੰਸਪੈਕਟਰ, ਕਰੂ ਕੰਟਰੋਲਰ, ਲੋਕੋ ਇੰਸਟ੍ਰਕਟਰ, ਟਰੇਨ ਕੰਟਰੋਲਰ, ਟ੍ਰੈਕ ਮੇਨਟੇਨਰ, ਸਟੇਸ਼ਨ ਮਾਸਟਰ, ਪੁਆਇੰਟਸਮੈਨ, ਇਲੈਕਟ੍ਰਿਕ ਸਿਗਨਲ ਮੇਨਟੇਨਰ ਅਤੇ ਸਿਗਨਲ ਸੁਪਰਵਾਈਜ਼ਰ ਆਦਿ ਸ਼ਾਮਲ ਹਨ।
ਇੰਨਾ ਹੀ ਨਹੀਂ, ਲੋਕੋ ਪਾਇਲਟਾਂ ਦੀਆਂ 14000 ਤੋਂ ਵੱਧ ਅਸਾਮੀਆਂ ਖਾਲੀ ਹਨ। ਅਜਿਹੇ ’ਚ ਦੂਜੇ ਲੋਕੋ ਪਾਇਲਟਾਂ ’ਤੇ ਬੋਝ ਵਧਣ ਨਾਲ ਤਣਾਅ ਵਧਦਾ ਹੈ ਅਤੇ ਤਣਾਅ ਵੀ ਹਾਦਸਿਆਂ ਦਾ ਕਾਰਨ ਹੋ ਸਕਦਾ ਹੈ।
ਹਾਲਾਂਕਿ ਭਾਰਤ ਵਿਚ ਰੇਲ ਹਾਦਸਿਆਂ ਨੂੰ ਰੋਕਣ ਲਈ ਐਂਟੀ-ਟੱਕਰ ‘ਕਵਚ ਪ੍ਰਣਾਲੀ’ ਨੂੰ ਲਾਗੂ ਕਰਨ ਦਾ ਐਲਾਨ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ, ਪਰ ਅਜੇ ਵੀ ਭਾਰਤੀ ਰੇਲਵੇ ਨੈੱਟਵਰਕ ਦੇ 97 ਫੀਸਦੀ ਤੋਂ ਵੱਧ ਹਿੱਸੇ ’ਚ ਇਸ ਦੀ ਘਾਟ ਹੈ।
ਅਜਿਹੇ ਹਾਲਾਤ ’ਚ ਰੇਲਵੇ ’ਚ ਉਪਰੋਕਤ ਤਰੁੱਟੀਆਂ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ ਤਾਂ ਜੋ ਰੇਲ ਯਾਤਰਾ ਸੁਰੱਖਿਅਤ ਰਹੇ ਅਤੇ ਯਾਤਰੀ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਮੰਜ਼ਿਲ ’ਤੇ ਪਹੁੰਚ ਸਕਣ।
-ਵਿਜੇ ਕੁਮਾਰ