ਕਿਰਾਏਦਾਰ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਦਾ ਲਾਹਾ ਲੈ ਕੇ ਬਣਨ ਮਾਲਕ : ਮੱਤੀ

Wednesday, Nov 04, 2026 - 06:23 PM (IST)

ਕਿਰਾਏਦਾਰ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਦਾ ਲਾਹਾ ਲੈ ਕੇ ਬਣਨ ਮਾਲਕ : ਮੱਤੀ

ਮਾਨਸਾ : ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਵਿਚ ਨਗਰ ਕੌਂਸਲਾਂ ਅਤੇ ਹੋਰ ਸਥਾਨਕ ਸਰਕਾਰੀ ਸੰਸਥਾਵਾਂ ਦੀਆਂ ਦੁਕਾਨਾਂ ਵਿਚ ਲੰਮੇ ਸਮੇਂ ਤੋਂ ਕਿਰਾਏਦਾਰ ਵਜੋਂ ਆਪਣਾ ਕਾਰੋਬਾਰ ਚਲਾ ਰਹੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਦੇ ਉਦੇਸ਼ ਨਾਲ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਕੀਮ ਦਾ ਲਾਹਾ ਲੈਣ ਲਈ ਨਗਰ ਕੌਂਸਲ ਮਾਨਸਾ ਦੀਆਂ ਦੁਕਾਨਾਂ ਵਿੱਚ ਕਿਰਾਏਦਾਰ ਵਜੋਂ ਬੈਠੇ ਸਮੂਹ ਦੁਕਾਨਦਾਰ ਭਰਾਵਾਂ ਨੂੰ ਅੱਗੇ ਆ ਕੇ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਭ ਉਠਾਉਣਾ ਚਾਹੀਦਾ ਹੈ। ਇਹ ਅਪੀਲ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭੂਸ਼ਨ ਕੁਮਾਰ ਮੱਤੀ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਦੁਕਾਨਦਾਰਾਂ ਲਈ ਇਕ ਅਹਿਮ ਮੌਕਾ ਹੈ। ਇਸ ਸਕੀਮ ਰਾਹੀਂ ਨਗਰ ਕੌਂਸਲ ਦੀਆਂ ਦੁਕਾਨਾਂ ਵਿਚ ਕਿਰਾਏਦਾਰ ਵਜੋਂ ਬੈਠੇ ਯੋਗ ਦੁਕਾਨਦਾਰ ਸਰਕਾਰ ਦੀਆਂ ਨਿਰਧਾਰਤ ਸ਼ਰਤਾਂ ਅਤੇ ਹਦਾਇਤਾਂ ਦੀ ਪਾਲਣਾ ਕਰਕੇ ਆਪਣੀ ਦੁਕਾਨ ਦੇ ਮਾਲਕੀ ਹੱਕ ਹਾਸਲ ਕਰਨ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਇਸ ਮੌਕੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਮੇਂ ਸਿਰ ਲੋੜੀਂਦੀ ਕਾਰਵਾਈ ਪੂਰੀ ਕਰਨੀ ਚਾਹੀਦੀ ਹੈ।

ਭੂਸ਼ਨ ਕੁਮਾਰ ਮੱਤੀ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਨਗਰ ਕੌਂਸਲ ਦੀਆਂ ਦੁਕਾਨਾਂ ਵਿਚ ਕਿਰਾਏਦਾਰ ਵਜੋਂ ਬੈਠੇ ਦੁਕਾਨਦਾਰਾਂ ਨੂੰ ਆਪਣੇ ਵੱਲ ਪਿਛਲੇ ਸਮੇਂ ਤੋਂ ਬਕਾਇਆ ਖੜ੍ਹਾ ਕਿਰਾਇਆ ਨਗਰ ਕੌਂਸਲ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ। ਬਕਾਇਆ ਕਿਰਾਇਆ ਭਰਨ ਤੋਂ ਬਾਅਦ ਸਬੰਧਤ ਦੁਕਾਨਦਾਰ ਨਗਰ ਕੌਂਸਲ ਦਫ਼ਤਰ ਤੋਂ ਲੋੜੀਂਦੀ ਐਨ.ਓ.ਸੀ. (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਪ੍ਰਾਪਤ ਕਰਨ ਲਈ ਕਾਰਵਾਈ ਕਰਨ। ਇਸ ਉਪਰੰਤ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦਰਜ ਨਿਯਮਾਂ, ਸ਼ਰਤਾਂ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਦੁਕਾਨ ਦੀ ਮਾਲਕੀ ਹਾਸਲ ਕਰਨ ਲਈ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਦਾਰਾਂ ਨੂੰ ਸਕੀਮ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਕਿਰਾਏ ਸਬੰਧੀ ਰਿਕਾਰਡ ਨੂੰ ਦਰੁਸਤ ਕਰਨਾ ਚਾਹੀਦਾ ਹੈ। ਜਿਨ੍ਹਾਂ ਦੁਕਾਨਦਾਰਾਂ ਵੱਲ ਕਿਰਾਇਆ ਬਕਾਇਆ ਹੈ, ਉਹ ਆਪਣੀ ਬਣਦੀ ਰਕਮ ਜਮ੍ਹਾਂ ਕਰਵਾ ਕੇ ਨਗਰ ਕੌਂਸਲ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ। ਇਸ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਗਲੀ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਰਜ਼ੀ ਦੇਣ ਸਮੇਂ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਸ਼ਰਤਾਂ ਦੀ ਪੂਰਤੀ ਕਰਨਾ ਵੀ ਲਾਜ਼ਮੀ ਹੈ।

ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਕਈ ਦੁਕਾਨਦਾਰ ਲੰਮੇ ਸਮੇਂ ਤੋਂ ਨਗਰ ਕੌਂਸਲ ਦੀਆਂ ਦੁਕਾਨਾਂ ਵਿੱਚ ਕਿਰਾਏਦਾਰ ਵਜੋਂ ਆਪਣਾ ਕਾਰੋਬਾਰ ਕਰ ਰਹੇ ਹਨ। ਅਜਿਹੇ ਦੁਕਾਨਦਾਰਾਂ ਲਈ ਇਹ ਸਕੀਮ ਆਪਣੇ ਕਾਰੋਬਾਰ ਨੂੰ ਹੋਰ ਸਥਿਰ ਬਣਾਉਣ ਅਤੇ ਸਰਕਾਰ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਮਾਲਕੀ ਹੱਕ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਹੈ। ਇਸ ਨਾਲ ਦੁਕਾਨਦਾਰਾਂ ਨੂੰ ਭਵਿੱਖ ਵਿੱਚ ਆਪਣੇ ਕਾਰੋਬਾਰ ਸਬੰਧੀ ਵਧੇਰੇ ਸੁਰੱਖਿਆ ਅਤੇ ਸਥਿਰਤਾ ਮਿਲਣ ਦੀ ਉਮੀਦ ਹੈ। ਉਨ੍ਹਾਂ ਸਮੂਹ ਦੁਕਾਨਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕਰਨ ਅਤੇ ਨਗਰ ਕੌਂਸਲ ਮਾਨਸਾ ਦੇ ਦਫ਼ਤਰ ਨਾਲ ਸੰਪਰਕ ਕਰਕੇ ਸਕੀਮ ਦੀਆਂ ਸ਼ਰਤਾਂ, ਯੋਗਤਾ, ਲੋੜੀਂਦੇ ਦਸਤਾਵੇਜ਼ਾਂ ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ। ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਆਪਣਾ ਬਕਾਇਆ ਕਿਰਾਇਆ ਜਮ੍ਹਾਂ ਕਰਵਾਉਣ ਅਤੇ ਲੋੜੀਂਦੀ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਮਾਲਕੀ ਹੱਕਾਂ ਲਈ ਅਪਲਾਈ ਕਰਨ।


author

Gurminder Singh

Content Editor

Related News