ਸਿੱਖਾਂ ਨੂੰ ਮੋਦੀ ਸਰਕਾਰ ਜਿਹਾ ਸਤਿਕਾਰ ਕਿਸੇ ਨੇ ਨਹੀਂ ਦਿੱਤਾ : ਫਤਿਹਜੰਗ ਬਾਜਵਾ
Thursday, Jan 15, 2026 - 08:05 PM (IST)
ਮਾਨਸਾ (ਮਿੱਤਲ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ. ਫਤਿਹਜੰਗ ਸਿੰਘ ਬਾਜਵਾ ਅੱਜ ਵਿਸ਼ੇਸ਼ ਤੌਰ 'ਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਸ. ਜਗਦੀਪ ਸਿੰਘ ਨਕਈ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪਾਰਟੀ ਆਗੂਆਂ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸ. ਜਗਦੀਪ ਸਿੰਘ ਨਕਈ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਨੇ ਲੈਣਾ ਹੈ, ਪਰ ਭਾਜਪਾ ਜਦੋਂ ਵੀ ਇਕੱਲਿਆਂ ਲੜੀ ਹੈ, ਪਾਰਟੀ ਦਾ ਜਨ-ਅਧਾਰ ਵਧਿਆ ਹੈ। ਉਨ੍ਹਾਂ ਸਿੱਖ ਮਸਲਿਆਂ 'ਤੇ ਬੋਲਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਖੁਲ੍ਹਵਾਉਣਾ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣਾ ਅਤੇ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਪ੍ਰਤੀ ਸੱਚਾ ਸਤਿਕਾਰ ਹੈ।
ਇਸ ਮੌਕੇ ਸ. ਜਗਦੀਪ ਸਿੰਘ ਨਕਈ ਅਤੇ ਸ. ਫਤਿਹਜੰਗ ਸਿੰਘ ਬਾਜਵਾ ਨੇ ਵਿਰੋਧੀ ਧਿਰਾਂ ਵੱਲੋਂ 'ਵਿਕਸਿਤ ਭਾਰਤ ਗਾਰੰਟੀ ਅਤੇ ਆਜੀਵਿਕਾ ਮਿਸ਼ਨ (ਜੀ ਰਾਮ ਜੀ)' ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਤੱਥਾਂ ਸਮੇਤ ਜਵਾਬ ਦਿੱਤਾ। ਸ. ਜਗਦੀਪ ਸਿੰਘ ਨਕਈ ਨੇ ਸਪੱਸ਼ਟ ਕੀਤਾ ਕਿ ਪੁਰਾਣੀ ਮਨਰੇਗਾ ਸਕੀਮ ਵਿੱਚ ਮਜ਼ਦੂਰਾਂ ਨੂੰ ਸਿਰਫ 100 ਦਿਨਾਂ ਦਾ ਰੋਜ਼ਗਾਰ ਮਿਲਦਾ ਸੀ, ਜਦਕਿ ਮੋਦੀ ਸਰਕਾਰ ਦੇ ਨਵੇਂ ਕਾਨੂੰਨ ਤਹਿਤ ਹੁਣ 125 ਦਿਨਾਂ ਦੇ ਕੰਮ ਦੀ ਪੱਕੀ ਗਰੰਟੀ ਦਿੱਤੀ ਗਈ ਹੈ। ਸ. ਨਕਈ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਦੱਸਿਆ ਕਿ ਪਹਿਲਾਂ ਖੇਤੀ ਸੀਜ਼ਨ ਦੌਰਾਨ ਮਜ਼ਦੂਰ ਨਹੀਂ ਮਿਲਦੇ ਸਨ, ਪਰ ਨਵੀਂ ਯੋਜਨਾ ਤਹਿਤ ਹਾੜੀ-ਸਾਉਣੀ ਦੀ ਬਿਜਾਈ ਤੇ ਕਟਾਈ ਵੇਲੇ 60 ਦਿਨਾਂ ਤੱਕ ਸਰਕਾਰੀ ਕੰਮ ਰੋਕਿਆ ਜਾ ਸਕਦਾ ਹੈ, ਜਿਸ ਨਾਲ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਨਹੀਂ ਆਵੇਗੀ ਅਤੇ ਮਜ਼ਦੂਰਾਂ ਦਾ ਨੁਕਸਾਨ ਵੀ ਨਹੀਂ ਹੋਵੇਗਾ।
ਸ. ਬਾਜਵਾ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਇਸ ਯੋਜਨਾ ਦਾ ਬਜਟ ਮਹਿਜ਼ 33,000 ਕਰੋੜ ਸੀ, ਜਿਸਨੂੰ ਮੋਦੀ ਸਰਕਾਰ ਨੇ ਵਧਾ ਕੇ ਇਸ ਸਾਲ 1,51,282 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪੁਰਾਣੀ ਸਕੀਮ ਤਹਿਤ ਹਜ਼ਾਰਾਂ ਕਰੋੜਾਂ ਦੇ ਘਪਲੇ ਹੋਏ ਸਨ ਅਤੇ ਅਸਲ ਮਜ਼ਦੂਰਾਂ ਤੱਕ ਪੈਸਾ ਨਹੀਂ ਸੀ ਪਹੁੰਚਦਾ, ਇਸੇ ਲੁੱਟ ਨੂੰ ਰੋਕਣ ਲਈ ਨਵੇਂ ਕਾਨੂੰਨ ਵਿੱਚ ਬਾਇਓਮੀਟ੍ਰਿਕ ਹਾਜ਼ਰੀ, ਜੀਓ-ਟੈਗਿੰਗ ਅਤੇ ਡਿਜੀਟਲ ਭੁਗਤਾਨ ਲਾਜ਼ਮੀ ਕੀਤਾ ਗਿਆ ਹੈ। ਦੋਵਾਂ ਆਗੂਆਂ ਨੇ ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੇ ਝੂਠੇ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਕਿਉਂਕਿ ਇਹ ਕਾਨੂੰਨ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਅਤੇ ਜੇਕਰ ਕਿਸੇ ਨੂੰ ਕੰਮ ਨਹੀਂ ਮਿਲਦਾ ਤਾਂ 7 ਦਿਨਾਂ ਦੇ ਅੰਦਰ ਸ਼ਿਕਾਇਤ ਦਾ ਹੱਲ ਅਤੇ ਬੇਰੁਜ਼ਗਾਰੀ ਭੱਤਾ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਪਾਵਨ ਸਿੰਘ ਨਕਈ ਅਤੇ ਪੀ.ਏ ਬੱਬੀ ਰੋਮਾਣਾ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
