''ਪਿਤਾ ਦਿਵਸ'' ਮੌਕੇ ਸਿਆਸਤਦਾਨਾਂ, ਅਦਾਕਾਰਾਂ ਤੇ ਸਮਾਜ ਸੇਵੀਆਂ ਵੱਲੋਂ ਮਾਪਿਆਂ ਦੀ ਸੇਵਾ-ਸੰਭਾਲ ਕਰਨ ਦਾ ਸੁਨੇਹਾ
Monday, Jun 17, 2024 - 11:44 AM (IST)
ਬੁਢਲਾਡਾ (ਮਨਜੀਤ) : ਮਾਪਿਆਂ ਦਾ ਸਤਿਕਾਰ, ਰੁਤਬਾ, ਪਿਆਰ ਅਹਿਮ ਸਥਾਨ ਰੱਖਦਾ ਹੈ। ਕਿਹਾ ਜਾਂਦਾ ਹੈ ਕਿ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਬੇਸ਼ੱਕ ਅੱਜ ਦੇ ਦੌਰ 'ਚ ਘਰੋਂ ਕੱਢੇ ਬਜ਼ੁਰਗਾਂ ਨਾਲ ਬਿਰਧ ਆਸ਼ਰਮ ਭਰੇ ਪਏ ਹਨ ਪਰ ਬਹੁਤ ਸਾਰੇ ਇਨਸਾਨ, ਅਦਾਕਾਰ, ਸਿਆਸਤਦਾਨ, ਸਮਾਜ ਸੇਵੀ ਸ਼ਖ਼ਸੀਅਤਾਂ ਅਜਿਹੀਆਂ ਹਨ, ਜੋ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦਾ ਬਜ਼ੁਰਗ ਅਵਸਥਾ 'ਚ ਸਾਥ ਬਣਨ ਲਈ ਪ੍ਰੇਰਦੀਆਂ ਹਨ।
ਬੀਤੇ ਕੱਲ੍ਹ ਪਿਤਾ ਦਿਵਸ ਮੌਕੇ ਅਨੇਕਾਂ ਸ਼ਖ਼ਸੀਅਤਾਂ ਨੇ ਸ਼ੋਸ਼ਲ ਮੀਡੀਆ ਖ਼ਾਤਿਆਂ 'ਤੇ ਆਪਣੇ ਮਾਤਾ-ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਹ ਸੁਨੇਹਾ ਦਿੱਤਾ ਹੈ। ਅਕਾਲੀ ਦਲ ਪੰਜਾਬ ਦੇ ਕੌਮੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਪਿਤਾ ਨਾਲ ਆਪਣੇ ਭਰਾ-ਭੈਣ ਸਮੇਤ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਮੇਰੀ ਔਲਾਦ ਸਫ਼ਲ ਹੋਵੇ। ਖੁਸ਼ੀਆਂ-ਖੇੜੇ ਮਾਣੇ ਅਤੇ ਲੰਬੀਆਂ ਉਮਰਾਂ ਹਾਸਲ ਕਰੇ। ਇੱਕ ਪਿਤਾ ਉਹ ਹੁੰਦਾ ਹੈ, ਜੋ ਬੱਚਿਆਂ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਉਸ ਦਾ ਸੁਨਹਿਰਾ ਭਵਿੱਖ ਘੜਦਾ ਹੈ। ਅਜਿਹੇ ਦੁਨੀਆਂ 'ਚ ਵੱਸਦੇ ਮਾਪਿਆਂ ਨੂੰ ਸਾਡਾ ਦਿਲੋਂ ਸਲਾਮ ਹੈ।
ਅਦਾਕਾਰਾ ਸਤਿੰਦਰ ਸੱਤੀ ਨੇ ਆਪਣੇ ਮਾਤਾ-ਪਿਤਾ ਨਾਲ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ ਮਾਪੇ ਔਲਾਦ ਦੇ ਦੁੱਖ-ਸੁੱਖ ਬੁੱਝ ਲੈਂਦੇ ਹਨ। ਬੇਸ਼ੱਕ ਅਸੀਂ ਉਨ੍ਹਾਂ ਨੂੰ ਕੁੱਝ ਦੱਸੀਏ ਜਾਂ ਨਾ। ਮੇਰੇ ਮਾਤਾ-ਪਿਤਾ ਮੈਨੂੰ ਜਾਦੂਗਰ ਲੱਗਦੇ ਹਨ, ਜੋ ਬਿਨ੍ਹਾ ਦੱਸੇ ਮੇਰਾ ਦੁੱਖ-ਸੁੱਖ ਜਾਣ ਲੈਂਦੇ ਹਨ। ਸਾਨੂੰ ਮਾਪਿਆਂ ਦੀ ਸਦਾ ਸੰਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਬੱਚਿਆਂ ਵਾਂਗ ਸੰਭਾਲ ਕੇ ਰੱਖਣਾ ਚਾਹੀਦਾ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਅਸੀਂ ਮਾਪਿਆਂ ਦੀ ਫੁੱਲਵਾੜੀ ਹਾਂ। ਅਸੀਂ ਖਿੜਦੇ ਹਾਂ ਤਾਂ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ। ਸਾਡੀਆਂ ਖੁਸ਼ੀਆਂ 'ਚ ਹੀ ਉਨ੍ਹਾਂ ਦਾ ਰੱਬ ਵੱਸਦਾ ਹੈ।
ਔਲਾਦ ਲਈ ਮਾਂ-ਬਾਪ ਦਾ ਯੋਗਦਾਨ ਰੱਬ ਤੋਂ ਵੀ ਵੱਡਾ ਹੁੰਦਾ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਮਾਪਿਆਂ ਦੀ ਜਿੰਨੀ ਸੇਵਾ-ਸੰਭਾਲ ਹੋ ਸਕੇ, ਓਨੀ ਥੋੜ੍ਹੀ ਹੈ। ਉੱਘੇ ਸਮਾਜ ਸੇਵੀ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਕਿਹਾ ਹੈ ਕਿ ਮਾਪੇ ਕਦੇ ਵੀ ਨਹੀਂ ਮਰਦੇ। ਸਰੀਰਕ ਰੂਪ ਤੋਂ ਬੇਸ਼ੱਕ ਉਹ ਚਲੇ ਜਾਂਦੇ ਹਨ ਪਰ ਉਨ੍ਹਾਂ ਦੀ ਔਲਾਦ ਵਿੱਚੋਂ ਝਲਕ ਹਮੇਸ਼ਾ ਦਿਖਦੀ ਰਹਿੰਦੀ ਹੈ। ਜਿਸ ਸਹਾਰੇ ਪਰਿਵਾਰ ਚੱਲਦੇ-ਫਿਰਦੇ ਅਤੇ ਸੁੱਖੀ ਵੱਸਦੇ ਹਨ। ਮਾਪਿਆਂ ਨੂੰ ਵਿਸਾਰਿਆ ਨਹੀਂ ਜਾ ਸਕਦਾ। ਅੱਜ ਦੇ ਸਵਾਰਥੀ ਯੁੱਗ 'ਚ ਔਲਾਦ ਵੱਲੋਂ ਮਾਪਿਆਂ ਦੀ ਕੁੱਟਮਾਰ, ਜ਼ਮੀਨੀ ਝਗੜੇ 'ਚ ਕਤਲ ਆਦਿ ਦੀਆਂ ਘਟਨਾਵਾਂ ਸਮਾਜ ਨੂੰ ਕਲੰਕਿਤ ਕਰ ਰਹੀਆਂ ਹਨ। ਅਜਿਹੀ ਪ੍ਰਵਿਰਤੀ ਨੂੰ ਰੋਕਣ ਅਤੇ ਠੱਲ੍ਹਣ ਲਈ ਆਪਣੇ ਮਾਪਿਆਂ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ।