ਨਥਾਣਾ ''ਚ ਮਿਲੀ ਗਲੀ-ਸੜੀ ਲਾਸ਼ ਦੀ ਹੋਈ ਪਛਾਣ, ਮਾਪਿਆਂ ਦਾ ਇਕੌਲਤਾ ਪੁੱਤ ਸੀ ਜਸਕਰਨ

05/29/2023 10:53:33 AM

ਨਥਾਣਾ (ਬੱਜੋਆਣੀਆਂ) : ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਨੂੰ ਨਥਾਣਾ ਨੇੜੇ ਇਕ ਨੌਜਵਾਨ ਦੀ ਗਲੀ ਸੜੀ ਲਾਸ਼ ਪਈ ਹੋਣ ਸਬੰਧੀ 27 ਮਈ ਨੂੰ ਸੂਚਨਾ ਪ੍ਰਾਪਤ ਹੋਈ ਸੀ। ਇਸ ਤਹਿਤ ਕਾਰਵਾਈ ਕਰਦਿਆਂ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਵੱਲੋਂ ਥਾਣਾ ਸਿਟੀ ਰਾਮਪੁਰਾ ਪੁਲਸ ਦੀ ਹਾਜ਼ਰੀ ’ਚ ਲਾਸ਼ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਪਹੁੰਚਾਇਆ ਗਿਆ ਅਤੇ ਲਾਸ਼ ਨੂੰ ਸਨਾਖ਼ਤ ਲਈ ਰੱਖ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਕਲਿਆਣ ਸੁੱਖਾ ਦਾ ਇਕ ਨੌਜਵਾਨ ਕੁਝ ਦਿਨਾਂ ਤੋਂ ਲਾਪਤਾ ਸੀ ਅਤੇ ਪੁਲਸ ਵੱਲੋਂ ਮੋਬਾਇਲ ਟ੍ਰੇਸ ਉਪਰੰਤ ਉਸਦੀ ਆਖਰੀ ਲੁਕੇਸ਼ਨ ਮਹਿਰਾਜ ਇਲਾਕੇ ’ਚ ਪਾਈ ਗਈ, ਜਿਸ ਕਰ ਕੇ ਪਰਿਵਾਰ, ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਪੁਲਸ ਵੱਲੋਂ ਮਹਿਰਾਜ ਦੇ ਆਸ-ਪਾਸ ਇਸ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੇ ਅਸਰਦਾਰ ਨਤੀਜੇ, ਐਕਸ਼ਨ ਲਾਈਨ 'ਤੇ ਮਿਲੀਆਂ 7,939 ਸ਼ਿਕਾਇਤਾਂ

ਗੁਰਦੁਆਰਾ ਗੁੰਮਟਸਰ ਸਾਹਿਬ ਪਾਤਸ਼ਾਹੀ ਛੇਵੀਂ ਨਜ਼ਦੀਕ ਪਿੰਡ ਮਹਿਰਾਜ ਦੇ ਰਕਬੇ ਵਿੱਚੋਂ ਸਰਹਿੰਦ ਨਹਿਰ ਦੀਆਂ ਝਾੜੀਆਂ ’ਚ ਇਕ ਲਾਸ਼ ਹੋਣ ਸਬੰਧੀ ਪਤਾ ਲੱਗਣ ’ਤੇ ਮ੍ਰਿਤਕ ਦੀ ਭਾਲ ਕਰ ਰਹੇ ਵਿਅਕਤੀ ਵੀ ਲਾਸ਼ ਕੋਲ ਪਹੁੰਚੇ ਪਰ ਲਾਸ਼ ਦੀ ਹਾਲਤ ਬਹੁਤ ਖ਼ਰਾਬ ਹੋਣ ਕਾਰਨ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਇਹ ਨੌਜਵਾਨ ਆਪਣੇ ਪਿੰਡ ਕਲਿਆਣ ਸੁੱਖਾ ਦੇ ਨੇੜਲੇ ਪਿੰਡ ਇਕ ਧਾਰਮਿਕ ਸੰਸਥਾ ਦੇ ਵੈਲਡਰ ਦਾ ਕੰਮ ਕਰਦਾ ਸੀ ਤੇ ਉੱਥੇ ਹੀ ਰਹਿੰਦਾ ਸੀ। ਥਾਣਾ ਸਿਟੀ ਰਾਮਪੁਰਾ ਪੁਲਸ ਵੱਲੋਂ ਉਸ ਦੇ ਸਾਥੀਆਂ ਨੂੰ ਬੁਲਾ ਕੇ ਸਨਾਖ਼ਤ ਕਰਵਾਈ ਗਈ ਤਾਂ ਮ੍ਰਿਤਕ ਨੌਜਵਾਨ ਦੇ ਸਾਥੀਆਂ ਨੇ ਉਸ ਦੇ ਪਾਏ ਹੋਏ ਬੂਟ­, ਘੜੀ ਅਤੇ ਬੈਲਟ ਤੋਂ ਜਸਕਰਨ ਸਿੰਘ ਉਮਰ ਕਰੀਬ (21) ਸਾਲ ਪੁੱਤਰ ਜੱਗ ਸਿੰਘ ਵਾਸੀ ਕਲਿਆਣ ਸੁੱਖਾ ਵਜੋਂ ਉਸ ਦੀ ਪਛਾਣ ਕੀਤੀ, ਜਿਸ ਉਪਰੰਤ ਪੁਲਸ ਨੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ। ਵਾਰਸਾਂ ਨੇ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਪ੍ਰਭੂ ਦਰਸ਼ਨ ਦੀ ਚਾਹਤ : 20 ਸਾਲਾਂ 'ਚ 84 ਕਰੋੜ ਵਾਰ ਕਾਪੀ 'ਚ ਲਿਖਿਆ 'ਰਾਧੇ ਸ਼ਾਮ, ਸੀਤਾ ਰਾਮ'

ਪਰਿਵਾਰ ਅਨੁਸਾਰ ਉਨ੍ਹਾਂ ਦਾ ਪੁੱਤਰ ਚਿੱਟੇ ਦਾ ਆਦੀ ਨਹੀਂ ਸੀ ਪਰ ਨੌਜਵਾਨ ਦੀ ਲਾਸ਼ ਕੋਲੋਂ ਬਰਾਮਦ ਹੋਈ ਸਰਿੰਜ ਕਾਫ਼ੀ ਸਵਾਲ ਖੜ੍ਹੇ ਕਰਦੀ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਨਿੱਜੀ ਤੌਰ ’ਤੇ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਇਸ ਮਾਮਲੇ ਸਬੰਧੀ ਪੂਰੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਸਕੇ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਾਸ਼ ਦੀ ਸਨਾਖਤ ਹੁੰਦਿਆਂ ਹੀ ਪਿੰਡ ਵਾਸੀਆਂ ਤੇ ਇਲਾਕੇ ’ਚ ਸ਼ੋਕ ਪਸਰ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News