ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ''ਚ ਸ਼ਾਮਲ ਹੋਈ ਪਿੰਡ ਘੁੱਦਾ ਦੀ ਕੇਂਦਰੀ ਯੂਨੀਵਰਸਿਟੀ

06/07/2023 11:58:18 AM

ਸੰਗਤ ਮੰਡੀ (ਮਨਜੀਤ) : ਪਿੰਡ ਘੁੱਦਾ ਵਿਖੇ ਬਣੀ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਮੁੱਲਾਂਕਣ ਲਈ ਜਾਰੀ ਕੀਤੀ ਗਈ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ.) ਇੰਡੀਆ ਰੈਂਕਿੰਗਜ਼ 2023 ਦੀ ਯੂਨੀਵਰਸਿਟੀ ਸ਼੍ਰੇਣੀ ’ਚ 100ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ, ਇਸ ਸਾਲ ਯੂਨੀਵਰਸਿਟੀ ਵੱਲੋਂ ਐੱਨ. ਆਈ. ਆਰ. ਐੱਫ. ਇੰਡੀਆ ਰੈਂਕਿੰਗਜ਼ 2023 ਦੀ ਫਾਰਮੇਸੀ ਸ਼੍ਰੇਣੀ ’ਚ ਵੀ 19ਵਾਂ ਸਥਾਨ ਹਾਸਲ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕਰਦੇ ਹੋਏ ਆਪਣੇ ਦਰਜੇ ’ਚ ਸੁਧਾਰ ਕੀਤਾ ਹੈ। ਫਾਰਮੇਸੀ ਸ਼੍ਰੇਣੀ ’ਚ ਸੀ. ਯੂ. ਪੀ. ਬੀ. ਨੂੰ ਪਿਛਲੇ ਸਾਲ 26ਵਾਂ ਰੈਂਕ ਪ੍ਰਾਪਤ ਹੋਇਆ ਸੀ।

ਇਹ ਵੀ ਪੜ੍ਹੋ- ਫਰੀਦਕੋਟ ਦੇ ਗੁਰਿੰਦਰ ਸਿੰਘ ਬਰਾੜ ਦੀ ਕੈਨੇਡਾ 'ਚ ਝੰਡੀ, ਬਣਿਆ ਸਭ ਤੋਂ ਘੱਟ ਉਮਰ ਦਾ ਕੈਨੇਡੀਅਨ ਵਿਧਾਇਕ

ਇਸ ਪ੍ਰਾਪਤੀ ਸਦਕਾ ਸੀ. ਯੂ. ਪੀ. ਬੀ. ਨੂੰ ਪਿਛਲੇ ਪੰਜ ਸਾਲਾਂ ’ਚ ਲਗਾਤਾਰ ਪੰਜਵੀਂ ਵਾਰ ਐੱਨ. ਆਈ. ਆਰ. ਐੱਫ. ਇੰਡੀਆ ਰੈਂਕਿੰਗਜ਼ ’ਚ ਭਾਰਤ ਦੀ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ’ਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਐੱਨ. ਆਈ. ਆਰ. ਐੱਫ. ਇੰਡੀਆ ਰੈਂਕਿੰਗਜ਼ 2023 ਦੇ ਸਖ਼ਤ ਮੁਕਾਬਲੇ ’ਚ ਸੀ. ਯੂ. ਪੀ. ਬੀ. ਨੇ ‘ਯੂਨੀਵਰਸਿਟੀ ਸ਼ੇਣੀ’ ’ਚ ਐੱਨ. ਆਈ. ਆਰ. ਐੱਫ. 2022 ’ਚ ਹਾਸਲ ਕੀਤੇ 42.64 ਅੰਕਾਂ ਦੇ ਮੁਕਾਬਲੇ ਐੱਨ. ਆਈ. ਆਰ. ਐੱਫ. 2023 ’ਚ 42.93 ਅੰਕ ਪ੍ਰਾਪਤ ਕਰ ਕੇ ਆਪਣੇ ਸਕੋਰ ਵਿਚ ਵਾਧਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ

ਇਸ ਰਿਪੋਰਟ ’ਚ ਐੱਨ. ਆਈ. ਆਰ. ਐੱਫ. ਨੇ ਸਿੱਖਿਆ ਮੰਤਰਾਲੇ ਵੱਲੋਂ ਪ੍ਰਵਾਨਿਤ ਵਿਧੀ ਦੀ ਪਾਲਣਾ ਕਰਦਿਆਂ ਸਾਰੇ ਵਿੱਦਿਅਕ ਅਦਾਰਿਆਂ ਦਾ ਪੰਜ-ਮਾਪਦੰਡਾਂ ਦੇ ਆਧਾਰ ’ਤੇ ਮੁੱਲਾਂਕਣ ਕੀਤਾ ਹੈ। ਇਨ੍ਹਾਂ ਮਾਪਦੰਡਾਂ ਦੇ ਵੇਰਵਿਆਂ ’ਚ ‘ਅਧਿਆਪਨ, ਸਿੱਖਿਆ ਅਤੇ ਸਰੋਤ, ‘ਖੋਜ ਅਤੇ ਕਿੱਤਾਮੁਖੀ ਅਮਲ, ‘ਗ੍ਰੇਜੂਏਸ਼ਨ ਨਤੀਜੇ, ‘ਦੂਜਿਆਂ ਤਕ ਪਹੁੰਚ ਅਤੇ ਸਮਾਵੇਸ਼, ਅਤੇ ‘ਧਾਰਨਾ’। ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਸੀ. ਯੂ. ਪੀ. ਬੀ. ਨੇ ਐੱਨ. ਆਈ. ਆਰ. ਐੱਫ. ਇੰਡੀਆ ਰੈਂਕਿੰਗਜ਼ 2023 ਦੀ ਸਮੁੱਚੀ ਸ਼੍ਰੇਣੀ ’ਚ ਰੈਂਕ ਬੈਂਡ 100-150 ’ਚ ਆਪਣਾ ਸਥਾਨ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹ ਲਈਆਂ ਦੋ ਘਰਾਂ ਦੀਆਂ ਖ਼ੁਸ਼ੀਆਂ, ਜੀਜਾ-ਸਾਲੇਹਾਰ ਦੀ ਦਰਦਨਾਕ ਮੌਤ

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਸਾਰੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇਸ ਪ੍ਰਾਪਤੀ ’ਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ। ਉਨ੍ਹਾਂ ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ ਅਤੇ ਫਾਰਮਕੋਲੋਜੀ ਵਿਭਾਗ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਸਦਕਾ ਯੂਨੀਵਰਸਿਟੀ ਦੀ ਫਾਰਮੇਸੀ ਰੈਂਕ ’ਚ ਸੁਧਾਰ ਆਇਆ ਹੈ। ਉਨ੍ਹਾਂ ਅੱਗੇ ਆਉਣ ਵਾਲੇ ਸਾਲਾਂ ’ਚ ਐੱਨ. ਆਈ. ਆਰ. ਐੱਫ. ਇੰਡੀਆ ਰੈਂਕਿੰਗਜ਼ ਦੇ ਸਾਰੇ ਮਾਪਦੰਡਾਂ ’ਚ ਯੂਨੀਵਰਸਿਟੀ ਦੇ ਪ੍ਰਦਰਸ਼ਨ ’ਚ ਸੁਧਾਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਰਿਆਂ ਨੂੰ ਭਵਿੱਖ ’ਚ ਬਿਹਤਰ ਪ੍ਰਦਰਸ਼ਨ ਲਈ ਨਵੇਂ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕੀਤੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News