ਖੂਨੀ ਡੋਰ ਵਿਰੁੱਧ ਪੁਲਸ ਚੌਕਸ, 2 ਖਿਲਾਫ ਮਾਮਲਾ ਦਰਜ
Friday, Jan 24, 2025 - 06:07 PM (IST)
ਬੁਢਲਾਡਾ (ਬਾਂਸਲ) : ਚਾਈਨਾ ਡੋਰ ਖ਼ਿਲਾਫ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਸਥਾਨਕ ਪੁਲਸ ਵੱਲੋਂ ਵੱਖ-ਵੱਖ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਪੱਧਰ 'ਤੇ ਚਾਈਨਾ ਡੋਰ ਬਰਾਮਦ ਕੀਤੀ ਗਈ। ਐੱਸ.ਐੱਚ.ਓ. ਸਿਟੀ ਬਲਕੌਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਸ਼ੱਕੀ ਵਿਅਕਤੀ ਦੀ ਤਲਾਸ਼ੀ ਦੌਰਾਨ ਜਗਸੀਰ ਸਿੰਘ ਉਰਫ ਸੀਰਾ ਪਿੰਡ ਬਰ੍ਹੇ ਕੋਲ 2 ਗੱਟੂ ਚਾਈਨਾ ਡੋਰ ਅਤੇ ਇਸੇ ਤਰ੍ਹਾਂ ਅਹਿਮਦਪੁਰ ਰੋਡ ਤੇ ਸ਼ੱਕੀ ਵਿਅਕਤੀ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਚੈਕਿੰਗ ਕਰਨ ਤੇ ਗੁਰਪ੍ਰੀਤ ਸਿੰਘ ਉਰਫ ਗਿਰੀ ਪਿੰਡ ਬਰ੍ਹੇ ਕੋਲ 2 ਗੁੱਟੇ ਚਾਈਨਾ ਡੋਰ ਬਰਾਮਦ ਕੀਤੇ ਗਏ।
ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਜਰਨੈਲ ਸਿੰਘ ਨੇ ਉਪਰੋਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ਦੀ ਇਤਲਾਹ ਤੁਰੰਤ ਪੁਲਸ ਨੂੰ ਦੇਣ। ਉਨ੍ਹਾਂ ਕਿਹਾ ਕਿ ਇਸ ਡੋਰ ਨਾਲ ਜਿੱਥੇ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ ਉਥੇ ਇਹ ਡੋਰ ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀਆਂ ਹਨ। ਵਰਣਨਯੋਗ ਹੈ ਕਿ ਪਿਛਲੇ ਸਾਲ ਬੁਢਲਾਡਾ ਦੇ ਓਵਰ ਬ੍ਰਿਜ ਤੇ ਇਸ ਡੋਰ ਨਾਲ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਗਲਾ ਕੱਟਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸ਼ੱਕੀ ਦੁਕਾਨਦਾਰਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।