ਨੱਕਾਸ਼ੀ ਕਰਨ ਲਈ ਦਿੱਤਾ 1 ਕਰੋੜ ਦਾ ਸੋਨਾ ਲੈ ਕੇ ਫ਼ਰਾਰ ਹੋਇਆ ਕਾਰੀਗਰ
Wednesday, Nov 22, 2023 - 10:07 AM (IST)
ਬਠਿੰਡਾ (ਵਰਮਾ) : ਇਕ ਸੁਨਿਆਰੇ ਨੇ ਕਰੀਬ 15 ਦੁਕਾਨਾਂ ’ਤੇ ਕੰਮ ਕਰਦੇ ਇਕ ਕਾਰੀਗਰ ਨੂੰ ਨੱਕਾਸ਼ੀ ਕਰਨ ਲਈ ਸੋਨਾ ਦਿੱਤਾ ਸੀ, ਜੋ ਰਾਤੋ-ਰਾਤ ਇਸ ਨੂੰ ਲੈ ਕੇ ਫ਼ਰਾਰ ਹੋ ਗਿਆ, ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾਂਦੀ ਹੈ। ਕਾਰੀਗਰ ਆਪਣੇ ਸਾਮਾਨ ਤੇ ਪਰਿਵਾਰ ਸਮੇਤ ਲਾਪਤਾ ਹੋ ਗਿਆ। ਬੰਗਾਲ ਦਾ ਰਹਿਣ ਵਾਲਾ ਕਾਰੀਗਰ ਪਿਛਲੇ 12 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਇਸ ਸਬੰਧੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤਕ ਫ਼ਰਾਰ ਕਾਰੀਗਰ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਸੁਨਿਆਰਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਦੱਸਿਆ ਕਿ ਬੰਗਾਲ ਦਾ ਰਹਿਣ ਵਾਲਾ ਸ਼ਾਕਿਰ ਅਲੀ ਪਿਛਲੇ ਕਾਫ਼ੀ ਸਾਲਾਂ ਤੋਂ ਸੁਨਿਆਰਿਆਂ ਨਾਲ ਜੁੜਿਆ ਹੋਇਆ ਸੀ ਅਤੇ ਦੁਕਾਨਦਾਰਾਂ ਨੂੰ ਵੀ ਉਸ ’ਤੇ ਪੂਰਾ ਭਰੋਸਾ ਸੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਨੇ ਦਿੱਤਾ ਆਖ਼ਰੀ ਮੌਕਾ
ਜਿਊਲਰੀ ਸ਼ਾਪ ਦੇ ਚੇਅਰਮੈਨ ਦਰਵੇਦ ਮੈਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਰਨੀ ਚਾਹੀਦੀ ਹੈ ਅਤੇ ਜੋ ਸੋਨਾ ਆਮ ਲੋਕਾਂ ਨੇ ਕਾਰੀਗਰ ਨੂੰ ਨੱਕਾਸ਼ੀ ਲਈ ਦਿੱਤਾ ਸੀ, ਉਸ ਦੀ ਬਰਾਮਦਗੀ ਕੀਤੀ ਜਾਵੇ। ਫ਼ਿਲਹਾਲ ਪੁਲਸ ਨੇ ਮੁਲਜ਼ਮ ਸ਼ਾਕਿਰ ਅਲੀ ਦੇ ਇਕ ਰਿਸ਼ਤੇਦਾਰ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ ਪਰ ਉਸ ਨੇ ਵੀ ਇਸ ਸਬੰਧੀ ਅਣਜਾਣਤਾ ਪ੍ਰਗਟਾਈ ਹੈ। ਪੁਲਸ ਨੂੰ ਉਸ ਦਾ ਮੋਬਾਇਲ ਵੀ ਬੰਦ ਮਿਲਿਆ, ਜਿਸ ਕਾਰਨ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ। ਫਿਰ ਵੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਉਸ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ 'ਚ ਜੇਲ੍ਹ 'ਚ ਬੈਠੇ ਗੈਂਗਸਟਰ ਤੋਂ ਮਿਲਿਆ ਫੋਨ, ਹੋ ਗਏ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8