ਪੰਜਾਬ ''ਚ ਗੁੰਡਾਰਾਜ, ਤਲਵੰਡੀ ਸਾਬੋ ''ਚ ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲ਼ੀਆਂ
Friday, Dec 09, 2022 - 12:09 PM (IST)
ਤਲਵੰਡੀ ਸਾਬੋ (ਮੁਨੀਸ਼) : ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਬੀਤੇ ਦਿਨਾਂ ’ਚ ਗੈਂਗਸਟਰਾਂ ਵੱਲੋਂ ਵਪਾਰੀਆਂ ਤੋਂ ਫਿਰੌਤੀਆਂ ਮੰਗਣ ਦੇ ਸਾਹਮਣੇ ਆਏ ਮਾਮਲੇ ਉਪਰੰਤ ਭਾਵੇਂ ਪੁਲਸ ਨੇ ਸ਼ਹਿਰ ਵਿਚ ਦਿਨ-ਰਾਤ ਦੀ ਗਸ਼ਤ ਦੇ ਭਰੋਸੇ ਦਿੱਤੇ ਸਨ ਪਰ ਬੀਤੀ ਰਾਤ ਨਿਸ਼ਾਨ-ਏ-ਖਾਲਸਾ ਚੌਕ ’ਚ ਕਾਰ ਸਵਾਰ ਵਿਅਕਤੀਆਂ ਵੱਲੋਂ ਫਾਇਰਿੰਗ ਅਤੇ ਕੁੱਟਮਾਰ ਕਰਨ ਕਾਰਨ ਇਕ ਸੈਲੂਨ ਮਾਲਕ ਅਤੇ ਉਸਦਾ ਸਾਥੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੇ ਪੁਲਸ ਦੇ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਘਟਨਾ ਤੋਂ ਮਗਰੋਂ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪਸਰਿਆ ਦਿਖਾਈ ਦੇ ਰਿਹਾ।
ਇਹ ਵੀ ਪੜ੍ਹੋ- ਫਰੀਦਕੋਟ 'ਚ 11 ਸਾਲ ਦਾ ਬੱਚਾ ਲਾਪਤਾ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਤਲਵੰਡੀ ਸਾਬੋ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ ਹਸਪਤਾਲ ’ਚ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਤਲਵੰਡੀ ਸਾਬੋ ਨੇ ਦੱਸਿਆ ਕਿ ਉਹ ਜਾਨੀ ਹੇਅਰ ਸੈਲੂਨ ’ਤੇ ਕੰਮ ਕਰਦਾ ਹੈ ਅਤੇ ਸੈਲੂਨ ਮਾਲਕ ਜਾਨੀ ਨਾਲ ਉਸਦੀ ਚੰਗੀ ਦੋਸਤੀ ਵੀ ਹੈ। ਉਸ ਮੁਤਾਬਕ ਸੈਲੂਨ ’ਤੇ ਜਸਪ੍ਰੀਤ ਸਿੰਘ ਵਾਸੀ ਕੋਟਬਖਤੂ ਦੀ ਵੀ ਕਾਫ਼ੀ ਆਉਣੀ ਜਾਣੀ ਹੈ। ਜਸਪ੍ਰੀਤ ਸਿੰਘ ਦੇ ਇਕ ਕੁੜੀ ਨਾਲ ਦੋਸਤਾਨਾ ਸਬੰਧ ਹਨ ਅਤੇ ਬੀਤੀ ਰਾਤ ਜਦੋਂ ਜਸਪ੍ਰੀਤ ਸਾਡੇ ਕੋਲ ਬੈਠਾ ਸੀ ਤਾਂ ਪਤਾ ਲੱਗਾ ਕਿ ਉਕਤ ਕੁੜੀ ਦਾ ਮੋਬਾਇਲ ਉਸ ਕੋਲ ਸੀ, ਜਿਸ ’ਤੇ ਰਾਤ ਨੂੰ ਕਰੀਬ ਅੱਠ ਵਜੇ ਇਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਗੱਗੂ ਦੱਸਦਿਆਂ ਉਸ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ: ਵਿੱਕੀ ਮਿੱਡੂਖੇੜਾ ਦੇ ਭਰਾ ਨੇ ਪੁਲਸ ਨੂੰ ਸੌਂਪੇ ਮੋਬਾਇਲ ਤੇ ਹੋਰ ਦਸਤਾਵੇਜ਼
ਦਰਜ ਬਿਆਨਾਂ ਮੁਤਾਬਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ, ਸੈਲੂਨ ਮਾਲਕ ਜਾਨੀ ਅਤੇ ਜਸਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਸਮੇਤ ਰਾਤ ਨੂੰ ਉਕਤ ਫੋਨ ਕਾਲ ਵਾਲੇ ਵਿਅਕਤੀ ਨੂੰ ਮਿਲਣ ਦੇ ਮੰਤਵ ਨਾਲ ਖੰਡਾ ਚੌਕ ਪੁੱਜੇ। ਇਸੇ ਦੌਰਾਨ ਇਕ ਮਾਰੂਤੀ ਕਾਰ ਚੌਂਕ ’ਚ ਆਈ, ਜਿਸ ਵਿੱਚੋਂ ਚਾਰ ਨੌਜਵਾਨ ਨਿਕਲੇ ਅਤੇ ਉਨ੍ਹਾਂ ਵਿੱਚੋਂ ਇਕ ਨੇ 12 ਬੋਰ ਬੰਦੂਕ ਨਾਲ ਮਾਰ ਦੇਣ ਦੀ ਨੀਯਤ ਤਹਿਤ ਜਸਪ੍ਰੀਤ ਸਿੰਘ ਵੱਲ ਫਾਇਰਿੰਗ ਕੀਤਾ ਪਰ ਉਸਦੇ ਸਾਈਡ ’ਤੇ ਹੋਣ ਕਾਰਨ ਫਾਇਰ ਮੇਰੇ ਲੱਗ ਗਿਆ, ਜਦਕਿ ਇਕ ਹੋਰ ਸਵਾਰ ਨੇ ਜਾਨੀ ’ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ। ਪੀੜਤ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਰੌਲਾ ਸੁਣ ਕੇ ਕਾਰ ਸਵਾਰ ਭੱਜ ਨਿਕਲੇ। ਉੱਧਰ ਉਕਤ ਮਾਮਲੇ ’ਚ ਜ਼ਖ਼ਮੀ ਜਾਨੀ ਨੇ ਗੱਲਬਾਤ ਦੌਰਾਨ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਉਹ ਹੋਰ ਨੁਕਸਾਨ ਵੀ ਕਰ ਸਕਦੇ ਹਨ। ਪੀੜਤਾਂ ਦੇ ਵਾਰਿਸਾਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਸ਼ਹਿਰ ਦੇ ਪ੍ਰਮੁੱਖ ਚੌਕ ਵਿਚ ਰਾਤ ਸਮੇਂ ਕੋਈ ਵੀ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਸੀ ਨਹੀਂ ਤਾਂ ਉਕਤ ਹਾਦਸੇ ਤੋਂ ਬਚਾਅ ਹੋ ਸਕਦਾ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।