ਰਿਮੂਵੇਬਲ ਬੈਟਰੀਆਂ ਤੇ ਨਵੀਂ ਤਕਨੀਕ ਨਾਲ ਤਿਆਰ ਕੀਤੇ ਗਏ 2 ਇਲੈਕਟਿ੍ਕ ਸਕੂਟਰ
Sunday, Jun 24, 2018 - 10:53 AM (IST)
ਜਲੰਧਰ : ਪ੍ਰਦੂਸ਼ਣ ਦੀ ਵਧ ਰਹੀ ਸਮੱਸਿਆ ਨੂੰ ਦੇਖਦਿਆਂ ਪੂਰੀ ਦੁਨੀਆ ਵਿਚ ਇਲੈਕਟਿ੍ਕ ਵ੍ਹੀਕਲਜ਼ ਨੂੰ ਕਾਫੀ ਰਿਸਪਾਂਸ ਮਿਲ ਰਿਹਾ ਹੈ | ਇਨ੍ਹਾਂ ਨੂੰ ਹੋਰ ਵਧੀਆ ਬਣਾਉਂਦਿਆਂ ਘੱਟ ਕੀਮਤ 'ਤੇ ਮੁਹੱਈਆ ਕਰਵਾਉਣ ਲਈ ਤਾਈਵਾਨ ਦੀ ਇਲੈਕਟਿ੍ਕ ਵ੍ਹੀਕਲ ਨਿਰਮਾਤਾ ਕੰਪਨੀ 'ਕਿਮਕੋ' ਨੇ ਇਲੈਕਟਿ੍ਕ ਸਕੂਟਰ ਦੇ 2 ਨਵੇਂ ਮਾਡਲ ਤਿਆਰ ਕੀਤੇ ਹਨ | ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਵਿਚ ਰਿਮੂਵੇਬਲ ਬੈਟਰੀਆਂ ਲਾਈਆਂ ਗਈਆਂ ਹਨ ਅਤੇ ਵੱਖਰੇ ਤੌਰ 'ਤੇ 3 ਬੈਟਰੀਆਂ ਚਾਰਜ ਕਰ ਕੇ ਸਟੋਰ ਕਰਨ ਦਾ ਬਦਲ ਦਿੱਤਾ ਗਿਆ ਹੈ |
ਯਾਤਰਾ ਕਰਨ ਵੇਲੇ ਬੈਟਰੀ ਦੇ ਖਤਮ ਹੋਣ 'ਤੇ ਇਨ੍ਹਾਂ ਨੂੰ ਆਸਾਨੀ ਨਾਲ ਫੁਲ ਚਾਰਜ ਬੈਟਰੀ ਨਾਲ ਬਦਲਿਆ ਜਾ ਸਕਦਾ ਹੈ, ਜਿਸ ਨਾਲ ਚਾਲਕ ਨੂੰ ਲੰਮੀ ਦੂਰੀ ਦਾ ਸਫਰ ਤਹਿ ਕਰਨ 'ਚ ਆਸਾਨੀ ਹੋਵੇਗੀ | ਕੰਪਨੀ ਨੇ ਦੱਸਿਆ ਕਿ ਜੇ ਤੁਸੀਂ ਇਸ ਵਿਚ ਲੱਗੀਆਂ 2 ਬੈਟਰੀਆਂ ਤੇ ਸਟੋਰੇਜ ਵਿਚ ਰੱਖੀਆਂ 3 ਬੈਟਰੀਆਂ ਨੂੰ ਫੁਲ ਚਾਰਜ ਕਰ ਕੇ ਸਫਰ ਕਰਦੇ ਹੋ ਤਾਂ ਤੁਸੀਂ ਇਕ ਤੋਂ ਬਾਅਦ ਇਕ ਬੈਟਰੀਆਂ ਬਦਲ ਕੇ ਲਗਭਗ 200 ਕਿਲੋਮੀਟਰ ਤਕ ਦਾ ਸਫਰ ਤਹਿ ਕਰ ਸਕਦੇ ਹੋ |
ਵੱਖ-ਵੱਖ ਕੀਮਤ ਵਾਲੇ 2 ਮਾਡਲ :
ਇਨ੍ਹਾਂ ਨੂੰ ਖਾਸ ਤੌਰ 'ਤੇ ਪੈਟਰੋਲ ਨਾਲ ਚੱਲਣ ਵਾਲੇ ਵ੍ਹੀਕਲਜ਼ ਨੂੰ ਬਦਲਣ ਲਈ ਲਿਆਂਦਾ ਗਿਆ ਹੈ | ਨਿਰਮਾਤਾ ਕੰਪਨੀ ਨੇ ਦੱਸਿਆ ਕਿ ਇਨ੍ਹਾਂ ਨੂੰ 110 5V ਤੇ 100 5V ਮਾਡਲ ਵਿਚ ਲਿਆਂਦਾ ਜਾਵੇਗਾ, ਜੋ ਇਕ ਚਾਰਜ ਵਿਚ 2 ਬੈਟਰੀਆਂ ਦੀ ਮਦਦ ਨਾਲ 60 ਕਿਲੋਮੀਟਰ ਤਕ ਦਾ ਸਫਰ ਤਹਿ ਕਰ ਸਕੋਗੇ | ਇਸ ਦਾ ਸਭ ਤੋਂ ਵਧੀਆ 110 5V ਮਾਡਲ 59 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦਾ ਹੈ, ਜਿਸ ਦੀ ਕੀਮਤ 1600 ਡਾਲਰ (ਇਕ ਲੱਖ 9 ਹਜ਼ਾਰ ਰੁਪਏ) ਰੱਖੀ ਗਈ ਹੈ, ਉੱਥੇ ਹੀ ਇਸ ਦਾ ਬੇਸ 100 5V ਮਾਡਲ ਵੱਧ ਤੋਂ ਵੱਧ 45 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਪਹੁੰਚ ਸਕਦਾ ਹੈ | ਇਸ ਦੀ ਕੀਮਤ 1430 ਡਾਲਰ (ਲਗਭਗ 97 ਹਜ਼ਾਰ ਰੁਪਏ) ਰੱਖੀ ਗਈ ਹੈ |
ਟਰਾਂਸਪੋਰਟ ਸਿਸਟਮ 'ਚ ਬਦਲਾਅ ਦੀ ਲੋੜ :
ਕਿਮਕੋ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦੇ ਵਧਣ 'ਤੇ ਟਰਾਂਸਪੋਰਟ ਸਿਸਟਮ ਵਿਚ ਬਦਲਾਅ ਦੀ ਸਖਤ ਲੋੜ ਹੈ | ਅਸੀਂ ਪੂਰਾ ਨੈੱਟਵਰਕ ਹੀ ਤਿਆਰ ਕਰ ਦੇਵਾਂਗੇ, ਜਿਸ ਵਿਚ ਇਲੈਕਟਿ੍ਕ ਚਾਰਜਿੰਗ ਸਟੇਸ਼ਨਾਂ ਨੂੰ ਜਗ੍ਹਾ-ਜਗ੍ਹਾ 'ਤੇ ਲਾਇਆ ਜਾਵੇਗਾ, ਜਿਸ ਨਾਲ ਲੋਕ ਬਿਨਾਂ ਰੁਕਾਵਟ ਦੇ ਆਸਾਨੀ ਨਾਲ ਸਫਰ ਕਰ ਸਕਣਗੇ |
ਬੈਟਰੀਆਂ ਚਾਰਜ ਕਰੇਗਾ ਫਿਊਲ ਸੈੱਲ :
ਸਕੂਟਰ ਵਿਚ ਲਾਈਆਂ ਗਈਆਂ ਬੈਟਰੀਆਂ ਚਾਰਜ ਕਰਨ ਲਈ ਕੰਪਨੀ ਨੇ ਚਾਰਜਿੰਗ ਸਟੇਸ਼ਨ ਬਣਾਇਆ ਹੈ, ਜਿਸ ਨੂੰ ਫਿਊਲ ਸੈੱਲ ਦਾ ਨਾਂ ਦਿੱਤਾ ਗਿਆ ਹੈ | ਇਸ ਵਿਚ ਤੁਸੀਂ ਕਈ ਬੈਟਰੀਆਂ ਆਸਾਨੀ ਨਾਲ ਚਾਰਜ ਕਰ ਸਕੋਗੇ ਅਤੇ ਲੋੜ ਪੈਣ 'ਤੇ ਫੁਲ ਚਾਰਜ ਹੋਣ ਤੋਂ ਬਾਅਦ ਬੈਟਰੀਆਂ ਮੁੜ ਲਾ ਕੇ ਸਫਰ ਕਰ ਸਕੋਗੇ |
2 ਵ੍ਹੀਲ ਡਰਾਈਵ ਸਿਸਟਮ :
ਇਸ ਇਲੈਕਟਿ੍ਕ ਸਕੂਟਰ ਨੂੰ 2 ਵ੍ਹੀਲ ਡਰਾਈਵ ਸਿਸਟਮ 'ਤੇ ਬਣਾਇਆ ਗਿਆ ਹੈ, ਜਿਸ ਨਾਲ ਇਹ ਪਾਵਰ ਦੇ ਮਾਮਲੇ ਵਿਚ ਹਰ ਤਰ੍ਹਾਂ ਦੀ ਲੋੜ ਪੂਰੀ ਕਰਦਾ ਹੈ | ਇਸ ਨੂੰ ਘਰ ਵਿਚ ਚਾਰਜ ਕਰਨ ਲਈ ਕੰਪਨੀ ਨੇ ਵੱਖਰੇ ਤੌਰ 'ਤੇ ਚਾਰਜਿੰਗ ਡੌਕ ਵੀ ਬਣਾਇਆ ਹੈ ਪਰ ਇਸ ਦੇ ਲਈ ਯੂਜ਼ਰ ਨੂੰ ਵੱਖਰੀ ਕੀਮਤ ਚੁਕਾਉਣੀ ਪਵੇਗੀ |
ਕੀ ਹੈ Gogoro ਤਕਨੀਕ :
ਇਸ ਇਲੈਕਟਿ੍ਕ ਸਕੂਟਰ ਨੂੰ Gogoro ਤਕਨੀਕ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ | ਇਹ ਤਕਨੀਕ ਸਕੂਟਰ ਵਿਚ ਬੈਟਰੀ ਨੂੰ ਆਸਾਨੀ ਨਾਲ ਫੁਲ ਚਾਰਜ ਕਰ ਕੇ ਬੈਟਰੀ ਨਾਲ ਬਦਲਣ ਦੀ ਸਹੂਲਤ ਦਿੰਦੀ ਹੈ | ਇਹ ਤਕਨੀਕ ਸਾਲ 2011 ਵਿਚ ਬਣਾਈ ਗਈ ਸੀ | ਏਸ਼ੀਆ ਤੇ ਯੂਰਪ ਵਿਚ ਇਸ ਤਕਨੀਕ ਨੂੰ ਕਾਫੀ ਉਤਸ਼ਾਹ ਮਿਲਿਆ ਹੈ, ਜਿਸ ਕਾਰਨ ਇਸ ਨੂੰ ਹੁਣ ਇਨ੍ਹਾਂ ਸਕੂਟਰਾ ਵਿਚ ਸ਼ਾਮਲ ਕੀਤਾ ਗਿਆ ਹੈ |
