ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੋਂ ਪਹਿਲੀ ਵਾਰ ਚੋਣ ਲੜੇਗਾ ਦਸਤਾਰਧਾਰੀ ਉਮੀਦਵਾਰ

09/14/2020 6:01:23 PM

ਆਸਟ੍ਰੇਲੀਆ (ਰਮਨਦੀਪ ਸਿੰਘ ਸੋਢੀ)ਆਸਟ੍ਰੇਲੀਆ 'ਚ ਅਕਤੂਬਰ ਮਹੀਨੇ ਆਮ ਚੋਣਾਂ ਹੋਣ ਜਾ ਰਹੀਆਂ ਹਨ,ਜਿਸ ਕਾਰਨ ਪ੍ਰੀ ਪੋਲਿੰਗ ਸਤੰਬਰ 'ਚ ਹੀ ਸ਼ੁਰੂ ਹੋ ਜਾਵੇਗੀ।ਕੁੱਲ 25 ਸੀਟਾਂ 'ਤੇ ਲੜੀਆਂ ਜਾਣ ਵਾਲੀਆਂ ਇਹ ਚੋਣਾਂ ਮੁੱਖ ਰੂਪ ਚ ਤਿੰਨ ਪਾਰਟੀਆਂ ਲੇਬਰ, ਲਿਬਰਲ ਅਤੇ ਗ੍ਰੀਨ ਪਾਰਟੀਆਂ ਵਿਚਕਾਰ ਹੋਣਗੀਆਂ।ਜਿਕਰਯੋਗ ਹੈ ਕਿ ਭਾਰਤੀ ਮੂਲ ਦੇ ਅਮਰਦੀਪ ਸਿੰਘ ਪਹਿਲੇ ਦਸਤਾਰਧਾਰੀ ਉਮੀਦਵਾਰ ਹਨ, ਜੋ ਇਨ੍ਹਾਂ ਚੋਣਾਂ 'ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ।ਉਹ ਕੈਨਬਰਾ ਦੇ ਮੁਰੰਮਬਿਜੀ ਹਲਕੇ ਤੋਂ ਚੋਣ ਲੜਨਗੇ।ਬੇਸ਼ੱਕ ਇਸ ਹਲਕੇ ਦੇ ਲੋਕ ਵੱਡੀ ਗਿਣਤੀ 'ਚ ਲੇਬਰ ਪਾਰਟੀ ਨਾਲ ਜੁੜੇ ਹੋਏ ਹਨ ਪਰ ਅਮਰਦੀਪ ਸਿੰਘ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ 'ਤੇ ਪੂਰਾ ਭਰੋਸਾ ਹੈ ਕਿ ਇਸ ਵਾਰ ਲੋਕ ਉਨ੍ਹਾਂ ਦੇ ਵਾਅਦਿਆਂ 'ਤੇ ਮੋਹਰ ਲਾਉਣਗੇ।ਜਗਬਾਣੀ ਨਾਲ ਗੱਲਬਾਤ ਕਰਦਿਆਂ ਅਮਰਦੀਪ ਸਿੰਘ ਨੇ ਦੱਸਿਆ ਕਿ ਲਿਬਰਲ ਪਾਰਟੀ ਕੋਲ ਆਪਣਾ ਆਰਥਿਕ ਇਤਿਹਾਸ ਹੈ।ਆਸਟ੍ਰੇਲੀਆ ਵੱਖ-ਵੱਖ ਭਾਸ਼ਾਵਾਂ ਅਤੇ ਲੋਕਾਂ ਦਾ ਬਹੁ ਸੱਭਿਆਚਾਰ ਵਾਲਾ ਦੇਸ਼ ਹੈ ਅਤੇ ਲਿਬਰਲ ਪਾਰਟੀ ਨੇ ਹਮੇਸ਼ਾ ਅਜਿਹੇ ਭਾਈਚਾਰੇ ਦੀ ਏਕਤਾ ਨੂੰ ਯਕੀਨੀ ਬਣਾਇਆ ਹੈ ਤੇ ਸਾਰਿਆਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ।ਅੱਜ ਖ਼ਾਸ ਤੌਰ ਤੇ ਕੈਨਬਰਾ 'ਚ ਰਿਹਾਇਸ਼ ਕਰਨ ਲਈ ਹਰ ਵਿਅਕਤੀ ਨੂੰ ਵੱਡਾ ਬਜਟ ਅਦਾ ਕਰਨਾ ਪੈਂਦਾ ਹੈ ਅਤੇ ਸਿਹਤ ਸਹੂਲਤਾਂ ਲੈਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।ਲਿਬਰਲ ਪਾਰਟੀ ਨੇ ਇਨ੍ਹਾਂ ਸਮੱਸਿਆਵਾਂ ਨੂੰ ਕਾਬੂ ਕਰਨ ਲਈ ਖਾਕਾ ਤਿਆਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਾਡੀ ਜਿੱਤ ਹੁੰਦੀ ਹੈ ਤਾਂ ਅਸੀਂ ਨਵਾਂ ਘਰ ਲੈਣ ਵਾਲਿਆਂ ਕੋਲੋਂ ਜੋ ਕੌਂਸਲ ਫ਼ੀਸ ਲਈ ਜਾਂਦੀ ਹੈ, ਉਸਦੇ ਵਾਧੇ ਨੂੰ ਅਗਲੇ 10 ਸਾਲਾਂ ਤੱਕ ਰੋਕ ਦਵਾਂਗੇ। ਇਸਤੋਂ ਇਲਾਵਾ ਕਾਰ ਮਾਲਕਾਂ ਦੇ ਸਰਕਾਰੀ ਖ਼ਰਚਿਆਂ ਨੂੰ ਵੀ ਘਟਾਵਾਂਗੇ ਤਾਂ ਜੋ ਦੂਜਿਆਂ ਸੂਬਿਆਂ ਵੱਲ ਜਾ ਰਹੇ ਵਾਸੀਆਂ ਨੂੰ ਵਾਪਿਸ ਇਸ ਸੂਬੇ 'ਚ ਬੁਲਾ ਸਕੀਏ।ਜੇਕਰ ਅਸੀਂ ਇਹ ਸਭ ਕਰਨ 'ਚ ਕਾਮਯਾਬ ਹੋ ਗਏ ਤਾਂ ਸਾਡੀ ਆਮਦਨ 'ਚ ਵਾਧਾ ਹੋਵੇਗਾ ਜੋ ਲੋਕ ਭਲਾਈ ਦੇ ਕੰਮਾਂ ਲਈ ਖ਼ਰਚੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਲੋਕ ਲਿਬਰਲ ਪਾਰਟੀ ਨੂੰ ਵਾਤਾਵਰਣ ਵਿਰੋਧੀ ਪਾਰਟੀ ਦੇ ਨਜ਼ਰੀਏ ਤੋਂ ਵੇਖਦੇ ਹਨ ਪਰ ਅਸੀਂ ਗ੍ਰੀਨ ਸਪੇਸ ਗ੍ਰੰਟੀ ਤਹਿਤ ਲੋਕਾਂ ਨੂੰ ਯਕੀਨ ਦਵਾਵਾਂਗੇ ਕਿ ਉਨ੍ਹਾਂ ਦੇ ਨਜ਼ਦੀਕ ਜੋ ਵੀ ਪਾਰਕਾਂ ਬਣੀਆਂ ਹਨ ਉਨ੍ਹਾਂ ਦੀ ਪਹਿਲ ਦੇ ਆਧਾਰ ਤੇ ਰਾਖੀ ਕੀਤੀ ਜਾਵੇਗੀ ਤੇ ਉਥੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਹੀਂ ਹੋਵੇਗੀ।ਇਸ ਤੋਂ ਇਲਾਵਾ ਅਸੀਂ ਦਸ ਸਾਲਾਂ 'ਚ 10 ਲੱਖ ਰੁੱਖ ਲਾਉਣ ਦਾ ਟੀਚਾ ਵੀ ਮਿੱਥਿਆ ਹੈ ਜੋ ਲੋਕਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।


Harnek Seechewal

Content Editor

Related News