ਨਸ਼ਿਆਂ ਦੀ ਵਰਤੋਂ ਨਾਲ ਕਰ ਰਹੇ ਨੌਜਵਾਨ ਖੂਨ-ਖਰਾਬਾ, ਕੁੱਟਮਾਰ ਤੇ ਹੋਰ ਅਪਰਾਧ

Wednesday, Oct 19, 2022 - 03:42 AM (IST)

ਨਸ਼ੇ ਦੀ ਆਦਤ ਨਾਲ ਜਿੱਥੇ ਦੇਸ਼ ਦੇ ਨੌਜਵਾਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਉੱਥੇ ਹੀ ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਨਾਲ ਬੁੱਢੇ ਮਾਤਾ-ਪਿਤਾ ਦਾ ਸਹਾਰਾ ਖੁੱਸ ਰਿਹਾ ਹੈ, ਬੱਚੇ ਅਨਾਥ ਹੋ ਰਹੇ ਹਨ ਅਤੇ ਔਰਤਾਂ ਦੀ ਮਾਂਗ ਵੀ ਸੁੰਨੀ ਹੋ ਰਹੀ ਹੈ। ਤ੍ਰਾਸਦੀ ਇਹ ਹੈ ਕਿ ਇਕ ਪਾਸੇ ਨਸ਼ੇੜੀ ਵੱਧ ਨਸ਼ੇ ਦੀ ਵਰਤੋਂ ਕਰ ਕੇ ਮਰ ਰਹੇ ਹਨ, ਤਾਂ ਦੂਜੇ ਪਾਸੇ ਨਸ਼ੇ ਦੇ ਭੈੜੇ ਅਸਰ ਦੇ ਕਾਰਨ ਹਿੰਸਕ ਹੋ ਕੇ ਆਪਣੇ ਹੀ ਪਰਿਵਾਰਕ ਮੈਂਬਰਾਂ ਦੀ ਹੱਤਿਆ, ਕੁੱਟਮਾਰ ਤੇ ਜਬਰ-ਜ਼ਨਾਹ ਤੱਕ ਕਰ ਰਹੇ ਹਨ, ਜਿਸ ਦੀਆਂ ਕੁਝ ਕੁ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 26 ਸਤੰਬਰ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ’ਚ ਰਹਿਣ ਵਾਲੀ ਇਕ ਏਅਰ ਹੋਸਟੈੱਸ ਦੇ ਨਾਲ ਉਸ ਦੇ ਜਾਣਕਾਰ ਨੇ ਹੀ ਨਸ਼ੇ ਦੀ ਹਾਲਤ ’ਚ ਜਬਰ-ਜ਼ਨਾਹ ਕਰ ਦਿੱਤਾ। ਪੀੜਤਾ ਨੇ ਕਿਸੇ ਤਰ੍ਹਾਂ ਦੋਸ਼ੀ ਨੂੰ ਕਮਰੇ ’ਚ ਬੰਦ ਕਰ ਦਿੱਤਾ ਅਤੇ ਪੁਲਸ ਸੱਦ ਲਈ, ਜਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। 
* 5 ਅਕਤੂਬਰ 1 ਨੂੰ ਦਕੋਹਾ (ਨੰਗਲ ਸ਼ਾਮਾ, ਜਲੰਧਰ) ਦੀ ਪੁਲਸ ਨੇ ਨਸ਼ੇ ਦੀ ਤਲਬ ਪੂਰੀ ਕਰਨ ਲਈ ਚੋਰੀਆਂ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਏ. ਸੀ. ਦਾ ਇਕ ਕੰਪ੍ਰੈਸ਼ਰ, 6 ਬੈਟਰੀਆਂ ਅਤੇ 2 ਮੋਟਰਸਾਈਕਲਾਂ ਦੇ ਇਲਾਵਾ ਵਾਰਦਾਤ ’ਚ ਵਰਤੀ ਜਾਣ ਵਾਲੀ ਐਕਟਿਵਾ ਜ਼ਬਤ ਕੀਤੀ। 
* 5 ਅਕਤੂਬਰ ਨੂੰ ਹੀ ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਦੇ ਕਿਸਕੋ ਥਾਣਾ ਦੇ ਇਲਾਕੇ ਦੇ ਪਿੰਡ ‘ਕੋਚਾ ਬਰਨਾਗ’ ’ਚ ਪੱਪੂ ਤੁਰੀ ਨਾਂ ਦੇ ਇਕ ਸ਼ਰਾਬੀ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜੇ ਦੇ ਬਾਅਦ ਨਸ਼ੇ ਦੀ ਹਾਲਤ ’ਚ ਪਹਿਲਾਂ ਤਾਂ ਧਾਰਦਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਫਿਰ ਆਪਣੀ 4 ਸਾਲ ਦੀ ਬੇਟੀ ’ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਗਾਉਣ ਦੇ ਬਾਅਦ ਕਮਰੇ ’ਚ ਬੰਦ ਕਰ ਕੇ ਜ਼ਿੰਦਾ ਸਾੜ ਦਿੱਤਾ। 
* 6 ਅਕਤੂਬਰ ਨੂੰ ਬੇਰਹਾਮਪੁਰ ’ਚ 17 ਸਾਲਾ ਇਕ ਅੱਲ੍ਹੜ ਨੇ ਸ਼ਰਾਬ ਦੇ ਲਈ ਪੈਸੇ ਨਾ ਦੇਣ ’ਤੇ ਇਕ ਵਿਅਕਤੀ ਦਾ ਸਿਰ ਪੱਥਰ ਨਾਲ ਦਰੜ ਕੇ ਉਸ ਦੀ ਹੱਤਿਆ ਕਰ ਦਿੱਤੀ।   
* 6 ਅਕਤੂਬਰ ਨੂੰ ਹੀ ਰੋਹਤਕ ’ਚ ਇਕ ਨੌਜਵਾਨ ਨੇ ਘਰਾਂ ’ਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਪ੍ਰਵਾਸੀ ਮੁਟਿਆਰ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਆਪਣੇ ਘਰ  ਸੱਦਿਆ ਅਤੇ ਸ਼ਰਾਬ ਦੇ ਨਸ਼ੇ ’ਚ ਆਪਣੇ ਸਾਥੀਆਂ ਨਾਲ ਉਸ ਦਾ ਜਬਰ-ਜ਼ਨਾਹ ਕਰ ਦਿੱਤਾ ਅਤੇ ਵਿਰੋਧ ਕਰਨ ’ਤੇ ਕੁੱਟਮਾਰ ਕਰ ਕੇ ਉਸ ਦੇ ਪੈਰ ’ਚ ਗੋਲੀ ਮਾਰ ਦਿੱਤੀ। 
* 10 ਅਕਤੂਬਰ ਨੂੰ ਰਾਏਪੁਰ (ਛੱਤੀਸਗੜ੍ਹ) ’ਚ ਪੰਡਰੀ ਦੇ ਸਿਵਨੀ ਇਲਾਕੇ ’ਚ ਆਯੋਜਿਤ ਇਕ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਦੇ ਲਈ ਆਏ ਕੁਝ ਨੌਜਵਾਨ-ਮੁਟਿਆਰਾਂ ਦਾ ਸਥਾਨਕ ਬਦਮਾਸ਼ਾਂ ਨਾਲ ਝਗੜਾ ਹੋ ਗਿਆ, ਜਿਸ ’ਤੇ ਬਦਮਾਸ਼ਾਂ ਨੇ ਮੁਟਿਆਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੌੜਾ-ਦੌੜਾ ਕੇ ਚਾਕੂ ਮਾਰੇ ਅਤੇ ਉਨ੍ਹਾਂ ਦੀ ਕਾਰ ’ਚ ਭੰਨ-ਤੋੜ ਕੀਤੀ। ਦੋਵੇਂ ਹੀ ਧਿਰਾਂ ਨਸ਼ੇ ’ਚ ਧੁੱਤ ਸਨ। 
* 11 ਅਕਤੂਬਰ ਨੂੰ ਸਰਗੁਜਾ (ਛੱਤੀਸਗੜ੍ਹ) ਦੇ ਚਕੇਰੀ ਪਿੰਡ ’ਚ ਜ਼ਮੀਨ ਦੇ ਝਗੜੇ ਦੇ ਕਾਰਨ ਨਸ਼ੇ ’ਚ ਧੁੱਤ ਇਕ ਵਿਅਕਤੀ ਨੇ ਪਹਿਲਾਂ ਤਾਂ ਆਪਣੇ ਵੱਡੇ ਭਰਾ ’ਤੇ ਹਮਲਾ ਕੀਤਾ ਅਤੇ ਜਦੋਂ ਉਸ ਦੀ ਪਤਨੀ ਆਪਣੇ ਪਤੀ ਨੂੰ ਬਚਾਉਣ ਆਈ ਤਾਂ ਡੰਡੇ ਨਾਲ ਕੁੱਟ-ਕੁੱਟ ਕੇ ਬੇਰਹਿਮੀ ਨਾਲ ਉਸ ਨੂੰ ਮਾਰ ਦਿੱਤਾ। 
* 12 ਅਕਤੂਬਰ ਨੂੰ ਫਰੂਖਾਬਾਦ (ਉੱਤਰ ਪ੍ਰਦੇਸ਼) ਦੇ ‘ਛਿਬਰਾਮਾਊ’ ’ਚ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਆਏ ਨੌਜਵਾਨਾਂ ’ਚ ਸ਼ਰਾਬ ਪੀਣ ਦੇ ਬਾਅਦ ਹੋਏ ਝਗੜੇ ਦੇ ਨਤੀਜੇ ਵਜੋਂ ਦੋਸ਼ੀਆਂ ਨੇ ਆਪਣੇ ਦੋਸਤ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਗੰਗਾ ਨਦੀ ’ਚ ਸੁੱਟ ਦਿੱਤੀ। 
* 14 ਅਕਤੂਬਰ ਨੂੰ ਫਿਲੌਰ ਦੇ ਪਿੰਡ ‘ਮੁਠੱਡਾ ਖੁਰਦ’ ’ਚ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਚਾਚੇ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਨੌਜਵਾਨ ਦੀ ਨਸ਼ੇ ਦੀ ਆਦਤ ਦੇ ਕਾਰਨ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। 
* 16 ਅਕਤੂਬਰ ਨੂੰ ਕਸ਼ਮੀਰੀ ਗੇਟ (ਨਵੀਂ ਦਿੱਲੀ) ਥਾਣੇ ਦੇ ਅਧੀਨ ਯਮੁਨਾ ਨਦੀ ਦੇ ਕੰਢੇ ਪਹਾੜੀ ਘਾਟ ਦੇ ਨੇੜੇ ਇਕ 70 ਸਾਲਾ ਬਜ਼ੁਰਗ ਦੇ ਸਿਰ ’ਤੇ ਡਾਂਗ ਨਾਲ ਵਾਰ ਕਰ ਕੇ ਇਕ ਸ਼ਰਾਬੀ ਨੇ ਉਸ ਨੂੰ ਮਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨੇ ਬਜ਼ੁਰਗ ਕੋਲੋਂ ਸ਼ਰਾਬ ਪੀਣ ਲਈ ਪੈਸੇ ਮੰਗੇ ਸਨ, ਜਿਸ ਦੇ ਮਨ੍ਹਾ ਕਰਨ ’ਤੇ ਝਗੜਾ ਵਧ ਗਿਆ ਅਤੇ ਇਸ ਦਾ ਅੰਜਾਮ ਬਜ਼ੁਰਗ ਦੀ ਹੱਤਿਆ ਦੇ ਰੂਪ ’ਚ ਨਿਕਲਿਆ।
* 17 ਅਕਤੂਬਰ ਨੂੰ ਰਾਮਾ ਮੰਡੀ (ਜਲੰਧਰ) ਦੀ ਪੁਲਸ ਨੇ ਇਕ 75 ਸਾਲਾ ਦਿਵਯਾਂਗ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ 26 ਸਾਲਾ ਨਸ਼ੇੜੀ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ। ਆਟੋ ਚਾਲਕ ਦੀ ਹਵਸ ਦੀ ਸ਼ਿਕਾਰ ਹੋਈ ਔਰਤ ਦੀਆਂ ਦੋਵੇਂ ਬਾਹਾਂ ਨਹੀਂ ਹਨ। 
* 18 ਅਕਤੂਬਰ ਨੂੰ ‘ਚਿਰਾਗ’ ਦਿੱਲੀ ’ਚ ਸ਼ਰਾਬ ਦੇ ਨਸ਼ੇ ’ਚ ਆਪਸ ’ਚ ਬਹਿਸ ਦੇ ਬਾਅਦ 2 ਨੌਜਵਾਨਾਂ ਨੇ ਆਪਣੇ ਹੀ ਦੋਸਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। 

ਯਕੀਨਨ ਹੀ ਇਹ ਘਟਨਾਵਾਂ ਬੜੀਆਂ ਹੀ ਦੁਖਦਾਈ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਦੇ ਲਈ ਦੇਸ਼ ’ਚ ਨਸ਼ੇ ਦੀ ਸਪਲਾਈ ਦੇ ਸਰੋਤ ਬੰਦ ਕਰਨ, ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਨਸ਼ੇੜੀ ਨੌਜਵਾਨਾਂ ਦਾ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ’ਚ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਕਰਵਾਉਣ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ


Mukesh

Content Editor

Related News