ਆਪਣੇ ਦੁਰਲੱਭ ਖੂਨ ਨਾਲ ਬੀਮਾਰ ਮੁਟਿਆਰ ਦੀ ਜਾਨ ਬਚਾ ਕੇ ਨੌਜਵਾਨ ਨੇ ਪੇਸ਼ ਕੀਤੀ ਮਿਸਾਲ

Saturday, Oct 01, 2022 - 04:34 AM (IST)

ਆਪਣੇ ਦੁਰਲੱਭ ਖੂਨ ਨਾਲ ਬੀਮਾਰ ਮੁਟਿਆਰ ਦੀ ਜਾਨ ਬਚਾ ਕੇ ਨੌਜਵਾਨ ਨੇ ਪੇਸ਼ ਕੀਤੀ ਮਿਸਾਲ

ਅੱਜ ਦੇਸ਼ ’ਚ ਵੱਡੀ ਗਿਣਤੀ ’ਚ ਲੋਕ ਖੂਨ ਦੀ ਘਾਟ ਦਾ ਸ਼ਿਕਾਰ ਹਨ। ਹਾਲਾਂਕਿ ਵੱਖ-ਵੱਖ ਥਾਵਾਂ ਅਤੇ ਹਸਪਤਾਲਾਂ ’ਚ ਬਲੱਡ ਬੈਂਕ ਕਾਇਮ ਕੀਤੇ ਗਏ ਹਨ, ਫਿਰ ਵੀ ਕਈ ਵਾਰ ਹਸਪਤਾਲਾਂ ’ਚ ਇਲਾਜ ਅਧੀਨ ਰੋਗੀਆਂ ਨੂੰ ਸਮਾਂ ਰਹਿੰਦੇ ਉਨ੍ਹਾਂ ਦੇ ਗਰੁੱਪ ਦਾ ਖੂਨ ਨਾ ਮਿਲ ਸਕਣ ਕਾਰਨ ਅਜਾਈਂ ਮੌਤਾਂ ਹੋ ਜਾਂਦੀਆਂ ਹਨ। ਬੀਤੇ ਦਿਨੀਂ ਮਹਾਰਾਸ਼ਟਰ ’ਚ ਗੋਂਦੀਆ ਸਥਿਤ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਦੁਰਲੱਭ ਗਰੁੱਪ ਦੇ ਖੂਨ ਦੀ ਘਾਟ ਨਾਲ ਪੀੜਤ ਮੁਟਿਆਰ ਦਾ ਮਾਮਲਾ ਸਾਹਮਣੇ ਆਇਆ। ਹਸਪਤਾਲ ਵਾਲੇ ਇਸ ਗਰੁੱਪ ਦੇ ਖੂਨਦਾਨੀ ਨੂੰ ਇਕ ਹਫਤੇ ਤੋਂ ਲੱਭ ਰਹੇ ਸਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਇਸ ਬਾਰੇ ਪਤਾ ਲੱਗਣ ’ਤੇ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਹਿਤੇਸ਼ ਅਰੋੜਾ ਨਾਂ ਦਾ ਨੌਜਵਾਨ ਆਪਣੇ ਖਰਚੇ ’ਤੇ ਟ੍ਰੇਨ ਰਾਹੀਂ ਗੋਂਦੀਆ ਪਹੁੰਚਿਆ ਅਤੇ ਮੁਟਿਆਰ ਨੂੰ ਬੇਹੱਦ ਦੁਰਲੱਭ ‘ਏ 2 ਬੀ ਪਾਜ਼ੇਟਿਵ’ ਗਰੁੱਪ ਦਾ ਖੂਨ ਦੇ ਕੇ ਉਸ ਦੀ ਜਾਨ ਬਚਾਈ।

ਕੁਝ ਸਾਲ ਪਹਿਲਾਂ ਇਕ ਖੂਨਦਾਨ ਕੈਂਪ ’ਚ ਇਸ ਗੱਲ ਦਾ ਪਤਾ ਲੱਗਾ ਸੀ ਕਿ ਉਸ ਦਾ ਖੂਨ ਬੇਹੱਦ ਦੁਰਲੱਭ ਗਰੁੱਪ ਦਾ ਹੈ। ਇਸ ਗਰੁੱਪ ਦਾ ਖੂਨ ਵਿਸ਼ਵ ’ਚ ਬੜਾ ਘੱਟ ਮੁਹੱਈਆ ਹੈ ਅਤੇ ਸਮੁੱਚੇ ਵਿਸ਼ਵ ਦੀ ਆਬਾਦੀ ’ਚੋਂ ਸਿਰਫ 0.6-1.4 ਫੀਸਦੀ ਲੋਕਾਂ ਦੇ ਹੀ ਸਰੀਰ ’ਚ ਮਿਲਦਾ ਹੈ। ਹਿਤੇਸ਼ ਅਰੋੜਾ ਇਸ ਤੋਂ ਪਹਿਲਾਂ ਵੀ ਆਪਣਾ ਖੂਨ ਦੇ ਕੇ 2 ਰੋਗੀਆਂ ਦੀ ਜਾਨ ਬਚਾਅ ਚੁੱਕਾ ਹੈ। ਹਿਤੇਸ਼ ਅਰੋੜਾ ਦੇ ਗੋਂਦੀਆਂ ਪਹੁੰਚਣ ’ਤੇ ਡਾਕਟਰਾਂ ਨੇ ਖੂਨਦਾਨ ਦੀਆਂ ਸਾਰੀਆਂ ਪ੍ਰਕਿਰਿਆਵਾਂ 2 ਘੰਟੇ ਦੇ ਅੰਦਰ ਨਿਪਟਾ ਦਿੱਤੀਆਂ ਕਿਉਂਕਿ ਉਨ੍ਹਾਂ ਨੇ ਭੋਪਾਲ ਆਪਣੀ ਡਿਊਟੀ ’ਤੇ ਪਹੁੰਚਣਾ ਸੀ।

ਯਕੀਨਨ ਹੀ ਸ਼੍ਰੀ ਹਿਤੇਸ਼ ਅਰੋੜਾ ਨੇ ਨਿਰਸਵਾਰਥ ਭਾਵ ਨਾਲ ਖੂਨਦਾਨ ਕਰ ਕੇ ਅਤੇ ਬਿਨਾਂ ਸਮਾਂ ਗਵਾਏ ਡਿਊਟੀ ’ਤੇ ਪਹੁੰਚ ਕੇ ਇਕ ਉਦਾਹਰਣ ਪੇਸ਼ ਕੀਤੀ ਹੈ। ਜੇਕਰ ਸਾਰੇ ਲੋਕ ਇਸ ਤਰ੍ਹਾਂ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਹਸਪਤਾਲਾਂ ’ਚ ਲੋੜ ਦੇ ਸਮੇਂ ਖੂਨ ਨਾ ਮਿਲਣ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਕਾਫੀ ਘੱਟ ਕੀਤਾ ਜਾ ਸਕਦਾ ਹੈ।

-ਵਿਜੇ ਕੁਮਾਰ


author

Mukesh

Content Editor

Related News