ਕੀ ਅਸੀਂ ਅਹਿੰਸਕ ਢੰਗ ਨਾਲ ਦੁਨੀਆ ਦੇ ਨੇਤਾ ਬਣ ਕੇ ਅੱਗੇ ਵਧਾਂਗੇ?
Sunday, May 22, 2022 - 11:59 PM (IST)

ਫੋਟੋਗ੍ਰਾਫਰ ਇਹ ਜਾਣ ਕੇ ਨੇੜੇ ਆ ਗਏ ਕਿ ਜੋ ਫੋਟੋ ਉਨ੍ਹਾਂ ਨੇ ਖਿੱਚੀ ਹੈ ਉਹ ਦੁਨੀਆ ਭਰ ’ਚ ਜਾਵੇਗੀ ਅਤੇ ਇਕ ਇਤਿਹਾਸ ਬਣ ਰਹੇਗੀ। 7 ਦਸੰਬਰ, 1970 ਦੀ ਸਵੇਰ ਜਰਮਨ ਚਾਂਸਲਰ ਵਿਲੀ ਬ੍ਰਾਂਟ ਨੇ ਵਾਰਸਾ ਯਹੂਦੀ ਬਸਤੀ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹ ਉਨ੍ਹਾਂ ਹਜ਼ਾਰਾਂ ਯਹੂਦੀਆਂ ਦੀ ਦਲੇਰੀ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਜਰਮਨ ਪੀੜਤਾਂ ਤੋਂ ਖੁਦ ਨੂੰ ਮੁਕਤ ਕਰਨ ਲਈ ਆਪਣੀ ਜਾਨ ਗੁਆ ਦਿੱਤੀ। ਬ੍ਰਾਂਟ ਨੇ ਕਾਲੇ-ਲਾਲ-ਸੋਨੇ ਦੇ ਅੰਤਿਮ ਸੰਸਕਾਰ ਦੇ ਪੁਸ਼ਪਾਂਜਲੀ ਨਾਲ ਜੁੜੇ ਰਿਬਨ ਨੂੰ ਸਿੱਧਾ ਕੀਤਾ ਅਤੇ ਇਕ-ਦੋ ਕਦਮ ਪਿੱਛੇ ਹਟ ਗਿਆ। ਸੈਕੰਡ ਬੀਤ ਗਏ ਅਤੇ ਫਿਰ ਉਹ ਆਪਣੇ ਗੋਡਿਆਂ ’ਤੇ ਡਿੱਗ ਗਿਆ, ਉਸ ਦਾ ਸਿਰ ਥੋੜ੍ਹਾ ਅੱਗੇ ਵੱਲ ਝੁਕਿਆ ਹੋਇਆ ਸੀ ਅਤੇ ਉਹ ਮੁਆਫੀ ਮੰਗਣ ਦੀ ਮੁਦਰਾ ’ਚ ਰਿਹਾ। ਵਿਲੀ ਬ੍ਰਾਂਟ ਨੇ ਇਸ ਬਾਰੇ ਆਪਣੀ ਯਾਦ ’ਚ ਲਿਖਿਆ ਸੀ, ‘‘ਜਰਮਨ ਇਤਿਹਾਸ ਦੇ ਦੁਖਦਾਈ ਦੌਰ ਅਤੇ ਲੱਖਾਂ ਲੋਕਾਂ ਦੀ ਹੱਤਿਆ ਦੇ ਬੋਝ ਦਾ ਸਾਹਮਣਾ ਕਰਦੇ ਹੋਏ ਮੈਂ ਉਹੀ ਕੀਤਾ ਜੋ ਅਸੀਂ ਇਨਸਾਨ ਉਸ ਸਮੇਂ ਕਰਦੇ ਹਾਂ ਜਦੋਂ ਸਾਨੂੰ ਸ਼ਬਦ ਨਹੀਂ ਸੁੱਝਦੇ।’’ ਦੂਜੀ ਵਿਸ਼ਵ ਜੰਗ ਦੇ ਬਾਅਦ 2 ਦਹਾਕਿਆਂ ਤੱਕ ਜਰਮਨੀ (ਪੂਰਬ ਅਤੇ ਪੱਛਮ) ਆਪਣੇ ਘਿਨੌਣੇ ਅਪਰਾਧਾਂ ਦੀ ਨੈਤਿਕਤਾ ਦੇ ਨਾਤੇ ਪਛਚਾਤਾਪ ਅਤੇ ਮੁਆਫੀ ਮੰਗਣ ਤੋਂ ਕਤਰਾਉਂਦਾ ਰਿਹਾ। ਕਿਉਂਕਿ ਕਮਿਊਨਿਸਟ ਪੂਰਬੀ ਜਰਮਨੀ ਦਾ ਦਾਅਵਾ ਸੀ ਕਿ ਉਹ ਜੰਗ ਦੇ ਬਾਅਦ ਦਾ ਫਾਸ਼ੀਵਾਦ-ਵਿਰੋਧੀ ਦੇਸ਼ ਸੀ ਅਤੇ ਸਾਰੇ ਸਾਬਕਾ ਨਾਜ਼ੀ ਪੱਛਮੀ ਜਰਮਨੀ ਤੋਂ ਸਨ (ਜੋ ਸੱਚ ਨਹੀਂ ਸੀ), ਕਤਲੇਆਮ ਦੇ ਲਈ ਉਸ ਦੀ ਜ਼ਿੰਮੇਵਾਰੀ ਨਹੀਂ ਬਣਦੀ।
ਉਧਰ ਪੱਛਮੀ ਜਰਮਨੀ ਨੇ ਝੂਠ ਕਿਹਾ ਕਿ ਸਿਰਫ ‘ਥਰਡ ਰੀਚ’ ਦੀ ਲੀਡਰਸ਼ਿਪ ਨੂੰ ਹੀ ਸਮੂਹਿਕ ਹੱਤਿਆਵਾਂ ਦੇ ਬਾਰੇ ’ਚ ਪਤਾ ਸੀ। ਉਨ੍ਹਾਂ ਦੇ ਅਨੁਸਾਰ, ‘‘ਸਾਡੇ ਲੋਕ ਵੀਰ ਯੋਧੇ ਸਨ, ਅਪਰਾਧੀ ਨਹੀਂ।’’ ਇਹ ਦਾਅਵਾ ਇਸ ਤੱਥ ਦੇ ਬਾਵਜੂਦ ਕੀਤਾ ਗਿਆ ਸੀ ਕਿ ਨਾਜ਼ੀ ਜਰਮਨੀ ਵੱਲੋਂ ਬੇਰਹਿਮੀ ਨਾਲ ਮਾਰ ਿਦੱਤੇ ਗਏ 1 ਕਰੋੜ 10 ਲੱਖ ਲੋਕਾਂ ’ਚੋਂ 60 ਲੱਖ ਯਹੂਦੀ ਸਨ ਜਦਕਿ ਹੋਰ ਪਤਾ ਨਹੀਂ ਕਿੰਨੇ ਹਮੇਸ਼ਾ ਲਈ ਬੇਘਰ ਹੋ ਗਏ। ਤਾਂ ਆਖਿਰ ਕੀ ਬਦਲ ਗਿਆ? ਅਸਲ ’ਚ, 1960 ਦੇ ਦਹਾਕੇ ਦੇ ਉੱਤਰਾਰਧ ’ਚ ਪੱਛਮ ਜਰਮਨੀ ਦੇ ਨਾਜ਼ੀਆਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਦਾ ਆਪਣੇ ਪਰਿਵਾਰਾਂ ਦੇ ਅਪਰਾਧਾਂ ਨਾਲ ਸਾਹਮਣਾ ਸ਼ੁਰੂ ਹੋਇਆ। ਟੈਲੀਵਿਜ਼ਨ ’ਤੇ ‘ਐਸ਼ਮੈਨ’ ਅਤੇ ‘ਆਸ਼ਵਿਤਜ’ ਤਸੀਹੇ ਕੈਂਪਾਂ ’ਚ ਹੋਏ ਕਤਲੇਆਮਾਂ ਦੇ ਮੁਕੱਦਮਿਆਂ ਨੂੰ ਦੇਖਣ ਦੇ ਬਾਅਦ ਅਤੇ ਯੂਰਪ ’ਚ ਹੋਏ ਵਿਆਪਕ ਵਿਦਿਆਰਥੀ ਵਿਰੋਧਾਂ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਜਰਮਨਾਂ ਨੇ ਪਿਛਲੀਆਂ ਗਲਤੀਆਂ ਦਾ ਸੱਚਾ ਲੇਖਾ-ਜੋਖਾ ਮੰਗਣਾ ਸ਼ੁਰੂ ਕੀਤਾ। ਇਤਿਹਾਸ ਦੇ ਨਾਲ ਉਨ੍ਹਾਂ ਦਾ ਇਹ ਟਕਰਾਅ, ਜੋ ਸ਼ਾਇਦ ਹੀ ਕਦੀ ਪੂਰਾ ਹੋ ਸਕੇ, ਕਾਫੀ ਵਿਆਪਕ ਤੇ ਈਮਾਨਦਾਰ ਕਿਹਾ ਜਾ ਸਕਦਾ ਹੈ।
ਜਰਮਨਾਂ ਵੱਲੋਂ ਮਾਰੇ ਗਏ 60 ਲੱਖ ਯਹੂਦੀਆਂ ਨੂੰ ਸਮਰਪਿਤ ਬਰਲਿਨ ਦੇ ਮੱਧ ’ਚ ਇਕ ਯਾਦਗਾਰ ਇਕ ਅਜਿਹੇ ਰਾਸ਼ਟਰ ਦੀ ਪ੍ਰਤੀਕ ਹੈ ਜੋ ਆਪਣੀਆਂ ਅਸਫਲਤਾਵਾਂ ਅਤੇ ਕਾਲੇ ਇਤਿਹਾਸ ਦਾ ਸਾਹਮਣਾ ਕਰਨ ਤੋਂ ਨਹੀਂ ਡਰਦਾ। ਪੋਲੈਂਡ ਨੇ ਵੀ, ਜਿਸ ਦੇ 30 ਲੱਖ ਲੋਕ ਜਰਮਨ ਫੌਜਾਂ ਵੱਲੋਂ ਮਾਰੇ ਗਏ ਅਤੇ ਲਗਭਗ ਸਾਰਾ ਦੇਸ਼ ਹੀ ਮਲਬੇ ’ਚ ਬਦਲ ਗਿਆ ਸੀ, ਸ਼ੁਰੂ ’ਚ ਜਰਮਨੀ ਵੱਲੋਂ ਆਪਣੇ ਅਪਰਾਧਾਂ ਦੇ ਲਈ ਮੰਗੀ ਜਾਣ ਵਾਲੀ ਮੁਆਫੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਪਰ ਹੌਲੀ-ਹੌਲੀ ਜਰਮਨੀ ਨੇ ਆਪਣੇ ਅਪਰਾਧਾਂ ਦੇ ਲਈ ਮੁਆਫੀ ਮੰਗਦੇ ਹੋਏ ਉਨ੍ਹਾਂ ਸਾਰੇ ਯੂਰਪੀ ਰਾਸ਼ਟਰਾਂ ਦੇ ਦਿਲਾਂ ’ਚ ਥਾਂ ਬਣਾ ਲਈ ਜਿਨ੍ਹਾਂ ਨੇ ਇਸ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਅੱਜ ਯੂਰਪ ’ਚ ਕੋਈ ਸਰਹੱਦ ਨਹੀਂ ਹੈ, ਇਕ ਕਾਨੂੰਨ ਅਤੇ ਇਕ ਆਰਥਿਕ ਬਾਜ਼ਾਰ ਹੈ ਅਤੇ ਜਰਮਨੀ ਇਸ ਦਾ ਨੇਤਾ ਹੈ। ਇਹ ਸਭ ਇਸ ਲਈ ਹੋ ਸਕਿਆ ਕਿਉਂਕਿ ਉਸ ਨੇ ਆਪਣੇ ਅਤੀਤ ਦਾ ਸਾਹਮਣਾ ਕੀਤਾ ਅਤੇ ਅੱਗੇ ਵਧਿਆ। ਦੂਜੇ ਪਾਸੇ 2000 ਸਾਲ ਦੇ ਬਾਅਦ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਾਲੇ ਇਜ਼ਰਾਈਲ ਦੇ ਲਈ ਵੀ ਆਪਣੇ ਲੋਕਾਂ ਨਾਲ ਹੋਏ ਗੈਰ-ਮਨੁੱਖੀ ਅੱਤਿਆਚਾਰ ਨੂੰ ਭੁਲਾਉਣਾ ਸੰਭਵ ਨਹੀਂ ਸੀ ਪਰ ਉਸ ਨੇ ਵੀ ਸਭ ਭੁਲਾ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ।
ਯਰੂਸ਼ਲਮ ਦੀ ਆਪਣੀ ਯਾਤਰਾ ’ਤੇ 1989 ’ਚ ਕੇਪਟਾਊਨ ਦੇ ਆਰਕਬਿਸ਼ਪ ਡੇਸਮੰਡ ਐੱਮ. ਟੂਟੂ ਨੇ ਇਜ਼ਰਾਈਲੀਆਂ ਦੇ ਨਾਜ਼ੀ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਨੂੰ ਮੁਆਫ ਕਰਨ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਉਸ ਸਮੇਂ ਇਜ਼ਰਾਈਲ ਇਸ ਦੇ ਲਈ ਤਿਆਰ ਨਹੀਂ ਹੋਇਆ ਸੀ ਅਤੇ ਆਰਕਬਿਸ਼ਪ ਡੇਸਮੰਡ ਐੱਮ. ਟੂਟੂ ਨੂੰ ‘ਨਾਜ਼ੀ ਟੂਟੂ’ ਕਹਿ ਕੇ ਦੁਤਕਾਰ ਿਦੱਤਾ ਗਿਆ ਪਰ ਹੌਲੀ-ਹੌਲੀ ਇਜ਼ਰਾਈਲ ਦੁਸ਼ਮਣੀ ਨੂੰ ਭੁਲਾ ਕੇ ਅਤੀਤ ਵੱਲ ਅੱਗੇ ਵਧਣ ਲੱਗਾ ਅਤੇ ਹੁਣ ਉਹ ਯੂ. ਏ. ਈ., ਸਾਊਦੀ ਅਰਬ, ਕਤਰ, ਮਿਸਰ ਇੱਥੋਂ ਤੱਕ ਕਿ ਜਾਰਡਨ ਅਤੇ ਈਰਾਨ ਦੇ ਨਾਲ ਸ਼ਾਂਤੀ ਤੋਂ ਲੈ ਕੇ ਵਪਾਰ ਸਮਝੌਤੇ ਵੀ ਕਰ ਰਿਹਾ ਹੈ ਅਤੇ ਇਸ ਸਮੇਂ ਉਹ ਜਰਮਨ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਹੈ।ਦੱਖਣੀ ਅਫਰੀਕਾ ’ਚ ਵੀ ਨੈਲਸਨ ਮੰਡੇਲਾ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ, ਨਾ ਸਿਰਫ ਅਹਿੰਸਕ ਢੰਗਾਂ ਨੂੰ ਅਪਣਾਇਆ ਸਗੋਂ ਅਸ਼ਵੇਤਾਂ ’ਤੇ ਕੀਤੇ ਗਏ ਜ਼ੁਲਮਾਂ ਲਈ ਗੋਰੇ ਲੋਕਾਂ ਨੂੰ ਮੁਆਫ ਕਰਨ ਦਾ ਸੱਦਾ ਵੀ ਦਿੱਤਾ। ਅਫਰੀਕਾ ਮਹਾਦੀਪ ’ਚ ਇਕੋ-ਇਕ ਦੱਖਣੀ ਅਫਰੀਕਾ ਹੀ ਤਰੱਕੀ ਦੇ ਰਾਹ ’ਤੇ ਅੱਗੇ ਵਧ ਸਕਣ ’ਚ ਸਫਲ ਹੋਣ ਵਾਲਾ ਇਕੋ-ਇਕ ਦੇਸ਼ ਹੈ।
ਇਸ ਲਈ ਕਿਸੇ ਵੀ ਰਾਸ਼ਟਰ ਦੇ ਸੁਖਾਵੇਂ ਭਵਿੱਖ ਦੇ ਲਈ ਮਹੱਤਵਪੂਰਨ ਹੈ ਕਿ ਉਹ ਆਪਣੇ ਅਤੀਤ ਦਾ ਸਾਹਮਣਾ ਬਿਨਾਂ ਕਿਸੇ ਨਾਂਹ ਜਾਂ ਝਿਜਕ ਤੋਂ ਕਰੇ, ਤਾਂ ਕਿ ਮੁਆਫ ਕੀਤਾ ਜਾ ਸਕੇ ਪਰ ਅੱਗੇ ਸਵਾਲ ਇਹ ਉੱਠਦਾ ਹੈ ਕਿ ਪਹਿਲਾਂ ‘ਸੌਰੀ’ ਕੌਣ ਕਹੇਗਾ? ਕੌਣ ਪਹਿਲਾਂ ਉਦਾਰਤਾ ਦਿਖਾਏਗਾ ਅਤੇ ਮੁਆਫ ਕਰੇਗਾ?
ਵਿਸ਼ਵ ਦੀਆਂ ਇਹ ਉਦਾਹਰਣਾਂ ਭਾਰਤੀ ਇਤਿਹਾਸ ਦੇ ਨਜ਼ਰੀਏ ਤੋਂ ਬਹੁਤ ਛੋਟਾ ਜਿਹਾ ਹਿੱਸਾ ਮੰਨੀਆਂ ਜਾਣਗੀਆਂ ਕਿਉਂਕਿ ਅਸੀਂ 4000 ਸਾਲਾਂ ਤੋਂ ਕਿਤੇ ਵੀ ਦੇਸ਼ ’ਤੇ ਹਮਲਾ ਕੀਤੇ ਬਿਨਾਂ, ਇਕ ਹੀ ਭੂਮੀ ’ਤੇ ਸ਼ਾਂਤੀ ਨਾਲ ਰਹਿ ਰਹੇ ਹਾਂ। ਬੇਸ਼ੱਕ ਸਾਡੀ ਸ਼ਾਂਤੀਪਸੰਦ ਜਨਤਾ ’ਤੇ ਕਈ ਜ਼ੁਲਮ ਹੋਏ, ਕਈ ਕੁਝ ਉਨ੍ਹਾਂ ਨੂੰ ਸਹਿਣਾ ਪਿਆ ਪਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਨੂੰ ਆਪਣੇ ਅਤੀਤ ਦੇ ਦਰਦ ਨੂੰ ਅਲਵਿਦਾ ਕਹਿ ਕੇ ਭਵਿੱਖ ਵੱਲ ਅੱਗੇ ਵਧਣਾ ਹੀ ਪਵੇਗਾ। ਸਮਾਜ ’ਚ ਹਿੰਸਾ ਇਕ ਸਾਲ ਜਾਂ ਇਕ ਦਹਾਕਾ ਜਾਂ ਇਕ ਮਹੀਨੇ ’ਚ ਵੀ ਵਾਪਸ ਆ ਸਕਦੀ ਹੈ। ਮਹਾਤਮਾ ਗਾਂਧੀ ਨੇ ਆਪਣਾ ‘ਅਸਹਿਯੋਗ ਅੰਦੋਲਨ’ ਚੌਰੀਚੌਰਾ ’ਚ ਹਿੰਸਾ ਹੋਣ ਦੇ ਕਾਰਨ 1922 ’ਚ ਹੀ ਬੰਦ ਕਰ ਦਿੱਤਾ ਸੀ ਪਰ 1942 ’ਚ ‘ਭਾਰਤ ਛੱਡੋ ਅੰਦੋਲਨ’ ਦੇ ਦੌਰਾਨ ਜਦੋਂ ਰਾਸ਼ਟਰੀ ਅੰਦੋਲਨ ਦੇ ਵਧੇਰੇ ਨੇਤਾ ਸੀਖਾਂ ਦੇ ਿਪੱਛੇ ਸਨ, ਤਾਂ ਲੀਡਰਸ਼ਿਪ ਵਿਹੂਣੇ ਨਾਗਰਿਕਾਂ ਨੇ ਸਫਲਤਾਪੂਰਵਕ ਇਕ ਅਹਿੰਸਕ ਅੰਦੋਲਨ ਚਲਾਇਆ ਪਰ ਇਸ ਦੇ ਸਿਰਫ 5 ਸਾਲ ਬਾਅਦ ਵੰਡ ਦੇ ਦੌਰਾਨ ਘਿਨੌਣੀ ਹਿੰਸਾ ਹੋਈ ਜਦਕਿ ਗਾਂਧੀ ਅਤੇ ਹੋਰ ਨੇਤਾਵਾਂ ਨੇ ਲੋਕਾਂ ਨੂੰ ਹਿੰਸਾ ਰੋਕਣ ਦਾ ਕਿੰਨਾ ਹੀ ਸੱਦਾ ਦਿੱਤਾ ਸੀ। ਹੁਣ ਫਿਰ ਤੋਂ ਅਸੀਂ ਇਤਿਹਾਸ ਦੀ ਦਹਿਲੀਜ਼ ’ਤੇ ਹਾਂ-ਕੀ ਅਸੀਂ ਅਹਿੰਸਕ ਢੰਗ ਨਾਲ ਦੁਨੀਆ ਦੇ ਨੇਤਾ ਬਣ ਕੇ ਅੱਗੇ ਵਧਾਂਗੇ ਜਾਂ ਆਪਣੀ ਤਰੱਕੀ ਨੂੰ ਰੋਕਾਂਗੇ। ਅਜੇ ਅਤੀਤ ਨਾਲ ਜੁੜੀਆਂ ਭਾਵਨਾਵਾਂ ਲਗਾਤਾਰ ਬਲਵਾਨ ਹੋ ਰਹੀਆਂ ਹਨ ਪਰ ਕਿਤੇ ਇਹ ਸਾਡੇ ਭਵਿੱਖ ਨੂੰ ਹੀ ਖਤਰੇ ’ਚ ਤਾਂ ਨਹੀਂ ਪਾ ਦੇਣਗੀਆਂ, ਅੱਜ ਇਸੇ ਮਹੱਤਵਪੂਰਨ ਸਵਾਲ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।