ਜਦੋਂ ਸੰਸਦ ’ਚ 2 ਭਾਜਪਾ ਸੰਸਦ ਮੈਂਬਰ ਆਪਣੀ ਹੀ ਸਰਕਾਰ ਦੇ ਮੰਤਰੀ ’ਤੇ ਵਰ੍ਹੇ

07/10/2019 5:28:34 AM

ਜਨਵਰੀ, 2016 ’ਚ ਰਾਜਸਥਾਨ ਦੀ ਭਾਜਪਾ ਸਰਕਾਰ ’ਚ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ, ਉਦਯੋਗ ਮੰਤਰੀ ਗਜੇਂਦਰ ਸਿੰਘ ਖੀਵਸਰ ਅਤੇ ਸਿਹਤ ਮੰਤਰੀ ਰਾਜੇਂਦਰ ਰਾਠੌਰ ਸਮੇਤ ਕੁਝ ਹੋਰ ਮੰਤਰੀਆਂ ਨੇ ਕਿਹਾ ਸੀ ਕਿ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਕਾਰਣ ਸੂਬਾ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਤਕ ਨਹੀਂ ਪਹੁੰਚ ਰਹੀਆਂ, ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਅਤੇ ਅਧਿਕਾਰੀ ਉਨ੍ਹਾਂ ਦੇ ਪੱਤਰਾਂ ਦਾ ਜਵਾਬ ਨਹੀਂ ਦਿੰਦੇ। ਹੁਣ ਕੁਝ ਅਜਿਹੀ ਹੀ ਭਾਵਨਾ ਕੇਂਦਰੀ ਭਾਜਪਾ ਸਰਕਾਰ ਦੇ 2 ਸੰਸਦ ਮੈਂਬਰਾਂ ਰਾਜੀਵ ਪ੍ਰਤਾਪ ਰੂਡੀ (ਸਾਰਣ, ਬਿਹਾਰ) ਅਤੇ ਹੇਮਾ ਮਾਲਿਨੀ (ਮਥੁਰਾ, ਉੱਤਰ ਪ੍ਰਦੇਸ਼) ਨੇ ਸੈਰ-ਸਪਾਟਾ ਮੰਤਰਾਲੇ ਨੂੰ ਲੈ ਕੇ ਪ੍ਰਗਟ ਕੀਤੀ ਹੈ। ਲੋਕ ਸਭਾ ’ਚ ਹੁਣ 8 ਜੁਲਾਈ ਨੂੰ ਪ੍ਰਸ਼ਨਕਾਲ ’ਚ ਇਨ੍ਹਾਂ ਦੋਹਾਂ ਸੰਸਦ ਮੈਂਬਰਾਂ ਦੀ ਸੈਰ-ਸਪਾਟਾ ਰਾਜ ਮੰਤਰੀ ਪ੍ਰਹਿਲਾਦ ਪਟੇਲ ਨਾਲ ਝੜਪ ਹੋ ਗਈ, ਜਦੋਂ ਉਨ੍ਹਾਂ ਦੋਹਾਂ ਨੇ ਆਪਣੇ ਚੋਣ ਖੇਤਰਾਂ ’ਚ ਸੈਰ-ਸਪਾਟੇ ਦੇ ਵਿਕਾਸ ਦਾ ਕੰਮ ਨਾ ਹੋਣ ਦੀ ਸ਼ਿਕਾਇਤ ਕੀਤੀ। ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਉਹ ਆਪਣੇ ਚੋਣ ਹਲਕੇ ’ਚ ਸੋਨਪੁਰ ਦੇ ਵਿਸ਼ਵ ਪ੍ਰਸਿੱਧ ਮੇਲੇ ਅਤੇ ਸਾਰਣ ’ਚ ਈਕੋ ਟੂਰਿਜ਼ਮ ਦੇ ਰੂਪ ’ਚ ਵਿਕਸਿਤ ਕੀਤੇ ਜਾਣ ਵਾਲੇ ‘ਡਾਲਫਿਨ ਖੇਤਰ’ ਲਈ ਕੇਂਦਰ ਸਰਕਾਰ ਤੋਂ 3 ਸਾਲਾਂ ਤੋਂ ਧਨਰਾਸ਼ੀ ਦੇਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਹਰ ਵਾਰ ਨਵੇਂ ਨਿਯਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਟਾਲ ਦਿੰਦੀ ਹੈ।

ਜਦੋਂ ਸ਼੍ਰੀ ਪਟੇਲ ਨੇ ਜਵਾਬ ’ਚ ਕਿਹਾ ਕਿ ਇਸ ਬਾਰੇ ਬਿਹਾਰ ਸਰਕਾਰ ਤੋਂ ਕੋਈ ਡੀ. ਪੀ. ਆਰ. ਨਹੀਂ ਮਿਲੀ ਹੈ ਤਾਂ ਰੂਡੀ ਨੇ ਡੀ. ਪੀ. ਆਰ. ਦਿਖਾਉਂਦੇ ਹੋਏ ਕਿਹਾ, ‘‘ਮੈਂ ਇਸ ਨੂੰ ਸਦਨ ’ਚ ਵੀ ਰੱਖ ਸਕਦਾ ਹਾਂ। ਜੇਕਰ ਤੁਹਾਨੂੰ ਇਹ ਨਹੀਂ ਦੱਸਿਆ ਗਿਆ ਹੈ ਤਾਂ ਇਹ ਸਬੰਧਤ ਅਧਿਕਾਰੀ ਵਿਰੁੱਧ ਵਿਸ਼ੇਸ਼ ਅਧਿਕਾਰ ਦਾ ਮਾਮਲਾ ਬਣਦਾ ਹੈ।’’ ਸ਼੍ਰੀ ਰੂਡੀ ਨੇ ਇਹ ਵੀ ਕਿਹਾ ਕਿ ‘‘ਸੈਰ-ਸਪਾਟਾ ਮੰਤਰਾਲਾ ਵੱਖ-ਵੱਖ ਸੂਬਿਆਂ ’ਚ 500 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹਿ ਰਿਹਾ ਹੈ ਪਰ ਬਿਹਾਰ ’ਚ ਤਾਂ ਅੱਜ ਤਕ ਇਕ ਪੈਸਾ ਵੀ ਨਹੀਂ ਆਇਆ।’’ ਇਸੇ ਤਰ੍ਹਾਂ ਹੇਮਾ ਮਾਲਿਨੀ ਨੇ ਵੀ ਕਿਹਾ ਕਿ ਉਨ੍ਹਾਂ ਦੇ ਚੋਣ ਖੇਤਰ ’ਚ 5 ਸਾਲ ਪਹਿਲਾਂ ਬੁੱਧ ਸਰਕਟ ਦੇ ਨਾਲ ਹੀ ਕ੍ਰਿਸ਼ਨਾ ਸਰਕਟ ਵੀ ਸਥਾਪਿਤ ਕੀਤਾ ਗਿਆ ਸੀ ਪਰ ਕ੍ਰਿਸ਼ਨਾ ਸਰਕਟ ਦੇ ਤਹਿਤ ਬਰਸਾਨਾ, ਵ੍ਰਿੰਦਾਵਨ, ਗੋਵਰਧਨ ਅਤੇ ਮਥੁਰਾ ਨੂੰ ਵਿਕਸਿਤ ਕਰਨ ਦੀ ਯੋਜਨਾ ’ਤੇ 5 ਸਾਲਾਂ ’ਚ ਬਹੁਤ ਘੱਟ ਕੰਮ ਹੋਇਆ ਹੈ ਅਤੇ ਅਜਿਹਾ ਕੋਈ ਕੰਮ ਨਹੀਂ ਹੋਇਆ, ਜਿਸ ਦਾ ਜ਼ਿਕਰ ਕੀਤਾ ਜਾ ਸਕੇ। ਦੋਹਾਂ ਸੰਸਦ ਮੈਂਬਰਾਂ ਵਲੋਂ ਉਠਾਈਆਂ ਗਈਆਂ ‘ਸ਼ਿਕਾਇਤਾਂ’ ਉੱਤੇ ਸ਼੍ਰੀ ਪਟੇਲ ਕੁਝ ਅਸਹਿਜ ਦਿਸੇ ਅਤੇ ਉਨ੍ਹਾਂ ਦੋਹਾਂ ਸੰਸਦ ਮੈਂਬਰਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਆਪਣੀ ਹੀ ਪਾਰਟੀ ਦੇ ਲੋਕ ਆਪਣੇ ਹੀ ਮੰਤਰਾਲੇ ਦੇ ਕੰਮਕਾਜ ’ਚ ਖਾਮੀਆਂ ਵੱਲ ਸੰਕੇਤ ਕਰਨ ਤਾਂ ਸਪੱਸ਼ਟ ਹੈੈ ਕਿ ਕਿਤੇ ਨਾ ਕਿਤੇ ਕੁਝ ਗੜਬੜ ਜ਼ਰੂਰ ਹੈ, ਜਿਸ ਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ।

–ਵਿਜੇ ਕੁਮਾਰ
 


Bharat Thapa

Content Editor

Related News