‘ਜਦੋਂ ਬਟਾਲਾ ਦੀ 18 ਦਿਨਾਂ ਦੀ ਨਾਕੇਬੰਦੀ’‘ਅਟਲ ਜੀ ਦੇ ਪਹੁੰਚਣ ’ਤੇ ਖਤਮ ਹੋ ਗਈ’
Thursday, Dec 24, 2020 - 03:39 AM (IST)

ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ’ਤੇ ਮੇਰੇ ਮਨ ’ਚ ਉਨ੍ਹਾਂ ਨਾਲ ਜੁੜੀਅਾਂ ਕੁਝ ਪੁਰਾਣੀਅਾਂ ਯਾਦਾਂ ਤਾਜ਼ਾ ਹੋ ਗਈਅਾਂ ਹਨ, ਜਿਨ੍ਹਾਂ ’ਚੋਂ ਇਕ ਯਾਦ ਮੈਂ ਪਾਠਕਾਂ ਦੇ ਨਾਲ ਸਾਂਝੀ ਕਰ ਰਿਹਾ ਹਾਂ। ਵਰਨਣਯੋਗ ਹੈ ਕਿ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸ਼੍ਰੀ ਵਾਜਪਾਈ ਜੀ ਦੇ ਨਾਲ ਸਾਡੇ ਆਤਮੀ ਸਬੰਧ ਸਨ।
ਉਨ੍ਹਾਂ ਨੇ 2004 ’ਚ ਸਿਹਤ ਠੀਕ ਨਾ ਰਹਿਣ ਦੇ ਕਾਰਨ ਸਿਆਸਤ ਤੋਂ ਸੰਨਿਆਸ ਲੈ ਲਿਆ ਅਤੇ ਲੰਬੀ ਬੀਮਾਰੀ ਦੇ ਬਾਅਦ 16 ਅਗਸਤ, 2018 ਨੂੰ ਉਹ ਸਾਡੇ ਦਰਮਿਆਨ ਨਹੀਂ ਰਹੇ। ਸ਼੍ਰੀ ਵਾਜਪਾਈ ਇਕ ਨਿਪੁੰਨ ਸਿਆਸਤਦਾਨ, ਕਵੀ ਅਤੇ ਸਰਵੋਤਮ ਬੁਲਾਰੇ ਵੀ ਸਨ, ਜਿਨ੍ਹਾਂ ਨੂੰ ਸੁਣਨ ਲਈ ਮੇਰੇ ਵਰਗੇ ਲੋਕ ਹਮੇਸ਼ਾ ਲੋਚਦੇ ਰਹਿੰਦੇ ਸਨ। ਉਨ੍ਹਾਂ ’ਚ ਲੋਕਾਂ ਨੂੰ ਆਪਣੇ ਨਾਲ ਜੋੜਣ ਦੀ ਅਨੋਖੀ ਸਮਰੱਥਾ ਸੀ।
‘ਜਗ ਬਾਣੀ’ ਵਲੋਂ ਸੰਚਾਲਿਤ ਵੱਖ-ਵੱਖ ਸਹਾਇਤਾ ਸਮਾਗਮਾਂ ’ਚ ਹਿੱਸਾ ਲੈਣ ਲਈ ਅਟਲ ਜੀ ਚਾਰ ਵਾਰ ਜਲੰਧਰ ਆਏ। ਉਹ ‘ਸ਼ਹੀਦ ਪਰਿਵਾਰ ਫੰਡ’ ਵਲੋਂ ਪੀੜਤ ਪਰਿਵਾਰਾਂ ਨੂੰ ਰਾਹਤ ਵੰਡਣ ਲਈ 3 ਫਰਵਰੀ, 1985 ਅਤੇ 23 ਨਵੰਬਰ, 1997 ਨੂੰ, ਫਿਰ 12 ਮਈ, 1999 ਅਤੇ 6 ਫਰਵਰੀ, 2000 ਨੂੰ ‘ਪ੍ਰਧਾਨ ਮੰਤਰੀ ਰਾਹਤ ਫੰਡ’ ਲਈ ‘ਜਗ ਬਾਣੀ’ ਵਲੋਂ ਲੋਕਾਂ ਦੇ ਸਹਿਯੋਗ ਨਾਲ ਇਕੱਠੇ ਕੀਤੇ 10.50 ਕਰੋੜ ਰੁਪਏ ਦੀ ਰਕਮ ਪ੍ਰਾਪਤ ਕਰਨ ਲਈ ਜਲੰਧਰ ਪਧਾਰੇ।
80 ਦਾ ਦਹਾਕਾ ਪੰਜਾਬ ਲਈ ਡਰਾਉਣਾ ਅਤੇ ਭਿਆਨਕ ਸੀ। ਲੋਕ ਸ਼ਾਮ ਦੇ ਪੰਜ ਵਜੇ ਹੀ ਘਰਾਂ ’ਚ ਬੰਦ ਹੋ ਜਾਂਦੇ। ਵਪਾਰ ਠੱਪ ਹੋ ਗਿਆ ਸੀ। ਕੋਈ ਦਿਨ ਅਜਿਹਾ ਨਹੀਂ ਜਾਂਦਾ ਸੀ, ਜਿਸ ਦਿਨ ਇਥੇ ਕੋਈ ਵਾਰਦਾਤ ਨਾ ਹੋਵੇ। ਲੋਕਾਂ ਨੂੰ ਬੱਸਾਂ ’ਚੋਂ ਉਤਾਰ ਕੇ ਗੋਲੀਅਾਂ ਨਾਲ ਭੁੰਨਿਆ ਜਾ ਰਿਹਾ ਸੀ। ਥਾਂ-ਥਾਂ ਮਾਸੂਮ ਨਾਗਰਿਕਾਂ ਦੀ ਜਾਨ ਲਈ ਜਾ ਰਹੀ ਸੀ।
ਇਹ ਉਨ੍ਹਾਂ ਹੀ ਦਿਨਾਂ ਦੀ ਗੱਲ ਹੈ ਜਦੋਂ 6 ਮਾਰਚ, 1986 ਨੂੰ ਅੱਤਵਾਦੀਅਾਂ ਨੇ ਪੰਜਾਬ ਦੇ ਉਦਯੋਗਿਕ ਸ਼ਹਿਰ ਬਟਾਲਾ ਦੇ ਸਾਰੇ ਦਾਖਲ ਹੋਣ ਵਾਲੇ ਰਸਤਿਅਾਂ ਦੀ ਨਾਕੇਬੰਦੀ ਕਰ ਕੇ ਸ਼ਹਿਰ ਨੂੰ ਬੰਦਕ ਬਣਾ ਕੇ ਲੋਕਾਂ ਦਾ ਅੰਦਰ-ਬਾਹਰ ਆਉਣਾ-ਜਾਣਾ ਬੰਦ ਕਰ ਦਿੱਤਾ।
18 ਦਿਨ ਉਥੇ ਕਰਫਿਊ ਲੱਗਾ ਰਿਹਾ। ਸ਼ਹਿਰ ’ਚ ਜ਼ਰੂਰੀ ਖੁਰਾਕੀ ਵਸਤੂਅਾਂ ਦੀ ਘਾਟ ਹੋ ਗਈ। ਭੁੱਖ ਨਾਲ ਵਿਆਕੁਲ ਬੱਚੇ ਦੁੱਧ ਲਈ ਤਰਸਣ ਲੱਗੇ। ਨਾ ਮਰੀਜ਼ਾਂ ਨੂੰ ਦਵਾਈ ਮਿਲ ਰਹੀ ਸੀ, ਨਾ ਸਬਜ਼ੀ, ਨਾ ਰਾਸ਼ਨ ਅਤੇ ਨਾ ਹੀ ਪਸ਼ੂਅਾਂ ਲਈ ਚਾਰਾ ਅਤੇ ਹੋਰ ਸਾਮਾਨ। ਨਾਕੇਬੰਦੀ ਦੇ ਦੌਰਾਨ ਅੱਤਵਾਦੀਅਾਂ ਨੇ ਭਾਰੀ ਲੁੱਟਮਾਰ ਵੀ ਕੀਤੀ।
ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਉਥੇ ਹੋਰਨਾਂ ਵਸਤੂਅਾਂ ਦੇ ਨਾਲ ਹੀ 14 ਕਾਰਖਾਨਿਅਾਂ ਅਤੇ 34 ਦੁਕਾਨਾਂ ਨੂੰ ਲੁੱਟਣ ਦੇ ਇਲਾਵਾ 20 ਬੰਦੂਕਾਂ ਵੀ ਲੁੱਟੀਅਾਂ ਗਈਅਾਂ ਅਤੇ 18 ਲੱਖ ਰੁਪਏ ਤੋਂ ਵਧ ਦੀ ਜਾਇਦਾਦ ਨਸ਼ਟ ਕੀਤੀ ਗਈ।
ਨਾਕਾਬੰਦੀ ਖੁੱਲ੍ਹਵਾਉਣ ਲਈ ਬਣਾਈ ਗਈ ‘ਸ਼ਾਂਤੀ ਕਮੇਟੀ’ ਵਿਚ ਵੀ ਇਹ ਮਾਮਲਾ ਵਾਰ-ਵਾਰ ਉਠਿਆ ਪਰ ਇਸ ’ਚ ਸ਼ਾਮਲ ਬਟਾਲਾ ਇਲਾਕੇ ਦੇ ਤਿੰਨ ਮੰਤਰੀ ਅਤੇ ਹੋਰ ਨੇਤਾ ਵੀ ਇਹ ਨਾਕਾਬੰਦੀ ਖਤਮ ਨਾ ਕਰਵਾ ਸਕੇ।
ਲੋਕਾਂ ’ਚ ਹਾਹਾਕਾਰ ਮਚੀ ਹੋਈ ਸੀ। ਕੇਂਦਰ ’ਚ ਉਸ ਸਮੇਂ ਸ਼੍ਰੀ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ, ਜਦਕਿ ਪੰਜਾਬ ’ਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਨ।
ਪੂਰਾ ਪ੍ਰਸ਼ਾਸਨ ਜਦੋਂ ਬਟਾਲਾ ਦੇ ਲੋਕਾਂ ਨੂੰ ਮੁਕਤੀ ਦਿਵਾਉਣ ’ਚ ਅਸਫਲ ਹੋ ਗਿਆ ਤਦ ਅਚਾਨਕ ਮੈਨੂੰ ਬਟਾਲਾ ਤੋਂ ਕਿਸੇ ਸੱਜਣ ਦਾ ਫੋਨ ਆਇਆ ਕਿ ‘‘ਜੇਕਰ ਅੱਜ ਲਾਲਾ ਜੀ ਜਿਊਂਦੇ ਹੁੰਦੇ ਤਾਂ ਉਹ ਇਸ ’ਤੇ ਲਿਖਦੇ ਅਤੇ ਸਾਡੀ ਇਹ ਹਾਲਤ ਨਾ ਹੁੰਦੀ।’’ ਇਸ ’ਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਵਿਸ਼ੇ ’ਤੇ ਲਿਖ ਤਾਂ ਰਿਹਾ ਹਾਂ ਪਰ ਬਦਕਿਸਮਤੀ ਨਾਲ ਅਖਬਾਰ ਬਟਾਲਾ ਨਹੀਂ ਜਾ ਰਹੇ।
ਫੋਨ ਕਰਨ ਵਾਲੇ ਨੇ ਕਿਹਾ ਕਿ ਹੁਣ ਇਸ ਬਾਰੇ ’ਚ ਕਿਸ ਨੂੰ ਕਿਹਾ ਜਾਵੇ ਤਾਂ ਮੈਂ ਦਿੱਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸ. ਦਰਬਾਰਾ ਸਿੰਘ ਨੂੰ ਫੋਨ ਕੀਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਗੱਲ ਕਰ ਕੇ ਮੈਨੂੰ ਅਗਲੇ ਦਿਨ ਦੱਸਣਗੇ।
ਉਨ੍ਹਾਂ ਦੀ ਗੱਲ ਸੁਣ ਕੇ ਮੈਨੂੰ ਜਾਪਿਆ ਕਿ ਗੱਲ ਬਣ ਜਾਵੇਗੀ ਪਰ ਜਦੋਂ ਉਨ੍ਹਾਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਮੈਨੂੰ ਭਾਜਪਾ ਦੇ ਸੀਨੀਅਰ ਨੇਤਾ ਸ਼੍ਰੀ ਕ੍ਰਿਸ਼ਨ ਲਾਲ ਸ਼ਰਮਾ ਦੀ ਯਾਦ ਆਈ, ਜੋ ਜਦੋਂ ਵੀ ਜਲੰਧਰ ਆਉਂਦੇ ਤਾਂ ਮੈਨੂੰ ਜ਼ਰੂਰ ਮਿਲਣ ਆਉਂਦੇ ਹੁੰਦੇ ਸਨ।
ਹਾਲਾਂਕਿ ਤਦ ਤਕ ਮੇਰਾ ਅਟਲ ਜੀ ਨਾਲ ਸੰਪਰਕ ਨਹੀਂ ਹੋਇਆ ਸੀ ਪਰ ਮੈਂ ਕ੍ਰਿਸ਼ਨ ਲਾਲ ਜੀ ਨੂੰ ਫੋਨ ਕੀਤਾ ਕਿ ਜੇਕਰ ਅਟਲ ਜੀ ਬਟਾਲਾ ਆ ਜਾਣ ਤਾਂ ਇਹ ‘ਨਾਕੇਬੰਦੀ’ ਖੁੱਲ੍ਹ ਸਕਦੀ ਹੈ। ਅਟਲ ਜੀ ਉਸ ਸਮੇਂ ਭਾਜਪਾ ਦੇ ਪ੍ਰਧਾਨ ਸਨ।
ਸ਼੍ਰੀ ਕ੍ਰਿਸ਼ਣ ਲਾਲ ਦੇ ਕਹਿਣ ’ਤੇ ਕਿ ਇਹ ਕੰਮ ਤਾਂ ਔਖਾ ਹੈ, ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕੋਸ਼ਿਸ਼ ਤਾਂ ਕਰਨ। ਮੈਂ ਇਸ ਸਬੰਧ ’ਚ ਭਾਜਪਾ ਨੇਤਾ ਡਾ. ਬਲਦੇਵ ਪ੍ਰਕਾਸ਼ ਜੀ ਨਾਲ ਵੀ ਗੱਲ ਕੀਤੀ ਤਾਂ ਉਹ ਮੇਰੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੋਏ।
ਇਸ ਦੇ ਬਾਅਦ ਸ਼੍ਰੀ ਵਾਜਪਾਈ ਨੂੰ ਫੋਨ ਦੁਆਰਾ ਸਾਰੇ ਘਟਨਾਕ੍ਰਮ ਅਤੇ ਹਾਲਾਤ ਦੀ ਗੰਭੀਰਤਾ ਦੇ ਬਾਰੇ ’ਚ ਦੱਸਿਆ ਗਿਆ ਤਾਂ ਇਕ ਦਿਨ ਸ਼੍ਰੀ ਕ੍ਰਿਸ਼ਣ ਲਾਲ ਸ਼ਰਮਾ ਦਾ ਫੋਨ ਆ ਗਿਆ ਕਿ ਸ਼੍ਰੀ ਵਾਜਪਾਈ ਜੀ ਆਉਣ ਲਈ ਰਾਜੀ ਹੋ ਗਏ ਹਨ।
ਅਟਲ ਜੀ ਦੇ ਬਟਾਲਾ ਆਉਣ ਦੀ ਖਬਰ ਦਾ ਪੰਜਾਬ ਦੇ ਰਾਜਪਾਲ ਅਤੇ ਸਰਕਾਰ ’ਤੇ ਬਹੁਤ ਦਬਾਅ ਪਿਆ। ਪੰਜਾਬ ਸਰਕਾਰ ਤੁਰੰਤ ਹਰਕਤ ’ਚ ਆਈ ਅਤੇ ਸ਼੍ਰੀ ਵਾਜਪਾਈ ਅਤੇ ਉਨ੍ਹਾਂ ਦੇ ਨਾਲ ਦਿੱਲੀ ਤੋਂ ਆਉਣ ਵਾਲੇ ਭਾਜਪਾ ਨੇਤਾ ਸ਼੍ਰੀ ਕੇਦਾਰਨਾਥ ਸਾਹਨੀ ਅਤੇ ਪੰਜਾਬ ਦੇ ਕੁਝ ਭਾਜਪਾ ਨੇਤਾਵਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ’ਚ ਬਟਾਲਾ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ।
ਅੰਮ੍ਰਿਤਸਰ ਤੋਂ ਬਟਾਲਾ ਜਾਣ ਦੇ ਦੋ ਰਸਤੇ ਹਨ। ਪਹਿਲਾ ਅੰਮ੍ਰਿਤਸਰ ਤੋਂ ਸਿੱਧਾ ਬਟਾਲਾ ਜਾਂਦਾ ਹੈ ਅਤੇ ਦੂਜਾ ਭਿੰਡਰਾਂਵਾਲਾ ਦੇ ਗੜ੍ਹ ਮਹਿਤਾ ਚੌਕ ਤੋਂ ਬਟਾਲਾ ਜਾਂਦਾ ਹੈ। ਇਹ ਕਹਿਣ ਦੇ ਬਾਵਜੂਦ ਕਿ ਅੰਮ੍ਰਿਤਸਰ ਤੋਂ ਸਿੱਧੇ ਬਟਾਲਾ ਜਾਣਾ ਹੀ ਸੁਰੱਖਿਅਤ ਹੈ, ਅਟਲ ਜੀ ਨੇ ਕਿਹਾ, ‘‘ਭਾਵੇਂ ਜੋ ਵੀ ਹੋਵੇ ਮੈਂ ਤਾਂ ਉਸ ਰਸਤੇ ਤੋਂ ਹੀ ਜਾਵਾਂਗਾ ਜਿਥੇ ਅੱਤਵਾਦੀ ਆਪਣਾ ਡੇਰਾ ਲਗਾਏ ਹੋਏ ਹਨ।’’
ਜਾਨ ਤਲੀ ’ਤੇ ਰੱਖ ਕੇ ਅਟਲ ਜੀ ਮਹਿਤਾ ਚੌਕ ਦੇ ਰਸਤੇ ਹੀ 25 ਮਾਰਚ , 1986 ਨੂੰ ਬਟਾਲਾ ਪਹੁੰਚੇ ਅਤੇ ਲੋਕਾਂ ਦਾ ਮਨੋਬਲ ਵਧਾਉਣ ਲਈ ਕਿਲਾ ਮੰਡੀ ਬਟਾਲਾ ਦੇ ਵਿਹੜੇ ’ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕੀਤਾ, ਜਿਸ ਨੂੰ ਸੁਣਨ ਹਜ਼ਾਰਾਂ ਲੋਕ ਉਥੇ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੀਅਾਂ ਧਿਰਾਂ ਨਾਲ ਮੀਟਿੰਗ ਕਰ ਕੇ ਨਾਕੇਬੰਦੀ ਖਤਮ ਕਰਵਾ ਦਿੱਤੀ, ਜਿਸ ਨਾਲ ਬਟਾਲਾ ਵਾਸੀਅਾਂ ਨੇ ਸੁੱਖ ਦਾ ਸਾਹ ਲਿਆ।
ਉਂਝ ਤਾਂ ਇਸ ਘਟਨਾ ਨਾਲ ਬਹੁਤਿਅਾਂ ਨੂੰ ਖੁਸ਼ੀ ਹੋਈ ਹੋਵੇਗੀ ਪਰ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਕਿ ਕਿਸ ਤਰ੍ਹਾਂ ਅਟਲ ਜੀ ਨੇ ਇਕ ਸਾਧਾਰਨ ਵਿਅਕਤੀ ਦੀ ਬੇਨਤੀ ਪ੍ਰਵਾਨ ਕਰ ਕੇ ਬਟਾਲਾ ਪਹੁੰਚ ਕੇ ਇਹ ਸਮੱਸਿਆ ਸੁਲਝਾਈ ਅਤੇ ਬਟਾਲਾ ਵਾਸੀ 18 ਦਿਨਾਂ ਦੀ ਕੈਦ ਤੋਂ ਮੁਕਤ ਹੋਏ।
ਅੱਜ ਮੈਂ ਪਾਠਕਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਇਹ ਅਨਮੋਲ ਯਾਦ ਇਸ ਲਈ ਸਾਂਝੀ ਕੀਤੀ ਹੈ ਤਾਂਕਿ ਮੈਂ ਦੱਸ ਸਕਾਂ ਕਿ ਅਟਲ ਜੀ ਦੇ ਦਿਲ ’ਚ ਦੇਸ਼ ਵਾਸੀਅਾਂ ਦੇ ਲਈ ਕਿੰਨਾ ਦਰਦ ਸੀ, ਜਿਸ ਨੂੰ ਦੂਰ ਕਰਨ ਲਈ ਉਹ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਨੂੰ ਹਮੇਸ਼ਾ ਤਤਪਰ ਅਤੇ ਤਿਆਰ ਰਹਿੰਦੇ ਸਨ।
ਕਾਸ਼! ਜੇਕਰ ਸਾਡੇ ਦੇਸ਼ ਦੇ ਨੇਤਾ ਉਨ੍ਹਾਂ ਦੇ ਤਿਆਗਮਈ ਜੀਵਨ ਅਤੇ ਉੱਚ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਤਾਂ ਅੱਜ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ।
–ਵਿਜੇ ਕੁਮਾਰ