ਲਾਲਾ ਜੀ ਬਲਿਦਾਨ ਦਿਵਸ: ਜਦੋਂ ਗਾਂਧੀ ਜੀ ਨੇ ਚਿਤਾਵਨੀ ਦਿੱਤੀ ਕਿ ਸੱਤਿਆਗ੍ਰਹੀਆਂ ਨਾਲ ਕੋਈ ਸ਼ਰਾਬ ਪੀਣ ਵਾਲਾ ਨਾ ਹੋਵੇ

09/09/2021 3:39:22 AM

ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਕੋਲੋਂ ਵਿਛੜਿਆਂ ਅੱਜ 39 ਸਾਲ ਹੋ ਗਏ ਹਨ। ਬੇਸ਼ੱਕ ਅੱਜ ਉਹ ਸਾਡੇ ਦਰਮਿਆਨ ਨਹੀਂ ਹਨ ਪਰ ‘ਪੰਜਾਬ ਕੇਸਰੀ ਸਮੂਹ’ ਉਤੇ ਉਨ੍ਹਾਂ ਦਾ ਆਸ਼ੀਰਵਾਦ ਅੱਜ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ।

ਹਰ ਸਾਲ ਉਨ੍ਹਾਂ ਦੇ ਬਲਿਦਾਨ ਦਿਵਸ ’ਤੇ ਅਸੀਂ ਕਿਸੇ ਸਮਾਜਿਕ-ਸਿਆਸੀ ਕੁਰੀਤੀ ਨੂੰ ਉਜਾਗਰ ਕਰਨ ਵਾਲਾ ਉਨ੍ਹਾਂ ਦਾ ਲਿਖਿਆ ਹੋਇਆ ਲੇਖ ਪ੍ਰਕਾਸ਼ਤ ਕਰਦੇ ਹਾਂ। ਹੁਣ ਜਦਕਿ ਅਗਲੇ ਮਹੀਨੇ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮਨਾਉਣ ਜਾ ਰਹੇ ਹਾਂ,ਅਸੀਂ ਪੂਜਨੀਕ ਪਿਤਾ ਜੀ ਵੱਲੋਂ ਗਾਂਧੀ ਜੀ ਨਾਲ ਉਨ੍ਹਾਂ ਦੀ ਮੁਲਾਕਾਤ ਅਤੇ ਸ਼ਰਾਬ ਦੀ ਬੁਰਾਈ ਨਾਲ ਸਬੰਧਤ ‘ਪੰਜਾਬ ਕੇਸਰੀ’ ਦੇ 2 ਅਕਤੂਬਰ, 1971 ਦੇ ਅੰਕ ’ਚ ਪ੍ਰਕਾਸ਼ਿਤ ਸੰਪਾਦਕੀ ਆਪਣੀ ਸ਼ਰਧਾਂਜਲੀ ਦੇ ਰੂਪ ’ਚ ਇੱਥੇ ਪ੍ਰਗਟ ਕਰ ਰਹੇ ਹਾਂ :

‘‘ਮਹਾਤਮਾ ਗਾਂਧੀ ਦਾ ਜਨਮਦਿਨ’’

‘‘2 ਅਕਤੂਬਰ ਨੂੰ ਅਸੀਂ ਮਹਾਤਮਾ ਗਾਂਧੀ ਦਾ ਜਨਮਦਿਨ ਹਰ ਸਾਲ ਮਨਾਉਂਦੇ ਹਾਂ ਅਤੇ ਉਸ ਦਿਨ ਜਿੱਥੇ ਅਸੀਂ ਗਾਂਧੀ ਜੀ ਦੇ ਭਾਰਤ ਵਰਸ਼ ’ਤੇ ਉਪਕਾਰਾਂ ਨੂੰ ਯਾਦ ਕਰਦੇ ਹਾਂ, ਉੱਥੇ ਸਾਨੂੰ ਕਾਂਗਰਸ ਦੇ ਭਾਰਤੀ ਨੇਤਾਵਾਂ ਵੱਲੋਂ ਇਹ ਵੀ ਉਪਦੇਸ਼ ਦਿੱਤਾ ਜਾਂਦਾ ਹੈ ਕਿ ਸਾਨੂੰ ਮਹਾਤਮਾ ਗਾਂਧੀ ਦੇ ਦੱਸੇ ਹੋਏ ਨਾ ਸਿਰਫ ਮਾਰਗ ’ਤੇ ਚੱਲਣਾ ਚਾਹੀਦਾ ਹੈ, ਸਗੋਂ ਉਨ੍ਹਾਂ ਵੱਲੋਂ ਨਿਰਧਾਰਤ ਸਿਧਾਂਤਾਂ ਨੂੰ ਵੀ ਅਪਣਾਉਣ ਦਾ ਯਤਨ ਕਰਨਾ ਚਾਹੀਦਾ ਹੈ।

‘‘ਪਰ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਅਸੀਂ ਜਿੱਥੇ ਗਾਂਧੀ ਜੀ ਦੇ ਉਪਕਾਰਾਂ ਨੂੰ ਭੁਲ ਰਹੇ ਹਾਂ, ਉੱਥੇ ਕੇਂਦਰੀ ਸਰਕਾਰ ਦੇ ਮੁਖੀਆਂ ਤੋਂ ਲੈ ਕੇ ਕਾਂਗਰਸ ਵਰਕਰਾਂ ਦੇ ਹੇਠਲੇ ਤਬਕੇ ਤੱਕ ਮਹਾਤਮਾ ਗਾਂਧੀ ਦੇ ਸਿਧਾਂਤਾਂ ਦੀ ਨਾ ਸਿਰਫ ਅਣਦੇਖੀ ਕੀਤੀ ਜਾ ਰਹੀ ਹੈ ਸਗੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਨੂੰ ਨਾ ਅਪਣਾਉਣਾ ਹੀ ਦੇਸ਼ ਹਿਤ ’ਚ ਹੈ।

‘‘ਮਹਾਤਮਾ ਗਾਂਧੀ ਨੇ ਜਿੱਥੇ ਦੇਸ਼ ਨੂੰ ਆਜ਼ਾਦੀ ਦਿਵਾਈ ਉੱਥੇ ਉਨ੍ਹਾਂ ਨੇ ਕਾਂਗਰਸ ਸੰਸਥਾ ’ਚ ਪਵਿੱਤਰਤਾ, ਦੇਸ਼ਭਗਤੀ ਅਤੇ ਸਾਦਗੀ ਲਿਆਉਣ ਦੀ ਵੀ ਕੋਸ਼ਿਸ਼ ਕੀਤੀ। ਕਾਂਗਰਸ ਦਾ ਮੈਂਬਰ ਬਣਨ ਦੇ ਲਈ ਜਿੱਥੇ ਗਾਂਧੀ ਯੁੱਗ ’ਚ ਹੱਥ ਨਾਲ ਬੁਣਿਆ ਅਤੇ ਹੱਥ ਨਾਲ ਕੱਤਿਆ ਹੋਇਆ ਖੱਦਰ ਪਹਿਨਣਾ ਜ਼ਰੂਰੀ ਅਤੇ ਚਰਖਾ ਕੱਤਣਾ ਜ਼ਰੂਰੀ ਸੀ, ਉੱਥੇ ਕਾਂਗਰਸ ਦਾ ਮੈਂਬਰ ਉਹੀ ਬਣ ਸਕਦਾ ਸੀ ਜੋ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਦਾ ਹੋਵੇ।

‘‘ਜਦ ਮੈਂ ਪੰਜਾਬ ਦੇ ਨਿੱਜੀ ਸਤਿਆਗ੍ਰਹੀਆਂ ਦੀਆਂ ਸੂਚੀਆਂ ਲੈ ਕੇ ਗਾਂਧੀ ਜੀ ਦੇ ਕੋਲ ਪੁੱਜਾ ਸੀ ਤਾਂ ਉਨ੍ਹਾਂ ਨੇ ਸਾਰੀ ਸੂਚੀ ਨੂੰ ਦੇਖ ਕੇ ਜਿੱਥੇ ਪੂਰੀ ਤਸੱਲੀ ਪ੍ਰਗਟ ਕੀਤੀ ਸੀ, ਉੱਥੇ ਮੈਨੂੰ ਸੂਚੀ ’ਤੇ ਮੁੜ ਵਿਚਾਰ ਕਰਨ ਦੀ ਹਦਾਇਤ ਸਿਰਫ ਇਸ ਲਈ ਦਿੱਤੀ ਕਿ ਉਸ ਸੂਚੀ ’ਚ ਕੋਈ ਸ਼ਰਾਬ ਪੀਣ ਵਾਲਾ ਸਤਿਆਗ੍ਰਹੀ ਨਹੀਂ ਹੋਣਾ ਚਾਹੀਦਾ।

‘‘ਮੈਨੂੰ ਉਨ੍ਹਾਂ ਨੇ ਸਖਤ ਵਾਰਨਿੰਗ ਦਿੱਤੀ ਕਿ ਜੇਕਰ ਮੈਂ ਕਿਸੇ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਸੱਤਿਆਗ੍ਰਹਿ ਦੀ ਸੂਚੀ ’ਚ ਸ਼ਾਮਲ ਰੱਖਿਆ ਹੋਵੇਗਾ ਤਾਂ ਮੇਰੇ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ। ਮਹਾਤਮਾ ਜੀ ਦੀ ਇਸ ਸਖਤ ਹਦਾਇਤ ਨੂੰ ਸਾਹਮਣੇ ਰੱਖਦੇ ਹੋਏ ਮੈਂ ਪੰਜਾਬ ਦੇ ਸੱਤਿਆਗ੍ਰਹੀਆਂ ਦੀ ਸੂਚੀ ’ਚੋਂ ਕੁਝ ਨਾਂ ਕੱਟ ਦਿੱਤੇ। ਗਾਂਧੀ ਜੀ ਨੇ ਮੈਨੂੰ ਉਸ ਦੇ ਲਈ ਆਸ਼ੀਰਵਾਦ ਦਿੱਤਾ ਅਤੇ ਬਾਕੀ ਸੂਚੀ ਜਿਉਂ ਦੀ ਤਿਉਂ ਪ੍ਰਵਾਨ ਕਰ ਲਈ।

‘‘ਪਰ ਅੱਜ ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਕਾਂਗਰਸ ਦੀ ਸਰਕਾਰ ਸ਼ਰਾਬਨੋਸ਼ੀ ’ਤੇ ਕੋਈ ਬੰਦਿਸ਼ ਲਗਾਉਣ ਲਈ ਤਿਆਰ ਨਹੀਂ। ਹਾਲਾਂਕਿ ਸਾਡੇ ਸੰਵਿਧਾਨ ’ਚ ਸ਼ਰਾਬ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ। ਗਾਂਧੀ ਜੀ ਜੇਕਰ ਅੱਜ ਸਾਡੇ ਦਰਮਿਆਨ ਹੁੰਦੇ ਤਾਂ ਉਨ੍ਹਾਂ ਨੇ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਇਸ ਨੀਤੀ ਦੇ ਵਿਰੁੱਧ ਨਾ ਸਿਰਫ ਅੰਦੋਲਨ ਕਰਨਾ ਸੀ, ਸਗੋਂ ਇਸ ਦੇ ਵਿਰੁੱਧ ਉਨ੍ਹਾਂ ਨੇ ਮਰਨ ਵਰਤ ਰੱਖ ਕੇ ਕਾਂਗਰਸੀ ਸਰਕਾਰਾਂ ਨੂੰ ਮਜਬੂਰ ਕਰਨਾ ਸੀ ਕਿ ਉਹ ਸ਼ਰਾਬਨੋਸ਼ੀ ਨੂੰ ਹਰ ਹਾਲਤ ’ਚ ਬੰਦ ਕਰਨ।

‘‘ਇਕ ਜ਼ਮਾਨਾ ਸੀ ਕਿ ਚੀਨ ਦੇ ਲੋਕ ਅਫੀਮਚੀ ਕਹੇ ਜਾਂਦੇ ਸਨ ਪਰ ਅੱਜ ਮਾਓ–ਤਸੇ-ਤੁੰਗ ਦੇ ਰਾਜ ’ਚ ਚੀਨ ’ਚ ਸ਼ਰਾਬਨੋਸ਼ੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਰਕਾਰ ਵੱਲੋਂ ਬਿਲਕੁਲ ਵਰਜਿਤ ਹੈ।

‘‘ਹਾਲ ਹੀ ’ਚ ਚੀਨ ਦੇ ਦੌਰੇ ਤੋਂ ਪਰਤੇ ਸਾਨ ਫ੍ਰਾਂਸਿਸਕੋ ਦੇ ਇਕ ਦਿਲ ਦੇ ਰੋਗਾਂ ਦੇ ਮਾਹਿਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਉੱਥੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਪੀਂਦੇ, ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ, ਵੇਸ਼ਵਾਪੁਣਾ ਕਰਦੇ ਜਾਂ ਭੀਖ ਮੰਗਦੇ ਨਹੀਂ ਦੇਖਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ’ਚ ਚੀਨ ’ਚ ਛੂਤ ਦੀਆਂ ਬਿਮਾਰੀਆਂ ਦਾ ਕੋਈ ਕੇਸ ਦੇਖਣ ’ਚ ਨਹੀਂ ਆਇਆ ਹੈ।

‘‘ਅੱਜ ਚੀਨ ਦੀ ਗਿਣਤੀ ਸੰਸਾਰ ਦੇ 3 ਵੱਡੇ ਦੇਸ਼ਾਂ ’ਚ ਸਿਰਫ ਇਸ ਲਈ ਹੋ ਰਹੀ ਹੈ ਕਿ ਉੱਥੋਂ ਦੀ ਸਰਕਾਰ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿਰੁੱਧ ਹੈ ਅਤੇ ਉੱਥੋਂ ਦੇ ਲੋਕ ਆਪਣੀ ਸਰਕਾਰ ਦੇ ਹੁਕਮਾਂ ’ਤੇ ਚੱਲ ਕੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

‘‘ਅੱਜ ਜੋ ਭਾਰਤ ਵਰਸ਼ ’ਚ ਲਾਅ ਐਂਡ ਆਰਡਰ ਦੀ ਹਾਲਤ ਪਤਲੀ ਹੁੰਦੀ ਚਲੀ ਜਾ ਰਹੀ ਹੈ, ਉਸ ਦਾ ਮੁੱਖ ਕਾਰਨ ਸ਼ਰਾਬਨੋਸ਼ੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਹੈ। ਮਹਾਤਮਾ ਗਾਂਧੀ ਨੇ ਤਾਂ ਸਾਡੇ ਲਈ ਬਹੁਤ ਸਾਰੇ ਉੱਚ ਸਿਧਾਂਤ ਪਾਲਨ ਕਰਨ ਦੇ ਲਈ ਰੱਖੇ ਸਨ ਪਰ ਅਸੀਂ ਬਦਕਿਸਮਤੀ ਨਾਲ ਉਸ ਮਾਰਗ ਤੋਂ ਭਟਕ ਗਏ ਹਾਂ।

‘‘ਅੱਜ ਦੇ ਦਿਨ ਜਦੋਂ ਅਸੀਂ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਅਤੇ ਸਾਡੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੂੰ ਇਹ ਸੋਚਣਾ ਹੋਵੇਗਾ ਕਿ ਜਿਸ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਇਸ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਅਤੇ ਜੋ ਸਿਧਾਂਤ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਅਪਣਾਉਣ ਦੇ ਲਈ ਿਕਹਾ ਸੀ, ਅਸੀਂ ਉਨ੍ਹਾਂ ਨੂੰ ਅਪਣਾ ਰਹੇ ਹਾਂ ਜਾਂ ਨਹੀਂ?

‘‘ਜੇਕਰ ਨਹੀਂ ਅਪਣਾ ਰਹੇ ਹਾਂ ਤਾਂ ਸਾਨੂੰ ਅੱਜ ਦੇ ਦਿਨ ਉਨ੍ਹਾਂ ਨੂੰ ਅਪਣਾਉਣ ਦੀ ਸਹੁੰ ਚੁੱਕਣੀ ਚਾਹੀਦੀ ਹੈ ਤਾਂ ਕਿ ਅਸੀਂ ਰਾਸ਼ਟਰਪਿਤਾ ਦੇ ਦੱਸੇ ਹੋਏ ਮਾਰਗ ਤੋਂ ਭਟਕ ਨਾ ਜਾਈਏ ਅਤੇ ਇਹ ਦੇਸ਼ ਫਿਰ ਕਿਸੇ ਦੂਸਰੇ ਦੇਸ਼ ਦਾ ਗੁਲਾਮ ਨਾ ਬਣ ਜਾਵੇ। - ਜਗਤ ਨਾਰਾਇਣ’’

ਪਾਠਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਉਕਤ ਲੇਖ ’ਚ ਪੂਜਨੀਕ ਪਿਤਾ ਜੀ ਦੀਆਂ ਲਿਖੀਆਂ ਗੱਲਾਂ ਅੱਜ ਵੀ ਓਨੀਆਂ ਹੀ ਪ੍ਰਾਸੰਗਿਕ ਹਨ, ਜਿੰਨੀਆਂ ਉਸ ਸਮੇਂ ਸਨ। ਗਾਂਧੀ ਜੀ ਦੀਆਂ ਨਾਮਲੇਵਾ ਸਰਕਾਰਾਂ ਉਨ੍ਹਾਂ ਦੀਆਂ ਪੈੜਾਂ ’ਤੇ ਚੱਲਣ ਦਾ ਦਮ ਤਾਂ ਭਰਦੀਆਂ ਹਨ ਪਰ ਉਨ੍ਹਾਂ ਦੇ ਆਦਰਸ਼ਾਂ ’ਤੇ ਚਲਦੀਆਂ ਨਹੀਂ। ਜੇਕਰ ਉਹ ਗਾਂਧੀ ਜੀ ਦੇ ਆਦਰਸ਼ਾਂ ’ਤੇ ਚਲਦੀਆਂ ਤਾਂ ਅੱਜ ਦੇਸ਼ ’ਚ ਸੰਪੂਰਨ ਨਸ਼ਾਬੰਦੀ ਲਾਗੂ ਹੋ ਚੁਕੀ ਹੁੰਦੀ ਅਤੇ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੇ ਕਾਰਨ ਅਣਗਿਣਤ ਪਰਿਵਾਰ ਉਜੜਣ ਤੋਂ ਬਚ ਜਾਂਦੇ।

- ਵਿਜੇ ਕੁਮਾਰ


Bharat Thapa

Content Editor

Related News