ਅਮਰੀਕਾ ਵਲੋਂ ਸਹਾਇਤਾ ਬੰਦ ਕਰਨ ਤੋਂ ਬਾਅਦ ਪਾਕਿ ਕੀ ਕਰੇਗਾ

01/08/2018 7:26:03 AM

'ਮਿੱਤਰਾਂ ਅਤੇ ਸਹਿਯੋਗੀਆਂ 'ਚ ਵਿਸ਼ਵਾਸ ਦਾ ਬੰਧਨ ਹੁੰਦਾ ਹੈ'—1 ਜਨਵਰੀ ਨੂੰ ਟਰੰਪ ਦੇ ਉਸ ਪਹਿਲੇ ਟਵੀਟ 'ਤੇ ਇਕ ਪਾਕਿਸਤਾਨੀ ਰਾਜਨੇਤਾ ਦੀਆਂ ਚੌਕਸ ਟਿੱਪਣੀਆਂ 'ਚੋਂ ਇਕ ਇਹ ਵੀ ਸੀ। ਟਰੰਪ ਨੇ ਕਿਹਾ ਸੀ, ''ਅਮਰੀਕਾ ਨੇ ਮੂਰਖਤਾ ਭਰੇ ਢੰਗ ਨਾਲ ਪਿਛਲੇ 15 ਸਾਲਾਂ 'ਚ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਵੱਧ ਦੀ ਮਦਦ ਦਿੱਤੀ ਅਤੇ ਉਸ ਨੇ ਬਦਲੇ 'ਚ ਝੂਠ ਤੇ ਧੋਖੇ ਤੋਂ ਸਿਵਾਏ ਕੁਝ ਨਹੀਂ ਦਿੱਤਾ। ਉਹ ਸੋਚਦਾ ਹੈ ਕਿ ਅਮਰੀਕੀ ਨੇਤਾ ਮੂਰਖ ਹਨ। ਅਸੀਂ ਅਫਗਾਨਿਸਤਾਨ 'ਚ ਜਿਹੜੇ ਅੱਤਵਾਦੀਆਂ ਨੂੰ ਭਾਲ ਰਹੇ ਹਾਂ, ਉਸ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਹੁਣ ਹੋਰ ਨਹੀਂ।''
ਪਾਕਿਸਤਾਨੀ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਅਮਰੀਕਾ ਨੂੰ 'ਫ੍ਰੈਂਡ ਕਿੱਲਰ' (ਮਿੱਤਰਤਾ ਦਾ ਹਤਿਆਰਾ) ਦੱਸਦੇ ਹੋਏ ਕਿਹਾ ਕਿ ਸਹਿਯੋਗੀਆਂ ਨੂੰ ਇਸ ਤਰ੍ਹਾਂ ਵਤੀਰਾ ਨਹੀਂ ਕਰਨਾ ਚਾਹੀਦਾ ਪਰ ਅਮਰੀਕਾ ਨੇ ਅੱਗੇ ਵਧਦੇ ਹੋਏ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.9 ਅਰਬ ਡਾਲਰ ਦੀ ਵਿੱਤੀ ਸਹਾਇਤਾ ਨੂੰ ਮੁਲਤਵੀ ਕਰ ਦਿੱਤਾ। ਹਾਲਾਂਕਿ ਸੰਨ 2002 ਤੋਂ ਜਾਰੀ 33 ਅਰਬ ਡਾਲਰ ਦੀ ਨਾਗਰਿਕ ਸਹਾਇਤਾ 'ਚੋਂ 11 ਅਰਬ ਡਾਲਰ ਦੀ ਸਹਾਇਤਾ ਜਾਰੀ ਰਹੇਗੀ।
ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵਿੱਤੀ ਸਹਾਇਤਾ ਮੁਲਤਵੀ ਕਰਨ ਨਾਲ ਪੈਣ ਵਾਲਾ ਪ੍ਰਭਾਵ 900 ਮਿਲੀਅਨ ਡਾਲਰ ਤੋਂ ਵੱਧ ਹੋ ਸਕਦਾ ਹੈ। ਇਸ ਵਿਚ ਪਾਕਿਸਤਾਨ ਨੂੰ 'ਫਾਰੇਨ ਮਿਲਟਰੀ ਫਾਈਨਾਂਸਿੰਗ (ਐੱਫ. ਐੱਮ. ਐੱਫ.) ਫੰਡ' ਦੇ ਤਹਿਤ 'ਫੌਜੀ ਉਪਕਰਨਾਂ ਅਤੇ ਟ੍ਰੇਨਿੰਗ' ਲਈ ਦਿੱਤੀ ਜਾਣ ਵਾਲੀ 225 ਮਿਲੀਅਨ ਡਾਲਰ ਅਤੇ 'ਕੋਲੀਸ਼ਨ ਸੁਪੋਰਟ ਫੰਡ' (ਸੀ. ਐੱਸ. ਐੱਫ.) ਦੇ ਤਹਿਤ ਪਾਕਿਸਤਾਨ ਨੂੰ ਅੱਤਵਾਦੀ ਸਮੂਹਾਂ ਦੇ ਵਿਰੁੱਧ ਮੁਹਿੰਮ ਚਲਾਉਣ ਲਈ ਦਿੱਤੀ ਜਾਣ ਵਾਲੀ 700 ਮਿਲੀਅਨ ਡਾਲਰ ਦੀ ਸਹਾਇਤਾ ਵੀ ਸ਼ਾਮਿਲ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਪ੍ਰਭਾਵ ਵਿੱਤੀ ਤੋਂ ਕਿਤੇ ਵੱਧ ਹੋਵੇਗਾ।
ਇਕ ਡਿਫੈਂਸ ਐਨਾਲਿਸਟ ਹਾਸਨ ਅਸਕਰੀ ਕਹਿੰਦੇ ਹਨ, ''ਘੱਟੋ-ਘੱਟ ਉਹ ਹੱਕਾਨੀ ਨੈੱਟਵਰਕ ਵਰਗੇ ਅੱਤਵਾਦੀ ਸਮੂਹਾਂ ਨੂੰ ਕੁਝ ਸਮੇਂ ਲਈ ਆਪਣੀਆਂ ਸਰਗਰਮੀਆਂ ਨੂੰ ਰੋਕਣ ਜਾਂ ਗੁਪਤ ਰੱਖਣ ਲਈ ਕਹਿ ਸਕਦੇ ਹਨ।''
ਹਾਲਾਂਕਿ ਅਫਗਾਨਿਸਤਾਨ 'ਚ ਜ਼ਿਆਦਾ ਫੌਜ ਭੇਜਣ ਦਾ ਫੈਸਲਾ ਲੈਣ ਤੋਂ ਬਾਅਦ 25 ਅਗਸਤ ਤੋਂ ਹੀ ਟਰੰਪ ਪਾਕਿਸਤਾਨ ਨੂੰ ਅੱਤਵਾਦੀ ਸਮੂਹਾਂ 'ਤੇ ਨਕੇਲ ਕੱਸਣ ਲਈ ਚਿਤਾਵਨੀ ਦਿੰਦੇ ਰਹੇ ਸਨ। 
ਤਿੰਨ ਤਰੀਕੇ ਹਨ, ਜਿਨ੍ਹਾਂ ਨਾਲ ਪਾਕਿਸਤਾਨ ਜਵਾਬ ਦੇ ਸਕਦਾ ਹੈ। 
ਬੀਤੇ 'ਚ ਜਦੋਂ ਪਾਕਿਸਤਾਨ ਨੂੰ ਭਰੋਸੇ 'ਚ ਲਏ ਬਿਨਾਂ ਅਮਰੀਕਾ ਨੇ ਓਸਾਮਾ-ਬਿਨ-ਲਾਦੇਨ ਨੂੰ ਮਾਰਿਆ ਸੀ ਤਾਂ ਉਸ ਨੇ ਖ਼ੈਬਰ ਦੱਰੇ ਵਰਗੇ ਅਫਗਾਨਿਸਤਾਨ ਨੂੰ ਜਾਣ ਵਾਲੇ ਨਾਟੋ ਸਪਲਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ। ਇਸ ਵਾਰ ਪਾਕਿਸਤਾਨ ਇਸ ਮਾਰਗ 'ਤੇ ਪ੍ਰੇਸ਼ਾਨੀ ਪੈਦਾ ਕਰ ਸਕਦਾ ਹੈ ਕਿਉਂਕਿ ਇਸ ਵਾਰ ਅਮਰੀਕਾ ਵਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ, ਇਸ ਲਈ ਪਾਕਿਸਤਾਨ ਵਲੋਂ ਉਠਾਏ ਗਏ ਸਖਤ ਕਦਮ ਨਾਲ ਸਥਿਤੀ ਹੋਰ ਗੁੰਝਲਦਾਰ ਹੋ ਸਕਦੀ ਹੈ।
ਦੂਸਰਾ, ਪਾਕਿਸਤਾਨ ਤਾਲਿਬਾਨ ਨੇਤਾਵਾਂ ਨੂੰ ਸਹਿਯੋਗ ਵਧਾ ਸਕਦਾ ਹੈ। ਬੀਤੇ 'ਚ ਸ਼ਾਂਤੀ ਦੀਆਂ ਸੰਭਾਵਨਾਵਾਂ ਭਾਲਣ ਲਈ ਅਮਰੀਕਾ ਨਾਲ ਮਿਲਣ ਵਾਲੇ ਅਫਗਾਨੀਆਂ ਨੂੰ ਪਾਕਿਸਤਾਨ ਨੇ ਗ੍ਰਿਫਤਾਰ ਕੀਤਾ ਹੈ ਜਾਂ ਉਹ ਮਾਰ ਦਿੱਤੇ ਗਏ। ਅਜਿਹੀ ਹਾਲਤ 'ਚ ਪਾਕਿਸਤਾਨ ਗੁਪਤ ਢੰਗ ਨਾਲ ਅੱਤਵਾਦੀਆਂ ਨੂੰ ਹੋਰ ਉਤਸ਼ਾਹਿਤ ਕਰ ਸਕਦਾ ਹੈ। 
ਤੀਸਰਾ, ਜਿਵੇਂ ਕਿ ਵੀਰਵਾਰ ਨੂੰ ਸਿਆਸੀ ਅਤੇ ਫੌਜੀ ਲੀਡਰਾਂ ਦੀ ਮੀਟਿੰਗ 'ਚ ਫੈਸਲਾ ਲੈਣ ਤੋਂ ਬਾਅਦ ਦੇਖਿਆ ਗਿਆ ਹੈ ਕਿ ਵਿਦੇਸ਼ ਮੰਤਰੀ ਮਿੱਤਰ ਰਾਸ਼ਟਰਾਂ ਦੀ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਚੀਨ ਤੋਂ ਹੋ ਰਹੀ ਹੈ। ਟਰੰਪ ਦੀ ਚਿਤਾਵਨੀ ਤੋਂ ਬਾਅਦ ਉਂਝ ਵੀ ਪਾਕਿਸਤਾਨ ਲਈ ਚੀਨ ਦੀ ਭੂਮਿਕਾ ਸਿਆਸੀ ਅਤੇ ਵਿੱਤੀ ਪੱਧਰ 'ਤੇ ਬਹੁਤ ਮਹੱਤਵਪੂਰਨ ਹੋ ਗਈ ਹੈ। ਚੀਨ ਵੀ ਇਕੋਨਾਮਿਕ ਕਾਰੀਡੋਰ (ਸੀ. ਪੀ. ਈ. ਸੀ.) ਵਿਚ ਝੋਕੇ ਗਏ ਆਪਣੇ ਨਿਵੇਸ਼ ਦੀ ਸੁਰੱਖਿਆ ਨੂੰ ਯਕੀਨੀ ਕਰਨਾ ਚਾਹੇਗਾ। 
ਹਾਲਾਂਕਿ ਟਰੰਪ ਨੇ ਭਾਰਤ ਦੇ ਪੱਖ ਅਤੇ ਅਫਗਾਨਿਸਤਾਨ 'ਚ ਇਸ ਦੀ ਸਹਾਇਤਾ ਲੈਣ ਦੀ ਗੱਲ ਕੀਤੀ ਹੈ, ਸਾਨੂੰ ਹੇਠ ਲਿਖੀਆਂ ਗੱਲਾਂ ਧਿਆਨ 'ਚ ਰੱਖਣੀਆਂ ਹੋਣਗੀਆਂ:
1. ਕੀ ਟਰੰਪ ਦੇ ਸ਼ਬਦ ਮਜ਼ਬੂਤ ਅਤੇ ਪ੍ਰਭਾਵੀ ਕਾਰਵਾਈ ਦਾ ਰੂਪ ਲੈਣਗੇ ਕਿਉਂਕਿ ਭਾਰਤ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸਖਤ ਸ਼ਬਦ ਸੁਣ ਚੁੱਕਾ ਹੈ। 2009 'ਚ ਓਬਾਮਾ ਤੋਂ ਅਤੇ 2011 'ਚ ਹਿਲੇਰੀ ਕਲਿੰਟਨ ਤੋਂ। 
2. ਟਰੰਪ ਅਤੇ ਟਿੱਲਰਸਨ ਦੋਵੇਂ ਹੀ ਨਹੀਂ ਚਾਹੁੰਦੇ  ਕਿ ਪ੍ਰਮਾਣੂ ਸ਼ਕਤੀ ਸੰਪੰਨ ਪਾਕਿਸਤਾਨ ਉਨ੍ਹਾਂ ਦੇ ਕੰਟਰੋਲ 'ਚੋਂ ਨਿਕਲ ਜਾਵੇ, ਉਹ ਸਿਰਫ ਉਸ ਨੂੰ ਜਗਾਉਣਾ ਚਾਹੁੰਦੇ ਹਨ।
3. 40 ਸਾਲਾਂ ਤੋਂ ਦਿੱਤੀ ਜਾ ਰਹੀ ਅਮਰੀਕੀ ਮਦਦ, ਭਾਵੇਂ ਉਹ ਫੌਜੀ ਜਾਂ ਵਿੱਤੀ ਹੋਵੇ, ਦੀ ਵਰਤੋਂ ਨਵੇਂ-ਨਕੋਰ ਹਥਿਆਰ ਖਰੀਦਣ 'ਚ ਹੀ ਹੋਈ ਹੈ। ਅਜਿਹੀ ਹਾਲਤ 'ਚ ਜੇਕਰ ਅਮਰੀਕਾ ਕੁਝ ਸਮੇਂ ਲਈ ਇਸ ਨੂੰ ਰੋਕਦਾ ਹੈ ਤਾਂ ਇਸ ਨਾਲ ਪਾਕਿਸਤਾਨੀ ਫੌਜ 'ਤੇ ਖਾਸ ਪ੍ਰਭਾਵ ਨਹੀਂ ਪਵੇਗਾ। ਉਂਝ ਵੀ ਅੱਤਵਾਦੀ ਹਮਲਿਆਂ 'ਚ ਆਪਣੇ 20,000 ਨਾਗਰਿਕਾਂ ਨੂੰ ਗੁਆਉਣ ਦੇ ਬਾਵਜੂਦ ਅੱਤਵਾਦੀਆਂ ਦੀ ਟ੍ਰੇਨਿੰਗ ਦੀ ਨੀਤੀ ਨੂੰ ਚਾਲੂ ਰੱਖਣ ਵਾਲੀ ਪਾਕਿਸਤਾਨੀ ਫੌਜ ਇੰਨੀ ਆਸਾਨੀ ਨਾਲ ਇਹ ਸਭ ਬੰਦ ਕਰਨ ਵਾਲੀ ਨਹੀਂ ਹੈ।  
ਯੇਰੂਸ਼ਲਮ ਦੇ ਮੁੱਦੇ 'ਤੇ ਅਮਰੀਕਾ ਨਾਲ ਨਾਰਾਜ਼ ਮੱਧ-ਪੂਰਬ ਪਾਕਿਸਤਾਨ ਦੀ ਮਦਦ ਲਈ ਅੱਗੇ ਆ ਸਕਦਾ ਹੈ। ਅਜਿਹੀ ਹਾਲਤ 'ਚ ਪਾਕਿਸਤਾਨੀ ਫੌਜ ਵਿੱਤ ਪੋਸ਼ਿਤ ਤੇ ਸਰਗਰਮ ਰਹਿੰਦਿਆਂ ਭਾਰਤ ਵਿਰੁੱਧ ਨਫਰਤ ਦੀ ਜੰਗ ਜਾਰੀ ਰੱਖੇਗੀ।


Vijay Kumar Chopra

Chief Editor

Related News