ਜੋ ਕੁਝ ਰਾਜਸਥਾਨ ’ਚ ਹੋ ਰਿਹਾ ਹੈ, ਇਸ ਨਾਲ ਲੋਕਤੰਤਰ ਨੂੰ ਵਧ ਰਿਹਾ ਹੈ ਖਤਰਾ

07/15/2020 3:46:06 AM

ਕਾਂਗਰਸੀ ਨੇਤਾਵਾਂ ਵਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ 13 ਜੁਲਾਈ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਹਾਇਸ਼ ’ਤੇ ਹੋਈ ਵਿਧਾਇਕ ਦਲ ਦੀ ਬੈਠਕ ’ਚ ਸਚਿਨ ਪਾਇਲਟ ਨਹੀਂ ਪਹੁੰਚੇ। ਉਥੇ ਗਹਿਲੋਤ ਦੇ ਨਾਲ ਲੱਗਭਗ 97 ਵਿਧਾਇਕ ਸਨ। ਗਹਿਲੋਤ ਨੇ ਬੈਠਕ ਤੋਂ ਬਾਅਦ ਜੇਤੂ ਅੰਦਾਜ਼ ਦਿਖਾਇਆ, ਜਿਸ ਨੂੰ ਉਨ੍ਹਾਂ ਦੇ ਸ਼ਕਤੀ ਪ੍ਰਦਰਸ਼ਨ ਦੇ ਤੌਰ ’ਤੇ ਦੇਖਿਆ ਗਿਆ ਅਤੇ ਕਾਂਗਰਸ ਨੇ ਦਾਅਵਾ ਕੀਤਾ ਕਿ ਗਹਿਲੋਤ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਉਸੇ ਦਿਨ ਬੈਠਕ ਤੋਂ ਬਾਅਦ ਗਹਿਲੋਤ ਨੇ ਆਪਣੇ ਸਮਰਥਕ ਵਿਧਾਇਕਾਂ ਨੂੰ ਆਪਣੀ ਰਿਹਾਇਸ਼ ਤੋਂ ਸਿੱਧੇ ਇਕ ਰਿਜ਼ਾਰਟ ’ਚ ਸ਼ਿਫਟ ਕਰਵਾ ਦਿੱਤਾ।

ਉਧਰ ਪਾਇਲਟ ਧੜੇ ਵਲੋਂ 13 ਜੁਲਾਈ ਨੂੰ ਦੇਰ ਰਾਤ ਜਾਰੀ ਇਕ ਵੀਡੀਓ ’ਚ 15-16 ਵਿਧਾਇਕ ਬੈਠੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪਾਇਲਟ ਸਮਰਥਕ ਦੱਸਿਆ ਗਿਆ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਤਸਵੀਰਾਂ ਕਿੱਥੋਂ ਦੀਅਾਂ ਹਨ। ਵੀਡੀਓ ’ਚ ਸਚਿਨ ਪਾਇਲਟ ਵੀ ਨਜ਼ਰ ਨਹੀਂ ਆ ਰਹੇ ਸਨ।

ਸਚਿਨ ਪਾਇਲਟ ਨੇ ਲੱਗਭਗ 30 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਵਲੋਂ ਇਸ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਗਿਆ ਪਰ ਉਹ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਗਹਿਲੋਤ ਸਰਕਾਰ ਬਹੁਮਤ ਗੁਆ ਚੁੱਕੀ ਹੈ।

14 ਜੁਲਾਈ ਨੂੰ ਇਕ ਵਾਰ ਫਿਰ ਕਾਂਗਰਸ ਵਿਧਾਇਕ ਦਲ ਦੀ ਬੈਠਕ ’ਚ ਨਾ ਆਉਣ ਵਾਲੇ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਾਥੀਅਾਂ ਦੇ ਵਿਰੁੱਧ ਸਖਤ ਰੁਖ਼ ਅਪਣਾਇਆ ਗਿਆ ਅਤੇ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਦੇ ਅਨੁਸਾਰ ਸਚਿਨ ਪਾਇਲਟ ਨੂੰ ਸੂਬੇ ਦੇ ਉੱਪ-ਮੁੱਖ ਮੰਤਰੀ ਦੇ ਅਹੁਦੇ ਅਤੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਇਹੀ ਨਹੀਂ, ਸਚਿਨ ਪਾਇਲਟ ਦੇ ਨਾਲ ਜਾਣ ਵਾਲੇ ਦੋ ਮੰਤਰੀਅਾਂ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਤੋਂ ਇਲਾਵਾ ਰਾਜਸਥਾਨ ਯੂਥ ਕਾਂਗਰਸ ਦੇ ਪ੍ਰਧਾਨ ਮੁਕੇਸ਼ ਭਾਕਰ, ਰਾਜਸਥਾਨ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਰਾਕੇਸ਼ ਪਾਰੀਕ ਅਤੇ ਦੋ ਹੋਰ ਵਿਧਾਇਕਾਂ ਨੂੰ ਵੀ ਉਨ੍ਹਾਂ ਦੇ ਅਹੁਦਿਅਾਂ ਤੋਂ ਹਟਾ ਦਿੱਤਾ ਗਿਆ ਹੈ।

ਮੁਕੇਸ਼ ਭਾਕਰ ਨੇ 13 ਜੁਲਾਈ ਨੂੰ ਗਹਿਲੋਤ ’ਤੇ ਨਿਸ਼ਾਨਾ ਲਾਉਂਦੇ ਹੋਏ ਟਵੀਟ ਕੀਤਾ ਸੀ ਕਿ, ‘‘ਸਾਨੂੰ ਗਹਿਲੋਤ ਦੀ ਗੁਲਾਮੀ ਮਨਜ਼ੂਰ ਨਹੀਂ। ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਅਸੂਲਾਂ ’ਤੇ ਸੇਕ ਲੱਗੇ ਤਾਂ ਟਕਰਾਉਣਾ ਜ਼ਰੂਰੀ ਹੈ। ਕਾਂਗਰਸ ’ਚ ਨਿਸ਼ਚਾ ਦਾ ਮਤਲਬ ਅਸ਼ੋਕ ਗਹਿਲੋਤ ਦੀ ਗੁਲਾਮੀ। ਉਹ ਸਾਨੂੰ ਮਨਜ਼ੂਰ ਨਹੀਂ।’’

ਸਿਆਸੀ ਹਲਕਿਅਾਂ ’ਚ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਾਂਗਰਸ ਨੇ ਸਿਰਫ ਸਚਿਨ ਸਮਰਥਕ ਤਿੰਨ ਮੰਤਰੀਅਾਂ ਅਤੇ ਦੋ ਵਿਧਾਇਕਾਂ ਨੂੰ ਹੀ ਹਟਾਇਆ ਹੈ, ਜਦਕਿ ਸਚਿਨ ਸਮਰਥਕ ਬਾਕੀ ਵਿਧਾਇਕਾਂ ’ਤੇ ਹੱਥ ਨਹੀਂ ਪਾਇਆ।

ਉਪ-ਮੁੱਖ ਮੰਤਰੀ ਦੇ ਅਹੁਦੇ ਅਤੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਚਿਨ ਪਾਇਲਟ ਨੇ ਟਵੀਟ ਕੀਤਾ, ‘‘ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਹਰਾਇਆ ਨਹੀਂ।’’

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵਿਟਰ ਪ੍ਰੋਫਾਈਲ ਤੋਂ ‘ਉਪ-ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ’ ਦਾ ਵਰਣਨ ਵੀ ਹਟਾ ਦਿੱਤਾ ਹੈ।

ਇਸੇ ਦਰਮਿਆਨ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਭਾਜਪਾ 6 ਮਹੀਨਿਅਾਂ ਤੋਂ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਦੀ ਆ ਰਹੀ ਸੀ ਅਤੇ ਸਚਿਨ ਪਾਇਲਟ ਇਸ ’ਚ ਸ਼ਾਮਲ ਸਨ। ਸਚਿਨ ਪਾਇਲਟ ਦੀ ਅਗਵਾਈ ’ਚ ਕਾਂਗਰਸ ਵਿਚ ਹੋਈ ਇਸ ਬਗਾਵਤ ’ਚ ਭਾਰਤੀ ਜਨਤਾ ਪਾਰਟੀ ਇਕ ਮੌਕਾ ਲੱਭ ਰਹੀ ਹੈ।

ਭਾਜਪਾ ਨੇਤਾ ਓਮ ਮਾਥੁਰ ਨੇ ਤਾਂ ਬਿਆਨ ਵੀ ਜਾਰੀ ਕਰ ਦਿੱਤਾ ਹੈ ਕਿ, ‘‘ਸਚਿਨ ਪਾਇਲਟ ਦੇ ਲਈ ਭਾਜਪਾ ਦੇ ਦਰਵਾਜ਼ੇ ਖੁੱਲ੍ਹੇ ਹਨ।’’ ਓਧਰ ਭਾਜਪਾ ਦੀ ਸਾਬਕਾ ਸਹਿਯੋਗੀ ਰਹੀ ਸ਼ਿਵ ਸੈਨਾ ਨੇ ਰਾਜਸਥਾਨ ਦੇ ਸਿਆਸੀ ਸੰਕਟ ਲਈ ਭਾਜਪਾ ਲੀਡਰਸ਼ਿਪ ਦੀ ਆਲੋਚਨਾ ਕੀਤੀ ਹੈ।

ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਵਿਚ ਲਿਖਿਆ ਹੈ ਕਿ, ‘‘ਰਾਜਗ ਦੀ ਭਾਈਵਾਲ ਪਾਰਟੀ ਕਾਂਗਰਸ ਸ਼ਾਸਿਤ ਸੂਬੇ ’ਚ ਆਪਣੇ ਵਿਰੋਧੀਅਾਂ ਨੂੰ ਅਸਥਿਰ ਕਰਨ ਦਾ ਕੰਮ ਕਰ ਰਹੀ ਹੈ ਅਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਨੂੰ ਉਤਸ਼ਾਹਿਤ ਕਰ ਰਹੀ ਹੈ। ਰੇਗਿਸਤਾਨ ’ਚ ਸਿਆਸੀ ਦੰਗੇ ਨਾਲ ਤੂਫਾਨ ਪੈਦਾ ਕਰ ਕੇ ਭਾਜਪਾ ਕੀ ਹਾਸਲ ਕਰਨਾ ਚਾਹੁੰਦੀ ਹੈ? ਅਜਿਹੇ ਕਦਮ ਦੇਸ਼ ਦੇ ਸੰਸਦੀ ਲੋਕਤੰਤਰ ਨੂੰ ਰੇਗਿਸਤਾਨ ’ਚ ਬਦਲ ਦੇਣਗੇ।’’

ਇਸ ਸਮੇਂ ਜਦਕਿ ਦੇਸ਼ ਇਕ ਪਾਸੇ ਚੀਨ ਅਤੇ ਹੋਰ ਗੁਆਂਢੀ ਦੇਸ਼ਾਂ ਤੋਂ ਚੁਣੌਤੀਅਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਦੂਜੇ ਪਾਸੇ ਦੇਸ਼ ’ਚ ਕੋਰੋਨਾ ਮਹਾਮਾਰੀ ਅਤੇ ਹੋਰ ਕੁਦਰਤੀ ਆਫਤਾਂ ਦਾ ਪ੍ਰਕੋਪ ਜਾਰੀ ਹੈ, ਅਜਿਹੀ ਹਾਲਤ ’ਚ ਆਪਣੇ ਸਾਰੇ ਮਤਭੇਦ ਭੁੱਲ ਇਕਜੁੱਟ ਹੋ ਕੇ ਦੇਸ਼ ਨੂੰ ਦਰਪੇਸ਼ ਇਨ੍ਹਾਂ ਸੰਕਟਾਂ ਦਾ ਸਾਹਮਣਾ ਕਰਨ ਦੀ ਲੋੜ ਹੈ, ਨਾ ਕਿ ਆਪਸ ’ਚ ਕਲੇਸ਼ ਅਤੇ ਇਕ-ਦੂਸਰੇ ਵਿਰੁੱਧ ਸਾਜ਼ਿਸ਼ ਰਚਣ ਦੀ। ਅਜਿਹਾ ਕਰਨਾ ਲੋਕਤੰਤਰ ਲਈ ਖਤਰਨਾਕ ਸਿੱਧ ਹੋਵੇਗਾ।

–ਵਿਜੇ ਕੁਮਾਰ\\\


Bharat Thapa

Content Editor

Related News