ਜਮਹੂਰੀ ਪ੍ਰਣਾਲੀ ਦੀ ਬਹਾਲੀ ਨੂੰ ਲੈ ਕੇ ਹਾਂਗਕਾਂਗ ’ਚ ਹਿੰਸਾ ਅਤੇ ਪ੍ਰਦਰਸ਼ਨ ਜਾਰੀ

Wednesday, Aug 14, 2019 - 06:57 AM (IST)

ਜਮਹੂਰੀ ਪ੍ਰਣਾਲੀ ਦੀ ਬਹਾਲੀ ਨੂੰ ਲੈ ਕੇ ਹਾਂਗਕਾਂਗ ’ਚ ਹਿੰਸਾ ਅਤੇ ਪ੍ਰਦਰਸ਼ਨ ਜਾਰੀ

ਜਮਹੂਰੀ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਚੀਨ ਸਰਕਾਰ ਵਿਰੁੱਧ ਵਿਸ਼ਵ ਦੇ ਮੋਹਰੀ ਸ਼ਹਿਰਾਂ ’ਚੋਂ ਇਕ ਹਾਂਗਕਾਂਗ ਦੇ ਮੂਲ ਨਿਵਾਸੀਆਂ ਦਾ ਅੰਦੋਲਨ ਰੁਕਣ ’ਚ ਨਹੀਂ ਆ ਰਿਹਾ। ਇਸ ਨੂੰ ਇੰਗਲੈਂਡ ਨੇ 1997 ’ਚ ਖ਼ੁਦਮੁਖਤਿਆਰੀ ਦੀ ਸ਼ਰਤ ਨਾਲ ਚੀਨ ਨੂੰ ਸੌਂਪਿਆ ਸੀ ਅਤੇ ਅਗਲੇ 50 ਸਾਲਾਂ ਤਕ ਹਾਂਗਕਾਂਗ ਨੂੰ ਆਪਣੀ ਆਜ਼ਾਦੀ, ਸਮਾਜਿਕ, ਕਾਨੂੰਨੀ ਅਤੇ ਸਿਆਸੀ ਵਿਵਸਥਾ ਬਣਾਈ ਰੱਖਣ ਦੀ ਗਾਰੰਟੀ ਦਿੱਤੀ ਸੀ।

ਇਸੇ ਲਈ ਉਥੋਂ ਦੇ ਮੂਲ ਲੋਕ ਖ਼ੁਦ ਨੂੰ ਚੀਨ ਦਾ ਹਿੱਸਾ ਨਹੀਂ ਮੰਨਦੇ ਅਤੇ ਕੁਝ ਸਮਾਂ ਪਹਿਲਾਂ ਚੀਨ ਵਲੋਂ ਲਿਆਂਦੇ ਗਏ ਨਵੇਂ ਹਵਾਲਗੀ ਬਿੱਲ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਹਵਾਲਗੀ ਬਿੱਲ ’ਚ ਸੋਧਾਂ ਹਾਂਗਕਾਂਗ ਦੀ ਖ਼ੁਦਮੁਖਤਿਆਰੀ ਨੂੰ ਪ੍ਰਭਾਵਿਤ ਕਰਨਗੀਆਂ।’’

ਪ੍ਰਦਰਸ਼ਨਕਾਰੀ ਹਵਾਲਗੀ ਬਿੱਲ ਵਾਪਿਸ ਲੈਣ ਅਤੇ ਜਮਹੂਰੀ ਬਹਾਲੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਸੋਧ ਹਾਂਗਕਾਂਗ ਦੇ ਲੋਕਾਂ ਨੂੰ ਵੀ ਚੀਨ ਦੀ ਦਲਦਲੀ ਨਿਆਇਕ ਵਿਵਸਥਾ ’ਚ ਧੱਕ ਦੇਵੇਗੀ।

ਇਸੇ ਕਾਰਣ ਇਨ੍ਹਾਂ ਸੋਧਾਂ ਵਿਰੋਧ ’ਚ ਹਾਂਗਕਾਂਗ ਦੇ ਲੋਕ ਚੀਨ ਸਰਕਾਰ ਵਿਰੁੱਧ ਭਾਰੀ ਪ੍ਰਦਰਸ਼ਨ ਅਤੇ ਭੰਨ-ਤੋੜ ਕਰ ਰਹੇ ਹਨ, ਜਿਸ ਦੇ ਜਵਾਬ ’ਚ ਪੁਲਸ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰਨ ਤੋਂ ਇਲਾਵਾ ਰਬੜ ਦੇ ਬੁਲੇਟ ਵੀ ਚਲਾ ਰਹੀ ਹੈ।

ਇਨ੍ਹਾਂ ਪ੍ਰਦਰਸ਼ਨਾਂ ਨੂੰ ਚੀਨ ਸਰਕਾਰ ਨੇ ਦੰਗਾ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਹਿਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਅੱਤਵਾਦ ਦਾ ਰੂਪ ਧਾਰਨ ਕਰਨ ਲੱਗੇ ਹਨ। ਇਸ ਨੂੰ ਦਬਾਉਣ ਲਈ ਸਖਤ ਅੱਤਵਾਦ ਰੋਕੂ ਕਾਨੂੰਨ ਅਤੇ ਸ਼ਕਤੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਦਾ ਨਤੀਜਾ ਤਿਨਾਨਮਿਨ ਚੌਕ ਵਰਗੇ ਕਤਲੇਆਮ ਦੇ ਰੂਪ ’ਚ ਵੀ ਨਿਕਲ ਸਕਦਾ ਹੈ।

12 ਅਤੇ 13 ਅਗਸਤ ਨੂੰ ਹਾਂਗਕਾਂਗ ਦੀ ਪੁਲਸ ਦੀ ਹਿੰਸਕ ਕਾਰਵਾਈ ਦੇ ਵਿਰੋਧ ’ਚ ਕਾਲੇ ਕੱਪੜੇ ਪਹਿਨੀ 5000 ਤੋਂ ਵੱਧ ਪ੍ਰਦਰਸ਼ਨਕਾਰੀ ਹਾਂਗਕਾਂਗ ਦੇ ਹਵਾਈ ਅੱਡੇ ਤਕ ਪਹੁੰਚ ਗਏ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ’ਤੇ ਪੈਟਰੋਲ ਬੰਬ ਸੁੱਟੇ, ਜਿਸ ’ਤੇ ਅਧਿਕਾਰੀਆਂ ਨੇ ਬਲ ਦੀ ਵਰਤੋਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਖਦੇੜ ਦਿੱਤਾ।

ਪ੍ਰਦਰਸ਼ਨਾਂ ਦੇ ਕਾਰਣ ਹਵਾਈ ਅੱਡੇ ਤੋਂ ਅਨੇਕ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਹਜ਼ਾਰਾਂ ਯਾਤਰੀ ਹਵਾਈ ਅੱਡੇ ’ਤੇ ਫਸ ਗਏ। ਇਨ੍ਹਾਂ ਪ੍ਰਦਰਸ਼ਨਾਂ ਨੂੰ ਹਾਂਗਕਾਂਗ ਦਾ ਹਾਲੀਆ ਸਾਲਾਂ ਦਾ ਸਭ ਤੋਂ ਵੱਡਾ ਸੰਕਟ ਮੰਨਿਆ ਜਾ ਰਿਹਾ ਹੈ।

ਜਿੱਥੇ ਇਕ ਪਾਸੇ ਚੀਨ ਦੇ ਅਧਿਕਾਰ ਖੇਤਰ ’ਚ ਆਉਣ ਤੋਂ ਬਾਅਦ ਹਾਂਗਕਾਂਗ ਆਪਣੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਿਹਾ ਹੈ, ਉਥੇ ਹੀ ਦੂਜੇ ਪਾਸੇ ‘ਸ਼ੀ ਜਿਨ ਪਿੰਗ’ ਦੇ ਸੱਤਾ ਵਿਚ ਆਉਣ ਤੋਂ ਬਾਅਦ ਚੀਨ ਸਰਕਾਰ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।

ਹਵਾਲਗੀ ਕਾਨੂੰਨ ਦੇ ਵਿਰੋਧ ’ਚ ਸ਼ੁਰੂ ਹੋਇਆ ਅੰਦੋਲਨ ਹੁਣ ਹਾਂਗਕਾਂਗ ਤੋਂ ਚੀਨ ਸਮਰਥਕ ਸ਼ਾਸਨ ਵਿਵਸਥਾ ਹਟਾ ਕੇ ਜਮਹੂਰੀ ਪ੍ਰਣਾਲੀ ਅਪਣਾਉਣ ਦੀ ਮੰਗ ’ਚ ਬਦਲ ਗਿਆ ਹੈ ਅਤੇ ਲੱਗਦਾ ਹੈ ਕਿ ਹੁਣ ਹਾਂਗਕਾਂਗ ਦੇ ਮੂਲ ਨਿਵਾਸੀ ਆਪਣੇ ਲਈ ਖੁਦਮੁਖਤਿਆਰੀ ਹਾਸਿਲ ਕਰ ਕੇ ਹੀ ਮੰਨਣਗੇ, ਜੋ ਚੀਨ ਲਈ ਸਬਕ ਹੋਵੇਗਾ ਕਿ ਦਮਨ ਰਾਹੀਂ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਨਹੀਂ ਕੁਚਲਿਆ ਜਾ ਸਕਦਾ।

–ਵਿਜੇ ਕੁਮਾਰ
 


author

Bharat Thapa

Content Editor

Related News