‘ਪਾਕਿਸਤਾਨ ਅਤੇ ਅਫਗਾਨਿਸਤਾਨ ’ਚ’ ‘ਔਰਤਾਂ ’ਤੇ ਜ਼ੁਲਮ ਵਧੇ’

08/01/2021 3:21:36 AM

ਔਰਤਾਂ ’ਤੇ ਜ਼ੁਲਮਾਂ, ਜਬਰ-ਜ਼ਨਾਹਾਂ, ਤੇਜ਼ਾਬ ਹਮਲਿਆਂ, ਅਗ਼ਵਾ ਅਤੇ ਘਰੇਲੂ ਹਿੰਸਾ ਦੇ ਮਾਮਲੇ ’ਚ ਮੁਸਲਿਮ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਸਭ ਤੋਂ ਵੱਧ ਖਤਰਨਾਕ ਦੇਸ਼ਾਂ ’ਚ ਗਿਣੇ ਜਾਣ ਲੱਗੇ ਹਨ ਅਤੇ ਪਾਕਿਸਤਾਨ ਨੂੰ ਤਾਂ ਔਰਤਾਂ ਦੇ ਮਾਮਲੇ ’ਚ ਤੀਸਰਾ ਸਭ ਤੋਂ ਖਤਰਨਾਕ ਦੇਸ਼ ਕਿਹਾ ਜਾ ਰਿਹਾ ਹੈ।

ਪਾਕਿਸਤਾਨ ’ਚ ਅਗਸਤ 2018 ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਤਾ ’ਚ ਆਉਣ ਦੇ ਬਾਅਦ ਉੱਥੇ ਔਰਤਾਂ ’ਤੇ ਜ਼ੁਲਮ 200 ਫੀਸਦੀ ਤੱਕ ਵਧ ਗਏ ਹਨ ਅਤੇ ਸਾਲ 2020 ’ਚ ਉਥੇ ਰੋਜ਼ਾਨਾ ਔਸਤਨ 11 ਜਬਰ-ਜ਼ਨਾਹ ਹੋਏ।

ਪਿਛਲੇ ਸਾਲ ਔਰਤਾਂ ’ਤੇ ਜ਼ੁਲਮਾਂ ਦੇ ਸਭ ਤੋਂ ਵੱਧ 57 ਫੀਸਦੀ ਮਾਮਲੇ ਪੰਜਾਬ ਸੂਬੇ ’ਚ ਦਰਜ ਕੀਤੇ ਗਏ ਜਦਕਿ 27 ਫੀਸਦੀ ਮਾਮਲਿਆਂ ਦੇ ਨਾਲ ਸਿੰਧ ਦੂਸਰੇ ਸਥਾਨ ’ਤੇ ਰਿਹਾ।

ਉੱਥੇ ਘੱਟ ਗਿਣਤੀ ਹਿੰਦੂ, ਸਿੱਖ, ਇਸਾਈ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਧਰਮ ਬਦਲਣ ਦੇ ਇਲਾਵਾ ਉਨ੍ਹਾਂ ਦੇ ਮੁਸਲਮਾਨ ਨੌਜਵਾਨਾਂ ਅਤੇ ਬੁੱਢਿਆਂ ਨਾਲ ਜ਼ਬਰਦਸਤੀ ਵਿਆਹ ਕਰਵਾਏ ਜਾ ਰਹੇ ਹਨ ਜਿਸ ਦੇ ਵਿਰੁੱਧ ਉੱਥੇ ਜਾਗਰੂਕ ਔਰਤਾਂ-ਮਰਦਾਂ ਨੇ ‘ਔਰਤ ਮਾਰਚ’ ਮੁਹਿੰਮ ਸ਼ੁਰੂ ਕੀਤੀ ਹੈ।

ਬੀਤੇ ਹਫਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਫੈਸ਼ਨੇਬਲ ਬਸਤੀ ਦੇ ਇਕ ਫਲੈਟ ’ਚ ਬੁਰੀ ਤਰ੍ਹਾਂ ਕੁੱਟ-ਮਾਰ ਦਾ ਸ਼ਿਕਾਰ ‘ਨੂਰ ਮੁਕਾਦਮ’ ਨਾਂ ਦੀ 27 ਸਾਲਾ ਮੁਟਿਆਰ ਵੱਲੋਂ ਜਾਨ ਬਚਾਉਣ ਲਈ ਘਰ ਦੀ ਖਿੜਕੀ ’ਚੋਂ ਬਾਹਰ ਛਾਲ ਮਾਰ ਦੇਣ ਦੇ ਬਾਵਜੂਦ ਉਸ ਦੇ ਬਚਪਨ ਦਾ ਦੋਸਤ ਜ਼ਫੀਰ ਉਸ ਨੂੰ ਘੜੀਸ ਕੇ ਅੰਦਰ ਲੈ ਗਿਆ ਅਤੇ ਦੁਬਾਰਾ ਕੁੱਟ-ਮਾਰ ਕਰਨ ਦੇ ਬਾਅਦ ਉਸ ਦੀ ਧੌਣ ਧੜ ਨਾਲੋਂ ਅਲੱਗ ਕਰ ਦਿੱਤੀ।

ਮਨੁੱਖੀ ਅਧਿਕਾਰ ਵਰਕਰ ਤਾਹਿਰਾ ਅਬਦੁੱਲਾ ਦੇ ਅਨੁਸਾਰ ਇਹ ਤਾਂ ਇਕ ਉਦਾਹਰਣ ਮਾਤਰ ਹੈ ਜਦਕਿ ਪਾਕਿਸਤਾਨ ’ਚ ਵੱਡੀ ਗਿਣਤੀ ’ਚ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਅਕਸਰ ਉਨ੍ਹਾਂ ਦੀਆਂ ਮੌਤਾਂ ’ਤੇ ਪਰਦਾ ਪਾ ਦਿੱਤਾ ਜਾਂਦਾ ਹੈ।

ਤਾਹਿਰਾ ਅਬਦੁੱਲਾ ਨੇ ਕਿਹਾ, ‘‘ਮੈਂ ਤੁਹਾਨੂੰ ਸਿਰਫ ਪਿਛਲੇ 1 ਹਫਤੇ ’ਚ ਔਰਤਾਂ ’ਤੇ ਹੋਏ ਤਰ੍ਹਾਂ-ਤਰ੍ਹਾਂ ਦੇ ਹਮਲਿਆਂ ਦੀ ਆਪਣੀ ਬਾਂਹ ਨਾਲੋਂ ਵੀ ਲੰਬੀ ਸੂਚੀ ਦੇ ਸਕਦੀ ਹਾਂ। ਪਾਕਿਸਤਾਨ ’ਚ ਔਰਤਾਂ ਦੇ ਵਿਰੁੱਧ ਸੈਕਸ ਅਪਰਾਧ ਅਤੇ ਹਿੰਸਾ ‘ਖਾਮੋਸ਼ ਮਹਾਮਾਰੀ’ ਬਣ ਗਈ ਹੈ ਜਿਸ ਦੇ ਬਾਰੇ ’ਚ ਕੋਈ ਨਹੀਂ ਬੋਲਦਾ।’’

‘‘ਪਾਕਿਸਤਾਨ ਦੀ ਸੰਸਦ ਪਤੀਆਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਸਮੇਤ ਘਰੇਲੂ ਹਿੰਸਾ ਤੋਂ ਔਰਤਾਂ ਨੂੰ ਬਚਾਉਣ ਵਾਲਾ ਬਿੱਲ ਇਸ ਮਹੀਨੇ ਵੀ ਪਾਸ ਕਰਨ ’ਚ ਅਸਫਲ ਰਹੀ। ਸੰਸਦ ਨੇ ਇਕ ‘ਇਸਲਾਮੀ ਵਿਚਾਰਧਾਰਾ ਪ੍ਰੀਸ਼ਦ’ ਨੂੰ ਇਸ ਬਾਰੇ ਵਿਚਾਰ ਕਰਨ ਦਾ ਜ਼ਿੰਮਾ ਸੌਂਪਿਆ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਇਹ ਫਤਵਾ ਦਿੱਤਾ ਸੀ ਕਿ ‘‘ਪਤੀਆਂ ਵੱਲੋਂ ਆਪਣੀ ਪਤਨੀ ਦੀ ਕੁੱਟ-ਮਾਰ ਕਰਨੀ ਜਾਇਜ਼ ਹੈ।’’

ਔਰਤਾਂ ਦੇ ਪ੍ਰਤੀ ਇਸ ਤਰ੍ਹਾਂ ਦੇ ਨਜ਼ਰੀਏ ਦੇ ਕਾਰਨ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰੀ ਆਲੋਚਨਾ ਦੇ ਸ਼ਿਕਾਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੀਆਂ ਔਰਤਾਂ ’ਤੇ ਜ਼ੁਲਮਾਂ ਨੂੰ ਧਰਮ ਦਾ ਸਹਾਰਾ ਲੈ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਦੇਸ਼’ਚ ਜਬਰ-ਜ਼ਨਾਹ ਦੇ ਵਧਦੇ ਮਾਮਲਿਆਂ ਦੇ ਲਈ ਔਰਤਾਂ ਦੇ ਪਹਿਨਣ ਵਾਲੇ ਕੱਪੜਿਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ।

ਤਾਹਿਰਾ ਅਬਦੁੱਲਾ ਦਾ ਇਹ ਵੀ ਕਹਿਣਾ ਹੈ ਕਿ 3 ਵਿਆਹ ਕਰਵਾਉਣ ਵਾਲੇ ਇਮਰਾਨ ਖਾਨ ਨੇ ਰੂੜੀਵਾਦੀ ਇਸਲਾਮ ਨੂੰ ਅਪਣਾ ਲਿਆ ਹੈ ਅਤੇ ਉਹ ਇਕ ਅਜਿਹੇ ਧਾਰਮਿਕ ਵਿਅਕਤੀ ਨਾਲ ਗੂੜ੍ਹਾ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਔਰਤਾਂ ਦੇ ਨਾਲ ਹੋ ਰਹੇ ਅਪਰਾਧਾਂ ਦੇ ਲਈ ਕੋਵਿਡ-19 ਨੂੰ ਦੋਸ਼ੀ ਠਹਿਰਾਇਆ ਸੀ।

ਜਿੱਥੋਂ ਤੱਕ ਅਫਗਾਨਿਸਤਾਨ ਦਾ ਸਬੰਧ ਹੈ, ਉੱਥੇ ਅਮਰੀਕੀ ਫੌਜਾਂ ਦੇ ਰਹਿਣ ਤੱਕ ਔਰਤਾਂ ਦੀ ਸਥਿਤੀ ਪਾਕਿਸਤਾਨ ਵਰਗੀ ਖਰਾਬ ਨਹੀਂ ਸੀ ਪਰ ਹੁਣ ਦੇਸ਼ ’ਚ ਤਾਲਿਬਾਨ ਦੇ ਮੁੜ ਤੋਂ ਆਉਣ ਦੇ ਬਾਅਦ ਉਨ੍ਹਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਕਾਲੇ ਤਾਲਿਬਾਨੀ ਕਾਨੂੰਨਾਂ ਦੇ ਅਧੀਨ ਉੱਥੇ ਅਫਗਾਨ ਅੱਤਵਾਦੀ ਜ਼ਬਰਦਸਤੀ ਲੜਕੀਆਂ ਨਾਲ ਵਿਆਹ ਕਰ ਰਹੇ ਹਨ ਅਤੇ ਤਾਲਿਬਾਨਾਂ ਨੇ ਔਰਤਾਂ ’ਤੇ 2001 ਤੋਂ ਪਹਿਲਾਂ ਵਾਲੇ ਸ਼ਰਈ ਕਾਨੂੰਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।

ਔਰਤਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੇ ਲਈ ਬਦਨਾਮ ਤਾਲਿਬਾਨ ਦੇ ਅਨੁਸਾਰ ਔਰਤਾਂ ਕੰਮ ਦੇ ਲਈ ਬਾਹਰ ਨਹੀਂ ਜਾ ਸਕਦੀਆਂ, ਦੁਕਾਨਦਾਰ ਮਰਦਾਂ ਕੋਲੋਂ ਸਾਮਾਨ ਨਹੀਂ ਖਰੀਦ ਸਕਦੀਆਂ ਤੇ ਮਰਦ ਡਾਕਟਰ ਦੇ ਕੋਲ ਇਲਾਜ ਲਈ ਨਹੀਂ ਜਾ ਸਕਦੀਆਂ।

ਇੱਥੋਂ ਤੱਕ ਕਿ ਸੁੰਦਰਤਾ ਉਤਪਾਦਾਂ ਦੀ ਵਰਤੋਂ, ਉੱਚੀ ਅੱਡੀ ਦੀ ਜੁੱਤੀ ਪਹਿਨਣ, ਬਾਈਕ, ਸਾਈਕਲ ਚਲਾਉਣ, ਖੇਡਾਂ ’ਚ ਹਿੱਸਾ ਲੈਣ, ਬਾਲਕਨੀ ਅਤੇ ਖਿੜਕੀਆਂ ’ਚੋਂ ਬਾਹਰ ਝਾਕਣ ’ਤੇ ਵੀ ਰੋਕ ਹੈ।

ਤਾਲਿਬਾਨੀ ਜੱਜ ਗੁਲ ਰਹੀਮ ਦੇ ਅਨੁਸਾਰ, ‘‘ਅਫਗਾਨੀ ਔਰਤਾਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਤਾਂ ਹੋਵੇਗੀ ਪਰ ਇਸ ਦੇ ਲਈ ਉਨ੍ਹਾਂ ਨੂੰ ਪਰਮਿਟ ਲੈਣਾ ਹੋਵੇਗਾ। ਉਹ ਸਕੂਲ ਤਾਂ ਜਾ ਸਕਣਗੀਆਂ ਪਰ ਹਿਜਾਬ ਪਹਿਨ ਕੇ ਤੇ ਮਹਿਲਾ ਟੀਚਰ ਦੇ ਕੋਲ।’’

ਅਫਗਾਨਿਸਤਾਨ ’ਚ ਸਿੱਖਿਆ ਤੋਂ ਵਾਂਝੇ ਬੱਚਿਆਂ ’ਚ 60 ਫੀਸਦੀ ਲੜਕੀਆਂ ਹਨ ਜੋ ਪੜ੍ਹਨਾ ਤਾਂ ਚਾਹੁੰਦੀਆਂ ਹਨ ਪਰ ਤਾਲਿਬਾਨ ਦੇ ਡਰ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਸਕੂਲ ਭੇਜਣਾ ਨਹੀਂ ਚਾਹੁੰਦੇ।

ਕੁਲ ਮਿਲਾ ਕੇ ਪਾਕਿਸਤਾਨ ਦੇ ਹਾਕਮਾਂ ਦੇ ਅਣਡਿੱਠਤਾ ਵਾਲੇ ਵਤੀਰੇ ਅਤੇ ਅਫਗਾਨਿਸਤਾਨ ’ਚ ਤਾਲਿਬਾਨ ਦੇ ਕਾਲੇ ਕਾਨੂੰਨਾਂ ਦੇ ਕਾਰਨ ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

-ਵਿਜੇ ਕੁਮਾਰ


Bharat Thapa

Content Editor

Related News