ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਿਘਾਰ ਦੀਆਂ ਸ਼ਿਕਾਰ

Wednesday, Dec 30, 2015 - 07:52 AM (IST)

ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਿਘਾਰ ਦੀਆਂ ਸ਼ਿਕਾਰ

ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ ਤੇ ਕਮਿਊਨਿਸਟਾਂ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਅੱਜ ਇਹ ਤਿੰਨੋਂ ਹੀ ਅਨੁਸ਼ਾਸਨਹੀਣਤਾ, ਅੰਦਰੂਨੀ ਕਲੇਸ਼, ਧੜੇਬੰਦੀ ਤੇ ਹੋਰ ਕਮਜ਼ੋਰੀਆਂ ਦੀ ਤਸਵੀਰ ਬਣ ਕੇ ਰਹਿ ਗਈਆਂ ਹਨ। 
ਧੜੇਬੰਦੀ, ਵਰਕਰਾਂ ਦੀ ਅਣਦੇਖੀ ਤੇ ਗੱਠਜੋੜ ਸਹਿਯੋਗੀਆਂ ਦੇ ਘਪਲਿਆਂ ਵਲੋਂ ਅੱਖਾਂ ਮੀਚੀ ਰੱਖਣ ਕਰਕੇ ਅੱਜ ਕਾਂਗਰਸ ਪੂਰੀ ਤਰ੍ਹਾਂ ਹਾਸ਼ੀਏ ''ਤੇ ਆ ਚੁੱਕੀ ਹੈ ਅਤੇ ਇਸ ਨੂੰ ਲੋਕ ''ਘਪਲਾ ਪਾਰਟੀ'' ਕਹਿਣ ਲੱਗ ਪਏ ਹਨ। ਇੰਦਰਾ ਤੇ ਰਾਜੀਵ ਗਾਂਧੀ ਨੂੰ ਮਿਲਣਾ ਸੌਖਾ ਸੀ ਪਰ ਸੋਨੀਆ ਤੇ ਰਾਹੁਲ ਨੂੰ ਮਿਲਣਾ ਸੌਖਾ ਨਹੀਂ। 
ਪਹਿਲਾਂ ਪਾਰਟੀ ਦਾ ਇਕ ਥਿੰਕ ਟੈਂਕ ਹੁੰਦਾ ਸੀ, ਜਿਸ ''ਚ ਸ਼ਾਮਿਲ ਨੇਤਾ ਪਾਰਟੀ ਹਾਈਕਮਾਨ ਨੂੰ ਅਹਿਮ ਫੀਡਬੈਕ ਦਿੰਦੇ ਸਨ ਪਰ ਅੱਜ ਅਜਿਹਾ ਨਹੀਂ ਹੈ। ਤੁਸ਼ਟੀਕਰਨ ਦੀ ਨੀਤੀ ਕਾਰਨ ਅੱਜ ਇਸ ਦਾ ਅਕਸ ਧਰਮ ਨਿਰਪੱਖ ਪਾਰਟੀ ਵਾਲਾ ਵੀ ਨਹੀਂ ਰਿਹਾ।
ਪਾਰਟੀ ''ਚ ਰੂਹ ਫੂਕਣ ਦੀਆਂ ਰਾਹੁਲ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਉਨ੍ਹਾਂ ਨੇ 6 ਫਰਵਰੀ 2014 ਨੂੰ ਖੁਦ ਮੰਨਿਆ ਕਿ ''''ਕਾਂਗਰਸ ''ਚ ਮੇਰੀਆਂ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ। ਮੈਂ ਕਈ ਸੁਝਾਅ ਦਿੰਦਾ ਹਾਂ, ਜਿਨ੍ਹਾਂ ''ਚੋਂ ਕੁਝ ''ਤੇ ਹੀ ਅਮਲ ਹੁੰਦਾ ਹੈ।''''
ਕਾਂਗਰਸ ''ਚ ਅੱਜਕਲ ਧੜੇਬੰਦੀ ਜ਼ੋਰਾਂ ''ਤੇ ਹੈ। ਮਹਾਰਾਸ਼ਟਰ ''ਚ ਪਾਰਟੀ ਦੇ ਮੁੱਖਪੱਤਰ ''ਕਾਂਗਰਸ ਦਰਸ਼ਨ'' ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਸੋਨੀਆ ਗਾਂਧੀ ਅਤੇ ਸੋਨੀਆ ਗਾਂਧੀ ਦੇ ਪਿਤਾ ਬਾਰੇ ਕਈ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। 
ਖੁਦ ਨੂੰ ''ਪਾਰਟੀ ਵਿਦ ਏ ਡਿਫਰੈਂਸ'' ਕਹਿਣ ਵਾਲੀ ਭਾਜਪਾ ਵੀ ''ਪਾਰਟੀ ਵਿਦ ਡਿਫਰੈਂਸਿਜ਼'' ਬਣ ਗਈ ਹੈ। ਪਾਰਟੀ ''ਚ ਜਿਸ ਤਰ੍ਹਾਂ ਅਨੁਸ਼ਾਸਨ ਛਿੱਕੇ ਟੰਗਿਆ ਜਾ ਰਿਹਾ ਹੈ, ਉਸ ਨਾਲ ਇਸ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ।
ਨੀਤੀਆਂ ਨੂੰ ਲੈ ਕੇ ਹੀ ਨਹੀਂ ਸਗੋਂ ਭਾਜਪਾ ਦੇ ਕਈ ਸੰਸਦ ਮੈਂਬਰ ਧਰਮ ਦੇ ਨਾਂ ''ਤੇ ਵੀ ਬਿਆਨਬਾਜ਼ੀ ਕਰਨ ਤੋਂ ਨਹੀਂ ਖੁੰਝਦੇ। ਇਕ ਪਾਸੇ ਪਾਰਟੀ ਦੇ ਆਗੂ ਮੁਸਲਿਮ ਤੇ ਹੋਰਨਾਂ ਘੱਟਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਗੱਲਾਂ ਕਰਦੇ ਹਨ ਤਾਂ ਦੂਜੇ ਪਾਸੇ ਕੁਝ ਸੰਸਦ ਮੈਂਬਰ ''ਬੀਫ'' ਤੋਂ ਲੈ ਕੇ ''ਘਰ ਵਾਪਸੀ'' (ਹਿੰਦੂ ਧਰਮ ''ਚ ਵਾਪਸੀ) ਵਰਗੇ ਰਾਗ ਅਲਾਪਦੇ ਹਨ।
ਇਸ ਦੇ ਚੋਟੀ ਦੇ ਨੇਤਾਵਾਂ ਦੀ ਕੋਈ ਨਹੀਂ ਸੁਣਦਾ। ਸ਼੍ਰੀ ਰਾਜਨਾਥ ਸਿੰਘ ਕਈ ਵਾਰ ਮੂੰਹ-ਫਟ ਨੇਤਾਵਾਂ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਜੇ ਉਨ੍ਹਾਂ ਨੇ ਸੀਨੀਅਰ ਆਗੂਆਂ ਵਿਰੁੱਧ ਬਿਆਨਬਾਜ਼ੀ ਕੀਤੀ ਜਾਂ ਵਿਵਾਦਪੂਰਨ ਮੁੱਦਿਆਂ ''ਤੇ ਪਾਰਟੀ ਲਾਈਨ ਦੇ ਵਿਰੁੱਧ ਬਿਆਨ ਦਿੱਤੇ ਤਾਂ ਉਨ੍ਹਾਂ ਦੀ ਖੈਰ ਨਹੀਂ ਪਰ ਪਾਰਟੀ ''ਚ ਅਜਿਹੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ।
ਪਾਰਟੀ ਦੇ ਕੁਝ ਸੀਨੀਅਰ ਤੇ ਸਨਮਾਨਿਤ ਆਗੂ ਸਰਵਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨ੍ਹਾ, ਜਸਵੰਤ ਸਿੰਘ ਆਦਿ ਨੂੰ ਬਹੁਤ ਬਜ਼ੁਰਗ ਦੱਸ ਕੇ ਖੁੱਡੇ ਲਾਈਨ ਲਗਾ ਦਿੱਤਾ ਗਿਆ ਹੈ ਅਤੇ ਸੰਜੇ ਜੋਸ਼ੀ, ਸ਼ਾਂਤਾ ਕੁਮਾਰ, ਸ਼ਤਰੂਘਨ ਸਿਨ੍ਹਾ, ਕੀਰਤੀ ਆਜ਼ਾਦ ਵਰਗੇ ਨੇਤਾਵਾਂ ''ਤੇ ''ਅਸੰਤੁਸ਼ਟ'' ਦਾ ਠੱਪਾ ਲਗਾ ਦਿੱਤਾ ਗਿਆ ਹੈ। 
ਪਾਰਟੀ ਨੇ ਦਿੱਲੀ ਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਅਤੇ ਮੱਧ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ''ਚ ਵੀ ਆਪਣੀ ਹਾਰ ਤੋਂ ਸਬਕ ਨਹੀਂ ਸਿੱਖਿਆ ਤੇ ਮਨਮਰਜ਼ੀ ਵਾਲੇ ਢੰਗ ਨਾਲ ਕੰਮ ਕਰਦਿਆਂ ਆਪਣੇ ਗੱਠਜੋੜ ਸਹਿਯੋਗੀਆਂ ਨੂੰ ਨਾਰਾਜ਼ ਕਰ ਰਹੀ ਹੈ। ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਦੇ ਸੁਪਰੀਮੋ ਊਧਵ ਠਾਕਰੇ ਵਾਰ-ਵਾਰ ਭਾਜਪਾ ਲੀਡਰਸ਼ਿਪ ਨੂੰ ਇਸ ਦੀਆਂ ਕਮਜ਼ੋਰੀਆਂ ਤੇ ਭੁੱਲਾਂ ਦੇ ਸੰਬੰਧ ''ਚ ਚਿਤਾਵਨੀ ਦਿੰਦੇ ਆ ਰਹੇ ਹਨ।
ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ''''ਇਕ ਸਮਾਂ ਸੀ ਜਦੋਂ ਰਾਜਗ ''ਚ 25-30 ਪਾਰਟੀਆਂ ਸਨ, ਜੋ ਹੁਣ ਮੁਸ਼ਕਿਲ ਨਾਲ ਤਿੰਨ ਰਹਿ ਗਈਆਂ ਹਨ। ਪਹਿਲਾਂ ਸ਼੍ਰੀ ਅਡਵਾਨੀ ਦੇ ਘਰ ਦੇ ਹਾਲ ''ਚ ਮੀਟਿੰਗ ਕਰਨੀ ਮੁਸ਼ਕਿਲ ਸੀ, ਹੁਣ ਇਕ ਮੇਜ਼ ਤੇ ਚਾਰ ਕੁਰਸੀਆਂ ਕਾਫੀ ਹਨ।''''
ਜਿਥੇ ਕਾਂਗਰਸ ਤੇ ਭਾਜਪਾ ਆਪਣਾ ਜਨ-ਆਧਾਰ ਗੁਆ ਰਹੀਆਂ ਹਨ, ਉਥੇ ਹੀ ਦੇਸ਼ ''ਚ ਅੱਤਵਾਦ ਅਤੇ ਫਿਰਕਾਪ੍ਰਸਤੀ ਵਿਰੁੱਧ ਅਣਥੱਕ ਸੰਘਰਸ਼ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਵੀ ਲਗਾਤਾਰ ਆਪਣਾ ਜਨ-ਆਧਾਰ ਗੁਆ ਰਹੀਆਂ ਹਨ।
ਖੱਬੇ ਮੋਰਚੇ ਦਾ ਬੰਗਾਲ ''ਤੇ 34 ਸਾਲ ਰਾਜ ਰਿਹਾ। ਕੇਰਲਾ ਤੇ ਤ੍ਰਿਪੁਰਾ ''ਚ ਵੀ ਇਸ ਦੀਆਂ ਸਰਕਾਰਾਂ ਰਹੀਆਂ ਪਰ ਹੁਣ ਸਿਰਫ ਤ੍ਰਿਪੁਰਾ ''ਚ ਹੀ ਇਸ ਦੀ ਸਰਕਾਰ ਬਚੀ ਹੈ। ਵਿਚਾਰਕ ਮਤਭੇਦਾਂ ਤੇ ਇਸ ਦੇ ਮੈਂਬਰਾਂ ''ਚ ਵੀ ਕੁਝ-ਕੁਝ ਦੂਜੀਆਂ ਪਾਰਟੀਆਂ ਵਰਗੀਆਂ ਬੁਰਾਈਆਂ ਆ ਜਾਣ ਤੇ ਭਾਕਪਾ, ਮਾਕਪਾ, ਫਾਰਵਰਡ ਬਲਾਕ ਤੇ ਆਰ. ਐੱਸ. ਪੀ. ਆਦਿ ''ਚ ਵੰਡ ਹੋ ਜਾਣ ਕਰਕੇ ਇਹ ਵੀ ਲਗਾਤਾਰ ਨਿਘਾਰ ਦੀਆਂ ਸ਼ਿਕਾਰ ਹੋ ਰਹੀਆਂ ਹਨ।
ਉਕਤ ਤਿੰਨੇ ਹੀ ਪਾਰਟੀਆਂ ਦੇਸ਼ ਦੀਆਂ ਮੋਹਰੀ ਪਾਰਟੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦਾ ਕਮਜ਼ੋਰ ਹੋਣਾ ਕਿਸੇ ਵੀ ਨਜ਼ਰੀਏ ਤੋਂ ਨਾ ਤਾਂ ਦੇਸ਼ ਦੇ ਅਤੇ ਨਾ ਹੀ ਇਨ੍ਹਾਂ ਦੇ ਹਿੱਤ ''ਚ ਹੈ। ਇਨ੍ਹਾਂ ਦੇ ਕਮਜ਼ੋਰ ਹੋਣ ਨਾਲ ਖੇਤਰੀ ਪਾਰਟੀਆਂ ਦਾ ਦਬਾਅ ਵਧੇਗਾ ਅਤੇ ਉਹ ਗੱਠਜੋੜ ਧਰਮ ਦੇ ਨਾਂ ''ਤੇ ਉਕਤ ਪਾਰਟੀਆਂ ਨੂੰ ਗਲਤ ਫੈਸਲੇ ਲੈਣ ਲਈ ਮਜਬੂਰ ਕਰਨਗੀਆਂ।
ਹੁਣ ਜਦੋਂ ਸੰਨ 2015 ਜਾ ਰਿਹਾ ਹੈ ਤੇ ਨਵਾਂ ਵਰ੍ਹਾ ਆ ਰਿਹਾ ਹੈ, ਵੱਡੀਆਂ ਪਾਰਟੀਆਂ ਦੇ ਆਗੂਆਂ ਨੂੰ ''ਬੀਤੀ ਤਾਹਿ ਬਿਸਾਰ ਦੇ'' ਵਾਲੇ ਕਥਨ ''ਤੇ ਚਲਦਿਆਂ ਅਨੁਸ਼ਾਸਨਹੀਣਤਾ, ਅੰਦਰੂਨੀ ਕਲੇਸ਼, ਧੜੇਬੰਦੀ ਤੇ ਹੋਰ ਕਮਜ਼ੋਰੀਆਂ ਨੂੰ ਛੱਡ ਕੇ ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ''ਚ ਆਉਣ ਵਾਲੇ ਹੋਰ ਨਿਘਾਰ ਨੂੰ ਰੋਕਿਆ ਜਾ ਸਕੇ ਤੇ ਦੇਸ਼ ਨੂੰ ਇਨ੍ਹਾਂ ਦੀ ਇਕਜੁੱਟਤਾ ਦਾ ਲਾਭ ਮਿਲੇ।                      
—ਵਿਜੇ ਕੁਮਾਰ


author

Vijay Kumar Chopra

Chief Editor

Related News