ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ’ਚ ਭਾਜਪਾ ਦਾ ਨਿਰਾਸ਼ਾਜਨਕ ਪ੍ਰਦਰਸ਼ਨ
Thursday, May 06, 2021 - 03:30 AM (IST)

ਗੋਰਖਪੁਰ ਦੇ ਪ੍ਰਸਿੱਧ ਗੋਰਖਨਾਥ ਮੰਦਰ ਦੇ ਮਹੰਤ ਯੋਗੀ ਆਦਿਤਿਆਨਾਥ ਨੇ ਇਕ ਧਾਰਮਿਕ ਨੇਤਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ’ਚ ਕੁਝ ਸਮਾਂ ਪਹਿਲਾਂ ਆਪਣੇ ਕਾਰਜਕਾਲ ਦੇ 4 ਸਾਲ ਪੂਰੇ ਹੋਣ ’ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ’ਚ 40 ਲੱਖ ਪਰਿਵਾਰਾਂ ਨੂੰ ਰਿਹਾਇਸ਼ ਅਤੇ 1.38 ਕਰੋੜ ਪਰਿਵਾਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ, 5 ਐਕਸਪ੍ਰੈੱਸ-ਵੇਅ ਦੇ ਨਿਰਮਾਣ ’ਚ ਤੇਜ਼ੀ ਲਿਆਉਣ, ਪਿੰਡ-ਪਿੰਡ ਤੱਕ ਆਪਟੀਕਲ ਫਾਈਬਰ ਕੇਬਲ ਵਿਛਾਉਣ ਦੇ ਇਲਾਵਾ ਮਥੁਰਾ ਅਤੇ ਸੂਬੇ ਦੇ ਹੋਰਨਾਂ ਧਾਰਮਿਕ ਸਥਾਨਾਂ ਦਾ ਨਵੀਨੀਕਰਨ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ 2015-16 ’ਚ ਜਿੱਥੇ ਉੱਤਰ ਪ੍ਰਦੇਸ਼ ’ਚ ਪ੍ਰਤੀ ਵਿਅਕਤੀ ਆਮਦਨ ਸਿਰਫ 47.116 ਰੁਪਏ ਸਾਲਾਨਾ ਸੀ, ਉਹ ਹੁਣ 94.495 ਰੁਪਏ ਹੋ ਗਈ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਸੂਬੇ ’ਚ ਕਈ ਥਾਣੇ, ਚੌਕੀਆਂ, ਮਹਿਲਾ ਥਾਣੇ ਆਦਿ ਕਾਇਮ ਕਰਨ ਨਾਲ ਹਰ ਕਿਸਮ ਦੇ ਅਪਰਾਧਾਂ ’ਚ ਕਮੀ ਆਈ ਹੈ। ਇਹੀ ਨਹੀਂ ਸੂਬੇ ’ਚ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ 33 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਗਿਆ ਹੈ।
ਯੋਗੀ ਆਦਿਤਿਆਨਾਥ ਦੇ ਉਕਤ ਦਾਅਵਿਆਂ ਦੇ ਬਾਵਜੂਦ ਬੀਤੇ ਦਿਨੀਂ ਸੂਬੇ ’ਚ ਸੰਪੰਨ ਹੋਈਆਂ ਪੰਚਾਇਤੀ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਅਯੁੱਧਿਆ ਤੋਂ ਲੈ ਕੇ ਮਥੁਰਾ, ਕਾਸ਼ੀ, ਵਾਰਾਣਸੀ ਅਤੇ ਲਖਨਊ ਸਮੇਤ ਸੂਬੇ ਭਰ ’ਚ ਸਮਾਜਵਾਦੀ ਪਾਰਟੀ (ਸਪਾ) ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ।
ਪ੍ਰਭੂ ਸ਼੍ਰੀਰਾਮ ਦੀ ਨਗਰੀ ਅਯੁੱਧਿਆ ’ਚ, ਜਿੱਥੇ ਭਾਜਪਾ ਦੀ ਅਗਵਾਈ ’ਚ ਸ਼ਾਨਦਾਰ ਰਾਮ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ, 40 ਸੀਟਾਂ ’ਚੋਂ ਭਾਜਪਾ ਨੂੰ ਸਿਰਫ 6 ਸੀਟਾਂ ਹੀ ਮਿਲੀਆਂ ਜਦਕਿ 24 ਸੀਟਾਂ ’ਤੇ ਸਪਾ ਅਤੇ ਹੋਰਨਾਂ ਸੀਟਾਂ ’ਤੇ ਆਜ਼ਾਦ ਜਿੱਤੇ ਹਨ।
ਵਾਰਾਣਸੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਨੂੰ ਛੱਡ ਕੇ ਆਪਣੇ ਚੋਣ ਹਲਕੇ ਦੇ ਰੂਪ ’ਚ ਚੁਣਿਆ ਹੈ, ਉੱਥੋਂ ਵੀ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਹਾਲਾਂਕਿ ਵਾਰਾਣਸੀ ਦੇ ਵਿਕਾਸ ’ਤੇ ਭਾਜਪਾ ਨੇ ਕਾਫੀ ਪੈਸਾ ਵੀ ਖਰਚ ਕੀਤਾ ਹੈ। ਇਸ ਦੇ ਬਾਵਜੂਦ ਇੱਥੇ ਜ਼ਿਲਾ ਪੰਚਾਇਤ ਦੀਆਂ 40 ਸੀਟਾਂ ’ਚੋਂ ਭਾਜਪਾ ਦੇ ਖਾਤੇ ’ਚ ਸਿਰਫ 8 ਸੀਟਾਂ ਹੀ ਆਈਆਂ ਜਦਕਿ ਸਮਾਜਵਾਦੀ ਪਾਰਟੀ ਨੇ 14 ਸੀਟਾਂ ਜਿੱਤੀਆਂ ਹਨ।
ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨਗਰੀ ਮਥੁਰਾ ਜ਼ਿਲੇ ’ਚ ਵੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਥੇ ਬਹੁਜਨ ਸਮਾਜ ਪਾਰਟੀ ਦੇ 12 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਅਤੇ ਇੱਥੋਂ ਭਾਜਪਾ ਸਿਰਫ 8 ਸੀਟਾਂ ਹੀ ਜਿੱਤ ਸਕੀ ਹੈ।
ਇੱਥੇ ਹੀ ਬਸ ਨਹੀਂ, ਰਾਜਧਾਨੀ ਲਖਨਊ ’ਚ ਵੀ ਭਾਜਪਾ 25 ’ਚੋਂ 3 ਸੀਟਾਂ ਹੀ ਜਿੱਤ ਸਕੀ ਜਦਕਿ ਸਪਾ ਨੇ 8 ਅਤੇ ਬਸਪਾ ਨੇ 8 ਸੀਟਾਂ ਜਿੱਤੀਆਂ।
ਯੋਗੀ ਆਦਿਤਿਆਨਾਥ ਦੀ ਕਰਮਭੂਮੀ ਗੋਰਖਪੁਰ ਜ਼ਿਲੇ ’ਚ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ। ਇੱਥੇ ਭਾਜਪਾ ਅਤੇ ਸਪਾ ਦੋਵਾਂ ਨੇ ਹੀ 19-19 ਸੀਟਾਂ ਜਿੱਤ ਲਈਆਂ ਜਦਕਿ ਮੁਜ਼ੱਫਰਨਗਰ ’ਚ ਭਾਜਪਾ 13 ਸੀਟਾਂ ਜਿੱਤਣ ’ਚ ਸਫਲ ਰਹੀ ਹੈ।
ਜਾਣਕਾਰਾਂ ਦੇ ਅਨੁਸਾਰ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਉੱਥੋਂ ਦੀ ਦਿਹਾਤੀ ਜਨਤਾ ਦਾ ਮੋਹ ਭੰਗ ਹੋਣਾ ਇਸ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਮੁੱਖ ਕਾਰਨ ਹੈ ਕਿਉਂਕਿ ਪਿਛਲੇ 4 ਸਾਲਾਂ ਦੇ ਦੌਰਾਨ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰ ਵਰਗ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਵੱਧ ਖਰਾਬ ਹੋਈ ਹੈ।
ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਅਖਿਲੇਸ਼ ਯਾਦਵ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਹਲਕੇ ਵਾਰਾਣਸੀ ’ਚ ਭਾਜਪਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਸਪੱਸ਼ਟ ਹੈ ਕਿ ਵੋਟਰਾਂ ਨੇ ਭਗਵਾ ਪਾਰਟੀ ਨੂੰ ਨਕਾਰ ਦਿੱਤਾ ਹੈ ਅਤੇ ਸੂਬੇ ’ਚ ਪਾਰਟੀ ਦੀ ਪਕੜ ਕਮਜ਼ੋਰ ਹੋਈ ਹੈ।
ਭਾਜਪਾ ਵੱਲੋਂ ਆਪਣੇ ਚੋਣ ਐਲਾਨ ਪੱਤਰ ’ਚ ਕੀਤੇ ਗਏ ਵਾਅਦੇ ਪੂਰੇ ਕਰਨ ’ਚ ਅਸਫਲ ਰਹਿਣ ਦਾ ਪ੍ਰਭਾਵ ਵੀ ਸਾਰੇ ਸੂਬੇ ਦੀਆਂ ਪੰਚਾਇਤੀ ਚੋਣਾਂ ’ਤੇ ਪਿਆ, ਜਿਸ ਕਾਰਨ ਇਨ੍ਹਾਂ ਚੋਣਾਂ ’ਚ ਭਾਜਪਾ ਲੀਡਰਸ਼ਿਪ ਵੱਲੋਂ ਆਪਣੇ ਸਾਰੇ ਮੰਤਰੀਆਂ ਦੀ ਡਿਊਟੀ ਲਗਾਉਣ ਦੇ ਬਾਵਜੂਦ ਉਸ ਨੂੰ ਕੋਈ ਲਾਭ ਨਹੀਂ ਮਿਲਿਆ ਅਤੇ ਸੂਬੇ ’ਚ ਸਿਰਫ 23 ਫੀਸਦੀ ਸੀਟਾਂ ’ਤੇ ਹੀ ਜਿੱਤ ਹਾਸਲ ਕਰ ਸਕੀ।
ਚੋਣਾਂ ’ਚ ਜਾਤੀ ਦਾ ਅਰਥ ਧੜੇਬੰਦੀ, ਜ਼ਮੀਨੀ ਵਰਕਰਾਂ ਦੀ ਅਣਦੇਖੀ ਅਤੇ ਉਮੀਦਵਾਰਾਂ ਦੀ ਚੋਣ ’ਚ ਪੱਖਪਾਤ ਦਾ ਵੀ ਭਾਜਪਾ ਨੂੰ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ‘ਉੱਪਰ’ ਤੋਂ ਥੋਪੇ ਗਏ ਉਮੀਦਵਾਰਾਂ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਕਿਉਂਕਿ 10 ਮਹੀਨਿਆਂ ਦੇ ਬਾਅਦ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਭਾਜਪਾ ਦੇ ਲਈ ਇਕ ਚਿਤਾਵਨੀ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਹਾਲਤਾਂ ’ਚ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਲੀਡਰਸ਼ਿਪ ਨੇ ਬਾਕੀ ਬਚੇ ਸਮੇਂ ’ਚ ਆਪਣੀ ਪਾਰਟੀ ਅਤੇ ਸੂਬੇ ਦੀ ਸਥਿਤੀ ਸੁਧਾਰਨ ਦੇ ਠੋਸ ਯਤਨ ਨਾ ਕੀਤੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਨੂੰ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਵਿਜੇ ਕੁਮਾਰ