ਅਮਰੀਕੀ ਚੋਣ ਨਤੀਜਿਆਂ ਦਾ ‘ਭਾਰਤ-ਅਮਰੀਕਾ ਸਬੰਧਾਂ ’ਤੇ ਅਸਰ’

11/09/2020 1:54:01 AM

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਦੇਸ਼ ’ਚ ਆਪਣੀ ਨੀਤੀ ਦੇ ਬਾਰੇ ’ਚ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ, ‘‘ਮੈਂ ਦੇਸ਼ ਨੂੰ ਤੋੜਨ ਨਹੀਂ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ। ਰਾਸ਼ਟਰਪਤੀ ਦੇ ਤੌਰ ’ਤੇ ਮੈਂ ਬਲਿਊ ਜਾਂ ਰੈੱਡ ਸਟੇਟ ਨੂੰ ਨਹੀਂ ਦੇਖਦਾ ਮੈਂ ਸਿਰਫ ਯੂਨਾਈਟਿਡ ਸਟੇਟ ਆਫ ਅਮਰੀਕਾ ਨੂੰ ਦੇਖਦਾ ਹਾਂ। ਸਖਤ ਬਿਆਨਬਾਜ਼ੀ ਨੂੰ ਪਿੱਛੇ ਛੱਡ ਕੇ ਇਕ-ਦੂਸਰੇ ਨੂੰ ਮੁੜ ਤੋਂ ਦੇਖਣ, ਇਕ-ਦੂਸਰੇ ਨੂੰ ਮੁੜ ਤੋਂ ਸੁਣਨ ਦਾ ਸਮਾਂ ਹੈ।’’

3 ਨਵੰਬਰ ਨੂੰ ਵੋਟਾਂ ਪੈਣ ਦੇ ਬਾਅਦ ਡੋਨਾਲਡ ਟਰੰਪ (ਰਿਪਬਲਿਕਨ) ਅਤੇ ਜੋਅ ਬਾਈਡੇਨ (ਡੈਮੋਕ੍ਰੇਟ) ਵਲੋਂ ਜਿੱਤ ਦੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਅਤੇ ਟਰੰਪ ਵਲੋਂ ਜੋਅ ਬਾਈਡੇਨ ’ਤੇ ਵੋਟਾਂ ਦੀ ਗਿਣਤੀ ’ਚ ਹੇਰਾ-ਫੇਰੀ ਦੇ ਦੋਸ਼ਾਂ ਦੇ ਦਰਮਿਆਨ 7 ਨਵੰਬਰ ਨੂੰ ਦੇਰ ਨਾਲ ਐਲਾਨੇ ਨਤੀਜਿਆਂ ’ਚ ਬਾਈਡੇਨ ਜੇਤੂ ਐਲਾਨ ਦਿੱਤੇ ਗਏ ਅਤੇ ਇਸ ਤਰ੍ਹਾਂ ਦੂਸਰੀ ਵਾਰ ਵੀ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ ਟਰੰਪ ਦਾ ਸੁਪਨਾ ਟੁੱਟ ਗਿਆ।

ਭਾਰਤ ’ਚ ਸਾਰੇ ਲੋਕਾਂ ਦਾ ਧਿਆਨ ਇਸ ਗੱਲ ’ਤੇ ਟਿਕਿਆ ਹੈ ਕਿ ਜੋਅ ਬਾਈਡੇਨ ਦੇ ਨਾਲ ਭਾਰਤ ਦੇ ਰਿਸ਼ਤੇ ਕਿਵੇਂ ਹੋਣਗੇ ਕਿਉਂਕਿ ਹੁਣ ਦ੍ਰਿਸ਼ ’ਚੋਂ ਡੋਨਾਲਡ ਟਰੰਪ ਗਾਇਬ ਹੋ ਚੁੱਕੇ ਹਨ। ਬੇਸ਼ੱਕ ਭਾਰਤ-ਅਮਰੀਕਾ ਦੇ ਆਪਸੀ ਸਬੰਧਾਂ ਦੇ ਬਾਰੇ ’ਚ ਬਹੁਤ ਕੁਝ ਕਿਹਾ ਗਿਆ ਹੈ ਪਰ ਇਹ ਵੱਡੀ ਸੱਚਾਈ ਹੈ ਕਿ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰ ਇਕ-ਦੂਸਰੇ ਦੇ ਨੇੜੇ ਆ ਰਹੇ ਹਨ।

ਵਿਸ਼ਲੇਸ਼ਕਾਂ ਨੇ ਭਾਰਤ ਅਤੇ ਅਮਰੀਕੀ ਨੇਤਾਵਾਂ ਦੇ ਦਰਮਿਆਨ ਨਿੱਜੀ ਸਬੰਧਾਂ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਪਰ ਮੁੱਖ ਨੀਤੀ ਇਹ ਹੈ ਕਿ ਅਮਰੀਕੀ-ਭਾਰਤੀ ਸਬੰਧਾਂ ’ਚ ਸੁਧਾਰ ਹੋਇਆ ਹੈ। ਹੁਣ ਜਦਕਿ ਜੋਅ ਬਾਈਡੇਨ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾ ਚੁੱਕੇ ਹਨ ਤਾਂ ਲੋਕਾਂ ਦੇ ਮਨ ’ਚ ਇਹ ਸਵਾਲ ਹੈ ਕਿ ਹੁਣ ਅੱਗੇ ਕੀ ਹੋਵੇਗਾ?

ਜੋਅ ਬਾਈਡੇਨ ਪ੍ਰਸ਼ਾਸਨ ਦੇ ਅਧੀਨ ਕੀ ਬਦਲ ਸਕਦਾ ਹੈ? ਬਹੁਤ ਜ਼ਿਆਦਾ ਨਹੀਂ। ਭਾਵੇਂ ਵਾਜਪਾਈ ਅਤੇ ਕਲਿੰਟਨ ਦੇ ਦੌਰ ਦੀ ਗੱਲ ਕਰੀਏ ਜਾਂ ਫਿਰ ਬਰਾਕ ਓਬਾਮਾ ਅਤੇ ਮਨਮੋਹਨ ਸਿੰਘ ਦੇ ਦੌਰ ਦੀ ਗੱਲ ਕਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ-ਵਾਸ਼ਿੰਗਟਨ ’ਚ ਦੋ-ਪੱਖੀ ਸਮਝੌਤਿਆਂ ਦੇ ਨਾਲ ਵਿਦੇਸ਼ੀ ਨੀਤੀ ਦੇ ਮੁੱਦਿਆਂ ’ਤੇ ਸਹਿਮਤੀ ਹੋਈ ਸੀ।

‘‘ਹਾਲਾਂਕਿ 2015 ’ਚ ਓਬਾਮਾ (ਡੈਮੋਕ੍ਰੇਟ) ਨੇ ਵੀ ਭਾਰਤ ਯਾਤਰਾ ਦੇ ਦੌਰਾਨ ਹਿੰਦੂ ਬਹੁਗਿਣਤੀ ਦੀ ਆਲੋਚਨਾ ਕੀਤੀ ਸੀ। ਇਸਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧ ਕਾਫੀ ਮਜ਼ਬੂਤ ਹਨ। ਇਸ ਲਈ ਚੀਨ ਦੇ ਵਿਰੁੱਧ ਆਪਣੇ ਸਖਤ ਰੁਖ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਇਕ-ਦੂਸਰੇ ਦਾ ਸਾਥ ਦੇਣਗੇ।’’

ਟਰੰਪ ਦੇ ਨਾਲ ਮੋਦੀ ਦੀ ਕਥਿਤ ਦੋਸਤੀ ਦੇ ਬਾਰੇ ’ਚ ਜ਼ੋਰਦਾਰ ਪ੍ਰਚਾਰ ਦੇ ਦਰਮਿਆਨ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮੀਡੀਆ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਮੋਦੀ ਦੇ ਸਬੰਧਾਂ ਦੇ ਬਾਰੇ ’ਚ ਵੀ ਅਜਿਹੀਅਾਂ ਹੀ ਗੱਲਾਂ ਕਹੀਆਂ ਸਨ। ਦੂਸਰੇ ਸ਼ਬਦਾਂ ’ਚ ਮੋਦੀ ਨੇ ਦਿਖਾਇਆ ਹੈ ਕਿ ਉਹ ਰਿਬਪਲਿਕਨ ਅਤੇ ਡੈਮੋਕ੍ਰੇਟਿਕ ਦੋਵਾਂ ਨੇਤਾਵਾਂ ਨਾਲ ਸਬੰਧ ਬਣਾ ਸਕਦੇ ਹਨ।

ਭਾਵ ਨੇਤਾਵਾਂ ਦੇ ਦਰਮਿਆਨ ਆਪਸੀ ਨਿੱਜੀ ਸਬੰਧਾਂ ’ਤੇ ਲੋੜ ਨਾਲੋਂ ਵੱਧ ਜ਼ੋਰ ਦਿੱਤਾ ਜਾਂਦਾ ਹੈ ਜਦਕਿ ਵਿਆਪਕ ਰੁਝਾਨ ਇਹੀ ਹੈ ਕਿ ਬੀਤੇ 2 ਦਹਾਕਿਆਂ ਦੇ ਦੌਰਾਨ ਰੱਖਿਆ ਅਤੇ ਖੁਫੀਆਂ ਤਾਲਮੇਲ, ਵਪਾਰ ਤੋਂ ਲੈ ਕੇ ਲੋਕਾਂ ਦੇ ਦਰਮਿਆਨ ਸਬੰਧਾਂ ਤਕ ਅਮਰੀਕੀ-ਭਾਰਤੀ ਸਬੰਧ ਤਰੱਕੀ ’ਤੇ ਹਨ। ਫਿਰ ਭਾਵੇ ਸੱਤਾ ’ਚ ਕਿਸੇ ਵੀ ਵਿਚਾਰਧਾਰਾ ਦੇ ਨੇਤਾ ਰਹੇ ਹੋਣ। ਭਾਰਤ ਉਨ੍ਹਾਂ ਕੁਝ ਵਿਦੇਸ਼ ਨੀਤੀ ਮੁੱਦਿਆਂ ’ਚੋਂ ਇਕ ਹੈ ਜਿਨ੍ਹਾਂ ’ਤੇ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਸਹਿਮਤ ਨਜ਼ਰ ਆਉਂਦੀਆਂ ਹਨ।

ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਬਾਈਡੇਨ ਦੇ ਤਹਿਤ ਸਭ ਕੁਝ ਚੰਗੇ ਢੰਗ ਨਾਲ ਹੀ ਅੱਗੇ ਵਧੇਗਾ। ਸਾਲਵਾਤੋਰ ਬਾਬੋਨਸ ਅੰਤਰਰਾਸ਼ਟਰੀ ਪੱਤਰਿਕਾ ‘‘ਫਾਰੇਨ ਪਾਲਿਸੀ’ ’ਚ ਲਿਖਦੇ ਹਨ, ‘‘ਭਾਰਤ ਨੂੰ ਇਸ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਪ ਰਾਸ਼ਟਰਪਤੀ ਦੇ ਰੂਪ ’ਚ ਕਮਲਾ ਹੈਰਿਸ ਮਨੁੱਖੀ ਹੱਕਾਂ ਨੂੰ ਲੈ ਕੇ ਕਿਵੇਂ ਭਾਰਤ ’ਤੇ ਸਖਤ ਹੋ ਸਕਦੀ ਹੈ।’’

ਭਾਰਤ ਦੇ ਇਲਾਵਾ ਵੀ ਬਾਈਡੇਨ ਦੀ ਅਗਵਾਈ ’ਚ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਲੈ ਕੇ ਅਮਰੀਕੀ ਨੀਤੀਆਂ ਦੇ ਸਬੰਧ ’ਚ ਬਹੁਤ ਤਬਦੀਲੀ ਨਹੀਂ ਹੋਵੇਗੀ ਜਿਵੇਂ ਕਿ ‘ਅਲੀ ਲਤੀਫੀ’ ਨੇ ਪਿਛਲੇ ਹਫਤੇ ‘ਫਾਰੇਨ ਪਾਲਿਸੀ’ ’ਚ ਲਿਖਿਆ ਸੀ, ‘‘ਅਫਗਾਨ ਜਾਣਦੇ ਹਨ ਕਿ ਉਨ੍ਹਾਂ ਲਈ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ-ਬਾਈਡੇਨ ਦੇ ਵੀ ਅਮਰੀਕੀ ਫੌਜੀਆਂ ਦੀ ਵੀ ਵਾਪਸੀ ਜਾਰੀ ਰੱਖਣ ਦੀ ਸੰਭਾਵਨਾ ਹੈ ਜਿਸ ’ਚ ਟਰੰਪ ਦੇ ਕਾਰਜਕਾਲ ਦੌਰਾਨ ਤੇਜ਼ੀ ਆਈ ਸੀ।’’

ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਬਾਰੇ ’ਚ ਕੀ? ਦੋਵੇਂ ਦੇਸ਼ ਦੁਨੀਆ ਦੇ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਚੋਟੀ ਦੇ ਪੰਜ ਦੇਸ਼ਾਂ ’ਚ ਸ਼ਾਮਲ ਹਨ ਅਤੇ ਇਸੇ ਕਾਰਨ ਉਹ ਟਰੰਪ ਨਾਲ ਨਜਿੱਠਣ ਦੀ ਸਮੱਸਿਆ ਤੋਂ ਬਚ ਨਿਕਲੇ ਹਨ।

ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੂੰ ਯਾਦ ਹੋਵੇਗਾ ਕਿ ਬਾਈਡੇਨ ਨੇ 2008 ’ਚ ਉਸ ਨੂੰ ਫੌਜੀ ਸਹਾਇਤਾ ਦੇ ਰੂਪ ’ਚ 1.5 ਬਿਲੀਅਨ ਡਾਲਰ ਦੀ ਮਦਦ ਹਾਸਲ ਕਰਨ ’ਚ ਮਦਦ ਕੀਤੀ ਸੀ-ਅਜਿਹੀ ਮਦਦ ਜਿਸਦੇ ਲਈ ਉਨ੍ਹਾਂ ਨੂੰ ਪਾਕਿਸਤਾਨ ਦੇ ਦੂਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘‘ਹਿਲਾਲ-ਏ-ਪਾਕਿਸਤਾਨ’ ਨਾਲ ਸਨਮਾਨਿਤ ਕੀਤਾ ਗਿਆ।

ਜੇਕਰ ਗੱਲ ਕਰੀਏ ਅਮਰੀਕੀ ਚੋਣਾਂ ’ਚ ਭਾਰਤੀ ਅਮਰੀਕੀਆਂ ਦੀ ਤਾਂ ਕਮਲਾ ਹੈਰਿਸ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ, ਪਹਿਲੀ ਅਸ਼ਵੇਤ ਉਪ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਬਣ ਗਈ ਹੈ। ਇਹ ਭਾਰਤੀ ਅਮਰੀਕੀ ਭਾਈਚਾਰੇ ਲਈ ਇਕ ਬਹੁਤ ਵੱਡਾ ਮੀਲ ਦਾ ਪੱਥਰ ਹੈ ਜੋ ਅਮਰੀਕਾ ਦੀ ਆਬਾਦੀ ਦਾ ਇਕ ਫੀਸਦੀ ਤੋਂ ਵੱਧ ਹਿੱਸਾ ਹੈ। ਕਮਲਾ ਹੈਰਿਸ ਭਾਰਤ ’ਚ ਮਨੁੱਖੀ ਹੱਕਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਦੀ ਗੱਲ ਕਰ ਸਕਦੀ ਹੈ।

ਕਈ ਹੋਰ ਭਾਰਤੀ ਅਮਰੀਕੀਆਂ ਨੇ ਵੀ ਸਦਨ ਦੀਆਂ ਸੀਟਾਂ ’ਤੇ ਕਬਜ਼ਾ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੈਮੋਕ੍ਰੇਟਿਕ ਪ੍ਰਮਿਲਾ ਜੈਪਾਲ, ਅਮੀ ਬੇਰਾ, ਰਾਜਾ ਕ੍ਰਿਸ਼ਣਾਮੂਰਤੀ ਅਤੇ ਰੋ ਖੰਨਾ ਦੂਸਰੇ ਕਾਰਜਕਾਲ ਲਈ ਸਦਨ ’ਚ ਪਰਤਣਗੇ ਪਰ ਕਈ ਹੋਰ ਉਮੀਦਵਾਰ ਅਸਫਲ ਵੀ ਰਹੇ ਜਿਨ੍ਹਾਂ ’ਚ ਟੈਕਸਾਸ ਤੋਂ ਪ੍ਰੇਸ਼ਟਨ ਕੁਲਕਰਣੀ ਅਤੇ ਮੇਨ ਤੋਂ ਚੋਣ ਲੜ ਰਹੇ ‘ਸਾਰਾ ਗਿਡਿਯੋਨ’ ਸ਼ਾਮਲ ਹਨ।

ਭਾਰਤੀ ਅਮਰੀਕੀਆਂ ਨੇ ਇਸ ਚੋਣ ’ਚ ਵੱਡੀ ਭੂਮਿਕਾ ਨਿਭਾਈ ਹੈ। ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਅੰਕੜੇ ਸਾਹਮਣੇ ਆਉਣ ਦੇ ਬਾਅਦ ਅਸੀਂ ਜਾਣ ਸਕਾਂਗੇ ਕਿ ਉਨ੍ਹਾਂ ਦਾ ਸਮਰਥਨ ਕਿਵੇਂ ਮਿਲਿਆ।


Bharat Thapa

Content Editor

Related News