ਆਉਣ ਵਾਲੀਆਂ ਚੋਣਾਂ ਦੇ ਲਈ ਸਰਗਰਮ ਹੋਈਆਂ ਭਾਜਪਾ, ਕਾਂਗਰਸ ਅਤੇ ‘ਆਪ’ ਆਦਿ

07/18/2021 3:18:35 AM

ਅਗਲੇ ਸਾਲ ਦੇ ਸ਼ੁਰੂ ’ਚ ਦੇਸ਼ ਦੇ 5 ਮਹੱਤਵਪੂਰਨ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਅਤੇ ਉਸ ਦੇ ਬਾਅਦ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਇਨ੍ਹਾਂ ਸੂਬਿਆਂ ਦੇ ਦੌਰੇ ਸ਼ੁਰੂ ਹੋ ਗਏ ਹਨ।

* 6 ਜੁਲਾਈ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਹਿਮਾਚਲ ਦੇ 3 ਦਿਨ ਦੇ ਦੌਰੇ ’ਤੇ ਆਏ ਅਤੇ 2 ਵਿਧਾਨ ਸਭਾ ਹਲਕਿਆਂ ਫਤਿਹਪੁਰ ਅਤੇ ਜੁੱਬਲ ਕੋਟਖਾਈ ਅਤੇ ਮੰਡੀ ਸੰਸਦੀ ਹਲਕੇ ਦੀਆਂ ਉਪ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਮੁੱਖ ਮੰਤਰੀ ਜੈ ਰਾਮ ਠਾਕੁਰ, ਪ੍ਰਦੇਸ਼ ਭਾਜਪਾ ਪ੍ਰਧਾਨ ਸੁਰੇਸ਼ ਕਸ਼ਯਪ ਅਤੇ ਹੋਰਨਾਂ ਨੇਤਾਵਾਂ ਦੇ ਨਾਲ ਚਰਚਾ ਕੀਤੀ।

* 8 ਜੁਲਾਈ ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਲਖਨਊ ਪਹੁੰਚ ਕੇ ਚੋਣਾਂ ਲਈ ਸਾਥੀਆਂ ਦੀ ਭਾਲ ਸੁਰੂ ਕਰ ਦਿੱਤੀ।

ਉਨ੍ਹਾਂ ਨੇ ‘ਭਾਗੀਦਾਰ ਸੰਕਲਪ ਮੋਰਚਾ’ ਬਣਾਉਣ ਦੀ ਗੱਲ ਕਹੀ ਹੈ, ਜਿਸ ’ਚ 10 ਪਾਰਟੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ। ਇਸ ਤਜਵੀਜ਼ਤ ਮੋਰਚੇ ਨੇ ਸੱਤਾ ’ਚ ਆਉਣ ’ਤੇ ਘਰੇਲੂ ਬਿਜਲੀ ਮਾਫ ਕਰਨ ਅਤੇ ਗਰੀਬਾਂ ਦੇ ਮੁਫਤ ਇਲਾਜ ਦੀ ਗੱਲ ਕਹੀ ਹੈ।

*11 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ’ਚ ਆਪਣੇ ਸੰਸਦੀ ਹਲਕੇ ਗਾਂਧੀ ਨਗਰ ਅਤੇ ਨੇੜੇ-ਤੇੜੇ ਦੇ ਇਲਾਕਿਆਂ’ਚ 244 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

* 11 ਜੁਲਾਈ ਨੂੰ ਦਿੱਲੀ ਤੋਂ ਬਾਹਰ ਪੈਰ ਪਸਾਰਨ ਲਈ ਯਤਨਸ਼ੀਲ ‘ਆਮ ਆਦਮੀ ਪਾਰਟੀ’ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਉੱਤਰਾਖੰਡ ਦੌਰੇ ’ਤੇ ਦੇਹਰਾਦੂਨ ਪਹੁੰਚੇ ਅਤੇ ਉੱਥੇ ਸੱਤਾ ’ਚ ਆਉਣ ’ਤੇ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਅਤੇ 13 ਜੁਲਾਈ ਨੂੰ ਗੋਆ ’ਚ ਵੀ ਇਹੀ ਐਲਾਨ ਦੋਹਰਾਇਆ। ਇਸ ਤੋਂ ਪਹਿਲਾਂ ਪੰਜਾਬ ’ਚ ਵੀ ਉਹ ਇਹੀ ਐਲਾਨ ਕਰ ਚੁੱਕੇ ਹਨ।

* 15 ਜੁਲਾਈ ਨੂੰ ਪ੍ਰਧਾਨ ਮੰਤੀਰ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਣਸੀ ’ਚ 1583 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ।

* ਅਗਲੇ ਦਿਨ 16 ਜੁਲਾਈ ਨੂੰ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਨੂੰ 1100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ ਅਤੇ 71 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਹਵਾਈ ਅੱਡਿਆਂ ਵਰਗੀਆਂ ਸਹੂਲਤਾਂ ਨਾਲ ਲੈਸ ਦੇਸ਼ ਦੇ ਪਹਿਲੇ ਫਾਈਵ ਸਟਾਰ ਹੋਟਲ ਵਾਲੇ ਗਾਂਧੀ ਨਗਰ ਕੈਪੀਟਲ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ।

ਇਸੇ ਦਿਨ ਨਰਿੰਦਰ ਮੋਦੀ ਨੇ 2 ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਦੇ ਇਲਾਵਾ ਮੁੜ ਤਿਆਰ ਕੀਤੇ ਵਡਨਗਰ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕੀਤਾ। ਜਿੱਥੇ ਬਚਪਨ ਦੇ ਦਿਨਾਂ ’ਚ ਉਹ ਚਾਹ ਵੇਚਣ ’ਚ ਆਪਣੇ ਪਿਤਾ ਦਾ ਹੱਥ ਵੰਡਾਇਆ ਕਰਦੇ ਸਨ।

* 16 ਜੁਲਾਈ ਨੂੰ ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਲਖਨਊ ਪਹੁੰਚੀ ਅਤੇ ਭਾਰੀ ਭੀੜ ਦੇ ਦੌਰਾਨ ਹਜ਼ਰਤਗੰਜ ’ਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ’ਤੇ ਦੋ ਘੰਟੇ ਦਾ ਮੌਨ ਧਾਰਨ ਕਰਨ ਦੇ ਬਾਅਦ ਕਾਂਗਰਸ ਦਫਤਰ ’ਚ ਪਹੁੰਚ ਕੇ ਮੀਡੀਆ ਨੂੰ ਸੰਬੋਧਿਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਲੋਕਤੰਤਰ ਖਤਰੇ ’ਚ ਹੈ। ਔਰਤਾਂ ਦੇ ਨਾਲ ਘਟੀਆ ਸਲੂਕ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ ਕਰ ਰਹੇ ਹਨ ਕਿ ਉੱਤਰ ਪ੍ਰਦੇਸ਼ ’ਚ ਬਿਹਤਰੀਨ ਕੰਮ ਹੋ ਰਿਹਾ ਹੈ।

* 17 ਜੁਲਾਈ ਨੂੰ ਮਹਾਰਾਸ਼ਟਰ ’ਚ ਸ਼ਿਵਸੈਨਾ ਦੇ ਨਾਲ ਸੱਤਾ ’ਚ ਭਾਈਵਾਲ ਰਾਕਾਂਪਾ ਦੇ ਸੁਪਰੀਮੋ ਅਤੇ ਰਾਜ ਸਭਾ ਮੈਂਬਰ ਸ਼ਰਦ ਪਵਾਰ ਦੀ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਕ ਘੰਟੇ ਤੱਕ ਗੱਲਬਾਤ ਦੇ ਬਾਅਦ ਸਿਆਸੀ ਗਲਿਆਰਿਆਂ ’ਚ ਹਲਚਲ ਮੱਚ ਗਈ।

ਇਸ ਤੋਂ ਪਹਿਲਾਂ 16 ਜੁਲਾਈ ਨੂੰ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਜ ਸਭਾ ’ਚ ਸਦਨ ਦੇ ਆਗੂ ਪਿਊਸ਼ ਗੋਇਲ ਨੂੰ ਵੀ ਮਿਲ ਚੁੱਕੇ ਹਨ।

ਇਸ ਨਾਲ ਚਰਚਾ ਸ਼ੁਰੂ ਹੋ ਗਈ ਹੈ ਕਿ ਮਹਾਰਾਸ਼ਟਰ ’ਚ ਭਾਜਪਾ ਅਤੇ ਰਾਕਾਂਪਾ ਮਿਲ ਕੇ ਸਰਕਾਰ ਬਣਾ ਸਕਦੇ ਹਨ।

* ਇੱਥੇ ਹੀ ਬਸ ਨਹੀਂ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ 25 ਜੁਲਾਈ ਨੂੰ ਦਿੱਲੀ ਦੇ ਦੌਰੇ ’ਤੇ ਆਉਣ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸੋਨੀਆ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਆਦਿ ਨੂੰ ਮਿਲਣ ਦੀ ਸੰਭਾਵਨਾ ਹੈ।

ਕੁਲ ਮਿਲਾ ਕੇ ਭਾਜਪਾ, ਕਾਂਗਰਸ ਅਤੇ ‘ ਆਪ’ ਆਦਿ ਦੇ ਅੰਦਰ ਅਗਲੀਆਂ ਚੋਣਾਂ ’ਚ ਸੱਤਾ ਹਾਸਲ ਕਰਨ ਦੇ ਲਈ ਕੰਮ ਸ਼ੁਰੂ ਹੋ ਗਿਆ ਹੈ, ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਦਿਨਾਂ ’ਚ ਨਵੇਂ ਸਮਝੌਤੇ ਹੋਣ ਦੇ ਇਲਾਵਾ ਲੋਕਾਂ ਨੂੰ ਆਪਣੇ ਨਾਲ ਜੋੜਣ ਦੀ ਕਵਾਇਦ ਤੇਜ਼ ਹੁੰਦੀ ਜਾਵੇਗੀ।

ਇਸ ਦੇ ਨਾਲ ਹੀ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਨਵੇਂ-ਨਵੇਂ ਚੋਣ ਵਾਅਦਿਆਂ, ਨਵੀਆਂ-ਨਵੀਆਂ ਯੋਜਨਾਵਾਂ ਅਤੇ ਨਵੇਂ-ਨਵੇਂ ਐਲਾਨ ਕਰਦੇ ਰਹਿਣਗੇ, ਜਿਸ ਦਾ ਕੁਝ ਨਾ ਕੁਝ ਲਾਭ ਤਾਂ ਦੇਸ਼ ਅਤੇ ਲੋਕਾਂ ਨੂੰ ਪਹੁੰਚੇਗਾ ਹੀ।

- ਵਿਜੇ ਕੁਮਾਰ


Bharat Thapa

Content Editor

Related News