ਬਲਾਤਕਾਰ ’ਚ 2 ਹੋਰ ਬਾਬੇ ਫਸੇ ਹੁਣ ਪਰਮਧਾਮ ਨਿਆਸ ਦੇ ਸੰਚਾਲਕ ਅਤੇ ਪ੍ਰਧਾਨ ’ਤੇ ਯੌਨ ਸ਼ੋਸ਼ਣ ਦਾ ਮੁਕੱਦਮਾ

Tuesday, Aug 27, 2019 - 07:20 AM (IST)

ਬਲਾਤਕਾਰ ’ਚ 2 ਹੋਰ ਬਾਬੇ ਫਸੇ ਹੁਣ ਪਰਮਧਾਮ ਨਿਆਸ ਦੇ ਸੰਚਾਲਕ ਅਤੇ ਪ੍ਰਧਾਨ ’ਤੇ ਯੌਨ ਸ਼ੋਸ਼ਣ ਦਾ ਮੁਕੱਦਮਾ

ਹਰ ਬੀਤਣ ਵਾਲੇ ਦਿਨ ਦੇ ਨਾਲ ਕਲਯੁੱਗ ਦੇ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ। ਆਸਾਰਾਮ ਬਾਪੂ, ਗੁਰਮੀਤ ਰਾਮ ਰਹੀਮ, ਜੈਨ ਸੰਤ ਆਚਾਰੀਆ ਸ਼ਾਂਤੀ ਸਾਗਰ ਅਤੇ ਰਾਜਸਥਾਨ ਦੇ ਕਥਿਤ ਸੰਤ ਕੌਸ਼ਲੇਂਦਰ ਫਲਾਹਾਰੀ ਮਹਾਰਾਜ ਆਦਿ ਦੀ ਕਥਿਤ ਤੌਰ ’ਤੇ ਯੌਨ ਸ਼ੋਸ਼ਣ ਅਤੇ ਹੋਰਨਾਂ ਦੋਸ਼ਾਂ ’ਚ ਗ੍ਰਿਫਤਾਰੀ ਤੋਂ ਬਾਅਦ ਹੁਣ 2 ਹੋਰ ਬਾਬਿਆਂ ’ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਹਨ।

ਮੇਰਠ ਦੇ ਬਦਲੀਪੁਰ ਦੌਰਾਲਾ ਸਥਿਤ ਪਰਮਧਾਮ ਨਿਆਸ ਦੇ ਸੰਚਾਲਕ ਕ੍ਰਾਂਤੀਗੁਰੂ ਚੰਦਰ ਮੋਹਨ ਮਹਾਰਾਜ ਅਤੇ ਆਸ਼ਰਮ ਦੇ ਜਨੇਊ ਕ੍ਰਾਂਤੀ ਪ੍ਰਧਾਨ ਕੁਲਦੀਪ ਦੇ ਵਿਰੁੱਧ ਦੇਹਰਾਦੂਨ ਦੇ ਰਾਜਪੁਰ ਥਾਣੇ ’ਚ 2 ਔਰਤਾਂ ਨੇ ਯੌਨ ਸ਼ੋਸ਼ਣ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਔਰਤਾਂ ਮੁਤਾਬਿਕ ਉਹ 2013 ਤੋਂ ਕ੍ਰਾਂਤੀਗੁਰੂ ਚੰਦਰ ਮੋਹਨ ਮਹਾਰਾਜ ਦੇ ਮਿਸ਼ਨ ਨਾਲ ਜੁੜੀਆਂ ਸਨ। ਇਕ ਪੀੜਤਾ ਅਨੁਸਾਰ 22 ਜੂਨ 2018 ਦੀ ਮਹਿਲਾ ਸਭਾ ’ਚ ਸ਼ਾਮਿਲ ਹੋਣ ਲਈ ਉਹ ਗ੍ਰਾਮ ਸੇਰਾ ਸਹਸਤਰਧਾਰਾ (ਦੇਹਰਾਦੂਨ) ਆਸ਼ਰਮ ਵਿਚ ਗਈ।

ਮੀਟਿੰਗ ਤੋਂ ਬਾਅਦ ਜਦੋਂ ਉਹ ਰਾਤ ਨੂੰ ਆਸ਼ਰਮ ਦੇ ਟੀਨ ਦੇ ਸ਼ੈੱਡ ’ਚ ਸੌਂ ਰਹੀ ਸੀ, ਰਾਤ ਲੱਗਭਗ 12 ਵਜੇ ਉਸ ਨੂੰ ਕਮਰੇ ਵਿਚ ਬੁਲਾਇਆ ਗਿਆ, ਜਿੱਥੇ ਚੰਦਰ ਮੋਹਨ ਮਹਾਰਾਜ ਅਤੇ ਕੁਲਦੀਪ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ ਅਤੇ ਮੂੰਹ ਖੋਲ੍ਹਣ ’ਤੇ ਉਸ ਦੀ ਹੱਤਿਆ ਕਰ ਦੇਣ ਦੀ ਧਮਕੀ ਵੀ ਦਿੱਤੀ।

ਇਸੇ ਤਰ੍ਹਾਂ ਦੂਜੀ ਔਰਤ ਦਾ ਕਹਿਣਾ ਹੈ ਕਿ 17 ਜੂਨ 2019 ਨੂੰ ਚੰਦਰ ਮੋਹਨ ਮਹਾਰਾਜ ਨੇ ਉਸ ਦੇ ਨਾਲ ਵੀ ਬਲਾਤਕਾਰ ਕੀਤਾ ਸੀ ਅਤੇ ਧਮਕੀ ਦਿੱਤੀ ਕਿ ਮੂੰਹ ਖੋਲ੍ਹਣ ’ਤੇ ਉਸ ਦੀ ਅਸ਼ਲੀਲ ਕਲਿੱਪ ਵਾਇਰਲ ਕਰ ਦਿੱਤੀ ਜਾਵੇਗੀ।

ਜਨੇਊ ਕ੍ਰਾਂਤੀ ਅਭਿਆਨ ਦੇ ਪ੍ਰੇਰਕ ਕ੍ਰਾਂਤੀਗੁਰੂ ਚੰਦਰ ਮੋਹਨ ਨੂੰ ਉਨ੍ਹਾਂ ਦੇ ਪੈਰੋਕਾਰ ਪੂਰਨ ਗੁਰੂ ਵੀ ਕਹਿੰਦੇ ਹਨ। ਉਨ੍ਹਾਂ ਦਾ ਆਸ਼ਰਮ ਨਸ਼ੇ ਦੇ ਤਿਆਗ ਅਤੇ ਜਾਤੀ ਭੇਦ ਮਿਟਾਉਣ ਸਮੇਤ ਸਮਾਜ ਵਿਚ ਇਕਜੁੱਟਤਾ ਲਿਆਉਣ ਨਾਲ ਜੁੜੀਆਂ ਸਰਗਰਮੀਆਂ ਚਲਾਉਂਦਾ ਹੈ। ਇਨ੍ਹਾਂ ਦੇ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਦਿੱਲੀ ਵਿਚ ਵੱਡੀ ਗਿਣਤੀ ’ਚ ਪੈਰੋਕਾਰ ਹਨ, ਜਿਨ੍ਹਾਂ ਵਿਚ ਅਨੇਕ ਨੇਤਾ ਵੀ ਸ਼ਾਮਲ ਹਨ।

ਭਗਵਾ ਦੀ ਜਗ੍ਹਾ ਆਧੁਨਿਕ ਪਹਿਰਾਵਾ ਪਹਿਨਣ ਵਾਲੇ ਚੰਦਰ ਮੋਹਨ ਮਹਾਰਾਜ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਮੁਜ਼ੱਫਰਨਗਰ ’ਚ ਤੀਜੀ ਪਤਨੀ ਅਤੇ ਚੇਲੀ ਦੀ ਹੱਤਿਆ ਤੋਂ ਬਾਅਦ ਹੁਣ 2 ਔਰਤਾਂ ਨਾਲ ਰੇਪ ਦੇ ਮਾਮਲੇ ਵਿਚ ਉਨ੍ਹਾਂ ਦਾ ਨਾਂ ਉੱਛਲਿਆ ਹੈ।

ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਣ ਬਣ ਰਹੀਆਂ ਹਨ ਪਰ ਇਸ ਦੇ ਲਈ ਕੁਝ ਹੱਦ ਤਕ ਔਰਤਾਂ ਵੀ ਦੋਸ਼ੀ ਹਨ, ਜੋ ਇਨ੍ਹਾਂ ਅਖੌਤੀ ਬਾਬਿਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਝਾਂਸੇ ਵਿਚ ਆ ਜਾਂਦੀਆਂ ਹਨ ਅਤੇ ਇਨ੍ਹਾਂ ’ਤੇ ਵਿਸ਼ਵਾਸ ਕਰ ਕੇ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ। ਲਿਹਾਜ਼ਾ ਇਸ ਮਾਮਲੇ ਵਿਚ ਔਰਤਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ।

–ਵਿਜੇ ਕੁਮਾਰ\\\
 


author

Bharat Thapa

Content Editor

Related News