ਇਹ ਹੈ ਭਾਰਤ ਦੇਸ਼ ਅਸਾਡਾ! ਭੈਣਾਂ, ਧੀਆਂ ਨਾਲ ਰੇਪ, ਮਾਂ-ਬਾਪ-ਪਤਨੀ ਦੀ ਹੱਤਿਆ

Sunday, Aug 28, 2022 - 01:14 AM (IST)

ਇਹ ਹੈ ਭਾਰਤ ਦੇਸ਼ ਅਸਾਡਾ! ਭੈਣਾਂ, ਧੀਆਂ ਨਾਲ ਰੇਪ, ਮਾਂ-ਬਾਪ-ਪਤਨੀ ਦੀ ਹੱਤਿਆ

ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੱਭਿਆਚਾਰ ਅਤੇ ਉੱਚ ਸੰਸਕਾਰਾਂ ਕਾਰਨ ਸਮੁੱਚਾ ਵਿਸ਼ਵ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਸ਼ਰਨ ’ਚ ਆਉਣ ’ਚ ਮਾਣ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਸਿਰਫ ਇਕ ਮਹੀਨੇ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 28 ਜੁਲਾਈ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਪਿਤਾ ਦੀ ਮੌਤ ਦੇ ਬਾਅਦ ਭਰਾ ਅਤੇ ਭਾਬੀ ’ਤੇ ਨਿਰਭਰ 44 ਸਾਲਾ ਔਰਤ ਦੇ ਨਾਲ ਉਸ ਦੇ ਭਰਾ ਨੇ ਨਾ ਸਿਰਫ ਜਬਰ–ਜ਼ਨਾਹ ਕਰ ਦਿੱਤਾ ਸਗੋਂ ਵਿਰੋਧ ਕਰਨ ’ਤੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਜਿਸ ’ਚ ਉਸ ਦੀ ਪਤਨੀ ਨੇ ਵੀ ਸਾਥ ਦਿੱਤਾ।
* 12 ਅਗਸਤ ਨੂੰ ਮਹਾਰਾਜਗੰਜ (ਉੱਤਰ ਪ੍ਰਦੇਸ਼) ਦੇ ‘ਸਿਸਵਾਮੁੰਸ਼ੀ’ ਪਿੰਡ ’ਚ ਰਹਿਣ ਵਾਲੇ ਅਲੀ ਰਜ਼ਾ ਨਾਂ ਦੇ ਵਿਅਕਤੀ ਨੇ ਆਪਣੀ ਪਹਿਲੀ ਛੱਡੀ ਹੋਈ ਪਤਨੀ ਦੀ ਧੀ ਨੂੰ ਬਹਾਨੇ ਨਾਲ ਘਰ ਸੱਦ ਕੇ ਉਸ ਨਾਲ ਜਬਰ–ਜ਼ਨਾਹ ਕੀਤਾ ਅਤੇ ਮੂੰਹ ਖੋਲ੍ਹਣ ’ਤੇ ਗੰਡਾਸੇ ਨਾਲ ਵੱਢ ਦੇਣ ਦੀ ਧਮਕੀ ਦਿੱਤੀ।
* 12 ਅਗਸਤ ਨੂੰ ਹੀ ਗੁੜਗਾਓਂ (ਹਰਿਆਣਾ) ’ਚ ਇਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਦੇਰ ਤੱਕ ਕਿਸੇ ਨਾਲ ਫੋਨ ’ਤੇ ਗੱਲ ਕਰਦੇ ਦੇਖ ਉਸ ਦੇ ਚਰਿੱਤਰ ’ਤੇ ਸ਼ੱਕ ਦੇ ਕਾਰਨ ਚਾਕੂ ਨਾਲ ਵਾਰ ਕਰਨ ਦੇ ਬਾਅਦ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ।
* 16 ਅਗਸਤ ਨੂੰ ਜਬਲਪੁਰ (ਮੱਧ ਪ੍ਰਦੇਸ਼) ਦੇ ‘ਰਾਂਝੀ’ ਥਾਣਾ ਇਲਾਕੇ ਦੇ ਇਕ ਪਿੰਡ ’ਚ ਆਪਣੇ 2 ਚਚੇਰੇ ਭਰਾਵਾਂ ਵੱਲੋਂ ਬੁਰੀ ਤਰ੍ਹਾਂ ਗੈਂਗਰੇਪ ਦੀ ਸ਼ਿਕਾਰ ਇਕ 16 ਸਾਲਾ ਮੁਟਿਆਰ ਦੀ 20 ਅਗਸਤ ਨੂੰ ਮੌਤ ਹੋ ਗਈ। ਇਸ ਸਬੰਧ ’ਚ ਪੁਲਸ ਨੇ ਮ੍ਰਿਤਕਾ ਦੇ 22 ਸਾਲਾ ਚਚੇਰੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੂਜਾ ਫਰਾਰ ਹੈ।
* 19 ਅਗਸਤ ਨੂੰ ਫਰੀਦਕੋਟ (ਪੰਜਾਬ) ਦੇ ਪਿੰਡ ਬੁੱਟਰ ’ਚ ਨਸ਼ੇ ਦੇ ਆਦੀ 6 ਧੀਆਂ ਅਤੇ ਇਕ ਪੁੱਤ ਦੇ ਪਿਤਾ ਨੇ ਘਰੇਲੂ ਕਲੇਸ਼ ਦੇ ਕਾਰਨ ਕੱਸੀ ਨਾਲ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਬਾਅਦ ਖੁਦ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
* 21 ਅਗਸਤ ਨੂੰ ਬੁਲੰਦ ਸ਼ਹਿਰ (ਉੱਤਰ ਪ੍ਰਦੇਸ਼) ਦੇ ਜੰਗੀਰਾਬਾਦ ਦੇ ਥਾਣਾ ਇਲਾਕੇ ਦੇ ਇਕ ਪਿੰਡ ’ਚ 58 ਸਾਲਾ ਬਜ਼ੁਰਗ ਵੱਲੋਂ ਆਪਣੀ 5 ਸਾਲਾ ਮਾਸੂਮ ਪੋਤੀ ਨਾਲ ਜਬਰ–ਜ਼ਨਾਹ ਦੇ ਦੋਸ਼ ’ਚ ਪੀੜਤਾ ਬੱਚੀ ਦੇ ਪਿਤਾ ਨੇ ਆਪਣੇ ਪਿਤਾ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
* 23 ਅਗਸਤ ਨੂੰ 6 ਸਾਲਾਂ ਤੱਕ ਆਪਣੇ ਪਿਤਾ ਵੱਲੋਂ ਕਈ ਵਾਰ ਜਬਰ–ਜ਼ਨਾਹ ਕਰਨ ਦੇ ਨਤੀਜੇ ਵਜੋਂ ਮਾਨਸਿਕ ਤੇ ਸਰੀਰਕ ਸਦਮੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ 15 ਸਾਲਾ ਲੜਕੀ ਦੀ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਹਸਪਤਾਲ ’ਚ ਮੌਤ ਹੋ ਗਈ।
* 23 ਅਗਸਤ ਨੂੰ ਹੀ ਕਠੂਆ (ਜੰਮੂ) ’ਚ ਇਕ ਵਿਅਕਤੀ 8 ਮਹੀਨੇ ਦੀ ਗਰਭਵਤੀ ਪਤਨੀ ਦੇ ਸਿਰ ’ਤੇ ਕੁਹਾੜੀ ਨਾਲ ਵਾਰ ਕਰ ਕੇ ਹੱਤਿਆ ਕਰਨ ਦੇ ਬਾਅਦ ਫਰਾਰ ਹੋ ਗਿਆ।
* 24 ਅਗਸਤ ਨੂੰ ਹਰਦੋਈ (ਉੱਤਰ ਪ੍ਰਦੇਸ਼) ’ਚ ਸਬਜ਼ੀ ਖਰੀਦ ਕੇ ਆ ਰਹੀ 12 ਸਾਲਾ ਬੱਚੀ ਨਾਲ ਉਸ ਦੇ ਚਾਚੇ ਨੇ ਝਾੜੀਆਂ ’ਚ ਲਿਜਾ ਕੇ ਜਬਰ–ਜ਼ਨਾਹ ਕਰ ਦਿੱਤਾ।
* 24 ਅਗਸਤ ਨੂੰ ਹੀ ਗੁੜਗਾਓਂ (ਹਰਿਆਣਾ) ਦੇ ਸੈਕਟਰ 9 ਏ ਇਲਾਕੇ ’ਚ ਖਾਣੇ ਨੂੰ ਲੈ ਕੇ ਹੋਏ ਝਗੜੇ ਦੇ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਦਿੱਤਾ।
* 26 ਅਗਸਤ ਨੂੰ ਸਵੇਰੇ ਅੰਬਾਲਾ ਦੇ ਪਿੰਡ ਬਲਾਨਾ ’ਚ 34 ਸਾਲਾ ਵਿਅਕਤੀ ਨੇ ਆਪਣੇ ਮਾਤਾ-ਪਿਤਾ, ਪਤਨੀ ਅਤੇ 2 ਮਾਸੂਮ ਬੱਚਿਆਂ ਦੀ ਹੱਤਿਆ ਕਰਨ ਦੇ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।
ਆਪਣੇ ਖੁਦਕੁਸ਼ੀ ਨੋਟ ’ਚ ਉਸ ਨੇ ਯਮੁਨਾਨਗਰ ਦੇ 2 ਵਿਅਕਤੀਆਂ ’ਤੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕਰਨ ਅਤੇ ਉਸ ਨੂੰ ਕਤਲ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ।
* 26 ਅਗਸਤ ਨੂੰ ਹੀ ਫਰੂਖਾਬਾਦ (ਉੱਤਰ ਪ੍ਰਦੇਸ਼) ਦੇ ‘ਮੋਦਰਵਜਾ’ ਥਾਣੇ ਦੇ ਅਧੀਨ ਬਹਾਦੁਰਗੰਜ ਪਿੰਡ ’ਚ ਇਕ ਕਾਲਜ ਅਧਿਆਪਕ ਨੇ ਆਪਣੀਆਂ 7 ਅਤੇ 11 ਸਾਲਾ 2 ਧੀਆਂ ਨੂੰ ਜ਼ਹਿਰ ਦੇ ਕੇ ਹੱਤਿਆ ਕਰਨ ਦੇ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।
* 26 ਅਗਸਤ ਨੂੰ ਹੀ ਬਾਗਪਤ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੇ ਲਗਾਤਾਰ ਰੋ ਰਹੇ ਆਪਣੇ ਪੁੱਤ ਨੂੰ ਚੁੱਪ ਕਰਾਉਣ ’ਚ ਅਸਫਲ ਰਹਿਣ ’ਤੇ ਗੁੱਸੇ ’ਚ ਆ ਕੇ ਉਸ ਨੂੰ ਸਾਹਮਣਿਓਂ ਆ ਰਹੀ ਤੇਜ਼ ਰਫਤਾਰ ਕਾਰ ਦੇ ਅੱਗੇ ਸੁੱਟ ਦਿੱਤਾ ਜਿਸ ਦੇ ਹੇਠਾਂ ਦਰੜੇ ਜਾਣ ’ਤੇ ਮਾਸੂਮ ਨੇ ਦਮ ਤੋੜ ਦਿੱਤਾ।
* 27 ਅਗਸਤ ਨੂੰ ਸਿਰਸਾ (ਹਰਿਆਣਾ) ਦੇ ਪਿੰਡ ‘ਲਕੜਾਵਾਲੀ’ ’ਚ ਸਵੇਰੇ-ਸਵੇਰੇ ਇਕ ਨੌਜਵਾਨ ਨੇ ਜਾਇਦਾਦ ਦੇ ਝਗੜੇ ’ਚ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ।
* 27 ਅਗਸਤ ਨੂੰ ਹੀ ਖੁਰਜਾ (ਉੱਤਰ ਪ੍ਰਦੇਸ਼) ’ਚ ਇਕ ਕਲਯੁਗੀ ਪੁੱਤਰ ਨੇ ਆਪਣੀ ਪਤਨੀ ਅਤੇ ਸਾਲੇ ਦੇ ਨਾਲ ਮਿਲ ਕੇ ਆਪਣੀ ਮਾਂ ਅਰੁਣਾ ਦਾ ਚਿਹਰਾ ਕਿਸੇ ਭਾਰੀ ਵਸਤੂ ਨਾਲ ਦਰੜ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਬਾਅਦ ਲਾਸ਼ ਨੂੰ ਦਰੀ ’ਚ ਲਪੇਟ ਕੇ ਦੂਜੇ ਮੁਹੱਲੇ ’ਚ ਸੁੱਟ ਦਿੱਤਾ। ਪੁਲਸ ਨੂੰ ਧੋਖਾ ਦੇਣ ਦੇ ਲਈ ਦੋਸ਼ੀ ਪੁੱਤਰ ਨੇ ਲਾਸ਼ ਦੇਖਣ ਦੇ ਬਾਅਦ ਆਪਣੀ ਮਾਂ ਨੂੰ ਪਛਾਨਣ ਤੋਂ ਵੀ ਨਾਂਹ ਕਰ ਦਿੱਤੀ।
ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੀਆਂ ਪਿਛਲੇ ਲਗਭਗ ਇਕ ਮਹੀਨ ਦੇ ਦੌਰਾਨ ਸਾਹਮਣੇ ਆਈਆਂ ਇਹ ਤਾਂ ਕੁਝ ਕੁ ਉਦਾਹਰਣਾਂ ਮਾਤਰ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣੀਗਆਂ ਜੋ ਰੌਸ਼ਨੀ ’ਚ ਨਹੀਂ ਆਈਆਂ।
ਉੱਚ ਨੈਤਿਕ ਚਰਿੱਤਰ ਲਈ ਪ੍ਰਸਿੱਧ ਭਾਰਤ ’ਚ ਅਜਿਹੀਆਂ ਘਟਨਾਵਾਂ ਜਿਥੇ ਲੋਕਾਂ ’ਚ ਨੈਤਿਕ ਪਤਨ ਦਾ ਪ੍ਰਮਾਣ ਹਨ, ਉੱਥੇ ਹੀ ਵਿਸ਼ਵ ’ਚ ਭਾਰਤ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੀਆਂ ਹਨ। ਅਜਿਹੇ ਅਪਰਾਧਾਂ ’ਚ ਸ਼ਾਮਲ ਲੋਕ ਸਖਤ ਤੋਂ ਸਖਤ ਸਜ਼ਾ ਦੇ ਪਾਤਰ ਹਨ ਤਾਂ ਕਿ ਦੂਜਿਆਂ ਨੂੰ ਨਾ ਸਿਰਫ ਨਸੀਹਤ ਮਿਲੇ ਸਗੋਂ ਅਜਿਹੀਆਂ ਬੁਰਾਈਆਂ ’ਤੇ ਰੋਕ ਵੀ ਲੱਗੇ। -ਵਿਜੇ ਕੁਮਾਰ


author

Karan Kumar

Content Editor

Related News