ਪੁਰਾਤਨ ਭਾਰਤੀ ਕਲਾਨਿਧੀਆਂ ਦੀ ਚੋਰੀ ਬਣੀ ਵੱਡਾ ਕਾਰੋਬਾਰ

Monday, Apr 03, 2023 - 04:29 AM (IST)

ਪੁਰਾਤਨ ਭਾਰਤੀ ਕਲਾਨਿਧੀਆਂ ਦੀ ਚੋਰੀ ਬਣੀ ਵੱਡਾ ਕਾਰੋਬਾਰ

ਭਾਰਤ ਦੇ ਮੰਦਿਰਾਂ ਅਤੇ ਪੁਰਾਤੱਤਵਿਕ ਅਹਿਮੀਅਤ ਵਾਲੀਆਂ ਹੋਰਨਾਂ ਥਾਵਾਂ ’ਤੇ ਦੇਵ ਮੂਰਤੀਆਂ ਅਤੇ ਹੋਰ ਕਲਾਨਿਧੀਆਂ ਵਜੋਂ ਅਥਾਹ ਖਜ਼ਾਨਾ ਮੌਜੂਦ ਹੈ ਜਿਸ ਨੂੰ ਸਮਾਜ ਵਿਰੋਧੀ ਅਨਸਰ ਭਾਰਤ ਤੋਂ ਚੋਰੀ ਕਰਕੇ ਦੂਜੇ ਦੇਸ਼ਾਂ ’ਚ ਵੇਚ ਕੇ ਕਰੋੜਾਂ ਰੁਪਏ ਕਮਾ ਰਹੇ ਹਨ।

ਵਾਸ਼ਿੰਗਟਨ ਸਥਿਤ ‘ਐਡਵੋਕੇਸੀ ਗਰੁੱਪ ਗਲੋਬਲ ਫਾਈਨੈਂਸ਼ੀਅਲ ਇੰਟੀਗ੍ਰਿਟੀ’ ਦਾ ਅੰਦਾਜ਼ਾ ਹੈ ਕਿ 6 ਬਿਲੀਅਨ ਡਾਲਰ ਹਰ ਸਾਲ ਦੇ ਲੈਣ-ਦੇਣ ਵਾਲਾ ਪੇਂਟਿੰਗ, ਮੂਰਤੀਆਂ ਅਤੇ ਹੋਰ ਕਲਾਨਿਧੀਆਂ ਦਾ ਨਾਜਾਇਜ਼ ਕਾਰੋਬਾਰ ਦੁਨੀਆ ਦੇ ਸਭ ਤੋਂ ਦਿਲਖਿੱਚਵੇਂ ਅਪਰਾਧਿਕ ਅਦਾਰਿਆਂ ’ਚੋਂ ਇਕ ਹੈ।

ਸਤੰਬਰ 2021 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੇ ਦੌਰਾਨ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਨਾਲ ਸਮਝੌਤੇ ਪਿੱਛੋਂ ਅਮਰੀਕਾ ਨੇ ਭਾਰਤ ਨੂੰ 157 ਕਲਾਕ੍ਰਿਤੀਆਂ ਸੌਂਪੀਆਂ ਸਨ।

ਅਤੇ ਹੁਣ ਅਮਰੀਕਾ ’ਚ ਭਾਰਤ ਤੋਂ ਗੈਰ-ਕਾਨੂੰਨੀ ਢੰਗ ਨਾਲ ਲਿਆਂਦੀਆਂ ਗਈਆਂ 15 ਕੀਮਤੀ ਦੇਵ ਮੂਰਤੀਆਂ ਦਾ ਪਤਾ ਲੱਗਣ ’ਤੇ ਨਿਊਯਾਰਕ ਸਥਿਤ ‘ਮੈਟਰੋਪੋਲਿਟਨ ਮਿਊਜ਼ੀਅਮ ਆਫ ਆਰਟ’ ਇਨ੍ਹਾਂ ਨੂੰ ਭਾਰਤ ਵਾਪਸ ਕਰਨ ਵਾਲਾ ਹੈ। ਇਹ ਸਭ ਮੂਰਤੀਆਂ ਇਸ ਸਮੇਂ ਤ੍ਰਿੱਚੀ ਦੀ ਜੇਲ ’ਚ ਬੰਦ ਕਲਾਕ੍ਰਿਤੀਆਂ ਦੇ ਵਪਾਰੀ ਸੁਭਾਸ਼ ਕਪੂਰ ਵੱਲੋਂ ਵੇਚੀਆਂ ਗਈਆਂ ਸਨ।

ਪਹਿਲੀ ਸਦੀ ਈ. ਪੂਰਬ ਤੋਂ ਲੈ ਕੇ 11ਵੀਂ ਸਦੀ ਤੱਕ ਦੀਆਂ ਟੇਰਾਕੋਟਾ, ਤਾਂਬਾ ਅਤੇ ਪੱਥਰ ਤੋਂ ਤਿਆਰ ਇਨ੍ਹਾਂ ਪੁਰਾਤਨ ਕਲਾਨਿਧੀਆਂ ’ਚ 11ਵੀਂ ਸਦੀ ਦੇ ਅੱਧ ਦੀ ਲਗਭਗ 82 ਕਰੋੜ ਰੁਪਏ ਦੀ ਕੀਮਤ ਦੀ ਅਪਸਰਾ ਦੀ 33.5 ਇੰਚ ਉੱਚੀ ਮੂਰਤੀ ਦੇ ਇਲਾਵਾ 8ਵੀਂ ਸਦੀ ਦੀ ਕਾਮਦੇਵ ਦੀ ਮੂਰਤੀ ਅਤੇ ਹੋਰ ਮੂਰਤੀਆਂ ਸ਼ਾਮਲ ਹਨ।

ਸੁਭਾਸ਼ ਕਪੂਰ ਨੂੰ ਜਰਮਨੀ ਦੀ ਪੁਲਸ ਨੇ 2012 ’ਚ ਗ੍ਰਿਫਤਾਰ ਕਰਨ ਪਿੱਛੋਂ ਤਮਿਲਨਾਡੂ ਸੀ. ਆਈ. ਡੀ. ਦੇ ਮੂਰਤੀ ਵਿੰਗ ਦੇ ਹਵਾਲੇ ਕਰ ਦਿੱਤਾ ਸੀ। ਬੀਤੇ ਸਾਲ ਉਸ ਨੂੰ ਤਮਿਲਨਾਡੂ ਦੇ ਇਕ ਮੰਦਿਰ ਤੋਂ 94 ਕਰੋੜ ਰੁਪਏ ਦੀ ਕੀਮਤ ਦੀਆਂ 19 ਪੁਰਾਤਨ ਮੂਰਤੀਆਂ ਚੋਰੀ ਕਰ ਕੇ ਨਿਊਯਾਰਕ ਦੀ ਇਕ ਆਰਟ ਗੈਲਰੀ ਨੂੰ ਵੇਚਣ ਦੇ ਦੋਸ਼ ਹੇਠ ਦੋਸ਼ੀ ਠਹਿਰਾ ਕੇ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਸੁਭਾਸ਼ ਕਪੂਰ ’ਤੇ ਦੋਸ਼ ਹੈ ਕਿ ਉਸ ਨੇ ਬਰੁਕਲਿਨ, ਹਾਂਗਕਾਂਗ, ਭਾਰਤ, ਲੰਡਨ ਅਤੇ ਸਿੰਗਾਪੁਰ ’ਚ ਸਰਗਰਮ ਸਮੱਗਲਰਾਂ ਦੇ ਇਕ ਕੌਮਾਂਤਰੀ ਗਿਰੋਹ ਨਾਲ ਮਿਲ ਕੇ ਅਮਰੀਕਾ ’ਚ 145 ਮਿਲੀਅਨ ਡਾਲਰ ਮੁੱਲ ਦੀਆਂ ਲਗਭਗ 2600 ਪ੍ਰਾਚੀਨ ਕਲਾਨਿਧੀਆਂ ਦੀ ਸਮੱਗਲਿੰਗ ਕੀਤੀ ਹੈ।

ਸਿੰਗਾਪੁਰ ਸਥਿਤ, ਭਾਰਤੀ ਮੂਲ ਦੇ ਸ਼ਿਪਿੰਗ ਕਾਰਜਕਾਰੀ ਐੱਸ. ਵਿਜੇ ਕੁਮਾਰ ਮੁਤਾਬਕ ਭਾਰਤ ਨੂੰ ਇਹ ਕਲਾਨਿਧੀਆਂ ਮਿਲਣ ਦੇ ਬਾਵਜੂਦ ਅਜੇ ਵੀ ਦੁਨੀਆ ’ਚ ਉਸ ਦੀਆਂ ਵੇਚੀਆਂ ਹਜ਼ਾਰਾਂ ਨਹੀਂ ਤਾਂ ਸੈਂਕੜੇ ਅਜਿਹੀਆਂ ਕਲਾਨਿਧੀਆਂ ਜ਼ਰੂਰ ਹੋਣਗੀਆਂ।

ਉਕਤ ਦੋਵੇਂ ਕਾਂਡ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਵੇਂ ਕਾਨੂੰਨ ਦੀ ਵਿਵਸਥਾ ਦੇ ਬਾਵਜੂਦ ਭਾਰਤ ਦੀ ਕੀਮਤੀ ਵਿਰਾਸਤ ਅਤੇ ਸੱਭਿਆਚਾਰਕ ਜਾਇਦਾਦ ਸਮੱਗਲਰਾਂ ਅਤੇ ਚੋਰੀ ਕਰਨ ਵਾਲਿਆਂ ਦੇ ਹੱਥਾਂ ’ਚ ਜਾ ਰਹੀ ਹੈ।

ਹਿੰਦੂ ਧਾਰਮਿਕ ਅਤੇ ਧਰਮਾਰਥ ਬੰਦੋਬਸਤੀ ਵਿਭਾਗ ਦੀ 2018 ’ਚ ਆਈ ਇਕ ਆਡਿਟ ਰਿਪੋਰਟ ਅਨੁਸਾਰ 1992 ਅਤੇ 2017 ਦਰਮਿਆਨ ਇਕੱਲੇ ਦੱਖਣੀ ਭਾਰਤ ਦੇ ਤਮਿਲਨਾਡੂ ਦੇ ਮੰਦਿਰਾਂ ’ਚੋਂ 1200 ਪੁਰਾਤਨ ਮੂਰਤੀਆਂ ਦੀ ਚੋਰੀ ਹੋਈ।

ਕੁਲ ਮਿਲਾ ਕੇ ਇਸ ਮਿਆਦ ਦੌਰਾਨ ਪੂਰੇ ਭਾਰਤ ’ਚ 3676 ਸੁਰੱਖਿਅਤ ਯਾਦਗਾਰਾਂ ’ਚੋਂ 4408 ਵਸਤਾਂ ਦੀ ਚੋਰੀ ਹੋਈ ਪਰ ਪੁਲਸ ਵੱਲੋਂ ਸਿਰਫ 1493 ਨੂੰ ਫੜਿਆ ਗਿਆ। ਬਾਕੀ ਕਲਾਕ੍ਰਿਤੀਆਂ ’ਚੋਂ ਲਗਭਗ 2913 ਨੂੰ ਦੁਨੀਆ ਦੇ ਡੀਲਰਾਂ ਅਤੇ ਨਿਲਾਮੀ ਘਰਾਂ ’ਚ ਭੇਜ ਦਿੱਤੇ ਜਾਣ ਦਾ ਖਦਸ਼ਾ ਹੈ।

ਐੱਸ. ਵਿਜੇ ਕੁਮਾਰ ਮੁਤਾਬਕ ਭਾਰਤੀ ਮੰਦਿਰਾਂ ’ਚੋਂ ਹਰ ਸਾਲ ਅੰਦਾਜ਼ਨ 1000 ਪੁਰਾਤਨ ਕਲਾਕ੍ਰਿਤੀਆਂ ਚੋਰੀ ਕਰ ਕੇ ਕੌਮਾਂਤਰੀ ਬਾਜ਼ਾਰ ’ਚ ਭੇਜ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਵੱਕਾਰੀ ਨਿਲਾਮੀ ਘਰਾਂ ਵੱਲੋੋਂ ਆਯੋਜਿਤ ਨਿਲਾਮੀ ’ਚ ਉੱਚੀ ਬੋਲੀ ਲਾਉਣ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ। ਇਨ੍ਹਾਂ ’ਚੋਂ ਸਿਰਫ 5 ਫੀਸਦੀ ਦੀ ਹੀ ਚੋਰੀ ਦੀ ਰਿਪੋਰਟ ਦਰਜ ਹੁੰਦੀ ਹੈ।

ਬੇਸ਼ੱਕ ਅਮਰੀਕੀ ਮਿਊਜ਼ੀਅਮ ਨੇ ਸਾਡੀਆਂ ਕਲਾਨਿਧੀਆਂ ਵਾਪਸ ਕਰਨ ਦੀ ਪਹਿਲ ਕੀਤੀ ਹੈ ਪਰ ਇੰਗਲੈਂਡ ਆਦਿ ਕਈ ਦੇਸ਼ ਤਾਂ ਆਪਣੇ ਦੇਸ਼ ’ਚ ਪਹੁੰਚੀਆਂ ਸਾਡੀਆਂ ਕਲਾਨਿਧੀਆਂ ਨੂੰ ਵਾਪਸ ਹੀ ਨਹੀਂ ਕਰ ਰਹੇ। ਆਮ ਤੌਰ ’ਤੇ ਸਾਡੇ ਮਨ ’ਚ ਇਹ ਵਿਚਾਰ ਆਉਂਦਾ ਹੈ ਕਿ ਵਿਦੇਸ਼ੀ (ਇੰਗਲੈਂਡ) ਤਾਂ ਸਾਡੇ ਦੇਸ਼ ’ਚੋਂ ਕੋਹਿਨੂਰ ਹੀ ਲੈ ਕੇ ਗਏ ਹਨ ਪਰ ਅਸਲੀਅਤ ਅਜਿਹੀ ਨਹੀਂ ਹੈ।

ਸਾਡੀਆਂ ਪੁਰਾਤੱਤਵਿਕ ਅਹਿਮੀਅਤ ਦੀਆਂ ਜਿੰਨੀਆਂ ਵੀ ਥਾਵਾਂ ਹਨ, ਭਾਵੇਂ ਉਹ ਸਿੰਧੂ ਘਾਟੀ ਸੱਭਿਅਤਾ ਜਾਂ ਗੌਤਮ ਬੁੱਧ ਨਾਲ ਜੁੜੇ ਸਾਰਨਾਥ ਹੋਣ, ਹੜੱਪਾ ਜਾਂ ਨਾਲੰਦਾ ਉੱਥੋਂ ਰਾਤ ਦੇ ਸਮੇਂ ਤੰਬੂ ਲਗਾ ਕੇ ਮੂਰਤੀਆਂ ਆਦਿ ਚੋਰੀ ਕਰਕੇ ਬਾਹਰ ਭੇਜੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਸਮੱਗਲਿੰਗ ਜਾਰੀ ਹੈ।

ਇਸ ਲਈ ਭਾਰਤ ਨੂੰ ਆਪਣੀਆਂ ਕਲਾਨਿਧੀਆਂ ਦੀ ਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਕਾਨੂੰਨ ਦੀ ਲੋੜ ਹੈ। ਕੌਮਾਂਤਰੀ ਬਾਜ਼ਾਰ ’ਚ ਲਗਭਗ ਸਭ ਚੋਰੀ ਕੀਤੀਆਂ ਗਈਆਂ ਭਾਰਤੀ ਕਲਾਨਿਧੀਆਂ ਬਿਨਾਂ ਦਸਤਾਵੇਜ਼ਾਂ ਤੋਂ ਹਨ।

ਇਤਿਹਾਸਕਾਰ ਇਤਿਹਾਸਕ ਖਜ਼ਾਨੇ ਦੀ ਚੋਰੀ ਰੋਕਣ ਦੇ ਲਈ ਭਾਰਤ ਦੇ ਕਾਨੂੰਨਾਂ ਦੀ ਕਮਜ਼ੋਰੀ ਵੱਲ ਇਸ਼ਾਰਾ ਕਰਦੇ ਹਨ। ਇਸ ਦੇ ਇਲਾਵਾ ਸਾਡੇ ਇੱਥੇ ਅਜਿਹੇ ਸਮੱਗਲਰਾਂ ਅਤੇ ਚੋਰਾਂ ਦੇ ਲਈ ਸਖਤ ਸਜ਼ਾ ਦਾ ਪ੍ਰਬੰਧ ਵੀ ਨਹੀਂ ਹੈ। ਮੌਜੂਦਾ ਐਕਟ ’ਚ ਇਹ ਜ਼ਰੂਰੀ ਹੈ ਕਿ ਪੁਰਾਤਨ ਵਸਤਾਂ ਦੇ ਮਾਲਿਕ ਉਨ੍ਹਾਂ ਨੂੰ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਕੋਲ ਰਜਿਸਟਰਡ ਕਰਨ, ਜੋ ਪੁਰਾਤੱਤਵਿਕ ਖੋਦਾਈ, ਯਾਦਗਾਰਾਂ ਦੀ ਸੁਰੱਖਿਆ ਅਤੇ ਵਿਰਾਸਤ ਵਾਲੀਆਂ ਥਾਵਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਨੋਡਲ ਏਜੰਸੀ ਹੈ।

ਕਾਨੂੰਨ ਪੁਰਾਵਸ਼ੇਸ਼ਾਂ ਦੀ ਬਰਾਮਦ ’ਤੇ ਵੀ ਪਾਬੰਦੀ ਲਾਉਂਦਾ ਹੈ ਅਤੇ ਸਿਰਫ ਲਾਇਸੰਸ ਅਧੀਨ ਦੇਸ਼ ਅੰਦਰ ਉਨ੍ਹਾਂ ਦੀ ਵਿਕਰੀ ਦੀ ਆਗਿਆ ਦਿੰਦਾ ਹੈ। ਇਸ ਦੇ ਉਲਟ, ਸਮੱਗਲਿੰਗ ਨਾਲ ਹੋਣ ਵਾਲੀ ਕਮਾਈ ਬਹੁਤ ਵਧੇਰੇ ਹੈ।


author

Anmol Tagra

Content Editor

Related News