ਸਥਾਈ ਹੋਵੇਗਾ ਘਰ ਤੋਂ ਕੰਮ ਕਰਨ ਦਾ ਰੁਝਾਨ

10/12/2020 2:14:35 AM

ਕੋਰੋਨਾ ਮਹਾਮਾਰੀ ਕਾਰਨ ਮਜਬੂਰੀ ’ਚ ਦੁਨੀਆ ਭਰ ’ਚ ‘ਵਰਕ ਫਰਾਮ ਹੋਮ’ ਭਾਵ ਘਰ ਤੋਂ ਕੰਮ ਕਰਨ ਦਾ ਰੁਝਾਨ ਸ਼ੁਰੂ ਹੋਇਆ ਪਰ ਹੁਣ ਕੁਝ ਕੰਪਨੀਅਾਂ ਆਪਣੇ ਕਰਮਚਾਰੀਅਾਂ ਨੂੰ ਸਥਾਈ ਤੌਰ ’ਤੇ ਘਰ ਤੋਂ ਕੰਮ ਕਰਨ ਦੀ ਛੋਟ ਦੇਣ ਦੀ ਦਿਸ਼ਾ ’ਚ ਵੀ ਕਦਮ ਵਧਾਉਣ ਲੱਗੀਆਂ ਹਨ।

ਨਵੇਂ ਘਟਨਾਕ੍ਰਮ ਦੇ ਤਹਿਤ ਹਾਲ ਹੀ ’ਚ ਮਾਈਕ੍ਰੋਸਾਫਟ ਵਲੋਂ ਆਪਣੇ ਕਰਮਚਾਰੀਅਾਂ ਨੂੰ ਭੇਜੇ ਗਏ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਕਰਮਚਾਰੀ ਸਥਾਈ ਤੌਰ ’ਤੇ ਘਰ ਤੋਂ ਕੰਮ ਕਰ ਸਕਦੇ ਹਨ, ਬਸ਼ਰਤੇ ਕਿ ਉਨ੍ਹਾਂ ਦੇ ਮੈਨੇਜਰ ਇਸ ਦੇ ਲਈ ਸਹਿਮਤ ਹੋਣ। ਇਸ ਕਦਮ ਨਾਲ ਕੰਪਨੀ ਆਪਣੇ ਅਮਰੀਕੀ ‘ਟੈਕ ਮਹਾਰਥੀ’ ਵਿਰੋਧੀਆਂ ਫੇਸਬੁੱਕ ਅਤੇ ਟਵਿਟਰ ਦੇ ਨਕਸ਼ੇ-ਕਦਮ ’ਤੇ ਚੱਲਣ ਲੱਗੀ ਹੈ ਜੋ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਘਰ ਤੋਂ ਕੰਮ ਕਰਨਾ ਇਕ ਸਥਾਈ ਬਦਲ ਹੋਵੇਗਾ।

ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਦਫਤਰ ਤੋਂ ਦੂਰ ਰਹਿੰਦੇ ਹੋਏ ਕੰਮ ਕਰਨ ਨੂੰ ਪ੍ਰਵਾਨਗੀ ਦੇਣ ਦੇ ਵਧਦੇ ਇਸ ਰੁਝਾਨ ਦੇ ਤਹਿਤ ਕਈ ਕੰਪਨੀਅਾਂ ਇਸ ਗੱਲ ’ਤੇ ਮੁੜ ਵਿਚਾਰ ਕਰ ਰਹੀਅਾਂ ਹਨ ਕਿ ਦਫਤਰਾਂ ’ਚ ਹੁਣ ਕਿੰਨੀ ਜਗ੍ਹਾ ਦੀ ਲੋੜ ਹੈ।

ਮਾਈਕ੍ਰੋਸਾਫਟ ਦੇ ਅਨੁਸਾਰ ਕੁਝ ਕੰਮਾਂ ਲਈ ਹਾਜ਼ਰੀ ਜ਼ਰੂਰੀ ਹੁੰਦੀ ਹੈ ਜਿਵੇਂ ਕਿ ਹਾਰਡਵੇਅਰ ਸੰਬੰਧੀ ਕੰਮ ਪਰ ਕਈ ਕਰਮਚਾਰੀ ਆਪਣੇ ਮੈਨੇਜਰਾਂ ਤੋਂ ਰਸਮੀ ਇਜਾਜ਼ਤ ਦੇ ਬਿਨਾਂ ਵੀ ਘਰ ਤੋਂ ਪਾਰਟ ਟਾਈਮ ਕੰਮ ਕਰ ਸਕਦੇ ਹਨ।

ਕੰਪਨੀ ਦੇ ਇਕ ਬੁਲਾਰੇ ਦੇ ਅਨੁਸਾਰ ਨਵੇਂ ਦਿਸ਼ਾ-ਨਿਰਦੇਸ਼ ਯੂ. ਕੇ. ’ਚ ਕੰਮ ਕਰ ਰਹੇ ਉਨ੍ਹਾਂ ਦੇ ਕਰਮਚਾਰੀਅਾਂ ’ਤੇ ਵੀ ਲਾਗੂ ਹੋਣਗੇ।

ਯੂਨਾਈਟਿਡ ਕਿੰਗਡਮ ਦੇ ਰਾਸ਼ਟਰੀ ਅੰਕੜਾ ਦਫਤਰ ਦੇ ਅਨੁਸਾਰ ਅਪ੍ਰੈਲ ਤਕ ਤਾਇਨਾਤ ਲੋਕਾਂ ’ਚੋਂ 46 ਫੀਸਦੀ ਤੋਂ ਵੱਧ ਘਰ ਤੋਂ ਕੰਮ ਕਰ ਰਹੇ ਸਨ।

ਸਟੈਨਫੋਰਡ ਯੂਨੀਵਰਸਿਟੀ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਨਿਕੋਲਸ ਬਲੂਮ ਦੇ ਅਨੁਸਾਰ ਇਹ ਫੀਸਦੀ ਅਮਰੀਕਾ ਦੇ ਬਰਾਬਰ ਸੀ ਜਿਥੇ ਮਈ ’ਚ 42 ਫੀਸਦੀ ਕਾਰਜਬਲ ਦਫਤਰ ਤੋਂ ਦੂਰ ਰਹਿ ਕੇ ਕਾਰਜ ਕਰ ਰਿਹਾ ਸੀ। ਅਗਸਤ ’ਚ ਘਟ ਕੇ ਇਹ ਲਗਭਗ 35 ਫੀਸਦੀ ਰਹਿ ਗਿਆ, ਫਿਰ ਵੀ ਇਹ ਇਕ ਵੱਡੇ ਬਦਲਾਅ ਦਾ ਸੰਕੇਤ ਹੈ ਕਿਉਂਕਿ ਮਹਾਮਾਰੀ ਤੋਂ ਪਹਿਲਾਂ ਸਿਰਫ 2 ਫੀਸਦੀ ਕਰਮਚਾਰੀ ਹੀ ਦਫਤਰ ਤੋਂ ਦੂਰ ਰਹਿ ਕੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਅਨੁਸਾਰ, ‘‘ਹੁਣ ਅਸੀਂ ਜੋ ਕਰ ਰਹੇ ਹਾਂ ਉਹ ਬੇਹੱਦ ਅਸਾਧਾਰਨ ਹੈ।’’

ਸ਼ੁਰੂ ’ਚ ਕਈ ਰੋਜ਼ਗਾਰਦਾਤਿਆਂ ਨੇ ਹੈਰਾਨੀਜਨਕ ਢੰਗ ਨਾਲ ਉਤਪਾਦਕ ਮੰਨਦੇ ਹੋਏ ਇਸ ਬਦਲਾਅ ਦਾ ਸਵਾਗਤ ਕੀਤਾ ਪਰ ਜਿਵੇਂ-ਜਿਵੇਂ ਮਹੀਨੇ ਬੀਤੇ, ਕੁਝ ਕਮੀਅਾਂ ਸਾਹਮਣੇ ਆਈਅਾਂ ਹਨ, ਜਿਵੇਂ ਕਿ ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਦੇ ਅਨੁਸਾਰ, ‘‘ਨਿੱਜੀ ਜ਼ਿੰਦਗੀ ਅਤੇ ਕੰਮ ਦੀ ਜ਼ਿੰਦਗੀ ’ਚ ਫਰਕ ਨਾ ਹੋਣ ਦਾ ਮਤਲਬ ਹੈ ਕਿ ਕਦੇ-ਕਦੇ ਲੱਗਦਾ ਹੈ ਜਿਵੇਂ ਤੁਸੀਂ ਦਫਤਰ ’ਚ ਹੀ ਸੌਂ ਰਹੇ ਹੋ।’’

ਹਾਲਾਂਕਿ ਵਧੇਰੇ ਅਮਰੀਕੀ ਰੋਜ਼ਗਾਰਦਾਤਿਆਂ ਨੇ ਇਕ ਸਰਵੇਖਣ ’ਚ ਆਸ ਪ੍ਰਗਟਾਈ ਕਿ ਮਹਾਮਾਰੀ ਦੇ ਬਾਅਦ ਵੀ 22 ਫੀਸਦੀ ਕਰਮਚਾਰੀ ਘਰ ਤੋਂ ਕੰਮ ਜਾਰੀ ਰੱਖ ਸਕਦੇ ਹਨ, ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ ਤਕ ਸਿਰਫ 7 ਫੀਸਦੀ ਸੀ।

ਲਗਭਗ 55 ਫੀਸਦੀ ਰੋਜ਼ਗਾਰਦਾਤਿਆਂ ਨੂੰ ਲੱਗਦਾ ਹੈ ਕਿ ਵਾਇਰਸ ਦਾ ਖਤਰਾ ਖਤਮ ਹੋਣ ਦੇ ਬਾਅਦ ਵੀ ਹਫਤੇ ’ਚ ਘੱਟ ਤੋਂ ਘੱਟ ਇਕ ਦਿਨ ਘਰੋਂ ਕੰਮ ਕਰਨ ਦੀ ਛੋਟ ਕਰਮਚਾਰੀਅਾਂ ਨੂੰ ਮਿਲੇਗੀ ਅਤੇ 80 ਫੀਸਦੀ ਤੋਂ ਵੱਧ ਕਰਮਚਾਰੀ ਵੀ ਇਸ ਵਿਚਾਰ ਨਾਲ ਸਹਿਮਤ ਹਨ।

ਇਸ ਦੌਰਾਨ ਸਮੇਂ-ਸਮੇਂ ’ਤੇ ਕੰਮ ਕਰਨ ਦੀਅਾਂ ਸ਼ੈਲੀਅਾਂ ਬਦਲਦੀਅਾਂ ਰਹਿਣਗੀਅਾਂ ਪਰ ਹੁਣ ਜੋ ਬਦਲਾਅ ਆਏਗਾ, ਉਹ ਸਮਾਜਿਕ ਤੌਰ ’ਤੇ ਵੀ ਇਕੱਲਾਪਨ ਲਿਆਵੇਗਾ।


Bharat Thapa

Content Editor

Related News