ਮਾਹਿਰ ਡਾਕਟਰਾਂ ਦੀਆਂ ਸੇਵਾਵਾਂ 65 ਸਾਲ ਤਕ ਲੈਣ ਦਾ ਸਹੀ ਫੈਸਲਾ

09/24/2019 12:49:06 AM

ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਮੈਡੀਕਲ ਸੇਵਾਵਾਂ ਦੀ ਸਥਿਤੀ ਬੇਹੱਦ ਗੈਰ-ਤਸੱਲੀਬਖਸ਼ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 2017 ਦੀ ਇਕ ਰਿਪੋਰਟ ਅਨੁਸਾਰ ਹਰੇਕ 8859 ਲੋਕਾਂ ’ਤੇ ਇਕ ਸਰਕਾਰੀ ਡਾਕਟਰ ਹੀ ਇਥੇ ਮੁਹੱਈਆ ਸੀ। ਸੂਬੇ ’ਚ ਆਮ ਇਲਾਜ ਸਹੂਲਤਾਂ ਦੀ ਤਾਂ ਘਾਟ ਹੈ ਹੀ, ਮਾਹਿਰ ਡਾਕਟਰਾਂ ਦੀ ਤਾਂ ਹੋਰ ਵੀ ਜ਼ਿਆਦਾ ਘਾਟ ਹੈ। ਇਸੇ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਨੇ ਮਾਹਿਰ ਡਾਕਟਰਾਂ ਦੀ ਸੇਵਾ-ਮੁਕਤੀ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ ਪਰ ਉਹ 60 ਸਾਲ ਤੋਂ ਬਾਅਦ ਆਪਣੀਆਂ ਸੇਵਾਵਾਂ ਠੇਕਾ ਆਧਾਰ ’ਤੇ ਹੀ ਦੇਣਗੇ।

ਸ਼ੁਰੂ ’ਚ ਹਰੇਕ ਮਾਹਿਰ ਡਾਕਟਰ ਨੂੰ ਇਕ ਸਾਲ ਲਈ ਠੇਕਾ ਆਧਾਰ ’ਤੇ ਨਿਯੁਕਤ ਕੀਤਾ ਜਾਵੇਗਾ, ਜਿਸ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹਰੇਕ ਸਾਲ ਵਿਸਤਾਰ ਕੀਤਾ ਜਾਵੇਗਾ। ਉਨ੍ਹਾਂ ਦੀ ਤਨਖਾਹ ਸੇਵਾਕਾਲ ਦੀ ਆਖਰੀ ਤਨਖਾਹ ’ਚੋਂ ਪੈਨਸ਼ਨ ਦੀ ਰਕਮ ਘਟਾ ਕੇ ਬਚਦੀ ਰਕਮ ਨਾਲੋਂ ਜ਼ਿਆਦਾ ਨਹੀਂ ਹੋਵੇਗੀ। ਠੇਕੇ ਦੀ ਮਿਆਦ ਦੌਰਾਨ ਉਨ੍ਹਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕਿਉਂਕਿ ਡਾਕਟਰੀ ਦੀ ਪੜ੍ਹਾਈ ਬਹੁਤ ਮਹਿੰਗੀ ਹੈ ਅਤੇ ਇਕ ਡਾਕਟਰ ਦੀ ਤਿਆਰੀ ’ਤੇ ਸਰਕਾਰ ਦਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ, ਇਸੇ ਕਾਰਣ ਦੇਸ਼ ’ਚ ਕਈ ਸੂਬਿਆਂ ਦੀਆਂ ਸਰਕਾਰਾਂ ਜ਼ਿਆਦਾ ਤੋਂ ਜ਼ਿਆਦਾ ਮਿਆਦ ਤਕ ਡਾਕਟਰਾਂ ਦੀਆਂ ਸੇਵਾਵਾਂ ਲੈਣ ਲਈ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਠੇਕੇ ’ਤੇ ਰੱਖਣ ਦਾ ਫਾਰਮੂਲਾ ਅਪਣਾ ਰਹੀਆਂ ਹਨ ਅਤੇ ਓਡਿਸ਼ਾ ਸਰਕਾਰ ਨੇ ਤਾਂ ਆਪਣੇ ਠੇਕੇ ’ਤੇ ਕੰਮ ਕਰਨ ਵਾਲੇ ਡਾਕਟਰਾਂ ਦੀ ਰਿਟਾਇਰਮੈਂਟ ਦੀ ਉਮਰ 68 ਸਾਲ ਤੋਂ ਵਧਾ ਕੇ 70 ਸਾਲ ਕਰ ਦਿੱਤੀ ਹੈ।

ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਦੁਨੀਆ ’ਚ ਵੱਖ-ਵੱਖ ਸਰਕਾਰੀ ਸੇਵਾਵਾਂ ’ਚ ਕੰਮ ਕਰਦੇ ਮੁਲਾਜ਼ਮਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਹੱਦ ਵਧਾਈ ਜਾ ਰਹੀ ਹੈ। ਮਿਸਾਲ ਵਜੋਂ ਨੀਦਰਲੈਂਡ, ਫਿਨਲੈਂਡ, ਫਰਾਂਸ, ਜਰਮਨੀ ਅਤੇ ਸਪੇਨ ’ਚ ਰਿਟਾਇਰਮੈਂਟ ਦੀ ਉਮਰ 65 ਸਾਲ ਤੋਂ 66 ਸਾਲ ਦੇ ਦਰਮਿਆਨ ਹੈ। ਜਾਪਾਨ ’ਚ 62 ਸਾਲ 7 ਮਹੀਨੇ ਤਾਂ ਇੰਗਲੈਂਡ ’ਚ ਮਰਦਾਂ ਨੂੰ 65 ਸਾਲ ਅਤੇ ਔਰਤਾਂ ਨੂੰ 60 ਸਾਲ ਦੀ ਉਮਰ ’ਚ ਰਿਟਾਇਰ ਕੀਤਾ ਜਾਂਦਾ ਹੈ। ਲੀਬੀਆ ’ਚ ਰਿਟਾਇਰਮੈਂਟ ਦੀ ਉਮਰ 65 ਸਾਲ ਤੋਂ ਵਧਾ ਕੇ 67 ਸਾਲ ਕਰ ਦਿੱਤੀ ਗਈ ਹੈ। ਆਈਸਲੈਂਡ ਅਤੇ ਨਾਰਵੇ ’ਚ 67 ਸਾਲ ਅਤੇ ਅਮਰੀਕਾ ’ਚ 1938 ਤੋਂ ਬਾਅਦ ਪੈਦਾ ਹੋਏ ਲੋਕਾਂ ਲਈ ਰਿਟਾਇਰਮੈਂਟ ਦੀ ਉਮਰ 65 ਸਾਲ ਤੈਅ ਕੀਤੀ ਗਈ ਹੈ ਪਰ ਉਥੇ 66 ਸਾਲ ਦੀ ਉਮਰ ਤਕ ਦੇ ਲੋਕ ਕੰਮ ਕਰ ਸਕਦੇ ਹਨ। ਉਥੇ 1959 ਤੋਂ ਬਾਅਦ ਜਨਮੇ ਲੋਕਾਂ ਦੀ ਰਿਟਾਇਰਮੈਂਟ ਦੀ ਉਮਰ ਵਧਾ ਕੇ 67 ਸਾਲ ਕਰ ਦਿੱਤੀ ਗਈ ਹੈ।

ਇਸ ਲਿਹਾਜ਼ ਨਾਲ ਪੰਜਾਬ ਸਰਕਾਰ ਵਲੋਂ ਮਾਹਿਰ ਡਾਕਟਰਾਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕਰਨ ਦਾ ਫੈਸਲਾ ਸਹੀ ਹੈ। ਇਸ ਨਾਲ ਸੂਬੇ ’ਚ ਮਾਹਿਰ ਡਾਕਟਰਾਂ ਦੀ ਘਾਟ ਦੂਰ ਕਰਨ ’ਚ ਸਹਾਇਤਾ ਮਿਲੇਗੀ ਅਤੇ ਰੋਗੀਆਂ ਨੂੰ ਵੀ ਕੁਝ ਲਾਭ ਪਹੁੰਚੇਗਾ।

–ਵਿਜੇ ਕੁਮਾਰ


Bharat Thapa

Content Editor

Related News