‘ਦੇਸ਼ ਨੂੰ ਖੋਖਲਾ ਕਰ ਰਿਹਾ’ ‘ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਘੁਣ’
Sunday, Nov 08, 2020 - 03:32 AM (IST)

ਦੇਸ਼ ’ਚ ਦਹਾਕਿਆਂ ਤੋਂ ਵਧ ਰਹੀ ਭ੍ਰਿਸ਼ਟਾਚਾਰ ਰੂਪੀ ਜ਼ਹਿਰੀਲੀ ਵੇਲ ਪਹਿਲਾਂ ਵਾਂਗ ਫਲ-ਫੁੱਲ ਰਹੀ ਹੈ ਅਤੇ ਤ੍ਰਾਸਦੀ ਇਹ ਹੈ ਕਿ ਭ੍ਰਿਸ਼ਟਾਚਾਰ ਖਾਤਮਾ ਅਤੇ ਕਾਨੂੰਨ ਵਿਵਸਥਾ ਦੇ ਲਈ ਜ਼ਿੰਮੇਵਾਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਇਸ ’ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦੀਆਂ 12 ਦਿਨਾਂ ਦੀਆਂ 17 ਉਦਾਹਰਣਾਂ ਹੇਠਾਂ ਦਰਜ ਹਨ-
* 27 ਅਕਤੂਬਰ ਨੂੰ ‘ਨਸ਼ਾ ਰੋਕੂ ਕਾਨੂੰਨ’ ਦੇ ਅਧੀਨ ਗ੍ਰਿਫਤਾਰ ਮੁਲਜ਼ਮ ਨੂੰ ਜ਼ਮਾਨਤ ਦਿਵਾਉਣ ਦੇ ਬਦਲੇ ’ਚ ਰਿਸ਼ਵਤ ਲੈਣ ਦੇ ਦੋਸ਼ ’ਚ ‘ਖਾਲੜਾ’ ਥਾਣਾ ਦੇ ਏ. ਐੱਸ. ਆਈ. ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰ ਕੇ ਸਸਪੈਂਡ ਕੀਤਾ ਗਿਆ।
* 28 ਅਕਤੂਬਰ ਨੂੰ ਫਰੀਦਕੋਟ ਸੈਂਟਰਲ ਜੇਲ ’ਚ ਬੰਦ ਇਕ ਵਿਚਾਰ ਅਧੀਨ ਹੱਤਿਆ ਦੇ ਮੁਲਜ਼ਮ ਨੂੰ ਕੇਸ ਦਰਜ ਕਰਨ ਦਾ ਡਰ ਦਿਖਾ ਕੇ ਉਸ ਤੋਂ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਜੇਲ ਦਾ ਸਹਾਇਕ ਸੁਪਰਿੰਟੈਂਡੈਂਟ ਹਰਬੰਸ ਸਿੰਘ ਫੜਿਆ ਗਿਆ।
* 4 ਨਵੰਬਰ ਨੂੰ ਪਲਵਲ ’ਚ ਗਊ ਨੂੰ ਮਾਰਨ ਦੇ ਮੁਲਜ਼ਮਾਂ ਕੋਲੋਂ 80,000 ਰੁਪਏ ਰਿਸ਼ਵਤ ਲੈਂਦੇ ਹੋਏ ਇਕ ਏ. ਐੱਸ. ਆਈ. ਇਕਬਾਲ ਅਤੇ ਹਵਲਦਾਰ ਧਰਮਿੰਦਰ ਨੂੰ ਦਬੋਚਿਆ ਗਿਆ।
* 4 ਨਵੰਬਰ ਨੂੰ ਹੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਰਾਜਸਥਾਨ ਦੇ ‘ਬਾਰਾਂ’ ਜ਼ਿਲੇ ਦੇ ਨਾਇਬ ਤਹਿਸੀਲਦਾਰ ਹਰੀ ਪ੍ਰਕਾਸ਼ ਗੁਪਤਾ ਅਤੇ ‘ਜਾਲੌਰ’ ਜ਼ਿਲੇ ਦੇ ਜੂਨੀਅਰ ਸਹਾਇਕ ਬਾਬੂ ਲਾਲ ਨੂੰ ਕ੍ਰਮਵਾਰ 25,000 ਰੁਪਏ ਅਤੇ 7700 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 5 ਨਵੰਬਰ ਨੂੰ ਰਾਜਸਥਾਨ ਦੇ ‘ਚੁਰੂ’ ’ਚ ‘ਪਰਿਵਾਰਕ ਅਦਾਲਤ’ ਦੇ ਦਰਜਾ ਚਾਰ ‘ਕਰਮਚਾਰੀ ਭਗਵਤੀ ਪ੍ਰਸਾਦ’ ਨੂੰ ਸ਼ਿਕਾਇਤਕਰਤਾ ਦੇ ਪਤੀ ਵਿਰੁੱਧ ਵਸੂਲੀ ਵਾਰੰਟ ਜਾਰੀ ਕਰਵਾਉਣ ਦੇ ਇਵਜ਼ ’ਚ 40,000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ।
* 5 ਨਵੰਬਰ ਨੂੰ ਹੀ ਜੈਪੁਰ ’ਚ ਇਕ ਵਿਅਕਤੀ ਨੂੰ ਜਾਰੀ ‘ਗੁਡਸ ਐਂਡ ਸਰਵਿਸਿਜ਼ ਟੈਕਸ’ (ਜੀ. ਐੱਸ. ਟੀ.) ਦਾ ਨੋਟਿਸ ਦਬਾਉਣ ਦੇ ਲਈ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਭਾਗ ਦੇ ਸੁਪਰਿੰਟੈਂਡੈਂਟ ਅਤੇ ਇੰਸਪੈਕਟਰ ਨੂੰ ਫੜਿਆ ਗਿਆ।
* 5 ਨਵੰਬਰ ਨੂੰ ਹੀ ਬੀਕਾਨੇਰ ’ਚ ਪੈਟਰੋਲ ਪੰਪ ਚਲਾਉਣ ਲਈ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ (ਐੱਨ. ਓ. ਸੀ.) ਜਾਰੀ ਕਰਨ ਦੇ ਬਦਲੇ ’ਚ 50,000 ਰੁਪਏ ਰਿਸ਼ਵਤ ਲੈਂਦੇ ਹੋਏ ਐਗਜ਼ੀਕਿਊਟਿਵ ਇੰਜੀਨੀਅਰ ‘ਦਾਨ ਸਿੰਘ ਮੀਣਾ ਅਤੇ ਤਕਨੀਕੀ ਸਹਾਇਕ ਸੀਤਾ ਰਾਮ ਵਰਮਾ’ ਨੂੰ ਗ੍ਰਿਫਤਾਰ ਕੀਤਾ ਗਿਆ।
ਅਗਲੇ ਦਿਨ 6 ਨਵੰਬਰ ਨੂੰ ਅਧਿਕਾਰੀਆਂ ਨੇ ਸੀਤਾ ਰਾਮ ਦੇ ਜੈਪੁਰ ਸਥਿਤ ਮਕਾਨ ਦੀ ਤਲਾਸ਼ੀ ਲੈ ਕੇ ਇਕ ਅਲਮਾਰੀ ’ਚ ਗੁਪਤ ਤੌਰ ’ਤੇ ਬਣਾਏ ਗਏ ਲਾਕਰ ’ਚ ਲੁਕਾ ਕੇ ਰੱਖੇ ਹੋਏ 48 ਲੱਖ ਰੁਪਏ ਜ਼ਬਤ ਕੀਤੇ।
* 6 ਨਵੰਬਰ ਨੂੰ ਰਾਜਸਥਾਨ ’ਚ ਕਰੌਲੀ ਥਾਣੇ ਦੇ ਅਧੀਨ ਚੰਦੇਲੀਪੁਰਾ ਦੇ ਚੌਕੀ ਇੰਚਾਰਜ ਸ਼੍ਰੀ ਕ੍ਰਿਸ਼ਨ ਨੂੰ ਇਕ ਭਾਈਚਾਰੇ ਵਿਸ਼ੇਸ਼ ਦੇ ਵਿਰੁੱਧ ਕਾਰਵਾਈ ਕਰਨ ਦੇ ਬਦਲੇ 15,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ।
* 6 ਨਵੰਬਰ ਨੂੰ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਨੇਕ ਪਲਾਟ, ਫਲੈਟ, ਚਾਰਪਹੀਆ ਵਾਹਨ ਅਤੇ ਬੈਂਕਾਂ ’ਚ ਜਮ੍ਹਾ ਰਕਮ ਸਮੇਤ ‘ਪਟਨਾ ਮੈਡੀਕਲ ਕਾਲਜ’ ਦੇ ਸਾਬਕਾ ਸੁਪਰਿੰਟੈਂਡੈਂਟ ਓ. ਪੀ. ਚੌਧਰੀ ਦੀ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ।
* 6 ਨਵੰਬਰ ਨੂੰ ਹੀ ਚੰਡੀਗੜ੍ਹ ’ਚ ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਸਿਪਾਹੀਆਂ ਸਰਬਜੀਤ ਸਿੰਘ ਅਤੇ ਇਕਬਾਲ ਸਿੰਘ ਅਤੇ 2 ਹੋਰ ਵਿਅਕਤੀਆਂ ਜਸਪ੍ਰੀਤ ਸਿੰਘ ਅਤੇ ਸਿਮਰਜੀਤ ਸਿੰਘ ਨੂੰ ਇਕ ਬੱਸ ਆਪ੍ਰੇਟਰ ਦੇ ਵਿਰੁੱਧ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ 15,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 6 ਨਵੰਬਰ ਨੂੰ ਹੀ ਵਿਜੀਲੈਂਸ ਵਿਭਾਗ ਨੇ ‘ਐਂਟੀ ਪਾਵਰ ਥੈਪਟ ਥਾਣਾ’ ਬਠਿੰਡਾ ’ਚ ਤਾਇਨਾਤ ਹਵਲਦਾਰ ਵਜ਼ੀਰ ਸਿੰਘ ਨੂੰ 13,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 6 ਨਵੰਬਰ ਨੂੰ ਹੀ ਬਿਹਾਰ ਦੇ ਬਕਸਰ ’ਚ ਇਕ ‘ਪੋਸਟਮਾਸਟਰ’ ਅਰੁਣ ਕੁਮਾਰ ਪਾਂਡੇ ਆਪਣੇ ਇਕ ਕਰਮਚਾਰੀ ਕੋਲੋਂ 11,000 ਰੁਪਏ ਰਿਸ਼ਵਤ ਮੰਗਦਾ ਕਾਬੂ ਆਇਆ।
* 6 ਨਵੰਬਰ ਨੂੰ ਹੀ ਪਟਨਾ ’ਚ ਗੁਰੂ ਗੋਬਿੰਦ ਸਿੰਘ ਹਸਪਤਾਲ ’ਚ ਕਲਰਕ ‘ਅੰਜਲੀ ਕੁਮਾਰ ਵਰਮਾ’ ਨੂੰ ਸ਼ਿਕਾਇਤਕਰਤਾ ਕੋਲੋਂ 50,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 6 ਨਵੰਬਰ ਨੂੰ ਹੀ ਚੰਡੀਗੜ੍ਹ ਸਥਿਤ ਸੈਂਟਰਲ ‘ਗੁਡਸ ਐਂਡ ਸਰਵਿਸਿਜ਼ ਟੈਕਸ’ (ਜੀ. ਐੱਸ. ਟੀ.) ਵਿਭਾਗ ਦੇ ਸੁਪਰਿੰਟੈਂਡੈਂਟ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 6 ਨਵੰਬਰ ਨੂੰ ਹੀ ਕਾਨਪੁਰ ਦੇ ਇਕ ਫਾਰਮਾ ਕਾਰੋਬਾਰੀ ਨੂੰ ਧਮਕਾ ਕੇ ਉਸ ਕੋਲੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਸ਼੍ਰੀਗੰਗਾਨਗਰ ਦੇ ਜਵਾਹਰ ਨਗਰ ਥਾਣੇ ਦੇ ਕਾਂਸਟੇਬਲ ‘ਨਰੇਸ਼ ਚੰਦਰ ਮੀਣਾ’ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਰਿਮਾਂਡ ’ਤੇ ਲਿਆ।
* 7 ਨਵੰਬਰ ਨੂੰ ਹਿਮਾਚਲ ਦੇ ਹਮੀਰਪੁਰ ’ਚ ਇਕ ਰੇਂਜ ਅਫਸਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ 1 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
ਇਹ ਤਾਂ ਸਿਰਫ 12 ਦਿਨਾਂ ਦੀਆਂ ਘਟਨਾਵਾਂ ਹਨ ਜਿਨ੍ਹਾਂ ਦੀ ਰਿਪੋਰਟ ਦਰਜ ਹੋਈ ਹੈ ਜਦਕਿ ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ। ਅਜਿਹੀਆਂ ਹੀ ਘਟਨਾਵਾਂ ਨੂੰ ਦੇਖਦੇ ਹੋਏ ਜੁਲਾਈ-2011 ’ਚ ਕੇਂਦਰੀ ਵਿੱਤ ਮੰਤਰਾਲਾ ’ਚ ‘ਸਾਬਕਾ ਮੁੱਖ ਵਿੱਤੀ ਸਲਾਹਕਾਰ ਕੋਸ਼ਿਕ ਬਸੂ ਨੇ ਕਿਹਾ ਸੀ’ ਕਿ ‘‘ਰਿਸ਼ਵਤ ਦੇਣਾ ਕਿਉਂ ਨਾ ਜਾਇਜ਼ ਐਲਾਨ ਕਰ ਦਿੱਤਾ ਜਾਵੇ ਕਿਉਂਕਿ ਇਹ ਬੁਰਾਈ ਕਿਸੇ ਵੀ ਤਰ੍ਹਾਂ ਰੁਕਣ ਵਾਲੀ ਨਹੀਂ ਹੈ।’’
ਇਸੇ ਤਰ੍ਹਾਂ ਮਾਰਚ, 2019 ’ਚ ਭਾਰਤ ਦੇ ਪ੍ਰਮੁੱਖ ਨਿਆਂਮਾਹਿਰ ਸ਼੍ਰੀ ਫਲੀ ਐੱਸ. ਨਰੀਮਨ ਨੇ ਇਕ ਭ੍ਰਿਸ਼ਟਾਚਾਰ ਵਿਰੋਧੀ ਗੋਸ਼ਟੀ ’ਚ ਕਿਹਾ ਸੀ ਕਿ :
‘‘ਭਾਰਤ ’ਚ ਭ੍ਰਿਸ਼ਟਾਚਾਰ ਦੇ ਵਿਰੁੱਧ ਮੁਹਿੰਮ ਸਫਲ ਨਹੀਂ ਹੋੲੀ ਹੈ ਅਤੇ ਇਹ ਇਕ ਸੁਨਾਮੀ ਬਣ ਗਿਆ ਹੈ... ਸ਼ਾਇਦ ਅਸੀਂ (ਆਪਣੇ ਜਿਊਂਦੇ ਜੀਅ) ਭ੍ਰਿਸ਼ਟਾਚਾਰ ਦਾ ਅੰਤ ਨਹੀਂ ਦੇਖਾਂਗੇ... ਮੈਨੂੰ ਸ਼ੱਕ ਹੈ ਕਿ ਇਥੇ ਮੌਜੂਦ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਵੀ ਨੌਜਵਾਨ ਕਿਉਂ ਨਾ ਹੋਵੇ, ਕਦੀ ਭ੍ਰਿਸ਼ਟਾਚਾਰ ਦਾ ਅੰਤ ਨਹੀਂ ਦੇਖ ਸਕੇਗਾ....ਲੋਕਾਂ ’ਚ ਭ੍ਰਿਸ਼ਟਾਚਾਰ ਦੇ ਪ੍ਰਤੀ ਸਹਿਣਸ਼ੀਲਤਾ ਦਿਖਾਈ ਦੇ ਰਹੀ ਹੈ ਅਤੇ ਸਾਨੂੰ ਇਸ ਨੂੰ ਸਹਿੰਦੇ ਰਹਿਣਾ ਹੋਵੇਗਾ।’’
ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਲਗਾਤਾਰ ਸਾਹਮਣੇ ਆਉਣਾ ਇਸ ਤੱਥ ਦਾ ਮੂੰਹ ਬੋਲਦਾ ਸਬੂਤ ਹੈ ਕਿ ਇਸ ਨੂੰ ਨੱਥ ਪਾਉਣ ਦੇ ਸਾਰੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਇਹ ਵਧਦਾ ਜਾ ਰਿਹਾ ਹੈ ਅਤੇ ਸਿਰਫ ਐਲਾਨਾਂ ਨਾਲ ਖਤਮ ਹੋਣ ਵਾਲਾ ਨਹੀਂ ਹੈ।
ਦੇਸ਼ ’ਚ ਹਜ਼ਾਰਾਂ ਅਧਿਕਾਰੀ ਅਤੇ ਕਰਮਚਾਰੀ ਰਿਸ਼ਵਤ ਲੈਂਦੇ ਹੋਏ ਫੜੇ ਜਾਣ ਦੇ ਬਾਵਜੂਦ ਅੱਜ ਵੀ ਸਰਕਾਰੀ ਨੌਕਰੀ ’ਚ ਲੱਗੇ ਹੋਏ ਹਨ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ’ਚ ਸ਼ਾਮਲ ਰਹੇ ਕਈ ਨੇਤਾ ਸੰਸਦ ਅਤੇ ਵਿਧਾਨ ਸਭਾਵਾਂ ਅਤੇ ਆਪਣੀ ਜ਼ਿੰਦਗੀ ’ਚ ਇਹ ਸਭ ਕੁਝ ਕਰ ਰਹੇ ਹਨ।
ਜੇਕਰ ਅਧਿਕਾਰੀ ਅਤੇ ਕਰਮਚਾਰੀ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਕਰ ਕੇ ਦੇਸ਼ ਦੀ ਭਲਾਈ ’ਚ ਲੱਗਣ ਵਾਲਾ ‘ਕਰੋੜਾਂ-ਅਰਬਾਂ ਰੁਪਇਆਂ’ ਦਾ ਜਨਤਕ ਧਨ ਲੁੱਟਦੇ ਰਹਿਣਗੇ ਤਾਂ ਉਹ ਧਨ ਵਿਅਰਥ ਚਲਾ ਜਾਵੇਗਾ ਅਤੇ ਦੇਸ਼ ਨੂੰ ਘੁਣ ਵਾਂਗ ਖੋਖਲਾ ਕਰ ਦੇਵੇਗਾ। ਇਸ ਲਈ ਇਸ ਮਾਮਲੇ ’ਚ ਅਸੀਂ ਨਿਆਂਮਾਹਿਰ ਸ਼੍ਰੀ ਫਲੀ ਐੱਸ. ਨਰੀਮਨ ਦੇ ਉਪਰੋਕਤ ਵਿਚਾਰਾਂ ਨਾਲ ਮੁਕੰਮਲ ਤੌਰ ’ਤੇ ਸਹਿਮਤ ਹਾਂ।
ਇਸ ਲਈ ਇਸ ਬੁਰਾਈ ’ਤੇ ਰੋਕ ਲਗਾਉਣ ਲਈ ਸਰਕਾਰ ਨੂੰ ਦੋਸ਼ੀਆਂ ਦੇ ਵਿਰੁੱਧ ਸਖਤ ਅਤੇ ਸਿੱਖਿਆਦਾਇਕ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਇਸ ਭੈੜੀ ਪ੍ਰਵਿਰਤੀ ’ਤੇ ਰੋਕ ਲਗਾ ਕੇ ਦੇਸ਼ ਦਾ ਕਰੋੜਾਂ-ਅਰਬਾਂ ਰੁਪਇਆ ਹੋਰ ਬਚਾਇਆ ਜਾ ਸਕੇ ਅਤੇ ਇਸ ਦੀ ਵਰਤੋਂ ਨਾਲ ਦੇਸ਼ ਤਰੱਕੀ ਦੇ ਰਾਹ ’ਤੇ ਅੱਗੇ ਵਧ ਸਕੇ, ਦੇਸ਼ ਦਾ ਨਾਂ ਦੁਨੀਆ ਵਿਚ ਫਿਰ ਪਹਿਲਾਂ ਵਾਂਗ ਚਮਕੇ। ਭਾਰਤ ਨੇ ਕਦੇ ਵਿਸਤਾਰਵਾਦੀ ਨੀਤੀ ਨਹੀਂ ਅਪਣਾਈ ਇਸ ਲਈ ਸਾਨੂੰ ਆਪਣੇ ਈਮਾਨਦਾਰੀਪੂਰਨ ਵਤੀਰੇ ਨਾਲ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ