ਲਗਾਤਾਰ ਵਧ ਰਹੀਆਂ ਹਨ ਪੁਲਸ ਮੁਲਾਜ਼ਮਾਂ ਦੀਆਂ ਲਾਪਰਵਾਹੀਆਂ ਅਤੇ ਮਨਮਰਜ਼ੀਆਂ

08/17/2019 6:19:51 AM

ਸਾਡੇ ਨੇਤਾਵਾਂ ਵਲੋਂ ਪੁਲਸ ਵਿਭਾਗ ਦੇ ਮੁਲਾਜ਼ਮਾਂ ਨੂੰ ਅਨੁਸ਼ਾਸਿਤ ਹੋਣ ਦੀਆਂ ਨਸੀਹਤਾਂ ਦੇਣ ਦੇ ਬਾਵਜੂਦ ਪੁਲਸ ਮੁਲਾਜ਼ਮਾਂ ਵਲੋਂ ਮਨਮਰਜ਼ੀਆਂ ਅਤੇ ਕਾਨੂੰਨ ਵਿਰੋਧੀ ਸਰਗਰਮੀਆਂ ਲਗਾਤਾਰ ਜਾਰੀ ਹਨ। ਇਹ ਤ੍ਰਾਸਦੀ ਹੀ ਹੈ ਕਿ ਅਪਰਾਧਾਂ ਅਤੇ ਅਪਰਾਧੀਆਂ ’ਤੇ ਰੋਕ ਲਾਉਣ ਲਈ ਜ਼ਿੰਮੇਵਾਰ ਪੁਲਸ ਬਲ ਦੇ ਅਨੇਕ ਮੈਂਬਰ ਖ਼ੁਦ ਅਪਰਾਧਾਂ ਵਿਚ ਸ਼ਾਮਿਲ ਹੋ ਕੇ ਇਸ ਦੀ ਬਦਨਾਮੀ ਦਾ ਕਾਰਣ ਬਣ ਰਹੇ ਹਨ :

* 09 ਅਗਸਤ ਨੂੰ ਮੱਧ ਪ੍ਰਦੇਸ਼ ’ਚ ਅਲੀਰਾਜਪੁਰ ਜ਼ਿਲੇ ਦੇ ਨਾਨਪੁਰ ਪਿੰਡ ’ਚ ਕਿਸੇ ਮਾਮਲੇ ’ਚ ਗ੍ਰਿਫਤਾਰ 5 ਵਿਅਕਤੀਆਂ ਦੇ ਨਾਲ ਪੁਲਸ ਮੁਲਾਜ਼ਮਾਂ ਨੇ ਨਾ ਸਿਰਫ ਹਿਰਾਸਤ ’ਚ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ, ਸਗੋਂ ਜਦੋਂ ਮੁਲਜ਼ਮਾਂ ਨੇ ਪੀਣ ਲਈ ਪਾਣੀ ਮੰਗਿਆ ਤਾਂ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਆਪਣਾ ਪਿਸ਼ਾਬ ਪੀਣ ਲਈ ਮਜਬੂਰ ਕੀਤਾ।

* 09 ਅਗਸਤ ਨੂੰ ਮੁੰਬਈ ’ਚ ਰਾਸ਼ਟਰਪਤੀ ਤਮਗ਼ੇ ਨਾਲ ਸਨਮਾਨਿਤ ਪੁਲਸ ਅਧਿਕਾਰੀ ਸੰਜੇ ਗੋਵਿਲਕਰ ਅਤੇ ਸਹਾਇਕ ਪੁਲਸ ਇੰਸਪੈਕਟਰ ਜਤਿੰਦਰ ਸਿੰਗੋਟ ਨੂੰ ਅੱਤਵਾਦੀ ਦਾਊਦ ਇਬਰਾਹੀਮ ਦੇ ਗੁਰਗੇ ਅਤੇ ਮੋਸਟ ਵਾਂਟੇਡ ਅਪਰਾਧੀ ‘ਸੋਹੇਲ ਭਾਮਲਾ’ ਨੂੰ ਹੱਥ ’ਚ ਆਉਣ ਦੇ ਬਾਵਜੂਦ ਛੱਡ ਦੇਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।

* 10 ਅਗਸਤ ਨੂੰ ਪੰਜਾਬ ਪੁਲਸ ਦੇ ਇਕ ਹੈੱਡ ਕਾਂਸਟੇਬਲ ਨੇ ਅੰਮ੍ਰਿਤਸਰ ’ਚ ਪਹਿਲਾਂ ਤਾਂ ਹੱਥ ਦੇ ਕੇ ਬੱਸ ਨੂੰ ਰੁਕਵਾਉਣਾ ਚਾਹਿਆ ਅਤੇ ਜਦੋਂ ਡਰਾਈਵਰ ਨੇ ਬੱਸ ਨਹੀਂ ਰੋਕੀ ਤਾਂ ਉਸ ਨੇ ਬੱਸ ਦੇ ਅੱਗੇ ਛਾਲ ਮਾਰ ਦਿੱਤੀ, ਜਿਸ ਨਾਲ ਮਜਬੂਰਨ ਡਰਾਈਵਰ ਨੂੰ ਬੱਸ ਰੋਕਣੀ ਪਈ। ਜਿਉਂ ਹੀ ਬੱਸ ਰੁਕੀ, ਹੈੱਡ ਕਾਂਸਟੇਬਲ ਨੇ ਉਸ ’ਚ ਦਾਖਲ ਹੋ ਕੇ ਡਰਾਈਵਰ ਦੀ ਪਗੜੀ ਉਤਾਰ ਦਿੱਤੀ ਅਤੇ ਉਸ ਨੂੰ ਕੁੱਟ ਦਿੱਤਾ।

* 10 ਅਗਸਤ ਨੂੰ ਜੀਂਦ ਪੁਲਸ ਨੇ ਗੁੜਗਾਓਂ ਦੇ ਸਦਰ ਪੁਲਸ ਥਾਣੇ ’ਚ ਤਾਇਨਾਤ ਐੱਸ. ਐੱਚ. ਓ. ਨੂੰ ਇਕ ਔਰਤ ਨਾਲ ਬਲਾਤਕਾਰ ਕਰਨ ਅਤੇ ਉਸ ਦਾ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 11 ਅਗਸਤ ਨੂੰ ਐੱਸ. ਟੀ. ਐੱਫ. ਲੁਧਿਆਣਾ ਦੀ ਟੀਮ ਨੇ ਸਦਰ ਥਾਣਾ ਖੰਨਾ ਦੇ ਮੁੱਖ ਮੁਨਸ਼ੀ ਗਗਨਦੀਪ ਸਿੰਘ ਗੱਗੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਕਾਰ ’ਚੋਂ 385 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਥਾਣੇ ਵਿਚ ਹੀ ਬੈਠ ਕੇ ਹੈਰੋਇਨ ਦੀ ਸਪਲਾਈ ਕਰਦਾ ਸੀ।

* 12 ਅਗਸਤ ਨੂੰ ਅੰਮ੍ਰਿਤਸਰ ਰੂਰਲ ਪੁਲਸ ਅਤੇ ਐੱਸ. ਟੀ. ਐੱਫ. ਨੇ ਇਕ ਸਾਂਝੀ ਕਾਰਵਾਈ ’ਚ ਅਟਾਰੀ ਦੇ ਘਰਿੰਡਾ ਪੁਲਸ ਥਾਣੇ ਦੇ ਅੰਦਰ ਨਸ਼ੇ ਦੇ ਨਾਲ ਉਥੇ ਹੀ ਤਾਇਨਾਤ 2 ਸਬ-ਇੰਸਪੈਕਟਰਾਂ ਅਵਤਾਰ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਫੜ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਤਰਤੀਬਵਾਰ 10 ਗ੍ਰਾਮ ਅਤੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਨ੍ਹਾਂ ’ਚੋਂ ਅਵਤਾਰ ਸਿੰਘ ਨੇ 13 ਅਗਸਤ ਸਵੇਰੇ ਅੰਮ੍ਰਿਤਸਰ ਸਥਿਤ ਐੱਸ. ਟੀ. ਐੱਫ. ਦਫਤਰ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।

* 14 ਅਗਸਤ ਨੂੰ ਫ਼ਰੀਦਾਬਾਦ ਦੇ ਪੁਲਸ ਡਿਪਟੀ ਕਮਿਸ਼ਨਰ (ਐੱਨ. ਆਈ. ਟੀ.) ਬਿਕਰਮ ਕਪੂਰ ਨੂੰ ਬਲੈਕਮੇਲ ਕਰਨ ਅਤੇ ਆਤਮ-ਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਥਾਣਾ ਭੂਪਾਲੀ ਦੇ ਇੰਚਾਰਜ ਅਬਦੁਲ ਸ਼ਾਹਿਦ ਨੂੰ ਹਿਰਾਸਤ ’ਚ ਲੈ ਲਿਆ ਗਿਆ। ਬਿਕਰਮ ਕਪੂਰ ਨੇ ਆਪਣੇ ਸੁਸਾਈਡ ਨੋਟ ’ਚ ਲਿਖਿਆ ਹੈ ਕਿ ਉਹ ਅਬਦੁਲ ਵਲੋਂ ਉਸ ਨੂੰ ਬਲੈਕਮੇਲ ਕਰਨ ਦੇ ਕਾਰਣ ਆਤਮ-ਹੱਤਿਆ ਕਰ ਰਿਹਾ ਹੈ।

* 14 ਅਗਸਤ ਨੂੰ ਹੀ ਉੱਤਰ ਪ੍ਰਦੇਸ਼ ’ਚ ਮੁਜ਼ੱਫਰਨਗਰ ਦੇ ਮਹਿਲਾ ਥਾਣੇ ’ਚ ਤਾਇਨਾਤ ਇਕ ਸਬ-ਇੰਸਪੈਕਟਰ ਸੀਮਾ ਯਾਦਵ ਨੇ ਰਿਸ਼ਵਤ ਦੀ ਰਕਮ ਦੀ ਵੰਡ ਦੇ ਸਵਾਲ ’ਤੇ ਆਪਣੇ ਸੀਨੀਅਰ ਨਾਲ ਹੋਏ ਝਗੜੇ ਤੋਂ ਬਾਅਦ ਜ਼ਹਿਰ ਖਾ ਲਿਆ, ਜਿਸ ’ਤੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।

ਇਸ ਘਟਨਾ ਦੇ ਕਾਰਣ ਵਿਭਾਗ ’ਚ ਹੋਏ ਹੰਗਾਮੇ ਤੋਂ ਬਾਅਦ ਐੱਸ. ਐੱਚ. ਓ. ਪ੍ਰੀਤੀ ਰਾਣੀ ਯਾਦਵ ਸਮੇਤ ਮਹਿਲਾ ਥਾਣੇ ਦੇ 50 ਮੈਂਬਰਾਂ ਦੇ ਸਮੁੱਚੇ ਸਟਾਫ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਅਭਿਸ਼ੇਕ ਯਾਦਵ ਅਨੁਸਾਰ ਇਹ ਕਾਰਵਾਈ ਮਹਿਲਾ ਥਾਣੇ ’ਚ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੀਤੀ ਗਈ ਹੈ।

ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਲਗਾਤਾਰ ਹੋਣਾ ਸਿੱਧ ਕਰਦਾ ਹੈ ਕਿ ਅੱਜ ਵੀ ਦੇਸ਼ ’ਚ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀ ਮਸ਼ੀਨਰੀ ਬੇਅਸਰ ਬਣੀ ਹੋਈ ਹੈ, ਜਿਸ ਨੂੰ ਕੁਝ ਭ੍ਰਿਸ਼ਟ ਅਤੇ ਅਨੁਸ਼ਾਨਹੀਣ ਪੁਲਸ ਕਰਮਚਾਰੀ ਘੁਣ ਵਾਂਗ ਖੋਖਲਾ ਅਤੇ ਪੁਲਸ ਦੀ ਦਿੱਖ ਨੂੰ ਮਿੱਟੀ ਵਿਚ ਮਿਲਾ ਰਹੇ ਹਨ।

ਲਿਹਾਜ਼ਾ ਸਮੇਂ ਦੀ ਮੰਗ ਹੈ ਕਿ ਅਜਿਹੇ ਭ੍ਰਿਸ਼ਟ ਅਤੇ ਭਟਕੇ ਹੋਏ ਪੁਲਸ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਦੂਜੇ ਵੀ ਅਜਿਹਾ ਕਰਨ ਤੋਂ ਬਾਜ਼ ਆਉਣ ਅਤੇ ਰੱਖਿਅਕ ਰੱਖਿਅਕ ਹੀ ਬਣੇ ਰਹਿਣ, ਭਕਸ਼ਕ ਨਾ ਬਣਨ।

–ਵਿਜੇ ਕੁਮਾਰ
 


Bharat Thapa

Content Editor

Related News