ਪ੍ਰਸਿੱਧ ਬ੍ਰਾਂਡਿਡ ਕੰਪਨੀਆਂ ਦਾ ਦੁੱਧ ਵੀ ਹਾਨੀਕਾਰਕ ਪਦਾਰਥਾਂ ਤੋਂ ਮੁਕਤ ਨਹੀਂ

10/21/2019 1:19:42 AM

ਭਾਰਤ ਵਿਸ਼ਵ ’ਚ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਕ ਅਨੁਮਾਨ ਅਨੁਸਾਰ ਭਾਰਤ ’ਚ ਸਾਲ 2017-18 ’ਚ ਲਗਭਗ 176.35 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੋਇਆ ਸੀ। ਪਿਛਲੇ ਕਾਫੀ ਸਮੇਂ ਤੋਂ ਦੁੱਧ ਦੀ ਗੁਣਵੱਤਾ ਡਿੱਗਣ ਸਬੰਧੀ ਦੇਸ਼ਵਿਆਪੀ ਸ਼ਿਕਾਇਤਾਂ ਨੂੰ ਦੇਖਦੇ ਹੋਏ ‘ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ’ (ਐੱਫ. ਐੱਸ. ਐੱਸ. ਏ. ਆਈ.) ਨੇ ਦੇਸ਼ ਭਰ ’ਚ ਦੁੱਧ ਦੇ ਪ੍ਰਮੁੱਖ ਬ੍ਰਾਂਡਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਇਕ ਦੇਸ਼ਵਿਆਪੀ ਅਧਿਐਨ ਕਰਵਾਇਆ।

18 ਅਕਤੂਬਰ ਨੂੰ ਜਾਰੀ ਕੀਤੀ ਗਈ ਇਸ ਅਧਿਐਨ ਦੀ ਰਿਪੋਰਟ ਅਨੁਸਾਰ ਤੇਲੰਗਾਨਾ ਅਤੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਕੇਰਲ ਤੋਂ ਲਏ ਦੁੱਧ ਦੇ ਨਮੂਨਿਆਂ ’ਚ ਸਭ ਤੋਂ ਵੱਧ ਮਿਲਾਵਟ ਪਾਈ ਗਈ। ਇਨ੍ਹਾਂ ਨਮੂਨਿਆਂ, ਜਿਨ੍ਹਾਂ ਵਿਚ ਪ੍ਰਮੁੱਖ ਬ੍ਰਾਂਡਾਂ ਦਾ ਦੁੱਧ ਵੀ ਸ਼ਾਮਿਲ ਸੀ, ਦੀ ਜਾਂਚ ਤੋਂ ਬਾਅਦ 37.7 ਫੀਸਦੀ ਦੁੱਧ ਦੇ ਨਮੂਨੇ ਨਿਰਧਾਰਿਤ ਗੁਣਵੱਤਾ ਮਾਣਕਾਂ ਨੂੰ ਪੂਰਾ ਕਰਨ ’ਚ ਨਾਕਾਮ ਪਾਏ ਗਏ, ਜਦਕਿ ਸੁਰੱਖਿਆ ਮਾਪਦੰਡਾਂ ’ਤੇ ਵੀ 10.4 ਫੀਸਦੀ ਨਮੂਨੇ ਖਰੇ ਨਹੀਂ ਉਤਰ ਸਕੇ।

ਐੱਫ. ਐੱਸ. ਐੱਸ. ਏ. ਆਈ. ਦੇ ਸੀ. ਈ. ਓ. ਪਵਨ ਅਗਰਵਾਲ ਅਨੁਸਾਰ ਇਸ ਅਧਿਐਨ ਲਈ ਮਈ ਅਤੇ ਅਕਤੂਬਰ 2018 ਦੇ ਵਿਚਾਲੇ ਦੇਸ਼ ਭਰ ਤੋਂ ਦੁੱਧ ਦੇ ਕੁਲ 6432 ਨਮੂਨੇ ਲਏ ਗਏ ਸਨ। ਇਨ੍ਹਾਂ ’ਚ ਲੱਗਭਗ 40.5 ਫੀਸਦੀ ਪ੍ਰੋਸੈੱਸਡ ਦੁੱਧ ਅਤੇ ਬਾਕੀ ਕੱਚਾ ਦੁੱਧ ਸੀ।

ਪ੍ਰੋਸੈੱਸਡ ਦੁੱਧ ਦੇ 2607 ਨਮੂਨਿਆਂ ’ਚੋਂ 10.4 ਫੀਸਦੀ ਨਮੂਨੇ ਐੱਫ. ਐੱਸ. ਐੱਸ. ਏ. ਆਈ. ਦੇ ਮਾਪਦੰਡਾਂ ’ਤੇ ਫੇਲ ਸਾਬਿਤ ਹੋਏ, ਜਿਨ੍ਹਾਂ ਵਿਚ ਐਫਲਾਟੋਕਸਿਨ-ਐੱਮ 1 ਐਂਟੀਬਾਇਟਿਕਸ ਅਤੇ ਕੀਟਨਾਸ਼ਕਾਂ ਵਰਗੇ ਪਦਾਰਥ ਪਾਏ ਗਏ, ਜਦਕਿ ਕੱਚੇ ਦੁੱਧ ਦੇ ਕੁਲ 3825 ਨਮੂਨਿਆਂ ’ਚੋਂ 47 ਫੀਸਦੀ ਨਮੂਨੇ ਮਾਪਦੰਡਾਂ ’ਤੇ ਫੇਲ ਪਾਏ ਗਏ।

ਗੁਣਵੱਤਾ ਦੇ ਮਾਮਲੇ ’ਚ ਪਾਇਆ ਗਿਆ ਕਿ ਪ੍ਰੋਸੈੱਸਡ ਦੁੱਧ ਦੇ 37.7 ਫੀਸਦੀ ਨਮੂਨਿਆਂ ’ਚ ਵਸਾ, ਮਾਲਟੋਡੈਕਸਟ੍ਰਿਨ ਅਤੇ ਖੰਡ ਅਤੇ ਕੀਟਨਾਸ਼ਕਾਂ ਵਰਗੇ ਹਾਨੀਕਾਰਕ ਤੱਤਾਂ ਦੀ ਮਨਜ਼ੂਰੀ ਤੋਂ ਵੱਧ ਮਾਤਰਾ ਮੌਜੂਦ ਹੋਣ ਦੇ ਕਾਰਣ ਉਹ ਗੁਣਵੱਤਾ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਇਨ੍ਹਾਂ ’ਚੋਂ 6 ਨਮੂਨਿਆਂ ’ਚ ਹਾਈਡ੍ਰੋਜਨ ਪੈਰਾਕਸਾਈਡ, 3 ’ਚ ਡਿਟਰਜੈਂਟ ਅਤੇ 2 ਵਿਚ ਯੂਰੀਆ ਪਾਇਆ ਗਿਆ, ਜਦਕਿ ਇਕ ਹੋਰ ਨਮੂਨੇ ’ਚ ਵੀ ਨਾ ਖਾਣ ਵਾਲਾ ਪਦਾਰਥ ਪਾਇਆ ਗਿਆ। ਸ਼੍ਰੀ ਪਵਨ ਅਗਰਵਾਲ ਨੇ ਉਕਤ ਅਧਿਐਨ ਜਾਰੀ ਕਰਨ ਤੋਂ ਬਾਅਦ ਕਿਹਾ ਹੈ ਕਿ ‘‘ਆਮ ਆਦਮੀ ਦਾ ਤਾਂ ਇਹ ਮੰਨਣਾ ਹੈ ਕਿ ਦੁੱਧ ਵਿਚ ਮਿਲਾਵਟ ਵੱਧ ਹੈ ਪਰ ਸਾਡੇ ਅਧਿਐਨ ਤੋਂ ਇਹ ਪਤਾ ਲੱਗਦਾ ਹੈ ਕਿ ਦੁੱਧ ਵਿਚ ਮਿਲਾਵਟ ਦੇ ਮੁਕਾਬਲੇ ਸੰਦੂਸ਼ਣ ਇਕ ਗੰਭੀਰ ਸਮੱਸਿਆ ਸੀ। ਪ੍ਰੋਸੈੱਸਡ ਦੁੱਧ ਦੇ ਪ੍ਰਸਿੱਧ ਅਤੇ ਵੱਡੇ ਬ੍ਰਾਂਡਾਂ ਤਕ ਵਿਚ ਵੀ ਇਸ ਕਿਸਮ ਦੇ ਸੰਦੂਸ਼ਕ ਪਦਾਰਥਾਂ ਦਾ ਪਾਇਆ ਜਾਣਾ ਬਿਲਕੁਲ ਸਵੀਕਾਰਨਯੋਗ ਨਹੀਂ ਹੈ।’’ ਇਸੇ ਕਾਰਣ ਇਸ ਰਿਪੋਰਟ ਤੋਂ ਬਾਅਦ ਐੱਫ. ਐੱਸ. ਐੱਸ. ਏ. ਆਈ. ਨੇ ਸੰਗਠਿਤ ਡੇਅਰੀ ਖੇਤਰ ਨੂੰ 1 ਜਨਵਰੀ 2020 ਤਕ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਵੱਡੀ ਮਾਤਰਾ ਵਿਚ ਲੈਣ ’ਤੇ ਐਫਲਾਟੋਕਿਸਨ-ਐੱਮ 1 ਆਮ ਤੌਰ ’ਤੇ ਲਿਵਰ ਨੂੰ ਨੁਕਸਾਨ ਪਹੁੰਚਾ ਕੇ ਜੀਵਨ ਲਈ ਖਤਰਾ ਬਣ ਸਕਦੇ ਹਨ।

ਆਮ ਤੌਰ ’ਤੇ ਐਫਲਾਟੋਕਿਸਨ-ਐੱਮ 1 ਦੁੱਧ ਵਿਚ ਆਹਾਰ ਅਤੇ ਚਾਰੇ ਦੇ ਰੂਪ ’ਚ ਪਹੁੰਚਦਾ ਹੈ, ਜਿਸ ’ਤੇ ਕੰਟਰੋਲ ਲਈ ਫਿਲਹਾਲ ਦੇਸ਼ ’ਚ ਕੋਈ ਨਿਯਮ ਲਾਗੂ ਨਹੀਂ ਹੈ ਅਤੇ ਇਹ ਪਹਿਲਾ ਮੌਕਾ ਹੈ, ਜਦਕਿ ਭਾਰਤ ’ਚ ਦੁੱਧ ਵਿਚ ਹਾਨੀਕਾਰਕ ਗੰਦੇ ਪਦਾਰਥਾਂ ਦੀ ਮੌਜੂਦਗੀ ਦੇ ਸਬੰਧ ’ਚ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਇਨ੍ਹਾਂ ਹਾਨੀਕਾਰਕ ਗੰਦੇ ਪਦਾਰਥਾਂ ਦੀ ਜਾਂਚ ਕਰਨ ਲਈ ਕੋਈ ਉਚਿੱਤ ਪ੍ਰਯੋਗਸ਼ਾਲਾ ਨਹੀਂ ਹੈ ਅਤੇ ਅਜਿਹੀਆਂ ਟੈਸਟਿੰਗ ਮਸ਼ੀਨਾਂ ਦੇਸ਼ ਵਿਚ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਦੁੱਧ ਵਿਚ ਐਫਲਾਟੋਕਸਿਨ ਐੱਮ-1 ਦਾ ਪਤਾ ਲਗਾ ਸਕਣ।

ਤਾਂ ਕੀ ਹੁਣ ਸਰਕਾਰ ਨੂੰ ਦੁੱਧ ਦੀ ਗੁਣਵੱਤਾ ਦੀ ਪਾਲਣਾ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿਚ ਆਉਣ ਲਈ ਇਜਾਜ਼ਤ ਦੇਣੀ ਪਵੇਗੀ ਜਾਂ ਉਦੋਂ ਤਕ ਬਦਾਮ ਜਾਂ ਸੋਇਆ ਮਿਲਕ ਨੂੰ ਉਤਸ਼ਾਹ ਦਿੱਤਾ ਜਾਵੇਗਾ ਜਾਂ ਫਿਰ ਜਲਦੀ ਤੋਂ ਜਲਦੀ ਅਜਿਹਾ ਕਾਨੂੰਨ ਬਣਾਉਣਾ ਹੋਵੇਗਾ, ਜਿਸ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।

 

ਪ੍ਰੀਖਿਆ ’ਚ ਨਕਲ ਰੋਕਣ ਦਾ ਅਣਮਨੁੱਖੀ ਅਤੇ ਅਪਮਾਨਜਨਕ ਪ੍ਰਯੋਗ

ਦੇਸ਼ ਦੀਆਂ ਸਿੱਖਿਆ ਸੰਸਥਾਵਾਂ ’ਚ ਨਕਲ ਦਾ ਰੁਝਾਨ ਬਹੁਤ ਵਧ ਚੁੱਕਾ ਹੈ। ਜਿੱਥੇ ਵਿਦਿਆਰਥੀ ਵਰਗ ਨਕਲ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਦਾ ਰਹਿੰਦਾ ਹੈ, ਉਥੇ ਹੀ ਨਿਰੀਖਕ ਸਟਾਫ ਵਲੋਂ ਵੀ ਨਕਲ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਰਹਿੰਦੇ ਹਨ।

ਆਮ ਤੌਰ ’ਤੇ ਵਿੱਦਿਅਕ ਸੰਸਥਾਵਾਂ ਪ੍ਰੀਖਿਆਵਾਂ ’ਚ ਨਕਲ ਰੋਕਣ ਲਈ ਨਿਗਰਾਨੀ ਵਧਾ ਦਿੰਦੀਆਂ ਹਨ ਅਤੇ ਕੁਝ ਸੰਸਥਾਵਾਂ ਪ੍ਰੀਖਿਆ ਭਵਨਾਂ ’ਚ ਸੀ. ਸੀ. ਟੀ. ਵੀ. ਕੈਮਰੇ ਲਗਾ ਦਿੰਦੀਆਂ ਹਨ ਪਰ ਬੇਂਗਲੁਰੂ ਤੋਂ 330 ਕਿਲੋਮੀਟਰ ਦੂਰ ਹਾਵੇਰੀ ਸਥਿਤ ਭਗਤ ਪ੍ਰੀ ਯੂਨੀਵਰਸਿਟੀ ਦੇ ਐਡਮਨਿਸਟ੍ਰੇਟਰ ਸਤੀਸ਼ ਨੇ ਤਾਂ ਨਕਲ ਰੋਕਣ ਲਈ ਇਕ ਅਜੀਬ, ਅਣਮਨੁੱਖੀ ਅਤੇ ਅਪਮਾਨਜਨਕ ਤਰੀਕਾ ਅਪਣਾ ਕੇ ਵਿਵਾਦ ਖੜ੍ਹਾ ਕਰ ਦਿੱਤਾ।

16 ਅਕਤੂਬਰ ਨੂੰ ਜਦੋਂ ਉਕਤ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਮਿੱਡ-ਟਰਮ ਦੀ ਪ੍ਰੀਖਿਆ ਦੇਣ ਲਈ ਕਾਲਜ ਵਿਚ ਪਹੁੰਚੇ ਤਾਂ ਐਡਮਨਿਸਟ੍ਰੇਟਰ ਸਤੀਸ਼ ਨੇ ਉਨ੍ਹਾਂ ਨੂੰ ਆਪਣੇ ਸਿਰ ਢਕਣ ਲਈ ਵਿਸ਼ੇਸ਼ ਤੌਰ ’ਤੇ ਬਣਵਾਏ ਹੋਏ ਗੱਤੇ ਦੇ ਡੱਬੇ (ਕਾਰਟਨ) ਪਹਿਨਣ ਦਾ ਫਰਮਾਨ ਸੁਣਾ ਦਿੱਤਾ। ਇਹ ਕਾਰਟਨ ਇਸ ਤਰ੍ਹਾਂ ਬਣਾਏ ਗਏ ਸਨ ਕਿ ਇਨ੍ਹਾਂ ਨਾਲ ਸਿਰ ਢਕ ਕੇ ਵਿਦਿਆਰਥੀ ਸਿਰਫ ਆਪਣੇ ਸਾਹਮਣੇ ਵੱਲ ਹੀ ਦੇਖ ਸਕਦੇ ਸਨ ਅਤੇ ਆਲੇ-ਦੁਆਲੇ ਝਾਕਣ ਦੀ ਬਜਾਏ ਸਿਰਫ ਆਪਣੀਆਂ ਉਤਰ ਕਾਪੀਆਂ ਹੀ ਦੇਖ ਸਕਦੇ ਸਨ।

ਸਤੀਸ਼ ਨੇ ਨਾ ਸਿਰਫ ਵਿਦਿਆਰਥੀਆਂ ਨੂੰ ਇਹ ਕਾਰਟਨ ਪਹਿਨਾ ਦਿੱਤੇ, ਸਗੋਂ ਇਸ ਦੇ ਚਿੱਤਰ ਖ਼ੁਦ ਹੀ ਵ੍ਹਟਸਐਪ ’ਤੇ ਪਾ ਦਿੱਤੇ। ਇਸ ਨਵੇਂ ਨਿਯਮ ਦੀ ਪਾਲਣਾ ਕਰਨ ’ਚ ਕੋਈ ਰਿਆਇਤ ਵੀ ਨਹੀਂ ਦਿੱਤੀ ਗਈ।

ਪ੍ਰੀ-ਯੂਨੀਵਰਸਿਟੀ ਐਜੂਕੇਸ਼ਨ ਦੇ ਡਿਪਟੀ ਡਾਇਰੈਕਟਰ ਐੱਸ. ਸੀ. ਪੀਰਜ਼ਾਦੇ ਨੇ ਜਦੋਂ ਇਹ ਚਿੱਤਰ ਦੇਖੇ ਤਾਂ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਤੁਰੰਤ ਇਸ ਨਵੇਂ ਪ੍ਰਯੋਗ ’ਤੇ ਅਮਲ ਰੁਕਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਸ ਨੇ ਤਾਂ ਉਹੀ ਪ੍ਰਯੋਗ ਕੀਤਾ ਹੈ, ਜੋ ਉਸ ਨੇ ਬਿਹਾਰ ਦੇ ਇਕ ਕਾਲਜ ਵਿਚ ਦੇਖਿਆ ਸੀ।

ਖੈਰ, ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਯੂਨੀਵਰਸਿਟੀ ਦੇ ਐਡਮਨਿਸਟ੍ਰੇਟਰ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਬੇਸ਼ੱਕ ਪ੍ਰੀਖਿਆਵਾਂ ਵਿਚ ਨਕਲ ਇਕ ਸਮੱਸਿਆ ਹੈ ਪਰ ਇਸ ਨਾਲ ਨਜਿੱਠਣ ਦਾ ਇਹ ਤਰੀਕਾ ਬਿਲਕੁਲ ਸਹੀ ਨਹੀਂ ਹੈ ਕਿਉਂਕਿ ਅਜਿਹੇ ਵਿਚ ਤੁਸੀਂ ਨਕਲ ਕਰਨ ਤੋਂ ਪਹਿਲਾਂ ਹੀ ਸਜ਼ਾ ਦੇ ਰਹੇ ਹੋ।


Bharat Thapa

Content Editor

Related News