ਔਰਤਾਂ ਵਿਰੁੱਧ ਅਪਰਾਧਾਂ ਦਾ ਹੜ੍ਹ ਆਖਿਰ ਇਹ ਬੁਰਾਈ ਕਦੋਂ ਰੁਕੇਗੀ

12/01/2019 2:31:28 AM

ਸਰਕਾਰ ਵਲੋਂ ਔਰਤਾਂ ਵਿਰੁੱਧ ਅਪਰਾਧਾਂ ’ਚ ਕਮੀ ਦੇ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਜਾਰੀ ਹਨ। ਅਪਰਾਧੀ ਇੰਨੇ ਬੇਖੌਫ਼ ਹੋ ਚੁੱਕੇ ਹਨ ਕਿ ਔਰਤਾਂ ਨਾ ਆਪਣੇ ਘਰਾਂ ਵਿਚ ਸੁਰੱਖਿਅਤ ਹਨ ਅਤੇ ਨਾ ਹੀ ਬਾਹਰ, ਜੋ ਸਿਰਫ 9 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 21 ਨਵੰਬਰ ਨੂੰ ਗੁਰੂਗ੍ਰਾਮ ’ਚ ਇਕ 24 ਸਾਲਾ ਨੌਜਵਾਨ ਨੂੰ ਆਪਣੇ ਗੁਆਂਢੀ ਦੀ 12 ਸਾਲਾ ਬੇਟੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਫੜਿਆ ਗਿਆ।

* 21 ਨਵੰਬਰ ਨੂੰ ਉੱਤਰ ਪ੍ਰਦੇਸ਼ ਵਿਚ ਬਲੀਆ ਦੀ ਪੁਲਸ ਨੇ ਇਕ 15 ਸਾਲਾ ਦਲਿਤ ਲੜਕੀ ਨੂੰ ਅਗ਼ਵਾ ਅਤੇ ਉਸ ਨੂੰ ਵੱਖ-ਵੱਖ ਸਥਾਨਾਂ ’ਤੇ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ।

* 22 ਨਵੰਬਰ ਨੂੰ ਕੋਝੀਕੋਡ ’ਚ ਇਕ ਸਕੂਲ ਦੇ ਅਧਿਆਪਕ ਬੌਬੀ ਜੋਸਫ ਨੂੰ ਆਪਣੀਆਂ ਵਿਦਿਆਰਥਣਾਂ ਦੇ ਸੈਕਸ ਸ਼ੋਸ਼ਣ ਅਤੇ ਗੈਰ-ਕੁਦਰਤੀ ਸੈਕਸ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਆਪਸੀ ਸੈਕਸ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 22 ਨਵੰਬਰ ਨੂੰ ਰਾਜਸਥਾਨ ਵਿਚ ਜੈਪੁਰ ਦੇ ਪਿੰਡ ‘ਚੌਕੀਜਰੇਲ’ ਵਿਚ ਇਕ ਵਿਅਕਤੀ ਨੇ ਆਪਣੀ ਸੁੱਤੀ ਧੀ ਨਾਲ ਹੀ ਜਬਰ-ਜ਼ਨਾਹ ਕਰ ਦਿੱਤਾ।

* 23 ਨਵੰਬਰ ਨੂੰ ਕਪੂਰਥਲਾ ’ਚ ਹਰਪ੍ਰੀਤ ਧੀਰ ਨਾਂ ਦੇ ਇਕ ਵਿਅਕਤੀ ਵਿਰੁੱਧ ਆਪਣੀ ਵੱਖ ਰਹਿ ਰਹੀ ਪਤਨੀ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਨਾਲ ਕੁੱਟਮਾਰ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 24 ਨਵੰਬਰ ਨੂੰ ਸੰਗਰੂਰ ਦੇ ਪਿੰਡ ਭੂਰਾ ’ਚ ਸ਼ਰਾਬ ਲਈ ਪੈਸੇ ਨਾ ਦੇਣ ’ਤੇ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਰਾਜਵਿੰਦਰ ਕੌਰ ’ਤੇ ਪੈਟਰੋਲ ਸੁੱਟ ਕੇ ਉਸ ਨੂੰ ਅੱਗ ਲਾ ਦਿੱਤੀ, ਜਿਸ ਨਾਲ ਉਹ 40 ਫੀਸਦੀ ਝੁਲਸ ਗਈ।

* 26 ਨਵੰਬਰ ਨੂੰ ਸੰਗਰੂਰ ’ਚ ਇਕ ਵਿਅਕਤੀ ਵਿਰੁੱਧ ਆਪਣੀ 14 ਸਾਲਾ ਮੰਦਬੁੱਧੀ ਬੇਟੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 26 ਨਵੰਬਰ ਨੂੰ ਰਾਜਸਥਾਨ ਦੇ ਕੋਟਾ ’ਚ ਇਕ 15 ਸਾਲਾ ਨਾਬਾਲਗਾ ਦੇ ਅਗ਼ਵਾ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।

* 27 ਨਵੰਬਰ ਨੂੰ ਹਿਸਾਰ ਪੁਲਸ ਨੇ ਰੋਹਤਕ ਦੇ ਇਕ ਵਿਅਕਤੀ ’ਤੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।

* 27 ਨਵੰਬਰ ਨੂੰ ਸ਼੍ਰੀਗੰਗਾਨਗਰ ਵਿਚ 2 ਵਿਅਕਤੀਆਂ ਨੇ ਲਿਫਟ ਦੇਣ ਦੇ ਬਹਾਨੇ ਇਕ 35 ਸਾਲਾ ਵਿਧਵਾ ਅਤੇ 16 ਸਾਲਾ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ।

* 27 ਨਵੰਬਰ ਨੂੰ ਕੇਰਲ ’ਚ ਉਮਰ ਅਲੀ ਨਾਂ ਦੇ ਪ੍ਰਵਾਸੀ ਮਜ਼ਦੂਰ ਨੇ ਇਕ 42 ਸਾਲਾ ਔਰਤ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 27 ਨਵੰਬਰ ਨੂੰ ਹਿਸਾਰ ਦੀ ਇਕ ਅਦਾਲਤ ਨੇ ਇਕ 11 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਸ ਦੇ ਰਿਸ਼ਤੇ ਦੇ ਭਰਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 1 ਲੱਖ ਰੁਪਏ ਜੁਰਮਾਨਾ ਅਤੇ 20 ਸਾਲ ਕੈਦ ਦੀ ਸਜ਼ਾ ਸੁਣਾਈ।

* 27 ਨਵੰਬਰ ਨੂੰ ਤੇਲੰਗਾਨਾ ਦੇ ਵਾਰੰਗਲ ਜ਼ਿਲੇ ਵਿਚ ਇਕ ਵਿਅਕਤੀ ਨੇ ਆਪਣੇ ਨਾਲ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਔਰਤ ਨੂੰ ਸੁੰਨਸਾਨ ਸਥਾਨ ’ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।

* 27 ਨਵੰਬਰ ਨੂੰ ਦੀਨਾਨਗਰ ਦੇ ਇਕ ਪਿੰਡ ’ਚ ਇਕ 16 ਸਾਲਾ ਨਾਬਾਲਗ ਲੜਕੀ ਨਾਲ 3 ਵਿਅਕਤੀਆਂ ਨੇ ਸਮੂਹਿਕ ਜਬਰ-ਜ਼ਨਾਹ ਕੀਤਾ।

* 28 ਨਵੰਬਰ ਨੂੰ ਲੁਧਿਆਣਾ ਪੁਲਸ ਨੇ ਇਕ ਤਲਾਕਸ਼ੁਦਾ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ।

* 28 ਨਵੰਬਰ ਨੂੰ ਪਟਨਾ ’ਚ ਇਕ 23 ਸਾਲਾ ਨੌਜਵਾਨ ਨੇ ਇਕ ਐੱਮ. ਬੀ. ਏ. ਦੀ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਨਾਲ ਉਹ ਰਿਲੇਸ਼ਨਸ਼ਿਪ ਵਿਚ ਸੀ।

* 28 ਨਵੰਬਰ ਨੂੰ ਕੋਲਕਾਤਾ ਵਿਚ 2 ਨਾਬਾਲਗਾਂ ਅਤੇ ਉਨ੍ਹਾਂ ਦੇ ਇਕ ਬਾਲਗ ਸਾਥੀ ਨੇ ਦੋ ਲੜਕੀਆਂ ਨੂੰ ਅਗ਼ਵਾ ਕਰਨ ਤੋਂ ਬਾਅਦ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ।

* 28 ਨਵੰਬਰ ਨੂੰ ਵਡੋਦਰਾ ਵਿਚ 2 ਵਿਅਕਤੀਆਂ ਨੇ ਇਕ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ।

* 28 ਨਵੰਬਰ ਨੂੰ ਹੀ ਪੁੰਛ ਜ਼ਿਲੇ ਵਿਚ ਇਕ 13 ਸਾਲਾ ਨਾਬਾਲਗ ਨਾਲ ਅਕਬਰ ਹੁਸੈਨ ਨਾਂ ਦੇ ਵਿਅਕਤੀ ਨੇ, ਜੋ 2 ਬੱਚਿਆਂ ਦਾ ਬਾਪ ਹੈ, ਜਬਰ-ਜ਼ਨਾਹ ਕੀਤਾ।

* 29 ਨਵੰਬਰ ਨੂੰ ਤੇਲੰਗਾਨਾ ਵਿਚ ਹੈਦਰਾਬਾਦ ’ਚ ਟੋਂਡੂਪੱਲੀ ਦੇ ਨੇੜੇ ਇਕ ਟੋਲ ਪਲਾਜ਼ਾ ’ਤੇ ਇਕ ਮਹਿਲਾ ਡੰਗਰ ਡਾਕਟਰ ਦੀ ਮਦਦ ਕਰਨ ਦੇ ਬਹਾਨੇ 4 ਵਿਅਕਤੀਆਂ ਨੇ ਸਮੂਹਿਕ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਸਾੜ ਕੇ ਮਾਰ ਦਿੱਤਾ।

ਔਰਤਾਂ ਦੀ ਸੁਰੱਖਿਆ ਦੀ ਇਸ ਮਾੜੀ ਹਾਲਤ ਨੂੰ ਦੇਖਦੇ ਹੋਏ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀ ਔਰਤਾਂ ਦੀ ਸੁਰੱਖਿਆ ਵਿਚ ਕਮੀ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹ ਸ਼ਰਮ ਦਾ ਵਿਸ਼ਾ ਹੈ।

ਸ਼੍ਰੀ ਭਾਗਵਤ ਨੇ ਕਿਹਾ, ‘‘ਲਕਸ਼ਮਣ ਨੂੰ ਸੀਤਾ ਦੇ ਗਹਿਣਿਆਂ ਦੀ ਪਛਾਣ ਕਰਨ ਲਈ ਕਿਹਾ ਗਿਆ ਤਾਂ ਜਵਾਬ ਵਿਚ ਲਕਸ਼ਮਣ ਨੇ ਕਿਹਾ ਸੀ ਕਿ ਉਹ ਸਿਰਫ ਸੀਤਾ ਦੇ ਪੈਰ ਦੇ ਗਹਿਣੇ ਹੀ ਪਛਾਣ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਕਦੇ ਉਨ੍ਹਾਂ ਦੇ ਚਿਹਰੇ ਵੱਲ ਨਹੀਂ ਦੇਖਿਆ ਸੀ। ਅਜਿਹੀ ਪ੍ਰੰਪਰਾ ਹੋਣ ਤੋਂ ਬਾਅਦ ਵੀ ਸ਼ਰਮ ਦੀ ਗੱਲ ਹੈ ਕਿ ਸਾਡੀਆਂ ਔਰਤਾਂ ਨਾ ਤਾਂ ਘਰ ਵਿਚ ਅਤੇ ਨਾ ਬਾਹਰ ਸੁਰੱਖਿਅਤ ਹਨ।’’

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਾਰੀਆਂ ਸੂਬਾ ਸਰਕਾਰਾਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਉਨ੍ਹਾਂ ਨੂੰ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕਰਨ ਜਾ ਰਹੀ ਹੈ।

ਸੂਬਾ ਸਰਕਾਰਾਂ ਨੂੰ ਐਡਵਾਈਜ਼ਰੀ ਜਾਰੀ ਕਰਨਾ ਤਾਂ ਠੀਕ ਹੈ ਪਰ ਇਸ ਦਾ ਲਾਭ ਉਦੋਂ ਹੋਵੇਗਾ, ਜਦੋਂ ਸੂਬਾ ਸਰਕਾਰਾਂ ਇਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਤੈਅ ਕਰਨ ਅਤੇ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਸਖਤ ਸਜ਼ਾ ਦਿਵਾਉਣ।

–ਵਿਜੇ ਕੁਮਾਰ\\\


Bharat Thapa

Content Editor

Related News