‘ਆਜ਼ਾਦੀ’ ਦੇ 75ਵੇਂ ਸਾਲ ’ਚ ਦਾਖਲ ਹੌਲੀ-ਹੌਲੀ ਅੱਗੇ ਵਧ ਰਿਹਾ ਦੇਸ਼

08/15/2021 3:39:01 AM

ਅੱਜ 15 ਅਗਸਤ ਦਾ ਦਿਨ ਹੈ ਅਤੇ ਅਸੀਂ ਆਪਣੀ ਆਜ਼ਾਦੀ ਦੇ 75ਵੇਂ ਸਾਲ ’ਚ ਦਾਖਲ ਹੋ ਰਹੇ ਹਾਂ। ਇਹ ਦਿਨ ਅਸੀਂ ਅਜਿਹੇ ਵਾਤਾਵਰਣ ’ਚ ਮਨਾ ਰਹੇ ਹਾਂ ਜਦੋਂ ਦੇਸ਼ ’ਚ ਅੱਤਵਾਦੀ ਹਮਲਿਆਂ ਸਬੰਧੀ ਅਲਰਟ ਜਾਰੀ ਹੈ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਸ਼ਾਂਤੀ ਭੰਗ ਕਰ ਕੇ ਦੇਸ਼ ਦਾ ਮਾਹੌਲ ਵਿਗਾੜਣ ’ਤੇ ਉਤਾਰੂ ਹਨ।

ਆਪਣੇ ਹੁਣ ਤੱਕ ਦੇ ਸਫਰ ’ਤੇ ਜਦੋਂ ਅਸੀਂ ਝਾਤੀ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਅਸੀਂ ਕਈ ਖੇਤਰਾਂ ’ਚ ਤਰੱਕੀ ਕੀਤੀ ਹੈ। ਪ੍ਰਤੀ ਵਿਅਕਤੀ ਆਮਦਨ ਅਤੇ ਲੋਕਾਂ ਦੀ ਖਰਚ ਕਰਨ ਦੀ ਸਮਰੱਥਾ ਵਧੀ ਹੈ, ਵੱਡੀ ਗਿਣਤੀ ’ਚ ਲੋਕ ਗਰੀਬੀ ’ਚੋਂ ਬਾਹਰ ਨਿਕਲੇ ਹਨ, ਦੇਸ਼ ਨੇ ਅਨਾਜਾਂ ’ਚ ਆਤਮਨਿਰਭਰਤਾ ਹਾਸਲ ਕੀਤੀ ਹੈ, ਦੇਸ਼ ਸਾਖਰਤਾ ਦੇ ਵੱਲ ਵਧ ਰਿਹਾ ਹੈ, ਗਿਆਨ-ਵਿਗਿਆਨ ਦੇ ਖੇਤਰ ’ਚ ਅਸੀਂ ਕਈ ਪ੍ਰਾਪਤੀਆਂ ਕੀਤੀਆਂ ਹਨ।

ਦੇਸ਼ ’ਚ ਸੜਕਾਂ, ਹਵਾਈ ਅੱਡਿਆਂ ਅਤੇ ਰੇਲਗੱਡੀਆਂ ਦਾ ਵਿਸਤਾਰ ਹੋਇਆ ਹੈ, ਕੰਪਿਊਟਰ ਕ੍ਰਾਂਤੀ ਆਈ ਹੈ। ਲੋਕਾਂ ਦੇ ਕੋਲ ਕਾਰਾਂ, ਮੋਟਰਸਾਈਕਲਾਂ, ਏਅਰਕੰਡੀਸ਼ਨਰਾਂ, ਕੰਪਿਊਟਰਾਂ, ਟੈਲੀਵਿਜ਼ਨ ਅਤੇ ਮੋਬਾਇਲ ਫੋਨਾਂ ਦੀ ਗਿਣਤੀ ਵਧੀ ਹੈ।

ਹਾਲ ਹੀ ’ਚ ਸੰਪੰਨ ਓਲੰਪਿਕ ਖੇਡਾਂ ’ਚ ਸਾਡੇ ਖਿਡਾਰੀਆਂ ਨੇ ਸਭ ਤੋਂ ਵੱਧ 7 ਤਮਗੇ ਜਿੱਤੇ। ਨੀਰਜ ਚੋਪੜਾ ਨੇ 121 ਸਾਲਾਂ ਦੇ ਓਲੰਪਿਕ ਦੇ ਇਤਿਹਾਸ ’ਚ ਭਾਰਤ ਦੇ ਲਈ ਐਥਲੈਟਿਕਸ ’ਚ ਪਹਿਲਾ ਸੋਨ ਤਮਗਾ ਪ੍ਰਾਪਤ ਕੀਤਾ।

ਆਜ਼ਾਦੀ ਤੋਂ ਹੁਣ ਤੱਕ ਅਸੀਂ ਹਰ ਆਫਤ ’ਚੋਂ ਸੁਰਖਰੂ ਹੋ ਕੇ ਨਿਕਲੇ ਹਾਂ। ਭਾਰਤ ਵੰਡ ਦੇ ਸਮੇਂ ਅਸੀਂ ਵਿਸ਼ਵ ਦਾ ਸਭ ਤੋਂ ਵੱਡਾ ਆਬਾਦੀ ਦਾ ਪਲਾਇਨ ਦੇਖਿਆ ਅਤੇ ਲਗਭਗ 1.45 ਕਰੋੜ ਉੱਜੜਿਆਂ ’ਚੋਂ ਹਿੰਦੂਆਂ ਨੇ ਭਾਰਤ ’ਚ ਅਤੇ ਮੁਸਲਮਾਨਾਂ ਨੇ ਨਵੇਂ ਬਣੇ ਪਾਕਿਸਤਾਨ ’ਚ ਪਨਾਹ ਲਈ।

ਅਣਵੰਡੇ ਪੰਜਾਬ ਤੋਂ ਲੁੱਟ-ਪੁੱਟ ਕੇ ਆਉਣ ਵਾਲੇ ਲੋਕਾਂ ’ਚ ਵੱਡੀ ਗਿਣਤੀ ’ਚ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਉੱਥੇ ਆਪਣੇ ਜਮੇ-ਜਮਾਏ ਕਾਰੋਬਾਰ ਅਤੇ ਉਦਯੋਗ ਛੱਡ ਕੇ ਸਿਰਫ ਦੋ ਕੱਪੜਿਆਂ ’ਚ ਭਾਰਤ ਆਉਣਾ ਪਿਆ ਸੀ। ਇੱਥੇ ਆ ਕੇ ਉਨ੍ਹਾਂ ਨੇ ਰੇਹੜੀਆਂ ਅਤੇ ਛਾਬੜੀਆਂ ਤੱਕ ਲਗਾਈਆਂ ਅਤੇ ਫਿਰ ਆਪਣੀ ਮਿਹਨਤ ਨਾਲ ਅੱਜ ਸਫਲ ਵਪਾਰੀ ਅਤੇ ਉਦਯੋਗਪਤੀ ਹਨ।

ਜੰਮੂ-ਕਸ਼ਮੀਰ, ਪੰਜਾਬ ਅਤੇ ਪੂਰਬ-ਉੱਤਰ ਭਾਰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਫੈਲੇ ਅੱਤਵਾਦ ਅਤੇ ਉਗਰਵਾਦ ਦੇ ਦੌਰਾਨ ਵੱਡੀ ਗਿਣਤੀ ’ਚ ਹਿੰਸਾ ਅਤੇ ਖੂਨ-ਖਰਾਬਾ ਹੋਇਆ ਪਰ ਸੁਰੱਖਿਆ ਬਲਾਂ ਦੀ ਹਿੰਮਤ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਸ਼ਾਂਤੀ ਹੈ।

ਇਸ ਦੇ ਮੁਕਾਬਲੇ ’ਚ ਜੇਕਰ ਅਸੀਂ ਆਪਣੇ ਗੁਆਂਢੀ ਦੇਸ਼ਾਂ ਨੂੰ ਦੇਖੀਏ ਤਾਂ ਉੱਥੇ ਹਰ ਪਾਸੇ ਅਸ਼ਾਂਤੀ ਅਤੇ ਅਸੰਤੋਸ਼ ਹੀ ਦਿਖਾਈ ਦੇ ਰਿਹਾ ਹੈ।

ਪਾਕਿਸਤਾਨ ’ਚ ਅੱਤਵਾਦੀ ਹਿੰਸਾ ਦਾ ਦੌਰ ਜਾਰੀ ਹੈ। ਉੱਥੇ ਮਹਿੰਗਾਈ, ਭ੍ਰਿਸ਼ਟਾਚਾਰ, ਲਾਕਾਨੂੰਨੀ ਅਤੇ ਘੱਟ ਗਿਣਤੀਆਂ ’ਤੇ ਅੱਤਿਆਚਾਰਾਂ ਆਦਿ ਨੂੰ ਲੈ ਕੇ 11 ਵਿਰੋਧੀ ਪਾਰਟੀਆਂ ਨੇ ਇਮਰਾਨ ਖਾਨ ਦੇ ਵਿਰੁੱਧ ਮੁਹਿੰਮ ਛੇੜ ਰੱਖੀ ਹੈ। ਪੀ. ਓ. ਕੇ. ਅਤੇ ਸਿੰਧ ਆਦਿ ’ਚ ਆਜ਼ਾਦੀ ਦੀ ਮੰਗ ਉੱਠ ਰਹੀ ਹੈ ਅਤੇ ਇਸ ਦੇ ਲਈ ਅੰਦੋਲਨ ਜਾਰੀ ਹਨ।

ਮਿਆਂਮਾਰ ’ਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਕੇ ਸੂ ਕੀ ਸਮੇਤ ਸੈਂਕੜੇ ਸਿਆਸੀ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਫੌਜ ਨੇ ਸੱਤਾ ਸੰਭਾਲ ਲਈ ਹੈ। ਉੱਥੇ ਫੌਜ ਵਿਰੋਧੀ ਵਿਖਾਵਿਆਂ ’ਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।

ਨੇਪਾਲ ’ਚ ਬੇਸ਼ੱਕ ਹੀ ਭਾਰਤ ਵਿਰੋਧੀ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਛੁੱਟੀ ਦੇ ਬਾਅਦ ਭਾਰਤ ਸਮਰਥਕ ਸ਼ੇਰ ਬਹਾਦੁਰ ਦੇਉਬਾ ਨੇ ਸੱਤਾ ਸੰਭਾਲ ਲਈ ਹੈ ਪਰ ਉੱਥੇ ਵੀ ਚੀਨ ਦੇ ਵੱਲੋਂ ਅਸਥਿਰਤਾ ਪੈਦਾ ਕਰਨ ਦੇ ਯਤਨ ਲਗਾਤਾਰ ਜਾਰੀ ਹਨ।

ਤਖਤਾਪਲਟ ਦਾ ਸ਼ਿਕਾਰ ਅਫਗਾਨਿਸਤਾਨ ਫਿਰ ਤਾਲਿਬਾਨੀ ਅੱਤਵਾਦੀਆਂ ਦੇ ਸ਼ਿਕੰਜੇ ’ਚ ਫਸਿਆ ਅੰਧਕਾਰਮਈ ਦੌਰ ਵੱਲ ਵਧ ਗਿਆ ਹੈ।

ਚੀਨ ਵੱਲੋਂ ਮਿਆਂਮਾਰ ਦੀ ਫੌਜੀ ਜੁੰਡਲੀ ਦਾ ਸਮਰਥਨ ਕਰਨ ਦੇ ਕਾਰਨ ਉੱਥੇ ਚੀਨ ਦੇ ਵਿਰੁੱਧ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਨੇਪਾਲ ਅਤੇ ਹਾਂਗਕਾਂਗ ਆਦਿ ਦੇਸ਼ਾਂ ’ਚ ਵੀ ਚੀਨ ਦੇ ਵਿਰੁੱਧ ਪ੍ਰਦਰਸ਼ਨ ਹੋਏ ਹਨ।

ਬੇਸ਼ੱਕ ਚੀਨ ਦੂਸਰੇ ਦੇਸ਼ਾਂ ਦੇ ਮਾਮਲਿਆਂ ’ਚ ਲੱਤ ਅੜਾ ਕੇ ਉੱਥੋਂ ਦਾ ਮਾਹੌਲ ਖਰਾਬ ਕਰ ਰਿਹਾ ਹੈ ਪਰ ਉੱਥੇ ਰੋਹਿੰਗਿਆ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਘਾਣ ਦੇ ਵਿਰੁੱਧ ਗੁੱਸਾ ਭੜਕਿਆ ਹੋਇਆ ਹੈ।

ਹਾਲਾਂਕਿ ਅਜੇ ਵੀ ਸਾਡੇ ਸਾਹਮਣੇ ਕਈ ਔਕੜਾਂ ਹਨ। ਕਿਸਾਨ ਅੰਦੋਲਨ, ਮਹਿੰਗਾਈ, ਬੇਰੋਜ਼ਗਾਰੀ ਆਦਿ ਦੇ ਦਰਮਿਆਨ ਦੇਸ਼ ’ਚ ਕੋਰੋਨਾ ਦੀ ਤੀਸਰੀ ਲਹਿਰ ਨੇ ਵੀ ਦਸਤਕ ਦਿੱਤੀ ਹੈ ਅਤੇ ਹੜ੍ਹ, ਜ਼ਮੀਨ ਖਿਸਕਣ ਆਦਿ ਕੁਦਰਤੀ ਆਫਤਾਂ ਨਾਲ ਵੀ ਤਬਾਹੀ ਹੋ ਰਹੀ ਹੈ ਪਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਦੇਸ਼ ਰੁਕਿਆ ਨਹੀਂ।

ਆਪਣੇ ਪਾਠਕਾਂ ਅਤੇ ਸਰਪ੍ਰਸਤਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਮਿਲ ਕੇ ਹੁਣ ਤੱਕ ਆਈਆਂ ਚੁਣੌਤੀਆਂ ਅਤੇ ਔਕੜਾਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਹੈ ਉਸੇ ਤਰ੍ਹਾਂ ਅੱਗੇ ਵੀ ਔਕੜਾਂ ਅਤੇ ਚੁਣੌਤੀਆਂ ਨੂੰ ਹਰਾ ਕੇ ਬਿਹਤਰ ਭਵਿੱਖ ਵੱਲ ਵਧਾਂਗੇ।

-ਵਿਜੇ ਕੁਮਾਰ


Bharat Thapa

Content Editor

Related News